sports newsਕਿਸ਼ਤ ਪਹਿਲੀ
ਸੁਖਵੰਤ ਸਿੰਘ ਸਿੱਧੂ
ਸਾਂਝੇ ਪੰਜਾਬ ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ ਦੇ ਬੱਬਰ ਸ਼ੇਰ ਪੱਦੀ ਜਗੀਰ ਵਾਲੇ ਸੁਖਵੰਤ ਸਿੰਘ ਸਿੱਧੂ ਪਹਿਲਵਾਨ ਨੂੰ ਭਾਰਤੀ ਕੁਸ਼ਤੀ ਦਾ ਮਹਾਂਬਲੀ ਮੰਨਿਆ ਗਿਆ ਜਿਸ ਨੇ ਸਾਂਝੇ ਪੰਜਾਬ ਦੇ ਕਿੱਕਰ ਸਿੰਘ ਅਤੇ ਗਾਮੇ ਵਰਗੇ ਪਹਿਲਵਾਨਾਂ ਦੇ ਪੈਰਾਂ ‘ਤੇ ਪੈਰ ਧਰਦਿਆਂ ਭਾਰਤੀ ਭਲਵਾਨੀ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਉਹ ਮੇਹਰਦੀਨ ਦਾ ਸਾਥੀ ਬਣ ਕੇ ਅਖਾੜਿਆਂ ਵਿੱਚ ਚਮਕਿਆ ਅਤੇ ਭਾਰਤੀ ਪਹਿਲਵਾਨੀ ਦਾ ਨਵਾਂ ਇਤਿਹਾਸ ਰਚਿਆ। ਵੱਡੇ ਵੱਡੇ ਮੱਲਾਂ ਨਾਲ ਟਾਕਰੇ ਕਰਨ ਵਾਲਾ ਸੁਖਵੰਤ ਸਿੰਘ 1944 ਨੂੰ ਚੱਕ ਨੰਬਰ 361, ਝੰਗ ਬ੍ਰਾਂਚ, ਟੋਬਾ ਟੇਕ ਸਿੰਘ, ਪਾਕਿਸਤਾਨ ਜ਼ਿਲ੍ਹਾ ਲਾਇਲਪੁਰ ਵਿੱਚ ਜਨਮਿਆ ਤੇ ਪਿਤਾ ਸ੍ਰ. ਭਗਤਗੋਬਿੰਦ ਸਿੰਘ ਅਤੇ ਮਾਤਾ ਹਰਕਿਸ਼ਨ ਕੌਰ ਦੇ ਵੇਹੜੇ ਦਾ ਸ਼ਿੰਗਾਰ ਬਣਿਆ। ਪਿੰਡ ਪੰਡੋਰੀ ਗੰਗਾ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਾਨਕੇ। ਨਾਨਾ ਮੋਤੀ ਸਿੰਘ ਇਲਾਕੇ ਦਾ ਜਾਣਿਆ-ਪਹਿਚਾਣਿਆ ਤਕੜੀ ਜ਼ਮੀਨ ਦਾ ਮਾਲਕ ਤੇ ਸਰਕਾਰੇ-ਦਰਬਾਰੇ ਉੱਚੀ ਪਹੁੰਚ ਰੱਖਣ ਵਾਲਾ ਜ਼ਿਮੀਂਦਾਰ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਨਾਨਕੇ ਪਾਕਿਸਤਾਨ ਚਲੇ ਗਏ ਤੇ ਸੁਖਵੰਤ ਜੀ ਦੇ ਪਿਤਾ ਜੀ ਨੂੰ ਪੱਦੀ ਜਗੀਰ (ਨੇੜੇ ਗੁਰਾਇਆਂ) ਵਿਖੇ ਜ਼ਮੀਨ ਅਲਾਟ ਹੋ ਗਈ।