1ਜਲੰਧਰ/ਚੰਡੀਗੜ੍ਹ  : ਪੰਜਾਬ ਦੇ ਕਰੀਬ 20 ਸਾਬਕਾ ਵਿਧਾਇਕਾਂ ਨੇ ਵੀਰਵਾਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲੋਂ ਮੰਗ ਕੀਤੀ ਹੈ ਕਿ ਉਹ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਵਿਚ ਪਾਰਟੀ ਵਿਚੋਂ ਬਾਹਰ ਕੱਢੇ। ਇਥੇ ਸਾਂਝੇ ਬਿਆਨ ਵਿਚ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਪਾਰਟੀ ‘ਚ ਅਨੁਸ਼ਾਸਨਹੀਣਤਾ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਇਨ੍ਹਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਖਡੂਰ ਸਾਹਿਬ ਉਪ ਚੋਣ ਨੂੰ ਲੈ ਕੇ ਜਗਮੀਤ ਨੇ ਪਾਰਟੀ ਲੀਡਰਸ਼ਿਪ ਵਿਰੁੱਧ ਉਲਟ ਸਟੈਂਡ ਲਿਆ ਹੈ। ਕੋਈ ਵੀ ਕਾਂਗਰਸੀ ਆਗੂ ਜਗਮੀਤ ਦੇ ਨਾਲ ਨਹੀਂ ਹੈ।  ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਵੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜਗਮੀਤ ਨੂੰ ਦੁਬਾਰਾ ਪਾਰਟੀ ਵਿਚ ਸ਼ਾਮਲ ਕਰ ਲਿਆ ਸੀ ਪਰ ਫਿਰ ਵੀ ਉਹ ਅਨੁਸ਼ਾਸਨਹੀਣਤਾ ਦੇ ਰਾਹ ‘ਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਬਰਾੜ ਨੂੰ ਕੋਈ ਇਤਰਾਜ਼ ਸੀ ਤਾਂ ਉਨ੍ਹਾਂ ਨੂੰ ਆਪਣੇ ਵਿਚਾਰ ਟਵੀਟ ਕਰਨ ਦੀ ਬਜਾਏ ਪਾਰਟੀ ਫੋਰਮ ‘ਤੇ ਰੱਖਣੇ ਚਾਹੀਦੇ ਸਨ। ਉਨ੍ਹਾਂ ਨੇ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਚੁਕੇ ਗਏ ਮਸਲੇ ਅਜੇ ਤਕ ਹੱਲ ਨਹੀਂ ਹੋਏ। ਅਜਿਹੀ ਹਾਲਤ ਵਿਚ ਉਪ ਚੋਣ ਲੜਨ ਦਾ ਕੋਈ ਲਾਭ ਨਹੀਂ। ਉਨ੍ਹਾਂ ਪਾਰਟੀ ਲੀਡਰਸ਼ਿਪ ਕੋਲੋਂ ਮੰਗ ਕੀਤੀ ਕਿ ਬਰਾੜ ਨੂੰ ਤੁਰੰਤ ਪਾਰਟੀ ਵਿਚੋਂ ਰੁਖਸਤ ਕੀਤਾ ਜਾਵੇ। ਪਹਿਲਾਂ ਉਨ੍ਹਾਂ ਨੇ ਸੋਨੀਆ ਤੇ ਰਾਹੁਲ ਵਿਰੁੱਧ ਬਿਆਨਬਾਜ਼ੀ ਕੀਤੀ ਸੀ, ਹੁਣ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੋਲ ਰਹੇ ਹਨ।

LEAVE A REPLY