newsid_4253-Yuvraj-Singhਮੈਲਬਰਨ: ਸਿਡਨੀ ‘ਚ ਆਸਟ੍ਰੇਲੀਆ ਦੇ ਖਿਲਾਫ਼ ਐਤਵਾਰ ਨੂੰ ਭਾਰਤੀ ਪਾਰੀ ਦੇ ਅੰਤਿਮ ਓਵਰ ‘ਚ ‘ਵਿਲਨ’ ਬਣਨ ਜਾ ਰਹੇ ਯੁਵਰਾਜ ਸਿੰਘ ਹੀਰੋ ਬਣ ਗਏ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਇਸ ਖੱਬੇ ਹੱਥ ਦੇ ਬੱਲੇਬਾਜ਼ ਦੇ ਨਾਲ ਚਲੀ ਆ ਰਹੀ ਇਕ ਟੀਸ ਵੀ ਜਾਂਦੀ ਰਹੀ ਹੋਵੇਗੀ। ਦਰਅਸਲ ਦੋ ਸਾਲ ਪਹਿਲਾਂ ਢਾਕਾ ‘ਚ ਸ਼੍ਰੀ ਲੰਕਾ ਦੇ ਖਿਲਾਫ਼ ਟੀ-20 ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ‘ਚ ਯੁਵਾਰਜ ਦਾ ਬੱਲਾ ਜਿਵੇਂ ਉਨ੍ਹਾਂ ਤੋਂ ਰੁੱਸ ਗਿਆ ਸੀ ਅਤੇ ਆਲੋਚਕਾਂ ਨੇ ਉਨ੍ਹਾਂ ਨੂੰ ਹਾਰ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ‘ਵਿਲਨ’ ਤੱਕ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 6 ਅਪ੍ਰੈਲ 2014 ਨੂੰ ਸ਼੍ਰੀਲੰਕਾ ਦੇ ਖਿਲਾਫ਼ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਮੁਕਾਬਲੇ ‘ਚ ਯੁਵਰਾਜ 21 ਗੇਂਦਾਂ ‘ਤੇ ਸਿਰਫ਼ 11 ਦੌੜਾਂ ਹੀ ਬਣਾ ਸਕੇ ਸਨ। ਇਸ ਹਾਰ ਦੇ ਲਈ ਯੁਵਰਾਜ ਨੂੰ ਉਨ੍ਹਾਂ ਦੇ ਆਲੋਚਕਾ ਨੇ ਕਾਫ਼ੀ ਬੁਰਾ-ਭਲਾ ਕਿਹਾ ਸੀ।
ਆਸਟਰੇਲੀਆ ਦੇ ਖਿਲਾਫ਼ ਪਹਿਲੇ ਦੋ ਮੈਚਾਂ ‘ਚ ਯੁਵਰਾਜ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲ ਸਕਿਆ ਸੀ। ਇਸ ਤਰ੍ਹਾਂ ਨਾਲ ਵੀ ਦੋ ਸਾਲ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਯੂਵੀ ‘ਤੇ ਖੁਦ ਨੂੰ ਸਾਬਤ ਕਰਨ ਦਾ ਦਬਾਅ ਸੀ। ਭਾਰਤੀ ਪਾਰੀ ‘ਚ ਵਿਰਾਟ ਕੋਹਲੀ ਦਾ ਵਿਕਟ ਡਿਗਣ ਦੇ ਬਾਅਦ ਯੁਵਰਾਜ ਕ੍ਰੀਜ਼ ‘ਤੇ ਆਏ ਸਨ। ਮੁਕਾਬਲੇ ‘ਚ ਅਜੇ 31 ਗੇਂਦਾਂ ਸੁੱਟੀਆਂ ਜਾਣੀਆਂ ਸਨ ਅਤੇ ਸਕੋਰਬੋਰਡ ‘ਤੇ ਜਿੱਤ ਦੇ ਲਈ ਦਰਜ ਸੀ 51 ਦੌੜਾਂ ਦੀ ਮੁਸ਼ਕਲ ਚੁਣੌਤੀ।