ਪਹਿਲਵਾਨ ਪਿਤਾ ਅਤੇ ਬਾਬਾ ਊਧਮ ਸਿੰਘ ਵਾਂਗ ਹੀ ਸੁਖਵੰਤ ਜੀ ਦਾ ਕੱਦ ਵੀ ਛੇ ਫ਼ੁੱਟ ਤਿੰਨ ਇੰਚ। ਦਾਦੀ ਬਸੰਤ ਕੌਰ ਵੀ ਉੱਚੇ-ਲੰਮੇ। ਅੱਟੇ ਤੋਂ ਦਸਵੀਂ ਉਪਰੰਤ ਕਾਲਜ ਦੀ ਪੜ੍ਹਾਈ ਲਈ ਸਪੋਰਟਸ ਕਾਲਜ ਜਲੰਧਰ ਜਾ ਦਾਖਲ ਹੋਇਆ। ਖੇਡਾਂ ਨਾਲ ਸੰਬੰਧਤ ਖਿਡਾਰੀਆਂ ਨੂੰ ਹੀ ਉਸ ਕਾਲਜ ਵਿੱਚ ਦਾਖਲ ਕੀਤਾ ਜਾਂਦਾ ਸੀ। ਜਲੰਧਰ ਦੇ ਸਪੋਰਟਸ ਕਾਲਜ ਦੀ ਸ਼ੁਰੂਆਤ ਉਸ ਵੇਲੇ ਦੇ ਮੁੱਖ-ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋਂ ਨੇ ਕੀਤੀ ਸੀ। ਸੰਨ ’67 ਵਿੱਚ ਬੀ.ਏ. ਕੀਤੀ। ਉਥੋਂ ਹੀ ਨਾਮੀਂ-ਗਰਾਮੀਂ ਪਹਿਲਵਾਨਾਂ ਨਾਲ ਕੁਸ਼ਤੀਆਂ ਸ਼ੁਰੂ ਹੋ ਗਈਆਂ। ਕਾਲਜ ਪੜ੍ਹਦੇ ਨੇ ਯੂਨੀਵਰਸਿਟੀ ਵਿੱਚ ਮੱਲਾਂ ਮਾਰੀਆਂ ਤੇ ਭਾਰਤ ਦੇ ਮਹਾਨ ਮੱਲਾਂ ਨਾਲ ਮੁਕਾਬਲੇ ਸ਼ੁਰੂ ਕੀਤੇ। ਕਾਲਜ ਦੇ ਸਲਾਨਾ ‘ਅਪੌਲੋ ਮੈਗ਼ਜ਼ੀਨ’ ਵਿੱਚ ਕਾਲਜ ਨੂੰ ਮਾਣ ਬਖ਼ਸ਼ਣ ਅਤੇ ਪ੍ਰਾਪਤੀਆਂ ਦਾ ਸੇਹਰਾ ਸੁਖਵੰਤ ਜੀ ਸਿਰ ਬੰਨ੍ਹਿਆਂ। ਔਰੀਐਂਟਲ, ਫ਼੍ਰੀ-ਸਟਾਇਲ ਤੇ ਗਰੀਕੋ-ਰੋਮਨ ਚੈਪੀਂਅਨਸ਼ਿਪ ਕੁਸ਼ਤੀਆਂ ਵਿੱਚ ਮੰਨੇ-ਪ੍ਰਮੰਨੇ ਪਹਿਲਵਾਨਾਂ ਨੂੰ ਢਾਉਣ ਵਾਲਾ ਤੇ ਭਾਰਤੀ ਕੁਸ਼ਤੀ ਸੰਸਥਾ ਦਾ ਮੈਂਬਰ ਚੁਣਿਆ ਗਿਆ।
ਨਾਨਕੇ-ਦਾਦਕੇ ਪਹਿਲਵਾਨੀ ਦਾ ਸ਼ੌਂਕ ਰੱਖਦੇ ਕਰ ਕੇ ਪਹਿਲਵਾਨੀ ਸੁਖਵੰਤ ਜੀ ਵਿੱਚ ਕੁਦਰਤੀ ਸੀ। ਨਾਨਕੇ ਜਾਣਾ ਤਾਂ ਨਾਨਾ ਮੋਤੀ ਸਿੰਘ ਨੇ ਡੰਡ-ਬੈਠਕਾਂ ਕਢਾਉਣੀਆਂ। ਪਹਿਲਵਾਨੀ ਦਾ ਸ਼ੌਂਕ ਰੱਖਣ ਵਾਲਾ ਪਿਤਾ ਵੀ ਪੂਰੀ ਮੇਹਨਤ ਕਰਾਉਂਦਾ। ਪਿਤਾ ਸਾਂਝੇ ਪੰਜਾਬ ਸਮੇਂ ਪੰਜਾਬ ਪੁਲਿਸ ਜਲੰਧਰ ਦੀ ਨੌਕਰੀ ਕਰਦਾ ਸੀ। ਪੰਜਾਬ ਪੁਲਿਸ ਦੀ ਰੱਸਾ-ਟੀਮ ਦਾ ਉਹ ਕਪਤਾਨ ਵੀ ਸੀ। ਉਸ ਦਾ ਭਾਰ 140 ਕਿਲੋਗ੍ਰਾਮ ਦੇ ਲਗਭਗ ਸੀ (ਮੇਹਰਦੀਨ ਤੇ ਸੁਖਵੰਤ ਭਰ ਜਵਾਨੀ ਵਿੱਚ 125-125 ਕਿਲੋਗ੍ਰਾਮ ਭਾਰੇ ਸਨ)। ਉਹ ਬੇਟੇ ਸੁਖਵੰਤ ਨੂੰ ਵੱਡਾ ਮੱਲ ਵੇਖਣਾ ਚਾਹੁੰਦਾ ਸੀ। ਪਿਤਾ ਵਾਂਗ ਸੁਖਵੰਤ ਵੀ ਪੱਟਾਂ ‘ਚ ਜਾਨ ਪਾਉਣ ਲਈ ਬਲਦਾਂ ਦੀ ਬਜਾਏ ਆਪ ਹਲਟ ਗੇੜ ਕੇ ਕਈ ਕਈ ਕਨਾਲ ਸੇਂਜਾ ਕਰ ਦਿੰਦਾ। ਖੂਹ ‘ਤੇ ਅਖਾੜਾ ਹੋਣ ਕਰ ਕੇ ਪਹਿਲਵਾਨੀ ਦਾ ਸ਼ੌਂਕ ਵਧਦਾ ਗਿਆ। ਐੱਨ.ਆਈ.ਐੱਸ. ਪਟਿਆਲਾ ਤੋਂ ਕੁਸ਼ਤੀ ਕੋਚਿੰਗ ਦਾ ਕੋਰਸ ਪਾਸ ਕੀਤਾ ਤੇ ਪਟਿਆਲੇ ਤੋਂ ਹੀ ਇਰਾਨੀ ਕੋਚ ਅਮੀਰ ਹਮੀਦੀ ਕੋਲੋਂ ਸਿੱਖਿਆ ਪ੍ਰਾਪਤ ਕੀਤੀ। ਫ਼ਿਰ ਜਲੰਧਰ ਦੇ ਦੇਵੀ ਤਲਾਬ ਮੰਦਰ ਕੋਲ ਕੁਸ਼ਤੀ ਅਖਾੜੇ ਭੇਜਿਆ ਤੇ ਘੁੱਲੜ ਭਲਵਾਨ ਨੂੰ ਉਸਤਾਦ ਧਾਰਿਆ।ਸੁਖਵੰਤ ਜੀ ਦੀ ਜ਼ਿੰਦਗੀ ‘ਚ ਪਿਤਾ ਜੀ ਦਾ ਅਹਿਮ ਯੋਗਦਾਨ ਹੈ। ਪਿਤਾ ਜੀ ਨੇ ਸਵੇਰੇ ਉਠਾ ਲੈਣਾ ਤੇ ਡੰਡ-ਬੈਠਕਾਂ ਸ਼ੁਰੂ ਕਰਾ ਦੇਣੀਆਂ। ਮਾਤਾ ਜੀ ਨੇ ਸਵੇਰੇ ਸਵੇਰੇ ਮੱਝਾਂ ਚੋਣ ਜਾਣਾਂ ਤਾਂ ਪਸੀਨੋ-ਪਸੀਨ ਹੋਏ ਪੁੱਤ ਨੂੰ ਵੇਖ ਕੇ ਪਿਤਾ ਨੂੰ ਕਹਿਣਾ, ”ਸਰਦਾਰ ਜੀ …! ਆਪ ਤਾਂ ਤੁਸੀਂ ਰਜ਼ਾਈ ‘ਚ ਵੜ੍ਹ ਕੇ ਬੈਠੇ ਓੁ … ਮੁੰਡੇ ਨੂੰ ਨੰਗਾ ਕੱਢਿਆ ਹੋਇਐ।” ”ਸਰਦਾਰਨੀ ਜੀ …! ਕੋਈ ਗੱਲ ਨੀ, ਏਹ ਕੰਮ ਐਵੇਂ ਨੀ ਹੁੰਦੇ, ਜੇ ਰਜ਼ਾਈਆਂ ‘ਚ ਬੈਠੇ ਭਲਵਾਨ ਬਣਨ ਲੱਗ ਪੈਣ ਤਾਂ ਅਮੀਰਾਂ ਦੇ ਸਾਰੇ ਨਿਆਣੇ ਭਲਵਾਨ ਨਾ ਬਣ ਜਾਣ?” ਪਿਤਾ ਨੇ ਕਹਿਣਾ। ਪਿਤਾ ਜੀ ਖ਼ੁਦ ਮੇਹਨਤ ਕਰਾਉਂਦੇ। ਉਹਨਾਂ ਨੂੰ ਕਿਸੇ ‘ਤੇ ਯਕੀਨ ਨਹੀਂ ਸੀ। ਉਹਨਾਂ ਜਦੋਂ ਕਿਤੇ ਜਾਣਾ, ਮਾਤਾ ਜੀ ਨੂੰ ਸੌਂਹ ਖੁਆ ਕੇ ਜਾਣਾ ਕਿ ਐਨੀਆਂ ਬੈਠਕਾਂ ਕਢਾਉਣੀਆਂ।” ਨਰਮ ਦਿਲ ਮਾਤਾ ਜੀ ਨੇ ਕਹਿਣਾ, ”ਸੁੱਖੇ ਪੁੱਤ …! ਮਾਲਸ਼ ਕਰ ਕੇ ਦਸ-ਪੰਦਰਾਂ ਕੁ ਬੈਠਕਾਂ ਕੱਢ ਲੈ, ਮੈਂ ਸੌਂਹ ਖਾਣ ਜੋਗੀ ਤਾਂ ਹੋ ਜੂੰ ਗੀ।” ਸੁਖਵੰਤ ਉਦੋਂ ਦਸਵੀਂ-ਗਿਆਰਵੀਂ ‘ਚ ਪੜ੍ਹਦਾ ਹੁੰਦਾ ਸੀ।
ਪਹਿਲਵਾਨੀ ‘ਚ ਬੇਹੱਦ ਪ੍ਰਾਪਤੀਆਂ ਕਰ ਕੇ ਜੂਨ ’69 ਵਿੱਚ ਉਸ ਨੂੰ ਸਿੱਧਾ ਇੰਸਪੈਕਟਰ ਭਰਤੀ ਕਰ ਲਿਆ ਗਿਆ ਜੋ ਕਿ ਮਹਿਕਮੇ ਵਿੱਚ ਪਹਿਲੀ ਮਿਸਾਲ ਸੀ। ਸੰਨ ’71 ਵਿੱਚ ਰੁਸਤਮੇ ਹਿੰਦ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਤਰੱਕੀ ਦੇ ਕੇ ਸੰਨ ’72 ਵਿੱਚ ਡੀ.ਐੱਸ.ਪੀ. ਬਣਾ ਦਿੱਤਾ ਗਿਆ। ਸੰਨ ’81 ਵਿੱਚ ਡਿਪਟੀ ਕਮਾਂਡੈਂਟ ਦੇ ਅਹੁੱਦੇ ‘ਤੇ ਬਿਰਾਜਮਾਨ ਹੋਇਆ। ਸੰਨ ’70 ਤੋਂ ’86 ਤਕ ਸੀ.