Editorialਹੈਨਰੀ ਫ਼ੋਰਡ ਆਪਣੀ 1923 ਵਿੱਚ ਛਪੀ ਆਤਮਕਥਾ ”ਹੈਨਰੀ ਫ਼ੋਰਡ – ਮਾਈ ਲਾਈਫ਼ ਐਂਡ ਵਰਕ” ਵਿੱਚ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਇੱਕ ਵਾਰ ਐਲਾਨ ਕੀਤਾ ਸੀ, ”ਕੋਈ ਵੀ ਗਾਹਕ ਕਾਰ ਨੂੰ ਜਿਹੜਾ ਵੀ ਚਾਹੇ ਰੰਗ ਕਰਵਾ ਸਕਦਾ ਹੈ ਬਸ਼ਰਤੇ ਉਹ ਕਾਲਾ ਰੰਗ ਹੋਵੇ।” BBC ਦੇ ਪ੍ਰੋਗਰਾਮ QI ਅਨੁਸਾਰ ਇਹ ਗੱਲ ਹੈਨਰੀ ਨੇ ਕਦੇ ਵੀ ਕਿਸੇ ਨੂੰ ਕਹੀ ਹੀ ਨਹੀਂ ਸੀ ਜਾਂ ਘੱਟੋ-ਘੱਟ ਇਸ ਗੱਲ ਦੇ ਹੈਨਰੀ ਫ਼ੋਰਡ ਵਲੋਂ ਕਿਸੇ ਨੂੰ ਕਹੇ ਗਏ ਹੋਣ ਦਾ ਕੋਈ ਸਬੂਤ ਮੌਜੂਦ ਨਹੀਂ। ਸ਼ਾਇਦ BBC ਦਾ ਹੈਨਰੀ ਦੇ ਇਸ ਤਥਾਕਥਿਤ ਕਥਨ ਬਾਰੇ ਕਥਨ ਸਹੀ ਵੀ ਹੋਵੇ, ਪਰ ਇਹ ਮੰਨਣਾ ਪਵੇਗਾ ਕਿ ਉਸ ਵੇਲੇ ਤੋਂ ਲੈ ਕੇ ਹੁਣ ਤਕ ਗਾਹਕਾਂ ਦੀ ਸੇਵਾ (customer service) ਦੇ ਪੱਧਰ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਆ ਚੁੱਕੈ। ਅੱਜ ਕੋਈ ਵੀ ਸੇਲਜ਼ਪਰਸਨ ਜਾਂ ਵਿਕ੍ਰੇਤਾ ਆਪਣੇ ਗਾਹਕਾਂ ਨੂੰ ਹੈਨਰੀ ਫ਼ੋਰਡ ਵਾਂਗ ਭੰਬਲਭੂਸੇ ਵਿੱਚ ਪਾਉਣ ਦੀ ਹਮਾਕਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਅੱਜ ਦੇ ਯੁੱਗ ਵਿੱਚ ਕੰਪਨੀਆਂ ਆਪਣੇ ਗਾਹਕਾਂ ਲਈ ਉਨ੍ਹਾਂ ਦੀ ਵਿੱਤ, ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਅਨੁਸਾਰ ਉਤਪਾਦਾਂ ਅਤੇ ਸੇਵਾਵਾਂ ਦੀਆਂ ਕਈ ਤਰ੍ਹਾਂ ਦੀਆਂ ਚੋਣਾਂ ਪੇਸ਼ ਕਰਦੀਆਂ ਹਨ। ਜਿਹੜੀਆਂ ਕੰਪਨੀਆਂ ਸਾਡੇ ਲਈ ਇੰਨੀਆਂ ਸਾਰੀਆਂ ਕਸਟਮਰ ਸਰਵਿਸ ਚੋਣਾਂ ਲੈ ਕੇ ਮਾਰਕਿਟ ਵਿੱਚ ਆਉਂਦੀਆਂ ਹਨ, ਉਹ ਆਪਣਾ ਸਾਮਾਨ ਜਾਂ ਸੇਵਾਵਾਂ ਵੇਚਣ ਤੋਂ ਬਾਅਦ ਸਾਨੂੰ ਖ਼ੁਸ਼ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਰੱਖਦੀਆਂ।
ਦੂਜੇ ਪਾਸੇ, ਸਿਆਸਤ ਇੱਕ ਬਿਲਕੁਲ ਹੀ ਵੱਖਰੀ ਤਰ੍ਹਾਂ ਦੀ ਖੇਡ ਹੈ। ਵਪਾਰਕ ਅਦਾਰਿਆਂ ਦੇ ਉਲਟ, ਸਿਆਸੀ ਪਾਰਟੀਆਂ ਦੀ ਹੋਂਦ ਅਤੇ ਸਫ਼ਲਤਾ ਕੇਵਲ ਲੋਕਾਂ ਦੇ ਹਿਤਾਂ ਲਈ ਕੰਮ ਕਰਨ ਦੀ ਉਨ੍ਹਾਂ ਦੀ ਭਾਵਨਾ ‘ਤੇ ਹੀ ਨਿਰਭਰ ਨਹੀਂ ਕਰਦੀ। ਜਾਂ ਘੱਟੋ-ਘੱਟ ਦੇਖਣ ਵਿੱਚ ਤਾਂ ਇਹੋ ਆਇਆ ਹੈ। ਵਿਸ਼ਵ ਭਰ ਵਿੱਚ ਮੌਜੂਦ ਸਿਆਸੀ ਪਾਰਟੀਆਂ ਨੂੰ ਤੁਸੀਂ ਕਾਨੂੰਨੀ ਤੌਰ ‘ਤੇ ਜਾਇਜ਼ ਸਮਝੀਆਂ ਜਾਂਦੀਆਂ ਨਿੱਜੀ ਸੰਸਥਾਵਾਂ ਨਾਲ ਸਬੰਧਤ ਅਜਿਹੇ ‘ਵਿਸ਼ੇਸ਼ ਰੁਚੀ ਗੁੱਟ’ (special interest groups) ਸਮਝੋ ਜਿਹੜੇ ਹਮ ਖ਼ਿਆਲ, ਜਾਂ ਅੰਸ਼ਕ ਤੌਰ ‘ਤੇ ਹਮ ਖ਼ਿਆਲ, ਲੋਕਾਂ ਨੂੰ ਇੱਕ ਜਥੇਬੰਦਕ ਸੂਤਰ ਵਿੱਚ ਪਿਰੋ ਕੇ ਉਨ੍ਹਾਂ ਨੂੰ ਸਿਆਸੀ ਸੱਤਾ ਹਾਸਿਲ ਕਰਨ ਦਾ ਇੱਕ ਸਾਂਝਾ ਏਜੰਡਾ ਦਿੰਦੇ ਹਨ ਤਾਂ ਕਿ ਸੱਤਾ ‘ਤੇ ਕਾਬਜ਼ ਹੋਣ ਉਪਰੰਤ ਉਸ ਗੁੱਟ ਦੇ ਹਮਦਰਦਾਂ ਦੇ ਸਾਂਝੇ ਹਿੱਤ ਵਾਚੇ ਜਾ ਸਕਣ। ਅਜਿਹਾ ਕਰ ਕੇ, ਸਿਆਸੀ ਪਾਰਟੀਆਂ ਆਪਣੇ ਵੋਟਰਾਂ ਨੂੰ ਵਿਵਾਦਾਂ ਦੀ ਅਜਿਹੀ ਦਲਦਲ ਵਿੱਚ ਧੱਕ ਦਿੰਦੀਆਂ ਹਨ ਜਿੱਥੇ ਮਸਲਿਆਂ ਬਾਰੇ ਉਨ੍ਹਾਂ ਦੇ ਨਜ਼ਰੀਆਤੀ ਵਖਰੇਵੇਂ ਹੋਰ ਵੀ ਨੁਮਾਇਆਂ ਹੋ ਕੇ ਸਾਹਮਣੇ ਆਉਂਦੇ ਹਨ, ਅਤੇ ਇਹ ਪਾਰਟੀਆਂ ਫ਼ਿਰ ਆਪਣੇ ਵੋਟਰਾਂ ਨੂੰ ਇਨ੍ਹਾਂ ਵਿਵਾਦਾਂ ਦੇ ਸੰਭਾਵੀ ਹੱਲ ਸੁਝਾਉਂਦੀਆਂ ਹਨ। ਪਰ ਸਿਆਸੀ ਪਾਰਟੀਆਂ ਲਈ ਹਰ ਕਾਜ਼ ਲਈ ਜੱਦੋਜਹਿਦ ਦੀ ਸ਼ੁਰੂਆਤ ਸੱਤਾ ਹਾਸਿਲ ਕਰਨ ਤੋਂ ਹੁੰਦੀ ਹੈ, ਸੋ ਉਨ੍ਹਾਂ ਨੂੰ ਪਤਾ ਹੁੰਦੈ ਕਿ ਉਨ੍ਹਾਂ ਨੂੰ ਰਾਜ ਕਰਨ ਦੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਆਪਣੇ ‘ਕੰਨ ਜ਼ਮੀਨ ਨਾਲ ਲਗਾ ਕੇ ਰੱਖਣ’ ਦਰਮਿਆਨ ਤਵਾਜ਼ਨ ਬਣਾ ਕੇ ਰੱਖਣਾ ਪੈਣੈ ਤਾਂ ਕਿ ਉਨ੍ਹਾਂ ਨੂੰ ਸੱਤਾ ‘ਤੇ ਕਾਬਜ਼ ਹੋਣ ਲਈ ਲੋੜੀਂਦੀ ਹਮਾਇਤ ਹਾਸਿਲ ਹੋ ਸਕੇ।
ਪਰ ਮੈਂ ਇੱਥੇ ਇਸ ਗੱਲ ‘ਤੇ ਵੀ ਜ਼ੋਰ ਦੇਣਾ ਚਾਹਾਂਗਾ ਕਿ ਵਿਸ਼ਵ ਭਰ ਦੇ ਵੋਟਰਾਂ ਨੂੰ ਆਪਣੇ ਮੁਲਕਾਂ ਦੀਆਂ ਸਿਆਸੀ ਪਾਰਟੀਆਂ ਤੋਂ ਉਸ ਤਰ੍ਹਾਂ ਦੀ ਕਸਟਮਰ ਸਰਵਿਸ ਦੀ ਤਵੱਕੋ ਹਰਗਿਜ਼ ਨਹੀਂ ਰੱਖਣੀ ਚਾਹੀਦੀ ਜਿਹੋ ਜਿਹੀ ਸੇਵਾ ਪ੍ਰਾਪਤ ਕਰਨ ਦੀ ਆਦਤ ਉਨ੍ਹਾਂ ਨੂੰ ਮਾਰਕਿਟ ਵਿੱਚ ਮੌਜੂਦ ਦੂਸਰੇ ਵਪਾਰਕ ਅਦਾਰਿਆਂ ਨੇ ਪਾਈ ਹੋਈ ਹੈ। ਵੈਸੇ ਵੀ, ਜੇਕਰ ਸਿਆਸੀ ਪਾਰਟੀਆਂ ਵੀ ਮੰਡੀ ਦੇ ਵਪਾਰੀਆਂ ਵਰਗਾ ਵਿਹਾਰ ਕਰਨ ਲੱਗ ਪਈਆਂ ਤਾਂ ਵੋਟਰਾਂ ਲਈ ਵੱਖ ਵੱਖ ਪਾਰਟੀਆਂ ਦਰਮਿਆਨ ਵਖਰੇਵਾਂ ਕਰਨਾ ਹੀ ਮੁਸ਼ਕਿਲ ਹੋ ਜਾਵੇਗਾ। ਮਾਰਕਿਟ ਵਿੱਚ ਮੌਜੂਦ ਭਿੰਨ ਭਿੰਨ ਪ੍ਰਕਾਰ ਦੇ ਵੋਟਰਾਂ ਦੇ ਵੱਖੋ ਵੱਖਰੇ ਵਿਸ਼ਵਾਸਾਂ ਤੇ ਆਸਾਂ ਨੂੰ ਆਪਸ ਵਿੱਚ ਰਲ਼ਾ ਕੇ ਇਕਮਿਕ ਕਰਨ ਦੀ ਕੋਸ਼ਿਸ਼ ਉਨ੍ਹਾਂ ਨੂੰ ਅਣਆਕਰਸ਼ਕ ਜਾਂ ਨੀਰਸ ਬਣਾ ਦੇਵੇਗੀ। ਇਸ ਨਾਲ ਲੋਕਤੰਤਰੀ ਢਾਂਚੇ ਵਿੱਚ ਜਨਤਕ ਜਵਾਬਦੇਹੀ ਦਾ ਸਾਰਾ ਨਾਟਕ ਹੀ ਮੁੱਕ ਜਾਵੇਗਾ – ਸੰਸਥਾਗਤ ਮੁਖ਼ਾਲਫ਼ਤ ਦੀ ਉਹ ਪੱਖਪਾਤੀ ਸਿਆਸਤ ਜਿਸ ਉੱਪਰ ਸਾਰੇ ਦਾ ਸਾਰਾ ਪਾਰਲੀਮਾਨੀ ਢਾਂਚਾ ਟਿਕਿਆ ਹੁੰਦੈ। ਹਕੀਕਤ ਦਰਅਸਲ ਇਹ ਹੈ ਕਿ ਸਿਆਸੀ ਪਾਰਟੀਆਂ ਸਿਰਫ਼ ਵੋਟਾਂ ਜਿੱਤਣ ਲਈ ਹੀ ਚੋਣ ਪ੍ਰਚਾਰ ਨਹੀਂ ਕਰਦੀਆਂ; ਉਹ ਅਕਸਰ ਉਹ ਵੋਟਾਂ ਜਿੱਤਣ ਦੀ ਕੋਸ਼ਿਸ਼ ਵਿੱਚ ਹੁੰਦੀਆਂ ਹਨ ਜਿਹੜੀਆਂ ਇੱਕ ਖ਼ਾਸ ਤਬਕੇ ਜਾਂ ਫ਼ਿਰਕੇ ਦੀਆਂ ਸਿਰਫ਼ ਸੌੜੀਆਂ ਪ੍ਰਾਥਮਿਕਤਾਵਾਂ ਦੀ ਹੀ ਤਰਜਮਾਨੀ ਕਰਦੀਆਂ ਹਨ।
ਚਲੋ, ਅਮਰੀਕਾ ਦੀ ਹੀ ਗੱਲ ਕਰ ਲਈਏ। ਟੈਕਸਸ ਦਾ ਇੱਕ ਕੰਸਰਵਟਿਵ ਸੈਨੇਟਰ, ਟੈੱਡ ਕਰੂਜ਼, ਜਿਸ ਨੂੰ ਉਸ ਦੀ ਆਪਣੀ ਪਾਰਟੀ ਦੇ ਲੀਡਰ ਹੀ ਹਿਕਾਰਤ ਦੀ ਨਜ਼ਰ ਨਾਲ ਦੇਖਦੇ ਹਨ, ਸੋਮਵਾਰ ਨੂੰ ਆਇਓਵਾ ਕੌਕਸ ‘ਚੋਂ ਅਰਬਪਤੀ ਡੌਨਲਡ ਟਰੰਪ ਤੇ ਮਾਰਕੋ ਰੂਬੀਓ ਨੂੰ ਪਛਾੜ ਕੇ ਜੇਤੂ ਸਾਬਿਤ ਹੋਇਆ। ਡੈਮੋਕ੍ਰੈਟਸ ਵਿੱਚ, ਹਿਲਰੀ ਕਲਿੰਟਨ ਅਤੇ ਬਰਨੀ ਸੈਂਡਰਜ਼ ਇੱਕ ਕਰੜੀ ਦੌੜ ਵਿੱਚ ਡੈੱਡਲੌਕ ਹੋਏ ਪਏ ਹਨ। ਕਰੂਜ਼ ਦੀ ਆਇਓਵਾ ਵਿੱਚ ਜਿੱਤ ਇਹ ਵੀ ਸਾਬਿਤ ਕਰਦੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਇੱਕ ਗ਼ੌਰ ਕਰਨ ਯੋਗ ਰੀਪਬਲੀਕਨ ਉਮੀਦਵਾਰ ਹੋਵੇਗਾ। ਪਹਿਲੀ ਵਾਰ ਟੈਕਸਸ ਤੋਂ ਸੈਨੇਟਰ ਬਣਨ ਵਾਲਾ ਟੈੱਡ ਹੁਣ ਅਗਲੇ ਹਫ਼ਤੇ ਨਿਊ ਹੈਮਪਸ਼ਾਇਰ ਪ੍ਰਾਈਮਰੀ ਵਿੱਚ ਕੱਟੜ ਸੱਜੇ ਪੱਖੀ ਵੋਟਰਾਂ ਦਾ ਅਵਿਵਾਦਿਤ ਚਹੇਤਾ ਬਣ ਕੇ ਦਾਖ਼ਲ ਹੋਵੇਗਾ। ਇਹ ਰੀਬਲੀਕਨ ਪਾਰਟੀ ਦੀ ਅੰਦਰੂਨੀ ਚੋਣ ਦਾ ਇੱਕ ਅਜਿਹਾ ਮਰਹਲਾ ਹੈ ਜਿੱਥੇ ਉਹ ਉਨ੍ਹਾਂ ਇਵੈਂਜਲੀਕਲ ਇਸਾਈ ਵੋਟਰਾਂ ਨੂੰ ਵੱਡੇ ਪੈਮਾਨੇ ‘ਤੇ ਲੁਭਾ ਸਕਦਾ ਹੈ ਜਿਹੜੇ ਓਬਾਮਾ ਹਕੂਮਤ ਦੀਆਂ ਨੀਤੀਆਂ ਤੋਂ ਫ਼ੌਰਨ ਨਿਜਾਤ ਚਾਹੁੰਦੇ ਹਨ। ਸ਼ਾਇਦ ਕਰੂਜ਼ ਦੀ ਜਿੱਤ ਦਾ ਇਸ ਤੋਂ ਵੀ ਅਹਿਮ ਐਂਗਲ ਇਹ ਹੈ ਕਿ ਉਸ ਨੇ ਟਰੰਪ ਦੀ ਮੁਹਿੰਮ ਨੂੰ ਨਿਊ ਹੈਂਪਸ਼ਾਇਰ ਪ੍ਰਾਈਮਰੀ ਵਿੱਚ ਬਹੁਤੀ ਜ਼ਿਆਦਾ ਰਫ਼ਤਾਰ ਫ਼ੜਨੋਂ ਰੋਕ ਲਿਆ ਹੈ। ਟਰੰਪ ਨੇ ਇੱਕ ਰੀਅਲ ਐਸਟੇਟ ਮੁਗ਼ਲ ਅਤੇ ‘ਰੀਐਲਿਟੀ ਟੈਲੀਵਿਯਨ’ ਦੇ ਬੇਤਾਜ ਬਾਦਸ਼ਾਹ ਦੀ ਆਪਣੀ ਛਵੀ ਦਾਅ ‘ਤੇ ਲਗਾ ਕੇ ਵਿਸ਼ਾਲ ਜਨਤਕ ਰੈਲੀਆਂ ਖੱਟੀਆਂ ਸਨ ਅਤੇ ਰਾਸ਼ਟਰੀ ਚੋਣ ਅੰਕੜਿਆਂ ਵਿੱਚ ਅਜਿਹੇ ਨੰਬਰ ਹਾਸਿਲ ਕੀਤੇ ਸਨ ਜਿਹੜੇ ਸੋਮਵਾਰ ਰਾਤ ਤੋਂ ਪਹਿਲਾਂ ਤਕ ਉਸ ਨੂੰ ਰੀਪਬਲੀਕਨ ਰੇਸ ਦੇ ਨੰਬਰ ਵੰਨ ਘੋੜੇ ਜਾਂ ਪ੍ਰਬਲ ਦਾਅਵੇਦਾਰ ਦੇ ਤੌਰ ‘ਤੇ ਸਥਾਪਿਤ ਕਰ ਚੁੱਕੇ ਸਨ। ਆਇਓਵਾ ਦੀਆਂ ਰੀਪਬਲੀਕਨ ਅਤੇ ਡੈਮੋਕ੍ਰੈਟਿਕ ਕੌਕਸਾਂ ਨੇ 2016 ਦੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਇੱਕ ਅਜਿਹੇ ਦਿਲਚਸਪ ਮੋੜ ‘ਤੇ ਲੈ ਆਂਦਾ ਹੈ ਜਿੱਥੇ ਦੋਹਾਂ ਪਾਰਟੀਆਂ ਦੇ ਅਜਿਹੇ ਅਣਕਿਆਸੇ ਉਮੀਦਵਾਰ ਅੱਗੇ ਆ ਗਏ ਹਨ ਜਿਹੜੇ ਮੌਜੂਦਾ ਪ੍ਰਸ਼ਾਸਨ ਦੇ ਨਾਲ ਨਾਲ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਵੀ ਚੁਣੌਤੀ ਦੇਣੋਂ ਨਹੀਂ ਝਿਝਕਦੇ। ਉਮੀਦਵਾਰਾਂ ਦਾ ਸਾਹਮਣਾ ਇਸ ਵਾਰ ਅਜਿਹੇ ਵੋਟਰਾਂ ਨਾਲ ਹੈ ਜਿਹੜੇ ਵਾਸ਼ਿੰਗਟਨ ਤੋਂ ਇਤਿਹਾਸਕ ਤੌਰ ‘ਤੇ ਸਭ ਤੋਂ ਬੁਰੀ ਤਰ੍ਹਾਂ ਬਦਜ਼ਨ ਹਨ। ਜਦੋਂ ਕਿ ਓਬਾਮਾ ਹੇਠ ਅਰਥਚਾਰੇ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ, ਇਸ ਸਿਹਤਯਾਬੀ ਦਾ ਫ਼ਾਇਦਾ ਹਾਲੇ ਬਹੁਤੇ ਅਮਰੀਕੀਨਾਂ ਨੂੰ ਦੇਖਣ ਨੂੰ ਨਹੀਂ ਮਿਲ ਰਿਹਾ। ਇਸ ਤੋਂ ਛੁੱਟ ਘਰ ਦੇ ਅੰਦਰ ਅਤੇ ਬਾਹਰ ਮੌਜੂਦ ਅਤਿਵਾਦ ਦਾ ਡਰ ਨੇ ਅਮਰੀਕਨਾਂ ਦੀਆਂ ਰਾਸ਼ਟਰੀ ਸੁਰੱਖਿਆ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਹਨ।
