3ਜਲੰਧਰ  – ਭਾਰਤੀ ਜਨਤਾ ਪਾਰਟੀ ਦੀ ਪੰਜਾਬ ਪ੍ਰਧਾਨਗੀ ਦੇ ਅਹੁਦੇ ‘ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਮਾਮਲਾ ਠੰਡਾ ਪੈਂਦਾ ਦਿਖਾਈ ਦੇ ਰਿਹਾ ਹੈ। ਸਿੱਧੂ ਨੂੰ ਪ੍ਰਧਾਨ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਵਿਚ ਭਾਜਪਾ ਸੰਸਦੀ ਬੋਰਡ ਦੀ ਹੋਈ ਬੈਠਕ ਵਿਚ ਸਿੱਧੂ ਦੇ ਤਰਕ ਤੋਂ ਬਾਅਦ ਇਹ ਮਾਮਲਾ ਫਿਲਹਾਲ ਪੈਂਡਿੰਗ ਪੈ ਗਿਆ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ  ਦੀ  ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਇਸ ਸੰੰਬੰਧ ਵਿਚ ਬਕਾਇਦਾ ਹਾਈਕਮਾਨ ਵਿਚ ਸਹਿਮਤੀ ਵੀ ਬਣ ਗਈ ਸੀ। ਜਾਣਕਾਰੀ ਮਿਲੀ ਹੈ ਕਿ ਵੀਰਵਾਰ ਦੇਰ ਸ਼ਾਮ ਦਿੱਲੀ ‘ਚ ਹੋਈ ਸੰਸਦੀ ਬੋਰਡ ਦੀ ਬੈਠਕ ਵਿਚ ਸਿੱਧੂ ਦੇ ਨਾਂ ‘ਤੇ ਮੋਹਰ ਲੱਗ ਗਈ ਸੀ ਪਰ ਸਿੱਧੂ ਨੇ ਸਾਫ ਤੌਰ ‘ਤੇ ਇਹ ਅਹੁਦਾ ਤਰਕ ਦੇ ਕੇ ਲੈਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦਾ ਤਰਕ ਸੀ ਕਿ ਉਹ ਸਿਰਫ ਤਾਂ ਹੀ ਪੰਜਾਬ ਭਾਜਪਾ ਦੀ ਕਮਾਂਡ ਸੰਭਾਲਣਗੇ ਜੇਕਰ ਪਾਰਟੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਵਿਚ ਚੋਣਾਂ ਲੜੇਗੀ ਜਦ ਕਿ ਸਿੱਧੂ ਦੇ ਇਸ ਤਰਕ ‘ਤੇ ਭਾਜਪਾ ਅਜੇ ਆਪਣੇ ਪੱਤੇ ਖੋਲ੍ਹਣ ਦੇ ਪੱਖ ਵਿਚ ਨਹੀਂ ਹੈ ਅਤੇ ਪਾਰਟੀ ਨੇ ਇਸ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਸਿੱਧੂ ਨੇ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਸਿੱਧੂ ਪੰਜਾਬ ਵਿਚ ਕਈ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਅਤੇ ਖਾਸ ਕਰ ਕੇ ਬਾਦਲ ਪਰਿਵਾਰ ‘ਤੇ ਵਰ੍ਹਦੇ ਰਹੇ ਹਨ। ਕਈ ਮਾਮਲਿਆਂ ਵਿਚ ਸਿੱਧੂ ਨੇ ਬਾਦਲ ਤੇ ਸੂਬਾ ਸਰਕਾਰ ‘ਤੇ ਉਂਗਲੀ ਚੁੱਕੀ ਹੈ ਪਰ ਬਾਅਦ ਵਿਚ ਪਾਰਟੀ ਹਾਈਕਮਾਂਡ  ਦੇ ਦਬਾਅ ਕਾਰਨ ਸਿੱਧੂ ਨੂੰ ਪਿੱਛੇ ਹਟਣਾ ਪਿਆ। ਹੁਣ ਜਦੋਂ ਸਿੱਧੂ ਨੂੰ ਪੰਜਾਬ ਦੀ ਕਮਾਂਡ ਦੇਣ ਵਿਚ ਪਾਰਟੀ ਨੂੰ ਭਲਾਈ ਲੱਗਦੀ ਹੈ ਤਾਂ ਪਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਪਰ ਸਿੱਧੂ ਆਪਣੀ ਗੱਲ ‘ਤੇ ਅੜੇ ਰਹੇ।
ਓਧਰ ਹੁਣ ਇਸ ਮਾਮਲੇ ‘ਤੇ ਭਾਜਪਾ ਹਾਈਕਮਾਨ ਕੋਲ ਸੀਮਤ ਬਦਲ ਰਹਿ ਗਏ ਹਨ ਜਿਨ੍ਹਾਂ ਵਿਚੋਂ ਇਕ ਤਾਂ ਕਮਲ ਸ਼ਰਮਾ ਨੂੰ ਹੀ ਪ੍ਰਧਾਨ ਬਣਿਆ ਰਹਿਣ ਦਿੱਤਾ ਜਾਵੇ ਜਾਂ ਫਿਰ ਅਵਿਨਾਸ਼ ਰਾਏ ਖੰਨਾ, ਅਸ਼ਵਨੀ ਸ਼ਰਮਾ ਜਾਂ ਕਿਸੇ ਹੋਰ ਆਗੂ ਨੂੰ ਪੰਜਾਬ ਵਿਚ ਭਾਜਪਾ ਦੀ ਕਾਰਗੁਜ਼ਾਰੀ ਲਈ ਬਲੀ ਦਾ ਬੱਕਰਾ ਬਣਾਇਆ ਜਾਵੇ। ਉਂਝ ਖੰਨਾ ਇਸ ਅਹੁਦੇ ਨੂੰ ਲੈਣ ਤੋਂ ਪਹਿਲਾਂ ਹੀ ਨਾਂਹ ਕਰ ਚੁੱਕੇ ਹਨ।  ਸੰਭਾਵਨਾ ਹੈ ਕਿ ਗੇਂਦ ਅਸ਼ਵਨੀ ਸ਼ਰਮਾ ਦੀ ਝੋਲੀ ਵਿਚ ਚਲੀ ਜਾਵੇਗੀ ਪਰ ਸ਼ਰਮਾ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿਚ ਭਾਜਪਾ ਦੀ ਹਾਲਤ ਬਿਹਤਰ ਨਹੀਂ ਹੋ ਸਕੀ।

LEAVE A REPLY