main newsਸਤਿਕਾਰ ਯੋਗ ਐਡੀਟਰ ਸਾਹਿਬ,
ਸਤਿ ਸ੍ਰੀ ਅਕਾਲ
ਮੇਰਾ ਨਾਮ ਡਾ. ਵਿਸ਼ਾਲ ਦਰਸ਼ੀ ਹੈ। ਮੈਂ ਪਿਛਲੇ ਲਗਭਗ 16 ਸਾਲ ਤੋਂ ਪਤਰਕਾਰਿਤਾ ਨਾਲ ਜੁੜਿਆ ਹੋਇਆ ਹਾਂ, ਅਤੇ ਪਿਛਲੇ ਲਗਭਗ 2 ਸਾਲਾਂ ਤੋਂ ਮੈਂ ਟੋਰੌਂਟੋ ਵਿਖੇ ਰਹਿ ਰਿਹਾ ਹਾਂ। ਪੰਜਾਬੀ ਗ਼ਜ਼ਲ ਦੇ ਮੋਢੀ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ, ਪ੍ਰੋਫ਼ੈਸੋਰ ਦੀਦਾਰ ਸਿੰਘ ਦੀਦਾਰ ਅਤੇ ਹੋਰ ਕਿੰਨੇ ਹੀ ਨਾਮਵਰ ਸ਼ਾਇਰਾਂ ਦੇ ਉਸਤਾਦ ਜਨਾਬ ਮੁਜਰਿਮ ਦਸੂਹਵੀ ਸਾਹਿਬ ਦੀ 31ਵੀਂ ਬਰਸੀ ਦੇ ਮੌਕੇ ਲਈ ਆਰਟੀਕਲ ਭੇਜ ਰਿਹਾ ਹਾਂ। ਅਗਰ ਆਪ ਜੀ ਨੂੰ ਠੀਕ ਲੱਗੇ ਤਾਂ ਛਾਪਣ ਦੀ ਕਿਰਪਾ ਕਰਨੀ ਜੀ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ!
Dr. Vishal Darshi
Senior Correspondent Dainik Bhaskar
410-1053 Don Mills Road, Toronto
Ph: 416-879-4490

ਬਰਸੀ ‘ਤੇ ਵਿਸ਼ੇਸ਼
ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਸਨ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ!
ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਜਨਾਬ ਹਰਬੰਸ ਲਾਲ ਮੁਜਰਿਮ ਦਸੂਹੀ ਜੀ ਨੇ 1909 ਤੋਂ 1985 ਤਕ ਦੇ ਜੀਵਨ ਕਾਲ ਵਿੱਚ ਲਗਭਗ ਪੰਜ ਦਹਾਕਿਆਂ ਤਕ ਕਾਵਿ ਦੀ ਹਰੇਕ ਵਿਧਾ ਗ਼ਜ਼ਲ, ਕਵਿਤਾ, ਬੈਂਤ, ਲੋਕ ਗੀਤ ਅਤੇ ਭਜਨ ਦੇ ਨਾਲ ਮਹਾਂਪੁਰਸ਼ਾਂ ਦੇ ਜੀਵਨ ਦਰਸ਼ਨ, ਰਾਸ਼ਟਰੀ, ਈਸ਼ਵਰ ਭਗਤੀ ਅਤੇ ਸਮਾਜ ਸੁਧਾਰ ਦੀਆਂ ਰਚਨਾਵਾਂ ਨਾਲ ਉਸ ਸਮੇਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜੀਵਨ ਦਾ ਚਿੱਤਰਣ ਕਰ ਕੇ ਆਜ਼ਾਦੀ ਪ੍ਰਾਪਤੀ ਦੇ ਅੰਦੋਲਨ ਨਾਲ ਜੁੜੇ ਆਜ਼ਾਦੀ ਯੋਧਿਆਂ ਨੂੰ ਪ੍ਰੇਰਿਤ ਹੀ ਨਹੀੰ ਕੀਤਾ ਸਗੋਂ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਧਰਮ ਦੇ ਨਾਂ ‘ਤੇ ਹੋਏ ਦੰਗੇ ਫ਼ਸਾਦਾਂ ਦੇ ਜ਼ਿੰਮੇਵਾਰ ਮਜ਼੍ਹਬੀ ਜਾਨੂੰਨ ਦੇ ਸ਼ਿਕਾਰ ਰਾਜ ਨੇਤਾਵਾਂ ਨੂੰ ਖ਼ੁਦਾ ਦੇ ਕਹਿਰ ਤੋਂ ਬਚਣ ਦੀ ਹਦਾਇਤ ਵੀ ਕੀਤੀ।
ਉਹ ਫ਼ਿਰਕੇਦਾਰੋ ਦੂਰ ਹਟੋ, ਕੁਛ ਦੇਸ਼ ਪੇ ਅਬ ਅਹਿਸਾਨ ਕਰੋ
ਖ਼ੂੰ ਦੇਕਰ ਇਸਕੋ ਸੀਂਚਾਂ ਹੈ, ਯੇਹ ਗੁਲਸ਼ਨ ਨਾ ਵੀਰਾਨ ਕਰੋ
ਉਸਤਾਦੀ ਅਤੇ ਸ਼ਾਗਿਰਦੀ ਦੇ ਪ੍ਰੰਪਰਾਗਤ ਕਵੀ ਮੁਜਰਿਮ ਜੀ ਨੇ ਦਾਗ਼ ਸਕੂਲ ਔਫ਼ ਪੋਇਟਰੀ ਦੇ ਅਹਿਮ ਸਿਪਾਹਸਲਾਰ ਪਦਮ ਸ਼੍ਰੀ ਸ਼੍ਰੀ ਜ਼ੋਸ਼ ਮਲਸਿਆਨੀ ਜੀ ਅਤੇ ਪੰਜਾਬੀ ਵਿੱਚ ਦਸੂਹਾ ਦੇ ਹੀ ਉਸਤਾਦ ਖ਼ੁਦ ਮੁਖਤਿਆਰ ਜੀ ਦੀ ਸ਼ਾਗਿਰਦੀ ਕੀਤੀ ਅਤੇ ਜਦੋਂ ਉਸਤਾਦ ਮੁਜਰਿਮ ਦੇ ਸ਼ਾਗਿਰਦਾਂ ਵਿੱਚ ਦੀਪਕ ਜੈਤੋਈ ਵਰਗੇ ਉਸਤਾਦ ਵੀ ਸ਼ਾਮਿਲ ਹੋ ਗਏ ਤਾਂ ਉਨ੍ਹਾਂ ਨੇ ਪੂਰੇ ਅਧਿਕਾਰ ਨਾਲ ਆਪਣੀ ਇੱਕ ਗ਼ਜ਼ਲ ਦੇ ਮਕਤੇ ਵਿੱਚ ਕੁਝ ਇਸ ਤਰ੍ਹਾਂ ਕਿਹਾ:
ਹੋਰ ਹੋਵੇਗੀ ਭਲਾ ਉਸਤਾਦੀਆਂ ਦੀ ਕੀ ਸਨਦ
ਹਜ਼ਰਤੇ ਮੁਜਰਿਮ ਦੇ ਸੱਭ ਸ਼ਾਗਿਰਦ ਨੇ ਉਸਤਾਦ ਹੁਣ
