walia bigਉਟਾਂਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ ਦੀ ਹਰਿਮੰਦਰ ਸਾਹਿਬ ਦੀ ਫ਼ੇਰੀ ਸਮੇਂ ਉਹਨਾਂ ਨੂੰ ਸਿਰੋਪਾਓ ਦੇਣ ਸਬੰਧੀ ਵਿਵਾਦ ਬੇਲੋੜਾ ਅਤੇ ਬੇਮੌਕਾ ਸੀ। ਕੈਥਲਿਨ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ 90 ਮੈਂਬਰੀ ਡੈਲੀਗੇਸ਼ਨ ਨੂੰ ਲੈ ਕੇ ਭਾਰਤ ਦੇ ਦੌਰੇ ‘ਤੇ ਆਈ ਹੋਈ ਹੈ ਅਤੇ 31 ਜਨਵਰੀ 2015 ਨੂੰ ਵਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਕੈਥਲਿਨ  ਦੀ ਫ਼ੇਰੀ ਤੋਂ ਪਹਿਲਾਂ ਭਾਰਤੀ ਮੀਡੀਆ ਵਿਚ ਉਸਦੇ ਸਮਲਿੰਗੀ ਸਬੰਧਾਂ ਦੀ ਸਮਰਥਕ ਹੋਣ ਕਾਰਨ ਉਸਨੂੰ ਸਿੱਖੀ ਸਿਧਾਂਤਾਂ ਦੇ ਉਲਟ ਹੋਣ ਕਾਰਨ ਸਿਰੋਪਾਓ ਦੇਣ ਜਾਂ ਨਾ ਦੇਣ ਬਾਰੇ ਵਿਵਾਦ ਛਿੜ ਗਿਆ ਸੀ। ਕਾਰਨ ਸਪਸ਼ਟ ਸੀ ਕਿ ਕੈਥਲਿਨ  ਜੋ ਖੁਦ ਇਕ ਲੈਸਬੀਅਨ ਹੈ ਅਤੇ ਸਮਲਿੰਗੀ ਸਬੰਧਾਂ ਦੀ ਸਮਰਥਕ ਹੈ, ਜਿਸ ਦਾ ਸਿੱਖ ਧਰਮ ਸਿਧਾਂਤਕ ਤੌਰ ‘ਤੇ ਵਿਰੋਧੀ ਹੈ। ਸਿੱਖਾਂ ਵਿਚ ਇਸਨੂੰ ਗੈਰ ਕੁਦਰਤੀ ਵਰਤਾਰਾ ਮੰਨਿਆ ਜਾਂਦਾ ਹੈ। ਸਮਲਿੰਗੀ ਵਿਆਹਾਂ ਦੇ ਖਿਲਾਫ਼ 2005 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਸੀ। ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਿੱਖ ਧਰਮ ਵਿਚ ਸਮਲਿੰਗੀ ਵਰਗੀ ਧਾਰਨਾ ਲਈ ਕੋਈ ਥਾਂ ਨਹੀਂ ਹੈ। ਉਹਨਾਂ ਨੇ ਕੈਨੇਡੀਅਨ ਸਰਕਾਰ ਵੱਲੋਂ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਸਬੰਧੀ ਵਿਰੋਧ ਪ੍ਰਗਟ ਕਰਦੇ ਹੋਏ ਇਸਦੀ ਨਿੰਦਾ ਕੀਤੀ ਸੀ। ਸ੍ਰੀ ਅਕਾਲ ਤਖਤ ਸਾਹਿਬ ਨੇ ਦੁਨੀਆਂ ਭਰ ਦੇ ਗੁਰੂ ਘਰਾਂ ਨੂੰ ਆਦੇਸ਼ ਦਿੱਤਾ ਸੀ ਕਿ ਸਮਲਿੰਗੀ ਵਿਆਹਾਂ ਦੀਆਂ ਰਸਮਾਂ ਆਦਿ ਗੁਰੂ ਘਰਾਂ ਵਿਚ ਨਾ ਕਰੀਆਂ ਜਾਣ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਨੇਡੀਅਨ ਲੀਡਰ ਨੂੰ ਸਿਰੋਪਾਓ ਦੇ ਕੇ ਸਨਮਾਨ ਨਾ ਕਰਨ ਦਾ ਫ਼ੈਸਲਾ ਕਰ ਲਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਕੋਈ ਵੀ ਵਿਅਕਤੀ ਹਰਿਮੰਦਰ ਸਾਹਿਬ ਆ ਕੇ ਨਤਮਸਤਕ ਹੋ ਸਕਦਾ ਹੈ ਪਰ ਸਿੱਖੀ ਸਿਧਾਂਤਾਂ ਅਤੇ ਸਿੱਖ ਨੈਤਿਕਤਾ ਦੇ ਵਿਰੁੱਧ ਵਿਚਾਰ ਰੱਖਣ ਵਾਲੇ ਵਿਅਕਤੀ ਨੂੰ ਸਿਰੋਪਾਓ ਨਹੀਂ ਦਿੱਤਾ ਜਾ ਸਕਦਾ।
ਪ੍ਰੀਮੀਅਰ ਕੈਥਲਿਨ  ਦੇ ਖਿਲਾਫ਼ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੀ ਨਹੀਂ ਸਗੋਂ ਉਂਟਾਰੀਓ ਪ੍ਰਾਂਤ ਦੇ ਸਕੂਲਾਂ ਵਿਚ ਸੈਕਸ ਸਿੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਉਣਾ ਵੀ ਹੈ। ਕੈਥਲਿਨ  ਦੀਆਂ ਸਮਲਿੰਗੀ ਸਮਰਥਕ ਨੀਤੀਆਂ ਅਤੇ ਸੈਕਸ ਸਿੱਖਿਆ ਨੂੰ ਲੈ ਕੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਵੱਡੇ ਵਰਗ ਵਿਚ ਵਿਰੋਧ ਪਾਇਆ ਵੇਖਿਆ ਗਿਆ। ਛੋਟੀ ਉਮਰ ਦੇ ਬੱਚਿਆਂ ਨੂੰ ਸਕੂਲਾਂ ਵਿਚ ਸੈਕਸ ਸਿੱਖਿਆ ਲਾਗੂ ਕਰਨ ਦੇ ਵਿਰੋਧ ਵਿਚ ਮੁਜ਼ਾਹਰੇ ਕੀਤੇ ਗੲੈ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸਦੇ ਬਾਵਜੂਦ ਸਤੰਬਰ 2015 ਵਿਚ ਇਹ ਸਿਲੇਬਸ ਲਾਗੂ ਕਰ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਵਿਨ ਨੇ ਹਰ ਤਰ੍ਹਾਂ ਦੇ ਸਰਕਾਰੀ ਫ਼ਾਰਮਾਂ ਨੂੰ ਭਰਨ ਸਮੇਂ ਮਾਂ ਅਤੇ ਬਾਪ ਦੇ ਨਾਮ ਦਾ ਖਾਨਾ ਖਤਮ ਕਰਨ ਸਬੰਧੀ ਵੀ ਕਾਨੂੰਨ ਪਾਸ ਕਰ ਦਿੱਤਾ। ਇਹ ਵੀ ਸਮਲਿੰਗੀ ਜੋੜਿਆਂ ਦੀ ਸੁਵਿਧਾ ਲਈ ਕੀਤਾ ਗਿਆ। ਅਜਿਹੀਆਂ ਨੀਤੀਆਂ ਦਾ ਵਿਰੋਧ ਸਿੱਖਾਂ ਸਮੇਤ ਦੱਖਣੀ ਏਸ਼ੀਅਨਾਂ ਨੇ ਕੀਤਾ। ਸਿੱਖਾਂ ਵਿਚ ਵਿਨ ਖਿਲਾਫ਼ ਦਸਤਾਰ ਬੰਨ੍ਹ ਕੇ ਮੋਟਰ ਸਾਈਕਲ ਚਲਾਉਣ ਦੀ ਆਗਿਆ ਨਾ ਦੇਣ ਕਾਰਨ ਵੀ ਰੋਸ ਸੀ। ਉਂਟਾਰੀਓ ਵਿਚ ਇਥ ਲੱਖ ਸੱਤਰ ਹਜ਼ਾਰ ਸਿੱਖ ਵੱਸਦੇ ਹਨ। ਸਿੱਖਾਂ ਦੇ ਮਨਾਂ ਦੇ ਰੋਸ ਨੂੰ ਘੱਟ ਕਰਨ ਲਈ ਪ੍ਰੀਮੀਅਰ ਕੈਥਲੀਲ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਫ਼ੈਸਲਾ ਕੀਤਾ ਸੀ ਪਰ ਇਸ ਫ਼ੇਰੀ ਤੋਂ ਪਹਿਲਾਂ ਭਾਰਤੀ ਮੀਡੀਆ ਵਿਚ ਸਿਰੋਪਾਓ ਨੂੰ ਲੈ ਕੇ ਤਕੜਾ ਵਿਵਾਦ ਸ਼ੁਰੂ ਹੋ ਗਿਆ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੀ ਦੁਚਿੱਤੀ ਦਾ ਸ਼ਿਕਾਰ ਰਹੀ। ਇਕ ਪਾਸੇ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੇ ਇਕ ਵਰਗ ਦੇ ਦਬਾਅ ਹੇਠ ਵਿਨ ਨੂੰ ਸਿਰੋਪਾਓ ਨਾ ਦੇਣ ਦਾ ਫ਼ੈਸਲਾ ਲੈ ਲਿਆ ਅਤੇ ਦੂਜੇ ਪਾਸੇ ਪ੍ਰੀਮੀਅਰ ਨੂੰ ਖੁਸ਼ੀ ਕਰਨ ਦੀ ਇੱਛਾ ਵੀ ਨਜ਼ਰ ਆ ਰਹੀ ਸੀ। ਇਸਦਾ ਕਾਰਨ ਅੱਜ ਕੈਨੇਡਾ ਦੀ ਫ਼ੈਡਰਲ ਸਰਕਾਰ ਵਿਚ ਸਿੱਖਾਂ ਦੀ ਚੜ੍ਹਤ ਵੀ ਹੈ ਅਤੇ ਬਹੁਤ ਸਾਰੇ ਸਿੱਖਾਂ ਵੱਲੋਂ ਅਜਿਹੇ ਵਿਵਾਦ ਨੂੰ ਬੇਲੋੜਾ ਦੱਸਿਆ ਜਾਣਾ ਵੀ। ਮੇਰੇ ਨਾਲ ਟੀ. ਵੀ. ਪ੍ਰੋਗਰਾਮ ਵਿਚ ਗੱਲਬਾਤ ਕਰਦੇ ਹੋਏ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਸ. ਤਰਲੋਚਨ ਸਿੰਘ ਨੇ ਕਿਹਾ ਕਿ ਕੀ ਵਿਨ ਨੇ ਤੁਹਾਡੇ ਕੋਲੋਂ ਸਿਰੋਪਾਓ ਮੰਗਿਆ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਕਹਿਣਾ ਕਿ ਹਰਿਮੰਦਰ ਸਾਹਿਬ ਵਿਚ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਜਾਵੇਗਾ, ਬਿਲਕੁਲ ਬੇਬੁਨਿਆਦ ਹੈ। ਹਰਿਮੰਦਰ ਸਾਹਿਬ ਵਿਚ ਸਿਰੋਪਾਓ ਦੇਣ ਜਾਂ ਨਾ ਦੇਣ ਦਾ ਅਧਿਕਾਰ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਕੋਲ ਹੈ ਨਾ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ। ਤਰਲੋਚਨ ਸਿੰਘ ਦਾ ਕਹਿਣਾ ਸੀ ਕਿ ਇਸ ਵਿਵਾਦ ਨਾਲ ਅਸੀਂ ਕੈਨੇਡਾ ਦੇ ਸਿੱਖਾਂ ਦਾ ਨੁਕਸਾਨ ਕੀਤਾ ਹੈ। ਇਸ ਤਰ੍ਹਾਂ ਦੇ ਵਿਚਾਰ ਬਹੁਤ ਸਾਰੇ ਸਿੱਖ ਚਿੰਤਕਾਂ ਨੇ ਪ੍ਰਗਟ ਕੀਤੇ ਸਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਜਥੇਦਾਰ ਨਾਲ ਵੀ ਗੱਲਬਾਤ ਕਰਕੇ ਸਿਰੋਪਾਓ ਦੇਣ ਲਈ ਆਖਿਆ ਸੀ। ਇਸ ਤਰ੍ਹਾਂ ਦੇ ਦਬਾਅ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਕੈਥਲਿਨ ਵਿਨ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਤੋਂ ਮੀਡੀਆ ਨੂੰ ਦੂਰ ਕਿਉਂ ਰੱਖਿਆ ਗਿਆ, ਇਹ ਵੀ ਇਕ ਭੇਦ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਿਰੋਪਾਓ ਨਹੀਂ ਦਿੱਤਾ ਗਿਆ ਪਰ ਅਹਿਮ ਸ਼ਖਸੀਅਤ ਵਜੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਦੂਜੇ ਪਾਸੇ ਸੀ. ਬੀ. ਸੀ. ਨਿਊਜ਼ ਨੇ ਖਬਰ ਨਾਲ ਜੋ ਤਸਵੀਰ ਲਗਾਈ ਹੈ, ਉਸ ਵਿਚ ਸੂਚਨਾ ਕੇਂਦਰ ਵਿਚ ਸਨਮਾਨ ਸਮੇਂ ਪ੍ਰੀਮੀਅਰ ਵਿਨ ਦੇ ਗਲ ਵਿਚ ਲੋਈ ਦੇ ਨਾਲ ਸਿਰੋਪਾਓ ਵੀ ਹੈ। ਬੀ. ਬੀ. ਸੀ. ਨਿਊਜ਼ ਵਿਚ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਹੈ ਕਿ ਪ੍ਰੀਮੀਅਰ ਕੈਥਲੀਲ ਵਿਨ ਦੀ ਗੋਲਡਨ ਟੈਂਪਲ ਫ਼ੇਰੀ ਸਮੇਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਹਾਲਾਂਕਿ ਪ੍ਰੀਮੀਅਰ ਦੇ ਸਮਲਿੰਗੀ ਸਬੰਧਾਂ ਦੀ ਸਮਰਥਕ ਹੋਣ ਕਾਰਨ ਸਿਰੋਪਾਓ ਨਾ ਦੇਣ ਸਬੰਧੀ ਭਾਰਤੀ ਮੀਡੀਆ ਵਿਚ ਵਿਵਾਦ ਛਿੜਿਆ ਹੋਇਆ ਸੀ। ਖਬਰ ਵਿਚ ਦੱਸਿਆ ਗਿਆ ਕਿ ਵਿਨ ਨੇ ਇਕ ਸ਼ਰਧਾਲੂ ਵਜੋਂ ਮੱਥਾ ਟੇਕਿਆ ਅਤੇ ਲੰਗਰ ਵਿਚ ਜਾ ਕੇ ਸੇਵਾ ਕੀਤੀ। ਵਿਨ ਨੇ ਕਿਹਾ ਕਿ ਉਸਦਾ ਵਧੀਆ ਸਵਾਗਤ ਕੀਤਾ ਗਿਆ।
ਕੈਥਲਿਨ ਵਿਨ ਦੀ ਹਰਿਮੰਦਰ ਸਾਹਿਬ ਦੀ ਫ਼ੇਰੀ ਸਮੇਂ ਸਿਰੋਪਾਓ ਦੇਣ ਸਬੰਧੀ ਵਿਵਾਦ ਨੇ ਸਿੱਖਾਂ ਦੀ ਸ਼ਾਖ ਨੁੰ ਠੇਸ ਪਹੁੰਚਾਈ ਹੈ। ਇਕ ਗੱਲ ਸਪਸ਼ਟ ਹੈ ਕਿ ਕੈਨੇਡਾ ਦੇ ਲੋਕਤੰਤਰ ਨੇ ਉਹ ਕਰ ਦਿਖਾਇਆ ਹੈ ਜੋ ਅਸੀਂ ਭਾਰਤ ਵਿਚ ਸੁਪਨਾ ਵੀ ਨਹੀਂ ਲੈ ਸਕਦੇ। ਅੱਜ ਸਿੱਖਾਂ ਕੋਲ ਡਿਫ਼ੈਂਸ ਮਨਿਸਟਰੀ ਤੋਂ ਲੈ ਕੇ ਕਿੰਨੇ ਅਹਿਮ ਮੰਤਰਾਲੇ ਹਨ। ਸਿੱਖ ਸਿਧਾਂਤ ਸਿਰਫ਼ ਸਿੱਖ ਕੌਮ ਲਈ ਹਨ ਅਤੇ ਸਿੱਖ ਮਰਿਆਦਾ ਵੀ ਸਿੱਖਾਂ ਲਈ ਹੈ। ਬਾਕੀ ਕੌਮਾਂ ਦੇ ਲੋਕ ਕੀ ਸੋਚਦੇ ਹਨ, ਇਹ ਉਹਨਾਂ ਦੀ ਸੋਚ ਹੈ। ਵਿਨ ਇਕ ਚੁਣੀ ਹੋਈ ਲੀਡਰ ਹੈ। ਲੋਕਾਂ ਨੇ ਚੁਣ ਕੇ ਉਸਨੁੰ ਪ੍ਰੀਮੀਅਰ ਬਣਾਇਆ ਹੈ। ਉਸ ਦੇਸ਼ ਦੇ ਇਕ ਪ੍ਰਾਂਤ ਦੀ ਪ੍ਰੀਮੀਅਰ ਜਿਸ ਦੇਸ਼ ਨੇ ਨਾ ਸਿਰਫ਼ ਸਿੱਖਾਂ ਨੂੰ ਅਪਣਾਇਆ ਸਗੋਂ ਰਾਜ ਦਾ ਭਾਗੀ ਬਣਾਇਆ, ਉਹ ਅਗਰ ਇਕ ਸ਼ਰਧਾਲੂ ਵਜੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੀ ਹੈ ਤਾਂ ਉਸਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ। ਉਸਦੀ ਸੋਚ ਅਤੇ ਉਸਦੀ ਜ਼ਿੰਦਗੀ ਪ੍ਰਤੀ ਧਾਰਨਾਵਾਂ ਨੂੰ ਲੈ ਕੇ ਵਿਵਾਦ ਰਚਾਉਣਾ ਬਿਲਕੁਲ ਠੀਕ ਨਹੀਂ ਸੀ। ਇਹ ਵਿਵਾਦ ਉੱਕਾ ਹੀ ਬੇਲੋੜਾ ਸੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੀਫ਼ ਸੈਕਟਰੀ ਅਤੇ ਹੋਰ ਅਹੁਦੇਦਾਰਾਂ ਨੂੰ ਵੀ ਮੀਡੀਆ ਵਿਚ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਪ੍ਰਬੰਧਕ ਕਮੇਟੀ ਨੂੰ ਅਜਿਹੀਆਂ ਸ਼ਖਸੀਅਤਾਂ ਦੀ ਹਰਿਮੰਦਰ ਸਾਹਿਬ ਦੀ ਫ਼ੇਰੀ ਸਮੇਂ ਸਨਮਾਨ ਦੇਣ ਸਬੰਧੀ ਸਪਸ਼ਟ ਨੀਤੀ ਬਣਾ ਲੈਣੀ ਚਾਹੀਦੀ ਹੈ।
