1ਲਹਿਰਾ ਮੁਹੱਬਤ —ਆਮ ਆਦਮੀ ਪਾਰਟੀ ਵਲੋਂ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਭਰਵੀਂ ਕਾਨਫਰੰਸ ਸੰਬੰਧੀ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਕੱਲ ਪਿੰਡ ਲਹਿਰਾ ਮੁਹੱਬਤ ਦੇ ਫੋਕਲ ਪੁਆਇੰਟ ‘ਚ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਭਰਵੀਂ ਰੈਲੀ ਕੀਤੀ ਗਈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਮਾਘੀ ਮੇਲੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪੁੱਜ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ, ਜਿਸ ਨਾਲ ਆਉਣ ਵਾਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਆਗਾਜ਼ ਹੋਵੇਗਾ। ਉਨ੍ਹਾਂ ਪੰਜਾਬ ‘ਚੋਂ ਬਾਦਲ ਸਰਕਾਰ ਦੇ ਖਾਤਮੇ ਲਈ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਦੇ ਸਮੇਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਦਾ ਬੋਲਬਾਲਾ ਵਧਿਆ ਹੈ, ਜਿਨ੍ਹਾਂ ਦੇ ਖਾਤਮੇ ਲਈ 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਪੁੱਜ ਕੇ ਆਮ ਆਦਮੀ ਪਾਰਟੀ ਦਾ ਸਹਿਯੋਗ ਦੇ ਕੇ ਪੰਜਾਬ ‘ਚੋਂ ਜੰਗਲ ਰਾਜ ਦੇ ਖਾਤਮੇ ਲਈ ਸ਼ੁਰੂਆਤ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦਾ 2017 ਵਿਧਾਨ ਸਭਾ ਚੋਣਾਂ ਵਿਚ ਸਹਿਯੋਗ ਦੇਣ ਤਾਂ ਜੋ ਮੌਜੂਦਾ ਸਰਕਾਰ ਦਾ ਬਿਸਤਰਾ ਗੋਲ ਕੀਤਾ ਜਾ ਸਕੇ। ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਲਹਿਰਾ ਮੁਹੱਬਤ ਦੇ ਡਾ. ਜਗਜੀਤ ਸਿੰਘ ਬਾਹੀਆ ਪਾਰਟੀ ‘ਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀਮ ਆਬਜ਼ਰਵਰ ਰੋਮੀ ਭਾਟੀ, ਭੁੱਚੋ ਮੰਡੀ 8 ਦੇ ਸਰਕਲ ਇੰਚਾਰਜ ਸੁਖਪਾਲ ਸਿੰਘ, ਕਿਸਾਨ ਤੇ ਮਜ਼ਦੂਰ ਵਿੰਗ ਦੇ ਸੈਕਟਰ ਇੰਚਾਰਜ ਜਸਵੀਰ ਸਿੰਘ ਅਕਲੀਆ, ਡਾ. ਜਗਜੀਤ ਸਿੰਘ ਬਾਹੀਆ, ਕਿਸਾਨ ਵਿੰਗ ਦੇ ਇੰਚਾਰਜ ਸੁਰਜੀਤ ਸਿੰਘ, ਵਿੱਤ ਵਿੰਗ ਦੇ ਇੰਚਾਰਜ ਗਗਨਦੀਪ ਸਿੰਘ ਤੇ ਮਿੱਠਾ ਸਿੰਘ ਸੇਖੋਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

LEAVE A REPLY