ਆਰ.ਪੀ.ਐੱਫ਼. ਰੈਸਲਿੰਗ ਟੀਮ ਦਾ ਚੀਫ਼ ਕੋਚ ਅਤੇ ਮੈਨੇਜਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਇਸੇ ਤਰ੍ਹਾਂ ਹੀ ਸੰਨ ’85 ਵਿੱਚ ਅੰਤਰ-ਰਾਸ਼ਟਰੀ ਕੁਸ਼ਤੀਆਂ ਦੇ ਜੱਜ ਅਤੇ ਰੈਫ਼ਰੀ ਦਾ ਇਮਤਿਹਾਨ ਪਾਸ ਕੀਤਾ। ਇਹ ਟੈਸਟ ਦਿੱਲੀ ਵਿਖੇ ਫ਼ਿੱਲਾ ਦੀ ਨਿਗਰਾਨੀ ਹੇਠ ਹੋਇਆ।
ਨੌਕਰੀ ‘ਚ ਰੁਟੀਨ ਮੁਤਾਬਿਕ ਖ਼ੁਦ-ਬ-ਖ਼ੁਦ ਉਠਣਾ ਪੈਂਦਾ ਸੀ। ਚਾਰ ਵਜੇ ਰੋਜ਼ਾਨਾ ਸਵੇਰੇ 4-5 ਕਿੱਲੋਮੀਟਰ ਦੌੜ ਲਾਉਣੀ, ਫ਼ਿਰ ‘ਖਾੜੇ ਜਾ ਕੇ ਜ਼ੋਰ ਕਰਨਾ। ਦਸ ਕੁ ਵਜੇ ਸਾਰਾ ਕੰਮ ਨਿਬੇੜ ਕੇ ਫ਼ਿਰ ਅਰਾਮ ਕਰਨਾ। ਸ਼ਾਮ ਨੂੰ ਤਿੰਨ ਕੁ ਵਜੇ ਫ਼ਿਰ ਉਠ ਖੜ੍ਹਨਾ। ਮੇਹਨਤ ਮਾਰ ਕੇ ‘ਖਾੜੇ ਜ਼ੋਰ ਕਰਨਾ। ਇਸ ਤਰ੍ਹਾਂ ਚਾਰ ਕੁ ਘੰਟੇ ਸਵੇਰੇ ਤੇ ਚਾਰ ਕੁ ਘੰਟੇ ਸ਼ਾਮ ਨੂੰ ਮੇਹਨਤ ਹੁੰਦੀ। ਮਹਿਕਮੇ ਵਲੋਂ ਪੂਰੀ ਖੁਲ੍ਹ ਸੀ। ਸਿਰਫ਼ ਪਹਿਲਵਾਨੀ ਕਰਨੀ। ਜਦੋਂ ਕਿਤੇ ਪਿੰਡ ਛੁੱਟੀ ਜਾਣਾ ਤਾਂ ਪਿੰਡ ਬੋਪਾਰਾਏ (ਨੇੜੇ ਗੁਰਾਇਆ) ਦੇ ਪ੍ਰਸਿੱਧ ਪਹਿਲਵਾਨ ਸੋਹਣ ਸਿੰਘ ਬੀ.ਏ. (ਮੇਹਰਦੀਨ ਦਾ ਸ਼ਗਿਰਦ) ਦੇ ‘ਖਾੜੇ ਜਾ ਕੇ ਜ਼ੋਰ ਕਰਨਾ। ਸੋਹਣ ਸਿੰਘ ਬੀ.ਏ. ਵੀ ਉਸ ਦਾ ਉਸਤਾਦ ਹੈ। ਉਸ ਕੋਲੋਂ ਵੀ ਬਹੁਤ ਕੁਝ ਸਿਖਿਆ। ਉਸ ‘ਖਾੜੇ ‘ਚ ਉਸ ਵੇਲੇ ਅੱਪਰੇ ਵਾਲਾ ਭੱਜੀ, ਨਿੰਮਾ ਚੱਕ ਥੋਥੜਾਂ, ਜੱਜਿਆਂ ਵਾਲਾ ਸਰਦਾਰਾ ਅਤੇ ਰੁੜਕੀ ਵਾਲਾ ਭਜਨਾ ਭਲਵਾਨ ਹੁੰਦੇ ਸਨ।