ਸਮੁੱਚੇ ਵਿਸ਼ਵ ਨੂੰ ਹਾਲੇ ਕੱਲ੍ਹ ਤਕ, ਸਾਬਕਾ ਸੈਕਰੇਟਰੀ ਔਫ਼ ਸਟੇਟ, ਇੱਕ ਅਮਰੀਕੀ ਸੈਨੇਟਰ ਅਤੇ ਅਮਰੀਕਾ ਦੀ ਪ੍ਰਥਮ ਮਹਿਲਾ, ਹਿਲਰੀ ਕਲਿੰਟਨ ਆਇਓਵਾ ਪ੍ਰਾਇਮਰੀ ਤੋਂ ਕਿਤੇ ਵੱਧ ਨੂੰ ਜਿੱਤਣ ਦੀ ਦਾਅਵੇਦਾਰ ਲਗਦੀ ਸੀ। ਪਰ, ਸੈਂਡਰਜ਼ ਨੇ ਲਗਦੈ ਡੈਮੋਕ੍ਰੈਟਸ ਦੇ ਲਿਬਰਲ ਆਧਾਰ ਨੂੰ ਲੁਭਾ ਲਿਐ, ਖ਼ਾਸਕਰ ਉਸ ਨੌਜਵਾਨ ਤਬਕੇ ਨੂੰ ਜਿਹੜਾ ਸਮਾਜਕ ਵਰਗਾਂ ਦਰਮਿਆਨ ਵੱਧ ਰਹੇ ਆਮਦਨੀ ਅੰਤਰ ਅਤੇ ਸੁੰਗੜ ਰਹੇ ਮੱਧ ਵਰਗ ਨੂੰ ਲੈ ਕੇ ਚਿੰਤਤ ਹੈ। ਆਖ਼ਰੀ ਵੋਟ ਗਿਣਤੀ ਹੋਣ ਤਕ ਕਲਿੰਟਨ ਅਤੇ ਸੈਂਡਰਜ਼ ਦਰਮਿਆਨ ਮੈਚ ਵਿੱਚ ਸਥਿਤੀ ਲਗਭਗ ‘ਟਾਈ’ ਵਾਲੀ ਬਣੀ ਹੋਈ ਸੀ। ਇਤਿਹਾਸਕ ਤੌਰ ‘ਤੇ, ਆਇਓਵਾ ਦੀ ਸਥਿਤੀ ਅਜਿਹੀ ਹੀ ਰਹੀ ਹੈ ਕਿ ਇੱਥੋਂ ਜਿੱਤਣ ਨਾਲ ਗਣਿਤ ਪੱਖੋਂ ਬੇਸ਼ੱਕ ਉਮੀਦਵਾਰ ਦੇ ਅੰਤਮ ਨੰਬਰਾਂ ਵਿੱਚ ਕੋਈ ਬਹੁਤੀ ਹਿਲਜੁਲ ਨਹੀਂ ਹੁੰਦੀ, ਕਿਉਂਕਿ ਆਇਓਵਾ ਦੇ ਡੈਲੀਗੇਟ ਅਮਰੀਕਾ ਦੇ ਕੁੱਲ ਡੈਲੀਗੇਟਾਂ ਦਾ ਸਿਰਫ਼ 1 ਪ੍ਰਤੀਸ਼ਤ ਹੀ ਬਣਦੇ ਹਨ, ਪਰ ਇੱਥੋਂ ਜਿੱਤ ਜਾਂ ਸ਼ਕਤੀਸ਼ਾਲੀ ਪ੍ਰਦਰਸ਼ਨ ਹੀ ਉਮੀਦਵਾਰ ਦੀ ਰਾਸ਼ਟਰੀ ਕਨਵੈਨਸ਼ਨ ਦੀ ਮੁਹਿੰਮ ਨੂੰ ਹੈਰਾਨੀਜਨਕ ਗਤੀ ਅਤੇ ਮੀਡੀਆ ਦੀ ਖਿੱਚ ਪ੍ਰਦਾਨ ਕਰ ਜਾਂਦੇ ਹਨ ਜਦੋਂ ਕਿ ਕਮਜ਼ੋਰ ਪ੍ਰਦਰਸ਼ਨ ਤੁਹਾਡੀ ਉਮੀਦਵਾਰੀ ਖ਼ਤਮ ਕਰ ਸਕਦਾ ਹੈ।
ਆਇਓਵਾ ਦੇ ਡੈਮੋਕ੍ਰੈਟਸ ਦੇ ਆਪਸੀ ਮੁਕਾਬਲੇ ਦੀ ਇਸ ਵਾਰ ਦੀ ਕਰੜੀ ਦੌੜ ਨੇ ਕਲਿੰਟਨ ਦੀ ਅੱਠ ਸਾਲ ਪਹਿਲਾਂ ਦੀ ਮਾੜੀ ਕਾਰਗ਼ੁਜ਼ਾਰੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਉਸ ਖ਼ਿਲਾਫ਼ ਓਬਾਮਾ ਨੇ ਪਹਿਲਾਂ ਕੌਕਸਿਜ਼ ਜਿੱਤੀਆਂ, ਉਪਰੰਤ ਡੈਮੋਕ੍ਰੈਟਿਕ ਨੌਮੀਨੇਸ਼ਨ ਜਿੱਤੀ ਅਤੇ ਫ਼ਿਰ ਅੰਤ ਨੂੰ ਰਾਸ਼ਟਰਪਤੀ ਦਾ ਅਹੁਦਾ ਵੀ ਜਿੱਤ ਲਿਆ। ਹਿਲਰੀ ਕਲਿੰਟਨ ਸੋਮਵਾਰ ਦੇ ਨਤੀਜਿਆਂ ਦੇ ਸਾਹਮਣੇ ਆਉਣ ਤਕ ਆਪਣੇ ਆਪ ਨੂੰ ਇੱਕ ਅਜਿਹੇ ਅਗਾਂਹਵਧੂ ਪ੍ਰਗਤੀਸ਼ੀਲ ਨੇਤਾ ਦੇ ਤੌਰ ‘ਤੇ ਪੇਸ਼ ਕਰ ਰਹੀ ਸੀ ਜਿਹੜੀ ਨਜ਼ਰੀਆਤੀ ਤੌਰ ‘ਤੇ ਪਾਟੇ ਹੋਏ ਵਾਸ਼ਿੰਗਟਨ ਤੋਂ ਵੀ ਕੰਮ ਕਢਵਾ ਸਕਦੀ ਸੀ। ਪਰ ਉਸ ਦਾ ਜਾਣਿਆ ਪਹਿਚਾਣਿਆ ਨਾਮ, ਚਿਹਰਾ ਅਤੇ ਲੰਬਾ ਚੌੜਾ ਰੈਜ਼ਮੇ ਰਲ਼ ਕੇ ਵੀ ਉਸ ਨੂੰ 2016 ਦੇ ਉਸ ਚੌਣਾਵੀ ਮੌਸਮ ਵਿੱਚ, ਜਿਸ ਵਿੱਚ ਐਂਟੀ-ਐਸਟੈਬਲਿਸ਼ਮੈਂਟ ਸੁਰ ਰੱਖਣ ਵਾਲੇ ਉਮੀਦਵਾਰ ਅੱਗੇ ਹਨ, ਉਹ ਫ਼ਾਇਦਾ ਨਹੀਂ ਦਿਵਾ ਸਕੇ ਜਿਸ ਦੀ ਉਮੀਦ ਉਸ ਤੋਂ ਕੀਤੀ ਜਾ ਰਹੀ ਸੀ। ਕਲਿੰਟਨ ਵਲੋਂ ਸੈਕਰੇਟਰੀ ਔਫ਼ ਸਟੇਟ ਵਜੋਂ ਆਪਣੇ ਕਾਰਜਕਾਲ ਦੌਰਾਨ ਆਪਣੀ ਨਿੱਜੀ ਈਮੇਲ ਐਕਾਊਂਟ ਦਾ ਇਸਤੇਮਾਲ ਸਰਕਾਰੀ ਕੰਮਕਾਜ ਲਈ ਕੀਤਾ ਗਿਆ ਹੋਣ ਕਰ ਕੇ ਉਸ ‘ਤੇ ਇਹ ਸਵਾਲ ਵੀ ਉਠੇ ਸਨ ਕਿ ਉਸ ਨੇ ਕਿਤੇ ਸਰਕਾਰੀ ਰਹੱਸਾਂ ਨਾਲ ਹੀ ਖਿਲਵਾੜ ਤਾਂ ਨਹੀਂ ਕੀਤਾ। ਇਸ ਕਾਰਨ ਉਸ ਦੀ ਸਾਖ ‘ਤੇ ਵੀ ਕਿੰਤੂ ਪ੍ਰੰਤੂ ਹੋਣਾ ਲਾਜ਼ਮੀ ਸੀ।
ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰੀ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਦੋ ਪ੍ਰਮੁੱਖ ਪਾਰਟੀਆਂ ਦੇ 70ਵਿਆਂ ਨੂੰ ਪਹੁੰਚੇ ਜਾਂ ਪਹੁੰਚਣ ਵਾਲੇ ਉਮੀਦਵਾਰਾਂ ਨੇ ਆਪਣੀਆਂ ਪ੍ਰਚਾਰ ਰੈਲੀਆਂ ਦੌਰਾਨ ਕੱਟੜਵਾਦ ਦਾ ਜ਼ਹਿਰ ਉਗਲਣ ਤੋਂ ਵੀ ਕੋਈ ਸੰਗ ਨਹੀਂ ਕੀਤੀ। ਸੱਜੇ ਪਾਸੇ ਸੀ ਅਰਬਪਤੀ ਵਪਾਰੀ ਡੌਨਲਡ ਟਰੰਪ ਜਿਸ ਨੇ ਹਿੱਕ ਠੋਕ ਕੇ ਅਮਰੀਕਾ-ਮੈਕਸੀਕੋ ਬੌਰਡਰ ‘ਤੇ ਦੀਵਾਰ ਉਸਾਰ ਕੇ ਬਲਾਤਕਾਰੀਆਂ ਅਤੇ ਅਪਰਾਧੀਆਂ ਨੂੰ ਮੁਲਕ ਵਿੱਚ ਵੜਨੋਂ ਡੱਕਣ, ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਪਾਬੰਦੀ ਲਗਾਉਣ ਅਤੇ ਇਸਲਾਮਿਕ ਸਟੇਟ ਦੀ ਬੰਬਾਂ ਨਾਲ ਹਵਾ ਕੱਢ ਦੇਣ ਦੀਆਂ ਟਾਹਰਾਂ ਮਾਰੀਆਂ ਸਨ। ਖੱਬੇ ਪਾਸੇ ਸੀ ਬਰਨੀ ਸੈਂਡਰਜ਼ ਜਿਸ ਨੇ ਬੈਂਕਰਜ਼ ਤੇ ਦੂਸਰੇ ਸੂਦਖ਼ੋਰ ਬਘਿਆੜਾਂ ਨੂੰ ਟੈਕਸ ਦੀ ਨੱਥ ਪਾਉਣ, ਕਾਲਜ ਤਕ ਦੀ ਮੁਫ਼ਤ ਵਿਦਿਆ ਮੁਹੱਈਆ ਕਰਾਉਣ ਅਤੇ ਮੱਧ ਵਰਗ ਦੀ ਉੱਨਤੀ ਲਈ ਅਮਰੀਕੀ ਅਰਥਚਾਰੇ ਦੀ ਸਮਾਜੀਵਾਦੀ ਵਿਵਸਥਾ ਕਰਨ ਦਾ ਵਾਅਦਾ ਕੀਤਾ ਸੀ। ਇਸ ਸਾਲ ਦੇ ਨਵੰਬਰ ਮਹੀਨੇ ਤਕ ਪਹੁੰਚਦੇ ਪਹੁੰਚਦੇ ਅਮਰੀਕਾ ਵਿੱਚ ਰੀਪਬਲੀਕਨ ਤੇ ਡੈਮੋਕ੍ਰੈਟਿਕ ਪ੍ਰਾਈਮਰੀਜ਼ ਵਿੱਚ ਪੇਸ਼ੇਵਰ ਲੜਾਕੂਆਂ ਸਮਾਨ ਜੰਗ ਸ਼ੁਰੂ ਹੋ ਜਾਵੇਗੀ। ਆਪੋ ਆਪਣੇ ਕੱਟੜ ਸਟੈਂਡਾਂ ਦੇ ਬਾਵਜੂਦ, ਟਰੰਪ ਅਤੇ ਸੈਂਡਰਜ਼ ਦੋਹਾਂ ਨੇ ਲਗਾਤਾਰ ਤਗੜੀ ਕਾਰਗ਼ੁਜ਼ਾਰੀ ਦਿਖਾ ਕੇ ਪੋਲਿੰਗ ਪੰਡਤਾਂ ਦੀਆਂ ਭਵਿੱਖਬਾਣੀਆਂ ਨੂੰ ਵੀ ਝੁਠਲਾ ਦਿੱਤਾ ਹੈ; ਟਰੰਪ ਨੇ ਵੱਡੇ ਵੱਡੇ ਧੁਰੰਦਰਾਂ ਨੂੰ ਪਛਾੜ ਕੇ ਜਿਨ੍ਹਾਂ ਵਿੱਚ ਉਸੇ ਦੀ ਪਾਰਟੀ ਦਾ ਨਰਮ ਸਮਝਿਆ ਜਾਂਦਾ ਉਮੀਦਵਾਰ, ਬੁੱਸ਼ ਸੀਨੀਅਰ ਅਤੇ ਜੂਨੀਅਰ ਦੀ ਸਿਆਸੀ ਵਿਰਾਸਤ ਦਾ ਜਾਨਸ਼ੀਨ, ਜੈੱਬ ਬੁੱਸ਼ ਵੀ ਸ਼ਾਮਿਲ ਸੀ ਅਤੇ ਸੈਂਡਰਜ਼ ਜਿਸ ਨੇ ਹਿਲਰੀ ਕਲਿੰਟਨ ਨਾਲ ਜਾਂ ਤਾਂ ਬਰਾਬਰ ਰਹਿ ਕੇ ਜਾਂ ਉਸ ਤੋਂ ਅੱਗੇ ਨਿਕਲ ਕੇ ਸਭ ਨੂੰ ਹੈਰਾਨ ਕਰ ਦਿੱਤਾ। ਚੇਤੇ ਰਹੇ ਕਿ ਹਿਲਰੀ ਦੇ ਮਾਮਲੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਉਹ ‘ਮੁਕਤ ਵਿਸ਼ਵ’ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਕੇ ਇਸ ਵਾਰ ਇਤਿਹਾਸ ਸਿਰਜ ਦੇਵੇਗੀ। ਫ਼ਿਰ ਇਹ ਕੱਟੜ ਈਸਾਈ ਮਤ ਦੇ ਧਾਰਣੀ ਦੋ ਗੋਰੇ ਬਜ਼ੁਰਗ ਮਰਦ – ਜਿਨ੍ਹਾਂ ‘ਚੋਂ ਇੱਕ ਪ੍ਰਵਾਸੀਆਂ ਨੂੰ ਪਾਣੀ ਪੀ ਪੀ ਉਸ ਧਰਤੀ ‘ਤੇ ਖੜ੍ਹ ਕੇ ਦਿਨ ਰਾਤ ਕੋਸਦੈ ਜਿਸ ਦਾ ਨਿਰਮਾਣ ਹੀ ਪਰਵਾਸ ਕਾਰਨ ਹੋਇਆ ਸੀ ਅਤੇ ਦੂਜਾ ਜਿਹੜਾ ਕਿ ਬਿਨਾ ਕਿਸੇ ਝਿਝਕ ਦੇ ਅਮਰੀਕੀ ਅਰਥਚਾਰੇ ਵਿੱਚ ਸਮਾਜਵਾਦੀ ਤਰਜ਼ ਦੇ ਸੁਧਾਰਾਂ ਦੀ ਗੱਲ ਕਰਦੈ ਜਦੋਂ ਕਿ ਪ੍ਰਾਚੀਨ ਕਾਲ ਵਿੱਚ ਅਮਰੀਕੀ ਸ਼ਬਦਕੋਸ਼ ਵਿੱਚ ਇਹ ਸ਼ਬਦ ਇੱਕ ‘ਟੈਬੂ’ (ਅਪ੍ਰਵਾਨਿਤ ਕਾਰਜ) ਦੇ ਤੌਰ ‘ਤੇ ਦਰਜ ਸੀ – ਕਿਵੇਂ ਅਮਰੀਕਾ ਵਿੱਚ ਦੋ ਟੌਪ ਪਾਰਟੀਆਂ ਦੇ ਟੌਪ ਸਪੌਟ ਮੱਲੀ ਬੈਠੇ ਨੇ?
