5ਗੁਰਦਾਸਪੁਰ : ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵਿਵਾਦਾਂ ‘ਚ ਘਿਰੇ ਸਾਬਕਾ ਐੱਸ. ਪੀ. ਸਲਵਿੰਦਰ ਸਿੰਘ ‘ਤੇ ਇਕ ਨਵੀਂ ਗਾਜ਼ ਡਿਗ ਗਈ ਹੈ। ਹੁਣ ਸਲਵਿੰਦਰ ਸਿੰਘ ਆਪਣੇ ਦੋਸਤ ਰਾਜੇਸ਼ ਦੇ ਜੀਜੇ ‘ਤੇ ਕੇਸ ਦਰਜ ਕਰਨ ਸੰਬੰਧੀ ਰਾਸ਼ਟਰੀ ਜਾਂਚ ਏਜੰਸੀ ਦੇ ਸ਼ੱਕ ਦੇ ਘੇਰੇ ‘ਚ ਘਿਰ ਗਏ ਹਨ।
ਜਾਣਕਾਰੀ ਮੁਤਾਬਕ ਸਲਵਿੰਦਰ ਸਿੰਘ ਦੇ ਜਿਊਲਰ ਦੋਸਤ ਰਾਜੇਸ਼ ਵਰਮਾ ਦੀ ਭੈਣ ਸੋਨੀਆ ਨੇ ਗੁਰਦਾਸਪੁਰ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਤੂਰ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਅਜੇ ਵਰਮਾ ਦਾਜ ਲਈ ਉਸ ਨਾਲ ਕੁੱਟਮਾਰ ਕਰਦਾ ਹੈ। ਕਰੀਬ 6 ਮਹੀਨੇ ਪਹਿਲਾਂ ਅਜੇ ਨੇ ਸੋਨੀਆ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਬਿਨਾਂ ਤਲਾਕ ਲਏ ਦੂਜਾ ਵਿਆਹ ਵੀ ਕਰ ਲਿਆ।
ਗੁਰਪ੍ਰੀਤ ਸਿੰਘ ਤੂਰ ਨੇ 19 ਅਕਤੂਬਰ, 2015 ਨੂੰ  ਉਸ ਸਮੇਂ ਦੇ ਐੱਸ. ਪੀ. ਸਲਵਿੰਦਰ ਸਿੰਘ ਨੂੰ ਇਹ ਮਾਮਲਾ ਸੌਂਪ ਦਿੱਤਾ। ਸਲਵਿੰਦਰ ਨੇ 2 ਮਹੀਨਿਆਂ ਦੀ ਜਾਂਚ ਤੋਂ ਬਾਅਦ ਸੋਨੀਆ ਦੇ ਬਿਆਨ ਦਰਜ ਕੀਤੇ, ਜਦੋਂ ਕਿ ਦੋਸ਼ੀ ਅਜੇ ਨੂੰ ਤਿੰਨ ਵਾਰ ਸੁਨੇਹਾ ਭੇਜਣ ਦੇ ਬਾਵਜੂਦ ਵੀ ਉਹ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ 26 ਦਸੰਬਰ ਨੂੰ ਅਜੇ ਵਰਮਾ ‘ਤੇ ਪਰਚਾ ਦਰਜ ਕੀਤਾ ਗਿਆ।
ਸੂਤਰਾਂ ਮੁਤਾਬਕ ਹੁਣ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਅਜੇ ਵਰਮਾ ਕੇਸ ਦੇ ਸਾਰੇ ਕਾਗਜ਼ਾਤ ਆਪਣੇ ਕਬਜ਼ੇ ‘ਚ ਲੈ ਲਏ ਹਨ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਅਖੀਰ ਸਲਵਿੰਦਰ ਸਿੰਘ ਨੇ ਦਾਜ ਵਰਗੇ ਮਾਮਲੇ ਦੀ ਜਾਂਚ ਲਈ 2 ਮਹੀਨੇ ਕਿਉਂ ਲਗਾ ਦਿੱਤੇ।

LEAVE A REPLY