5ਅਟਾਰੀ : ਬਾਲੀਵੁੱਡ ਐਕਟਰ ਓਮ ਪੁਰੀ ਨੇ ਭਾਰਤ-ਪਾਕਿਸਤਾਨ ਵਿਚਾਲੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਦੀ ਹਮਾਇਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਰੁਕਣੀ ਨਹੀਂ ਚਾਹੀਦੀ। ਦੋਵਾਂ ਦੇਸ਼ਾਂ ਨੇ ਮਿਲ ਕੇ  ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਲੜੀ ਸੀ। ਦੋਵੇਂ ਦੇਸ਼ ਇਕ-ਦੂਜੇ ਦੇ ਚੰਗੇ ਗੁਆਂਢੀ ਬਣ ਸਕਦੇ ਹਨ ਪਰ ਕੁਝ ਲੋਕ ਦੋਵਾਂ ਵਿਚਾਲੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ”ਮੈਂ ਪ੍ਰਮਾਤਮਾ ਅੱਗੇ ਅਰਦਾਸ  ਕਰਦਾ ਹਾਂ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸੰਬੰਧ ਹੋਣ।” ਉਹ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਪਰਤਣ ਉਪਰੰਤ ਅੰਤਰਰਾਸ਼ਟਰੀ ਅਟਾਰੀ ਸੜਕ ਸੀਮਾ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਓਮਪੁਰੀ ਨੇ ਦੱਸਿਆ ਕਿ ਉਹ ਪਾਕਿਸਤਾਨ ਵਿਚ ਫਿਲਮ ਫੈਸਟੀਵਲ ਵਿਚ ਭਾਗ ਲੈਣ ਗਏ ਸਨ ਅਤੇ ਉਥੋਂ ਦੀ ਰਫੀ ਪੀਰ ਸੋਸਾਇਟੀ ਵਲੋਂ ਆਯੋਜਿਤ ਸਮਾਗਮ ਵਿਚ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਾਹਰੁਖ-ਕਾਜੋਲ ਦੀ ਫਿਲਮ ‘ਦਿਲਵਾਲੇ’ ਅਤੇ ਰਣਵੀਰ, ਦੀਪਿਕਾ ਅਤੇ ਪ੍ਰਿਯੰਕਾ ਦੀ ਫਿਲਮ ‘ਬਾਜੀਰਾਵ ਮਸਤਾਨੀ’ ਪਾਕਿਸਤਾਨ ਵਿਚ ਧੂਮ ਮਚਾ ਰਹੀਆਂ ਹਨ। ਉਥੋਂ ਦੇ ਲੋਕ ਬਾਲੀਵੁੱਡ ਫਿਲਮਾਂ ਨੂੰ ਕਾਫੀ ਪਸੰਦ ਕਰਦੇ ਹਨ। ਇਸ ਉਪਰੰਤ ਉਹ ਸਿੱਧਾ ਹਵਾਈ ਅੱਡੇ ਚਲੇ ਗਏ।
ਉਧਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਉਪਰੰਤ ਕਿਹਾ ਕਿ ਇਥੇ ਮੱਥਾ ਟੇਕਣ ਨਾਲ ਉਨ੍ਹਾਂ ਨੂੰ ਅਧਿਆਤਮਕਤਾ ਦਾ ਅਹਿਸਾਸ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਜਸਬੀਰ ਸਿੰਘ ਜੱਸੀ ਨੇ ਉਨ੍ਹਾਂ ਨੂੰ ਸਿੱਖ ਮਰਿਆਦਾਵਾਂ ਤੇ ਸਿੱਖੀ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਅਤੇ ਧਾਰਮਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ।

LEAVE A REPLY