ਸਿਰੋਪਾਓ ਬਾਰੇ ਜਾਣਕਾਰੀ
ਮੀਡੀਆ ਵਿਚ ਸਿਰੋਪਾਓ ਬਾਰੇ ਛਿੜੇ ਵਿਵਾਦ ਤੋਂ ਬਾਅਦ ਅਕਸਰ ਲੋਕ ਪੁੱਛਦੇ ਦੇਖੇ ਗਏ ਕਿ ਆਖਿਰ ਸਿਰੋਪਾਓ ਕਿਸਨੂੰ ਕਹਿੰਦੇ ਹਨ? ਸਿਰੋਪਾਓ ਬਾਰੇ ਸਿੱਖ ਧਰਮ ਕੀ ਧਾਰਨਾ ਰੱਖਦਾ ਹੈ। ਕੀ ਹੋਰ ਧਰਮਾਂ ਵਿਚ ਸਿਰੋਪਾਓ ਦੇਣ ਦਾ ਰਿਵਾਜ ਹੈ? ਇਨ੍ਹਾਂ ਗੱਲਾਂ ਦਾ ਜਵਾਬ ਦੇਣ ਲਈ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਦਾ ਹਵਾਲਾ ਦਿੱਤਾ ਜਾਂਦਾ ਹੈ। ਵਿਸ਼ਵਕੋਸ਼ ਵਿਚ ਵਣਜਾਰਾ ਬੇਦੀ ਲਿਖਦੇ ਹਨ ‘ਸਿਰੋਪਾ, ਉਹ ਪੋਸ਼ਾਕ ਜਾਂ ਕੱਪੜੇ ਜੋ ਕਿਸੇ ਸ਼ਖਸ ਨੂੰ ਵਡਿਆਣ ਲਈ ਭੇਂਟ ਕੀਤੇ ਜਾਣ। ਸਿਰੋਪੇ ਵਿਚ ਪਹਿਲਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਪੂਰੀ ਪੋਸ਼ਾਕ ਸ਼ਾਮਲ ਹੁੰਦੀ ਸੀ। ਪੁਰਾਣੇ ਵੇਲਿਆਂ ਵਿਚ ਰਾਜੇ ਮਹਾਰਾਜੇ ਕਿਸੇ ਨੂੰ ਸਨਮਾਨਿਤ ਕਰਨ ਵੇਲੇ ਸਿਰੋਪਾ ਦਿੰਦੇ ਸਨ। ਕੰਸ ਨੇ ਅਕਰੂਰ ਨੂੰ ਸਿਰੋਪਾ ਦੇ ਕੇ ਨੰਦ ਪੁੱਤਰ ਨੂੰ ਬੁਲਾਉਣ ਲਈ ਭੇਜਿਆ ਸੀ।
ਪ੍ਰਾਚੀਨ ਕਾਲ ਵਿਚ ਲੋਕ ਬਜ਼ੁਰਗਾਂ ਦੇ ਉਤਾਰੇ ਕੱਪੜਿਆਂ ਵਿਚ, ਉਹਨਾਂ ਦੀ ਪ੍ਰਭੁਤਾ ਦਾ ਅੰਸ਼ ਮੰਨ ਕੇ ਉਹਨਾਂ ਦੇ ਮਰਨ ਮਗਰੋਂ ਸੰਭਾਲੀ ਰੱਖਦੇ ਸਨ ਅਤੇ ਕਈ ਵਾਰ ਉਨ੍ਹਾਂ ਕੱਪੜਿਆਂ ਵਿਚੋਂ ਟੁਕੜੇ ਕੱਟ ਕੇ ਛੋਟੇ ਬੱਚਿਆਂ ਨੂੰ ਇਸ ਭਾਵ ਨਾਲ ਪਹਿਨਾਏ ਜਾਂਦੇ ਸਨ ਕਿ ਉਹ ਵੀ ਵੱਡੇ ਹੋ ਕੇ ਪ੍ਰਭੁਤਾ ਵਾਲੇ ਬਣਨਗੇ। ਫ਼ਿਰ ਸਾਧਾਂ ਸੰਤਾਂ ਅਤੇ ਪੀਰਾਂ ਫ਼ਕੀਰਾਂ ਦੇ ਜਿਸਮ ਤੋਂ ਉਤਰੇ ਕੱਪੜਿਆਂ ਵਿਚ ਬਰਕਤ ਤੇ ਦੈਵੀ ਅੰਸ਼ ਮੰਨ ਕੇ ਉਹਨਾਂ ਦੇ ਸੰਭਾਲਣ ਦੀ ਪ੍ਰਥਾ ਪੈ ਗਈ ਹੌਲੀ ਹੌਲੀ ਨਵੇਂ ਕੱਪੜੇ ਬਣਵਾ ਕੇ ਤੇ ਸਾਧਾਂ ਸੰਤਾਂ ਨੂੰ ਛੁਹਾ ਕੇ, ਪਹਿਨਣ ਦਾ ਰਿਵਾਜ ਪੈ ਗਿਆ।
