6ਜਲੰਧਰ — ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ ਮੁਤਾਬਕ ਨਾ ਘਟਣ ਕਾਰਨ ਪ੍ਰਧਾਨ ਮੰਤਰੀ ਦਫਤਰ ਨਿਸ਼ਾਨੇ ‘ਤੇ ਆ ਗਿਆ ਹੈ। ਆਰ. ਟੀ. ਆਈ. ਐਕਟੀਵਿਸਟ ਡਾਲਚੰਦ ਪੰਵਾਰ ਨੇ ਪ੍ਰਧਾਨ ਮੰਤਰੀ ਦਫਤਰ ‘ਚ ਆਰ. ਟੀ. ਆਈ. ਦਾਇਰ ਕਰ ਦਿੱਤੀ ਹੈ, ਜਿਸ ਰਾਹੀਂ ਉਨ੍ਹਾਂ ਪ੍ਰਧਾਨ ਮੰਤਰੀ ਤੋਂ ਪੁੱਛਿਆ ਹੈ ਕਿ ਉਹ ਮਨ ਦੀ ਗੱਲ ਬੜੇ ਮਾਣ ਨਾਲ ਕਰਦੇ ਹਨ ਪਰ ਜਨਤਾ ਦੇ ਮਨ ਦੀ ਗੱਲ ਵੀ ਉਨ੍ਹਾਂ ਨੂੰ ਸੁਣਨੀ ਚਾਹੀਦੀ ਹੈ।
ਆਰ. ਟੀ. ਆਈ. ਅਰਜ਼ੀ ‘ਚ ਉਨ੍ਹਾਂ ਲਿਖਿਆ ਹੈ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚਾ ਤੇਲ ਸਸਤਾ ਹੋਣ ‘ਤੇ ਵੀ ਭਾਰਤ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਿਉਂ ਨਹੀਂ ਘਟਦੀ? ਇਕ ਲਿਟਰ ਪੈਟਰੋਲ ਦੀ ਲਾਗਤ ਹੁਣ 16.50 ਰੁਪਏ ਹੈ, ਜਿਸ ‘ਤੇ 11.80 ਫੀਸਦੀ ਕੇਂਦਰੀ ਟੈਕਸ, 9.75 ਫੀਸਦੀ ਉਤਪਾਦਨ ਟੈਕਸ, 4 ਫੀਸਦੀ ਵੈਟ ਤੇ 8 ਫੀਸਦੀ ਵਿਕਰੀ ਟੈਕਸ ਲਾਗੂ ਹੈ।
ਇਕ ਪਾਸੇ ਸਭ ਕੁਝ ਮਿਲਾ ਕੇ ਵੀ 50.05 ਰੁਪਏ ਪ੍ਰਤੀ ਲਿਟਰ ਲਾਗਤ ਆਉਂਦੀ ਹੈ, ਫਿਰ ਵੀ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਪੈਟਰੋਲ 60 ਤੋਂ 68 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਦੱਸਣ ਕਿ ਦੇਸ਼ ‘ਚ ਜਨਤਾ ਨੂੰ ਕਿਉਂ ਮਹਿੰਗਾ ਪੈਟਰੋਲ ਦਿੱਤਾ ਜਾ ਰਿਹਾ ਹੈ।
ਪੰਵਾਰ ਨੇ ਇਕ ਹੋਰ ਆਰ. ਟੀ. ਆਈ. ਪ੍ਰਧਾਨ ਮੰਤਰੀ ਦਫਤਰ ‘ਚ ਲਗਾਉਂਦਿਆਂ ਪੁੱਛਿਆ ਕਿ 2008 ‘ਚ ਮੁੰਬਈ ‘ਚ ਹੋਏ ਹਮਲਿਆਂ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਲਗਾਤਾਰ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਕਿ ਉਹ ਭਾਰਤ ‘ਚ ਪਠਾਨਕੋਟ ਵਰਗੇ ਹੋਰ ਹਮਲੇ ਕਰੇਗਾ, ਉਹ ਭਾਰਤ ਸਰਕਾਰ ਵਿਰੁੱਧ ਲਗਾਤਾਰ ਜ਼ਹਿਰ ਉਗਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਫਿਜ਼ ਪਾਕਿਸਤਾਨ ਸਰਕਾਰ ਦੀ ਸਰਪ੍ਰਸਤੀ ‘ਚ ਭਾਰਤ ਨੂੰ ਖੁੱਲ੍ਹ ਕੇ ਚੁਣੌਤੀ ਦੇ ਰਿਹਾ ਹੈ। ਹਾਫਿਜ਼ ਦੀਆਂ ਧਮਕੀਆਂ ਦਾ ਭਾਰਤ ਸਰਕਾਰ ਨੇ ਕੀ ਜਾਇਜ਼ਾ ਲਿਆ ਹੈ, ਇਸ ਦਾ ਜ਼ਿਕਰ ਕੀਤਾ ਜਾਵੇ।

LEAVE A REPLY