2ਸਰਦਾਰ ਸਿੰਘ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ
ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ‘ਤੇ ਬਲਾਤਕਾਰ ਤੇ ਧੋਖਾਧੜੀ ਦੇ ਗੰਭੀਰ ਦੋਸ਼ ਲੱਗੇ ਹਨ। ਹਾਕੀ ਸਟਾਰ ‘ਤੇ ਇਹ ਦੋਸ਼ ਮਹਿਲਾ ਹਾਕੀ ਖ਼ਿਡਾਰੀ ਤੇ ਉਸ ਦੀ ਕਥਿਤ ਮੰਗੇਤਰ ਵੱਲੋਂ ਲਗਾਏ ਗਏ ਹਨ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਸਰਦਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਲੁਧਿਆਣਾ ਦੇ ਕੂੰਮ ਕਲਾਂ ਥਾਣੇ ਵਿਚ ਦਰਜ ਕੀਤਾ ਗਿਆ ਹੈ। ਸਰਦਾਰ ਸਿੰਘ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਏ ਡੀ ਸੀ ਪੀ ਸਤਬੀਰ ਸਿੰਘ ਅਟਵਾਲ, ਏ ਸੀ ਪੀ ਮੈਡਮ ਪੁਰੇਵਾਲ ਅਤੇ ਐੱਸ ਐੱਚ ਓ ਕੂਮਕਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਜਾਂਚ ਟੀਮ ਨੂੰ ਜਲਦੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ ।
ਪੀੜਤ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਸਰਦਾਰ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਮੁਤਾਬਕ ਉਸ ਦੀ ਸਰਦਾਰ ਸਿੰਘ ਨਾਲ ਕਰੀਬ ਡੇਢ ਸਾਲ ਪਹਿਲਾਂ ਮੰਗਣੀ ਹੋਈ ਸੀ। ਪੀੜਤ ਲੜਕੀ ਇੰਗਲੈਂਡ ਦੀ ਜੰਮਪਲ ਤੇ ਇੰਗਲੈਂਡ ਹਾਕੀ ਟੀਮ ਲਈ ਖੇਡ ਚੁੱਕੀ ਹੈ। ਇੰਗਲੈਂਡ ਦੀ ਇਹ ਖਿਡਾਰੀ ਸਰਦਾਰ ਸਿੰਘ ਨਾਲ ਮੰਗਣੀ ਦੀ ਖਬਰ ਤੋਂ ਬਾਅਦ ਹੀ ਚਰਚਾ ਵਿਚ ਆਈ ਸੀ। ਉਧਰ ਸਰਦਾਰ ਸਿੰਘ ਨੇ ਮੰਨਿਆ ਹੈ ਕਿ ਉਹ ਪੀੜਤ ਲੜਕੀ ਨੂੰ ਜਾਣਦੇ ਹਨ ਪਰ ਨਾਲ ਹੀ ਉਨ੍ਹਾਂ ਲੜਕੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

LEAVE A REPLY