ਇਸੇ ਪ੍ਰਥਾ ਦੇ ਸਮਾਨਾਂਤਰ ਬਾਦਸ਼ਾਹ ਤੇ ਰਾਜੇ ਆਪਣੇ ਸਰੀਰ ਤੋਂ ਉਤਾਰੇ ਕੱਪੜੇ ਕੁਝ ਖਾਸ ਲੋਕਾਂ ਨੂੰ ਬਖਸ਼ਦੇ ਰਹੇ, ਜੋ ਸਨਮਾਨ ਦਾ ਚਿੰਨ੍ਹ ਮੰਨੇ ਜਾਣ ਲੱਗੇ। ਮਗਰੋਂ ਰਾਜੇ ਅਤੇ ਬਾਦਸ਼ਾਹ ਕਿਸੇ ਸ਼ਖਸ ਨੂੰ ਸਨਮਾਨਿਤ ਕਰਨ ਲਈ ਉਸਨੂੰ ਨਵੀਂ ਪੁਸ਼ਾਕ ਭੇਟ ਕਰਨ ਲੱਗੇ। ਜਿਸਨੁੰ ਖਿਲਤ ਜਾਂ ਸਿਰੋਪਾ ਕਿਹਾ ਜਾਣ ਲੱਗਾ।
ਸਿੱਖਾਂ ਵਿਚ ਸਿਰੋਪਾ ਦੇਣ ਦੀ ਪ੍ਰਥਾ ਗੁਰੂ ਅਮਰਦਾਸ ਜੀ ਤੋਂ ਆਰੰਭ ਹੋਈ ਅਤੇ ਧਾਰਮਿਕ ਮਾਣ ਮਰਿਆਦਾ ਨਾਲ ਜੁੜੀ ਹੋਣ ਕਰਕੇ ਵਿਲੱਖਣ ਹੈ। ਸਿੱਖਾਂ ਵਿਚ ਆਮ ਤੌਰ ਤੇ ਪਗੜੀ ਜਾਂ ਦੁਪੱਟਾ ਅਤੇ ਕਈ ਵਾਰ ਸਿਰੀ ਸਾਹਿਬ ਸਿਰੋਪੇ ਵਜੋਂ ਭੇਂਟ ਕੀਤੀ ਜਾਂਦੀ ਹੈ। ਉਂਝ ਜਿਵੇਂ ਕਿ ਸ਼ਬਦ ਸਿਰੋਪਾਓ ਦਾ ਅਰਥ ਹੈ ਕਿ ਸਿਰ ਤੋਂ ਪੈਰਾਂ ਤੱਕ ਦੀ ਪੁਸ਼ਾਕ।
ਪਰ ਹੌਲੀ ਹੌਲੀ ਕੇਸਰੀ ਰੰਗ ਦੇ ਦੋ ਮੀਟਰ ਲੰਬੇ ਕੱਪੜੇ ਨੂੰ ਸਿਰੋਪਾਓ ਵਜੋਂ ਵਰਤਿਆ ਜਾਣ ਲੱਗਾ। ਇਹ ਸਿਰੋਪਾਓ ਦੀ ਬਖਸ਼ਿਸ਼ ਉਸ ਹਰ ਸਿੱਖ ਨੂੰ ਹੁੰਦੀ ਹੈ ਜੋ ਸਿੱਖ ਪੰਥ ਲਈ ਕੁਝ ਵੱਖਰਾ, ਕੁਝ ਨਵਾਂ ਅਤੇ ਕੁਝ ਵਧੀਕ ਕੀਤਾ ਹੋਵੇ। ਪਤਿਤ ਸਿੱਖ ਨੂੰ ਇਹ ਬਖਸ਼ਿਸ਼ ਨਹੀਂ ਕੀਤੀ ਜਾ ਸਕਦੀ। ਪਰ ਅੱਜ ਕੱਲ੍ਹ ਪਵਿੱਤਰ ਸਮਝਿਆ ਜਾ ਰਿਹਾ ਸਿਰੋਪਾਓ ਦੀ ਪਵਿੱਤਰਤਾ ਸਿਆਸੀ ਦਖਲਅੰਦਾਜ਼. ਨੇ ਘੱਟ ਕਰ ਦਿੱਤੀ ਹੈ। ਦਰਬਾਰ ਸਾਹਿਬ ਵਿਚ ਸਿਰੋਪਾਓ ਦੀ ਬਖਸ਼ਿਸ਼ ਕਿਸਨੂੰ ਕਰਨੀ ਹੈ ਜਾਂ ਨਹੀਂ ਕਰਨੀ, ਇੲ ਫ਼ੈਸਲਾ ਵੀ ਬਹੁਤੀ ਵਾਰ ਸਿਆਸੀ ਦਖਲਅੰਦਾਜ਼ੀ ਨਾਲ ਹੁੰਦਾ ਹੈ।

LEAVE A REPLY