ਯੁਵਰਾਜ ਤਿੰਨ ਗੇਂਦਾਂ ਖੇਡਣ ਦੇ ਬਾਅਦ ਆਪਣਾ ਖਾਤਾ ਖੋਲ੍ਹ ਸਕੇ। ਉਨ੍ਹਾਂ ਨੂੰ ਬੱਲੇਬਾਜ਼ੀ ਕਰਦਾ ਦੇਖ ਅਚਾਨਕ ਦੋ ਸਾਲ ਪਹਿਲੇ ਢਾਕਾ ‘ਚ ਟੀ-20 ਵਿਸ਼ਵ ਕੱਪ ਫ਼ਾਈਨਲ ਦੀਆਂ ਯਾਦਾਂ ਤਾਜ਼ਾ ਹੋਣ ਲੱਗੀਆਂ। ਉਹ ਬੱਲਾ ਤਾਂ ਘੁੰਮਾ ਰਹੇ ਸਨ ਪਰ ਗੇਂਦ ਬੱਲੇ ‘ਤੇ ਨਹੀਂ ਆ ਰਹੀ ਸੀ। ਯੁਵਰਾਜ ‘ਤੇ ਦਬਾਅ ਸਾਫ਼ ਨਜ਼ਰ ਆ ਰਿਹਾ ਸੀ। ਭਾਰਤੀ ਪ੍ਰਸ਼ੰਸਕਾਂ ‘ਚ ਨਿਰਾਸ਼ਾ ਆ ਗਈ ਅਤੇ ਕੁਝ ਤਾਂ ਇਹ ਵੀ ਕਹਿਣ ਲੱਗੇ ਕਿ ਕਪਤਾਨ ਧੋਨੀ ਨੂੰ ਇਸੇ ਮੈਚ ‘ਚ ਉਨ੍ਹਾਂ ਨੂੰ ਆਜ਼ਮਾਉਣਾ ਸੀ, ਜਦੋਂ ਕਾਫ਼ੀ ਚੁਣੌਤੀ ਸਾਹਮਣੇ ਸੀ।
ਦੂਜੇ ਪਾਸੇ ਸੁਰੇਸ਼ ਰੈਨਾ ਸਨ ਅਤੇ ਉਹ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾ ਰਹੇ ਸਨ। ਮੁਕਾਬਲਾ ਦਿਲ ਦੀਆਂ ਧੜਕਣਾ ਵਧਾਉਂਦਾ ਜਾ ਰਿਹਾ ਸੀ। ਆਖਰ 12 ਗੇਂਦਾਂ ‘ਚ ਭਾਰਤ ਅਤੇ ਜਿੱਤ ਵਿਚਾਲੇ 21 ਦੌੜਾਂ ਦਾ ਫ਼ਰਕ ਸੀ। ਪਰ 19ਵੇਂ ਓਵਰ ‘ਚ ਪੰਜ ਗੇਂਦਾਂ ‘ਤੇ ਯੁਵਰਾਜ ਚਾਰ ਦੌੜਾਂ ਹੀ ਬਣਾ ਸਕੇ ਸਨ ਅਤੇ ਅੰਤਿਮ ਓਵਰ ‘ਚ ਭਾਰਤ ਨੂੰ ਜਿੱਤ ਦੇ ਲਈ 17 ਦੌੜਾਂ ਦੀ ਜ਼ਰੂਰਤ ਸੀ।
ਯੁਵਰਾਜ ‘ਤੇ ਜ਼ਬਰਦਸਤ ਦਬਾਅ ਸੀ, ਪਰ ਅਗਲੀਆਂ ਤਿੰਨ ਗੇਂਦਾਂ ਨੇ ਯੁਵਰਾਜ ਨੂੰ ਵਿਲਨ ਤੋਂ ਹੀਰੋ ਬਣਾ ਦਿੱਤਾ, ਉਨ੍ਹਾਂ ਪਹਿਲੀ ਗੇਂਦ ਨੂੰ ਫ਼ਾਈਨਲ ਲੈੱਗ ਤੋਂ ਬਾਉਂਡਰੀ ਤੋਂ ਬਾਹਰ ਭੇਜ ਦਿੱਤਾ ਅਤੇ ਦੂਜੀ ਗੇਂਦ ‘ਤੇ ਆਪਣਾ ਟ੍ਰੇਡਮਾਰਕ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦੇ ਕੰਢੇ ‘ਤੇ ਪਹੁੰਚਾ ਦਿੱਤਾ।
ਇਸ ਤੋਂ ਬਾਅਦ ਦਾ ਕੰਮ ਰੈਨਾ ਨੇ ਪੂਰਾ ਕੀਤਾ ਅਤੇ ਭਾਰਤ 7 ਵਿਕਟ ਨਾਲ ਜਿੱਤਣ ਦੇ ਨਾਲ ਹੀ ਸੀਰੀਜ਼ ਵੀ 3-0 ਨਾਲ ਜਿੱਤ ਗਿਆ। ਮੈਚ ਤੋਂ ਬਾਅਦ ਜਦੋਂ ਭਾਰਤੀ ਟੀਮ ਮੈਦਾਨ ਦਾ ਚੱਕਰ ਲਗਾ ਰਹੀ ਸੀ ਤਾਂ ਯੁਵਰਾਜ ਦੇ ਚਹਿਰੇ ‘ਤੇ ਸੰਤੁਸ਼ਟੀ ਸਾਫ਼ ਦੇਖੀ ਜਾ ਸਕਦੀ ਸੀ। ਇੰਝ ਲੱਗਾ ਮੰਨੋ ਭਾਰਤ ਦਾ ਦੂਜਾ ਵਿਸ਼ਵ ਕੱਪ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਹ ਚੈਂਪੀਅਨ ਕਹਿ ਰਿਹਾ ਹੋਵੇ- ਇਸ ਮੈਚ ਦੇ ਆਖਰੀ ਓਵਰ ਦੀ ਪਹਿਲੀਆਂ ਦੋ ਗੇਂਦਾਂ ਤਾਂ ਮੇਰੇ ਲਈ ਹੀ ਬਣੀਆਂ ਸਨ।

LEAVE A REPLY