ਸਿਰ ‘ਤੇ ਜੂੜਾ ਸੀ, ਜਦੋਂ ਉਹ ਭਾਰਤ ਦਾ ਪਹਿਲਾ ਸਰਦਾਰ ‘ਹਿੰਦ ਕੇਸਰੀ’ ਬਣਿਆ। ਹਿੰਦ ਕੇਸਰੀ ਬਣਨ ਤੋਂ ਕੁਝ ਮਹੀਨੇ  ਬਾਅਦ ਹੀ ਕੇਸ ਕਟਾ ਲਏ, ਦਿੱਲੀ ਦੇ ਖ਼ਰਾਬ ਮੌਸਮ ਕਰ ਕੇ। ਗਰਮੀਆਂ ‘ਚ ਬਹੁਤ ਗਰਮੀ ਤੇ ਸਰਦੀਆਂ ‘ਚ ਬਹੁਤ ਸਰਦੀ। ਅਖਾੜੇ ‘ਚ ਜ਼ੋਰ ਕਰਦੇ ਕੇਸ ਮਿੱਟੀ ਨਾਲ ਲਿਬੜ ਜਾਂਦੇ। ਬਰਫ਼ ਵਰਗੇ ਠੰਡੇ ਪਾਣੀ ਨਾਲ ਕੇਸ ਨਹਾਉਣੇ ਮੁਸ਼ਕਿਲ ਹੁੰਦੇ। ਸਰਕਾਰ ਵਲੋਂ ਨੌਕਰੀ ਤਾਂ ਵਧੀਆ ਸੀ ਪਰ ਗਰਮ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਕੇਸ ਪਹਿਲਵਾਨੀ ‘ਚ ਅੜਿਕਾ ਬਣਦੇ ਸਨ। ਮੁਕਾਬਲੇ ਚੰਗੀ ਤਰ੍ਹਾਂ ਨਾ ਲੜ ਹੋਣੇ। ਨਾਲ ਦੇ ਮੁੰਡਿਆਂ ਨੇ ਵੀ ਕਹਿਣਾ ਕੇਸ ਕਟਾ ਦਿਓੁ। ਸਾਰਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਣ ਕਰ ਕੇ ਕੇਸ ਉਹ ਕਟਾਉਣੇ ਨਹੀਂ ਸੀ ਚਾਹੁੰਦਾ। ਮਜਬੂਰਨ ਵਾਲ ਕਟਾ ਤਾਂ ਲਏ ਪਰ ਮਨ ਬਹੁਤ ਦੁਖੀ ਹੋਇਆ। ਘਰ ਦੇ ਵੀ ਦੁਖੀ ਹੋਏ। ਨੌਕਰੀ ਭਾਵੇਂ ਭਾਰਤ ਦੇ ਕਿਸੇ ਸੂਬੇ ਵਿੱਚ ਹੁੰਦੀ ਪਰ ਰਿਹਾਇਸ਼ ਪੱਕੀ ਦਿੱਲੀ। ਜ਼ੋਰ-ਅਜ਼ਮਾਈ ਕਰਨ ਲਈ ਦਿੱਲੀ ‘ਚ ਕਈ ਅਖਾੜੇ ਤੇ ਹੋਰ ਸਹੂਲਤਾਂ ਵੀ ਵਾਹਵਾ ਸਨ। (ਸੁਖਵੰਤ ਪਹਿਲਵਾਨ ਜੀ ਦਾ ਨੰਬਰ 778-989-2700 ਹੈ।
ਬਾਕੀ ਅਗ਼ਲੇ ਹਫ਼ਤੇ …
ਇਕਬਾਲ ਸਿੰਘ ਜੱਬੋਵਾਲੀਆ

LEAVE A REPLY