ਜੇ ਸੌਖੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਅਮਰੀਕਾ ਵਿੱਚ ਵੋਟਰ ਇਸ ਵੇਲੇ ਮੌਜੂਦਾ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਨਾਲ ਭਰੇ ਪਏ ਹਨ ਅਤੇ ਉਨ੍ਹਾਂ ਨਾਲ ਵਪਾਰ ਹੁਣ ਆਮ ਵਾਂਗ ਬਿਲਕੁਲ ਨਹੀਂ ਚੱਲਣ ਵਾਲਾ; ਉਹ ਬਹੁਤ ਸ਼ਿੱਦਤ ਨਾਲ ਇਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦਾ ਰਾਸ਼ਟਰ ਖ਼ਤਰਨਾਕ ਹੱਦ ਤਕ ਲੀਹੋਂ ਲਹਿ ਚੁੱਕਾ ਹੈ, ਅਤੇ ਉਸ ਨੂੰ ਆਪਣੀ ਸਿਆਸੀ ਦਿਸ਼ਾ ਤਬਦੀਲ ਕਰਨ ਦੀ ਲੋੜ ਹੈ। ਅਮਰੀਕਾ ਵਿੱਚ ਸੱਜੇ ਪੱਖੀ ਟੀ-ਪਾਰਟੀ ਜਾਂ ਖੱਬੇ ਪੱਖੀ ‘ਔਕਿਊਪਾਈ ਵਾਲ ਸਟ੍ਰੀਟ’ ਲਹਿਰ ਦਾ ਉਭਾਰ ਸਿਆਸੀ ਢਾਂਚੇ ਖ਼ਿਲਾਫ਼ ਜਨਤਾ ਦੇ ਵੱਧ ਰਹੇ ਰੋਹ ਦੀ ਹੀ ਅਗੇਤੀ ਚੇਤਾਵਨੀ ਸਨ। ਅਮਰੀਕਾ ਵਿੱਚ ਇਹ ਹਾਲੀਆ ਰੁਝਾਨ ਵਿਸ਼ਵ ਭਰ ਵਿੱਚ ਵੱਧ ਰਹੇ ਵਿਦਰੋਹੀ ਨਜ਼ਰੀਏ ਦਾ ਹੀ ਪ੍ਰਗਟਾਵਾ ਹੈ। ਵਿਸ਼ਵ ਭਰ ਦੇ ਮੁਲਕਾਂ ਵਿੱਚ ਰਾਸ਼ਟਰਵਾਦੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਸੱਤਾ ਵਿੱਚ ਹਨ ਜਿਨ੍ਹਾਂ ਨੂੰ ਮੂਲਵਾਦੀ ਸੱਜੇਪੱਖੀ ਪਾਰਟੀਆਂ ਉਕਸਾਉਂਦੀਆਂ ਰਹਿੰਦੀਆਂ ਹਨ, ਜਿਵੇਂ ਕਿ ਫ਼ਰਾਂਸ ਦੀ ਮੈਰੀਨ ‘ਲ’ ਪੇਨ ਦੀ ਨੈਸ਼ਨਲ ਫ਼ਰੰਟ ਜਾਂ ਫ਼ਿਰ ਬਰਤਾਨੀਆ ਦੀ ਯੂ.ਕੇ. ਇੰਡੀਪੈਂਡੈਂਸ ਪਾਰਟੀ ਜਿਹੜੀ ਪਿੱਛਲੀਆਂ ਚੋਣਾਂ ਦੌਰਾਨ ਲਗਾਤਾਰ ਡੇਵਿਡ ਕੈਮਰਨ ਦੀ ਟੋਰੀ ਪਾਰਟੀ ਦੀਆਂ ਅੱਡੀਆਂ ‘ਤੇ ਦੰਦੀਆਂ ਵੱਢਦੀ ਰਹੀ ਹੈ। ਉਨ੍ਹਾਂ ਚੋਣਾਂ ਵਿੱਚ ਬੇਸ਼ੱਕ ਕੈਮਰਨ ਦੀ ਪਾਰਟੀ ਨੂੰ ਬਹੁਮਤ ਮਿਲ ਗਿਆ ਸੀ, ਪਰ ਜੇਕਰ ਉਸ ਨੇ ਯੌਰਪੀਅਨ ਯੂਨੀਅਨ ਵਿੱਚ ਰਹਿਣ ਦੀ ਆਪਣੀ ਜ਼ਿੱਦ ਬਰਕਰਾਰ ਰੱਖੀ ਤਾਂ ਉਸ ਦੀ ਇਸ ਸਾਲ ਪਾਰਟੀ ‘ਚੋਂ ਹੀ ਛੁੱਟੀ ਹੋ ਸਕਦੀ ਹੈ ਕਿਉਂਕਿ ਉਸ ਦੀ ਬਾਕੀ ਦੀ ਸਾਰੀ ਪਾਰਟੀ ਦਾ ਰਵੱਈਆ ਅਤਿਅੰਤ ਸੱਜੇ ਪੱਖੀ ਹੋ ਚੁੱਕਾ ਹੈ। ਅਮਰੀਕਾ ਵਿੱਚ ਵੀ ਵਿਸ਼ਵ ਦੇ ਬਾਕੀ ਦੇ ਮੁਲਕਾਂ ਵਾਂਗ ਹੀ ਰਾਸ਼ਟਰਵਾਦੀ ਜਾਂ ਉਗਰਵਾਦੀ ਸਿਆਸੀ ਵਿਚਾਰਧਾਰਾ ਗ਼ਾਲਿਬ (ਹਾਵੀ) ਹੋ ਰਹੀ ਹੈ। ਜਿਸ ਢੰਗ ਨਾਲ ਵਿਸ਼ਵ ਦਾ ਅਰਥਚਾਰਾ ਨਿਘਾਰ ਵੱਲ ਅਗ੍ਰਸਰ ਹੈ, ਤਨਾਅਗ੍ਰਸਤ ਉਪਭੋਗਤਾਵਾਂ ਦੀ ਮੰਗ ਉਸ ਵੇਲੇ ਤਕ ਉੱਪਰ ਵੱਲ ਨੂੰ ਹੀ ਜਾਵੇਗੀ ਜਦੋਂ ਤਕ ਉਨ੍ਹਾਂ ਦੀ ਅਤੇ ਅਰਥਚਾਰੇ ਦੀ ਬੱਸ ਨਹੀਂ ਹੋ ਜਾਂਦੀ! ਸ਼ਾਇਦ ਅਸੀਂ ਹੁਣ ਉਸ ਯੁੱਗ ਵਿੱਚ ਵਿੱਚਰ ਰਹੇ ਹਾਂ ਜਿੱਥੇ ਜੇਕਰ ਵੋਟਰਾਂ ਦੀ ਨਬਜ਼ ਪਹਿਚਾਣ ਕੇ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਨੇ ਦੂਰਗਾਮੀ ਵਿਚਾਰਧਾਰਕ ਤਬਦੀਲੀਆਂ ਨਾ ਲਿਆਂਦੀਆਂ ਅਤੇ ਆਪਣੇ ਸਿਆਸੀ ਵਪਾਰ ਪਹਿਲਾਂ ਵਾਂਗ ਹੀ ਚਲਾਉਣੇ ਜਾਰੀ ਰੱਖੇ ਤਾਂ ਉਨ੍ਹਾਂ ਨੂੰ ਜਲਦ ਹੀ ਸੱਤਾ ਤੋਂ ਹੱਥ ਧੋਣੇ ਪੈ ਸਕਦੇ ਹਨ!

LEAVE A REPLY