ਰਾਜਨੀਤੀ ਤੋਂ ਦੂਰ ਸਨ ਮੁਜਰਿਮ ਸਾਹਿਬ ਪਰ ਦਿੱਲੀ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੱਦੇ ‘ਤੇ ਲਾਲ ਕਿਲ੍ਹੇ ਤੋਂ ਲੈ ਕੇ ਪ੍ਰਤਾਪ ਸਿੰਘ ਕੈਂਰੋ ਅਤੇ ਗਿਆਨੀ ਜ਼ੈਲ ਸਿੰਘ ਦੀਆਂ ਵਿਸ਼ਾਲ ਸਭਾਵਾਂ ਵਿੱਚ ਆਯੋਜਿਤ ਕਵੀ ਦਰਬਾਰਾਂ ਦੀ ਸ਼ੋਭਾ ਬਣੇ। ਉਨ੍ਹਾਂ ਦੀ ਕਵਿਤਾ ‘ਇਨਸਾਨੀਅਤ’ ਦਾ ਲਾਹੌਰ ਰੇਡੀਓ ਸਟੇਸ਼ਨ ਤੋਂ ਤਿੰਨ ਵਾਰ ਪ੍ਰਸਾਰਣ ਹੋਇਆ। ਸਾਲਾਂ ਤਕ ਉਨ੍ਹਾਂ ਦੀਆਂ ਗ਼ਜ਼ਲਾਂ ਪੰਜਾਬੀ ਅਤੇ ਉਰਦੂ ਅਖ਼ਬਾਰਾਂ ਦੀ ਸ਼ਾਨ ਰਹੀਆਂ ਅਤੇ ਰੇਡੀਓ ਸਟੇਸ਼ਨ ਜਲੰਧਰ ਤੋਂ ਵੀ ਉਨ੍ਹਾਂ ਦੀਆਂ ਕਵਿਤਾਵਾਂ ਦਾ ਪ੍ਰਸਾਰਣ ਹੁੰਦਾ ਰਿਹਾ। ਫ਼ੱਕਰ ਸੁਭਾਅ ਦੇ ਮਾਲਿਕ ਜਨਾਬ ਮੁਜਰਿਮ ਕਈ ਵਾਰ ਰੇਡਿਓ ਸਟੇਸ਼ਨ ਜਲੰਧਰ ਤੋਂ ਦਿੱਤੇ ਜਾਣ ਵਾਲੇ ਸੱਦੇ ਨੂੰ ਵੀ ਠੁਕਰਾ ਦਿੰਦੇ ਸਨ।
ਅਰਜ਼ੀ ਮੇਰੀ ਤੇ ਮੇਰੀ ਕੋਈ ਅਰਜ਼ ਨਹੀਂ ਏ
ਚਾਪਲੂਸੀ ਦੀ ਮੈਨੂੰ ਕੋਈ ਮਰਜ਼ ਨਹੀਂ ਏ
ਮੇਰੇ ਸਿਰ ‘ਤੇ ਕਿਸੇ ਦਾ ਕਰਜ਼ ਨਹੀਂ ਏ
ਮੈਨੂੰ ਕਿਸੇ ਵਜ਼ੀਰ ਨਾਲ ਗ਼ਰਜ਼ ਨਹੀਂ ਏ
ਮੈਂ ਮਸਤ ਹਾਂ ਮਸਤੀਆਂ ਵਿੱਚ ਰਹਿਨਾਂ ਹਾਜਤਮੰਦ ਮੈਂ ਕਿਸੇ ਵਜ਼ੀਰ ਦਾ ਨਹੀਂ
ਮੈਂ ਮਸਤ ਹਾਂ ਮੱਕੀ ਦੇ ਢੋਡਿਆਂ ਤੇ ਮੈਨੂੰ ਸ਼ੌਕ ਕੜਾਹ ਯਾ ਖੀਰ ਦਾ ਨਹੀਂ
ਮੁਜਰਿਮ ਸਾਹਿਬ ਦੀਆਂ ਜ਼ਿਆਦਾਤਰ ਰਚਨਾਵਾਂ ਪ੍ਰਥਾਵਾਂ, ਵਿਧਵਾ ਵਿਆਹ, ਬਾਲ ਵਿਆਹ, ਸ਼ੁਧੀ ਅੰਦੋਲਨ, ਆਦਿ, ਵਿਸ਼ਿਆਂ ‘ਤੇ ਕੇਂਦ੍ਰਿਤ ਰਹੀਆਂ। ਆਰਿਆ ਸਮਾਜ ਦੇ ਵਰ੍ਹਿਆਂ ਤਕ ਪ੍ਰਧਾਨ ਰਹੇ ਅਤੇ ਆਜ਼ਾਦੀ ਅੰਦੋਲਨ ਵਿੱਚ ਪਹਿਲੇ ਆਸ਼ਿਕ ਰਿਸ਼ੀ ਦਇਆਨੰਦ ਦੇ ਵਿਚਾਰਾਂ ਤੋ ਪ੍ਰਭਾਵਿਤ ਸਨ।
ਸੁੱਖਾਂ ਭਰੇ ਵਿਦੇਸ਼ੀ ਦੇ ਰਾਜ ਕੋਲੋਂ
ਦੁੱਖ ਭਰਿਆ ਏ ਹੁੰਦਾ ਸਵਰਾਜ ਚੰਗਾ
ਉਹ ਆਪਣੀ ਪੁਸਤਕ ਰਿਸ਼ੀ ਸੰਦੇਸ਼ ਵਿੱਚ ਲਿਖਦੇ ਹਨ:
ਅਜੇ ਵੀ ਜ਼ੋਰ ਕਾਫ਼ੀ ਏ ਵਤਨ ਅੰਦਰ ਬੁਰਾਈਆਂ ਦਾ
ਅਜੇ ਵੀ ਸ਼ੌਕ ਦਿਸਦਾ ਏ ਦਿਲਾਂ ਅੰਦਰ ਲੜਾਈਆਂ ਦਾ
ਕਿਤੇ ਬ੍ਰਾਹਮਣ ਤੇ ਹਰਿਜਨ ਦਾ ਤੇ ਨਾਈ ਝੀਰ ਦਾ ਝਗੜਾ
ਅਜੇ ਤਕ ਵੀ ਨਹੀਂ ਮੁੱਕਾ ਮੇਰੇ ਕਸ਼ਮੀਰ ਦਾ ਝਗੜਾ
ਵਤਨ ਦੀ ਵੀਰ ਸ਼ਕਤੀ ਨੂੰ ਜਗਾਣਾ ਪੈ ਗਿਆ ਮੁੜਕੇ
ਮਜਰਿਮ ਜੀ ਇੱਕ ਹੀ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਅਤੇ ਉਹ ਮੂਰਤੀ ਪੂਜਾ, ਸ਼ਰਾਧ ਅਤੇ ਜਾਦੂ ਟੂਣੇ ਦੇ ਕੱਟੜ ਵਿਰੋਧੀ ਸਨ।
ਤਸਵੀਰ ਬਣਾਈ ਸੀ ਤੇਰੀ ਜੋ ਬੋਲੀ ਵੀ ਤੇ ਗੂੰਗੀ ਵੀ
ਜੋ ਕਹਿ ਨਾ ਸਕੇ ਕੁਝ ਸੁਣ ਨਾ ਸਕੇ ਤਸਵੀਰ ਨਾ ਮੈਥੋਂ ਵੇਖ ਹੋਵੇ
ਹੁਣ ਤੇਰੀ ਤਸਵੀਰ ਦੀ ਵੀ ਲੋੜ ਹੈ ਕਿੱਥੇ ਰਹੀ
ਨਕਸ਼ ਦਿਲ ‘ਤੇ ਅਕਸ ਹੋ ਗਏ ਨੇ ਤੇਰੀ ਤਸਵੀਰ ਦੇ
ਮੁਜਰਿਮ ਜੀ ਨੇ ਸਹੀ ਮਾਇਨੇ ਵਿੱਚ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜਾਅ, ਸੁੱਖ ਦੁੱਖ ਦੀ ਦਿਸ਼ਾ ਨੂੰ ਦੇਖਦੇ ਹੋਏ ਅਤੇ ਇਨ੍ਹਾਂ ਦੁੱਖਾਂ ਦੇ ਸਨਮੁੱਖ ਹੁੰਦੇ ਹੋਏ ਪਰਿਵਾਰਿਕ, ਸਮਾਜਿਕ ਕੰਮਾਂ ਨੂੰ ਬਾਖ਼ੂਬੀ ਨਿਭਾਇਆ। ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਦੂਰ ਰਹਿ ਕੇ ਆਪਣੇ ਮਨ ਅਤੇ ਚਿੱਤ ਨੂੰ ਇਕਾਗਰ ਕਰ ਕੇ ਇਲਾਹੀ ਆਮਦ ਵੀ ਉਨ੍ਹਾਂ ਦੇ ਸ਼ਿਅਰਾਂ ‘ਚੋਂ ਝਲਕ ਮਿਲਦੀ ਹੈ।
ਦਿਨ ਰਾਤ ਹਮਾਰੀ ਕੋਸ਼ਿਸ਼ ਹੈ ਹਮ ਫ਼ਾਇਦਾ ਉਨਕੋ ਪਹੁੰਚਾਏਂ
ਦਿਨ ਰਾਤ ਹੀ ਕੋਸ਼ਿਸ਼ ਕਰਕੇ ਜੋ ਨੁਕਸਾਨ ਹਮਾਰਾ ਕਰਤੇ ਹੈਂ
ਮੁਜਰਿਮ ਸਾਹਿਬ ਰੂਹਾਨੀਅਤ ਦੇ ਕਿਸ ਕਦਰ ਕਰੀਬ ਸਨ ਇਹ ਉਨ੍ਹਾਂ ਦੇ ਚਹੁੰਮਿਸਰੇ ਅਤੇ ਇਨ੍ਹਾਂ ਬੈਂਤਾਂ ਵਿੱਚ ਦੇਖੋ:
ਮੈਂ ਤੂੰ ਹੋਇਆ, ਤੂੰ ਮੈਂ ਹੋਇਆ, ਮੈਂ ਮੈਂ ਕੋਈ ਨਹੀਂ, ਤੂੰ ਤੂੰ ਕੋਈ ਨਹੀਂ
ਕੋਈ ਨਹੀਂ ਮਤਲੂਬ ਤੇ ਕੌਣ ਤਾਲਿਬ, ਦਿਲ ਦੀ ਤਲਬ ਕੋਈ ਨਹੀਂ ਆਰਜ਼ੂ ਕੋਈ ਨਹੀਂ
ਆਪਣੇ ਆਪ ਨੂੰ ਆਪ ਹੀ ਪਾ ਲਿਆ ਮੈਂ, ਹੁਣ ਤੇ ਆਪਣੀ ਵੀ ਜੁਸਤਜੂ ਕੋਈ ਨਹੀਂ
ਸਜਦੇ ਕਰ ਰਿਹਾਂ ਆਪਣੇ ਆਪ ਨੂੰ ਮੈਂ ਮੁਜਰਿਮ, ਸਾਹਿਬ ਮੇਰੇ ਰੂਬਰੂ ਕੋਈ ਨਹੀਂ
ਸੂਫ਼ੀ ਰੰਗ ਵਿੱਚ ਰੰਗੀ ਇੱਕ ਹੋਰ ਗ਼ਜ਼ਲ ਦਾ ਮਤਲਾ ਦੇਖੋ:
ਸ਼ੰਖ ਜਦ ਮੰਦਿਰ ‘ਚ ਵੱਜਿਆ ਸ਼ਾਮ ਨੂੰ
ਸੁਣ ਲਿਆ ਸਾਕੀ ਦੇ ਮੈਂ ਪੈਗ਼ਾਮ ਨੂੰ
ਅਤੇ ਇਸੇ ਹੀ ਗ਼ਜ਼ਲ ਵਿੱਚ:
ਉਹ ਕਦੇ ਆਗ਼ਾਜ਼ ਕਰ ਸਕਦੇ ਨਹੀਂ
ਸੋਚਦੇ ਰਹਿੰਦੇ ਨੇ ਜੋ ਅੰਜਾਮ ਨੂੰ
ਰੂਹਾਨੀਅਤ ਦੇ ਰੰਗ ਵਿੱਚ ਰੰਗੀ ਇੱਕ ਹੋਰ ਗ਼ਜ਼ਲ ਦਾ ਸ਼ੇਅਰ:
ਓ ਸਾਕੀ ਮਸਤ ਨਿਗਾਹਾਂ ‘ਚੋਂ ਮਸਤੀ ਦਾ ਮੀਂਹ ਬਰਸਾ ਦਏਂਗਾ
ਆਲਮ ਨੂੰ ਮਸਤੀ ਵੰਡਣਾ ਏਂ, ਮੈਨੂੰ ਵੀ ਮਸਤ ਬਣਾ ਦਏਂਗਾ
ਕਿਸੇ ਗ਼ੈਰ ਦੇ ਦਰ ਤੋਂ ਮੰਗਾਂ ਨਾ, ਤੇਰੇ ਦਰ ਤੋਂ ਮੰਗਣੋਂ ਸੰਗਾ ਨਾ
ਮੈਂ ਬੋਲਾਂ ਕੁਸਕਾਂ ਖੰਘਾਂ ਨਾ, ਕੋਈ ਐਸਾ ਜਾਮ ਪਿਲਾ ਦਏਂਗਾ
ਪੰਜਾਬੀ ਗ਼ਜ਼ਲ ਦੀ ਪ੍ਰੰਪਰਾ ਵਿੱਚ ਉਨ੍ਹਾਂ ਦੇ ਸਮਕਾਲੀਨ ਸ਼ਾਇਰਾਂ ਚੋਂ ਨੰਦ ਲਾਲ ਨੂਰਪੁਰੀ, ਵਿਧਾਤਾ ਸਿੰਘ ਤੀਰ, ਹਜ਼ਾਰਾ ਸਿੰਘ, ਕਰਤਾਰ ਸਿੰਘ ਬਲੱਗਣ, ਦਰਸ਼ਨ ਸਿੰਘ ਅਵਾਰਾ, ਬਰਕਤ ਰਾਮ ਯੁਮਨ, ਆਦਿ ਉਨ੍ਹਾਂ ਨੂੰ ਉਸਤਾਦ ਜੀ ਕਹਿ ਕੇ ਬੁਲਾਇਆ ਕਰਦੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਉਨ੍ਹਾਂ ਦੇ ਜਾਨਸ਼ੀਨ ਦੀਪਕ ਜੈਤੋਈ ਤੋਂ ਇਲਾਵਾ ਪ੍ਰੋ. ਦੀਦਾਰ ਸਿੰਘ ਦੀਦਾਰ, ਮਹਿੰਦਰ ਦਰਦ, ਕ੍ਰਿਸ਼ਨ ਲਾਲ ਅਨਪੜ੍ਹ, ਮਨਜ਼ੂਰ ਹੁਸ਼ਿਆਰਪੁਰੀ, ਮਦਨ ਲਾਲ ਦਿਲਕਸ਼, ਪ੍ਰੇਮ ਅਬੋਹਰਵੀ ਸ਼ਾਮਿਲ ਸਨ। ਉਸਤਾਦੀ ਸ਼ਾਗਿਰਦੀ ਦੀ ਪ੍ਰੰਪਰਾ ਵਿੱਚ ਉਨ੍ਹਾਂ ਦਾ ਬੈਂਤ ਦੇਖੋ:
ਇਸ਼ਕ ਵਿੱਚ ਮੈਂ ਡੁੱਬ ਕੇ ਸ਼ੇਅਰ ਕਹਿਨਾਂ, ਹਰ ਮਜ਼ਮੂਨ ਮੈਂ ਕਾਬਿਲ-ਏ-ਦਾਦ ਰੱਖਨਾਂ
ਮੈਂ ਅਰੂਜ ਨੂੰ ਘੋਟ ਕੇ ਪੀ ਲਿਆ ਹੈ, ਹਰ ਬਹਿਰ ਜ਼ੁਬਾਨੀ ਹੀ ਯਾਦ ਰੱਖਨਾਂ
ਮੇਰੇ ਸ਼ੇਅਰ ‘ਚੋਂ ਗ਼ਲਤੀ ਤਲਾਸ਼ ਨਾ ਕਰ, ਖ਼ੁਦਮੁਖਤਿਆਰ ਜੈਸਾ ਮੈਂ ਉਸਤਾਦ ਰੱਖਨਾਂ
ਸੋਨੇ ਉੱਤੇ ਸੁਹਾਗਾ ਬਜਾ ਮੁਜਰਿਮ, ਮੈਂ ਪੀਰ ਉਸਤਾਦ ਆਜ਼ਾਦ ਰੱਖਨਾਂ
ਉਨ੍ਹਾਂ ਦੀਆਂ ਚੁਣੀਆਂ ਹੋਈਆਂ ਗ਼ਜ਼ਲਾਂ ਨੂੰ ਸਮੇਟ ਕੇ ਉਨ੍ਹਾਂ ਦੇ ਪਰਿਵਾਰ ਵਲੋਂ ਪੰਜਾਬੀ ਗ਼ਜ਼ਲ ਸੰਗ੍ਰਿਹ ਦਰਪਨ ਦਾ ਵਿਮੋਚਨ 1986 ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਉਸ ਸਮੇਂ ਦੇ ਡਾਇਰੈਕਟਰ ਸ਼੍ਰੀ ਗੋਇਲ ਵਲੋਂ ਮੁਜਰਿਮ ਸਾਹਿਬ ਦੀ ਯਾਦ ਵਿੱਚ ਕਰਵਾਏ ਗਏ ਰਾਜ ਪੱਧਰੀ ਕਵੀ ਦਰਬਾਰ ਵਿੱਚ ਕੀਤਾ ਗਿਆ ਸੀ। ਮੁਜਰਿਮ ਸਾਹਿਬ ਦੀ ਯਾਦ ਵਿੱਚ ਆਰੀਆ ਸਮਾਜ ਦਸੂਹਾ ਵਲੋਂ ਲਾਇਬ੍ਰਰੇਰੀ ਦਾ ਨਿਰਮਾਣ ਕਰਵਾਇਆ ਗਿਆ। ਉਨ੍ਹਾਂ ਦੇ ਵੱਡੇ ਸਪੁੱਤਰ ਆਦਰਸ਼ ਕੁਮਾਰ ਦਰਸ਼ੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। 16 ਜਨਵਰੀ 1985 ਮੁਜਰਿਮ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਲਗਭਗ 10 ਸਾਲ ਬਾਅਦ 16 ਜਨਵਰੀ ਨੂੰ ਹੀ ਉਨ੍ਹਾਂ ਦੀ ਧਰਮਪਤਨੀ ਪ੍ਰੇਮ ਲਤਾ ਵੀ ਸਵਰਗ ਸਿਧਾਰ ਗਏ। ਮੁਜਰਿਮ ਸਾਹਿਬ ਦੀਆਂ ਰਚਨਾਵਾਂ ਅੱਜ ਵੀ ਪੜ੍ਹਨ ‘ਤੇ ਉਸੇ ਤਰ੍ਹਾਂ ਹੀ ਤਾਜ਼ਾ ਮਹਿਸੂਸ ਹੁੰਦੀਆਂ ਹਨ। ਉਨ੍ਹਾਂ ਦੀ ਇੱਕ-ਇੱਕ ਰਚਨਾ ‘ਤੇ ਸ਼ੋਧ ਗ੍ਰੰਥ ਲਿਖ ਕੇ ਪੀ.ਐੱਚ.ਡੀ. ਕੀਤੀ ਜਾ ਸਕਦੀ ਹੈ ਇਹ ਕਹਿਣਾ ਹੈ ਡੀ.ਏ.ਵੀ. ਕਾਲਜ ਚੰਡੀਗੜ੍ਹ ਦੇ ਰਿਟਾ. ਪ੍ਰਿੰਸੀਪਲ ਰਾਮੇਸ਼ ਜੀਵਨ ਜੀ ਦਾ। ਉਸਤਾਦ ਮੁਜਰਿਮ ਦਸੂਹੀ ਟਰੱਸਟ ਵਲੋਂ ਹਰ ਸਾਲ ਦੀ ਤਰ੍ਹਾਂ 16 ਜਨਵਰੀ ਨੂੰ ਉਨ੍ਹਾਂ ਦੀ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੂੰ ਇਹ ਦੁੱਖ ਜ਼ਰੂਰ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪਾਉਣ ਵਾਲੇ ਇਸ ਮਹਾਨ ਸ਼ਾਇਰ ਦੀ ਭਾਸ਼ਾ ਵਿਭਾਗ ਅਤੇ ਪੰਜਾਬ ਸਰਕਾਰ ਨੇ ਦਸੂਹਾ ਵਿੱਚ ਕੋਈ ਯਾਦਗਾਰ ਨਹੀਂ ਬਣਵਾਈ।

LEAVE A REPLY