19876303ਚੰਡੀਗੜ : 13 ਫਰਵਰੀ ਨੂੰ ਵਿਧਾਨ ਸਭਾ ਹਲਕਾ 24-ਖਡੂਰ ਸਾਹਿਬ ਦੀ ਹੋ ਰਹੀ ਜਿਮਨੀ ਚੋਣ ਦੌਰਾਨ ਮੀਡੀਆ ਕਵਰੇਜ਼ ਵਾਸਤੇ ਚੋਣ ਕਮਿਸ਼ਨ ਵੱਲੋਂ ਵਿਸਥਾਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਸ੍ਰੀ ਵੀ.ਕੇ. ਸਿੰਘ, ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਏ ਤਹਿਤ ਖਡੂਰ ਸਾਹਿਬ ਹਲਕੇ ਦੀ ਜਿਮਨੀ ਚੋਣ ਸੰਬੰਧੀ ਕੋਈ ਵੀ ਐਗਜਿਟ ਪੋਲ ਕਰਨ ਅਤੇ ਐਗਜਿਟ ਪੋਲ ਦੇ ਨਤੀਜਿਆਂ ਨੂੰ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਕਰਨ ‘ਤੇ ਮਨਾਹੀ ਹੋਵੇਗੀ।
ਉਹਨਾਂ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਸਬ ਸੈਕਸ਼ਨ (1) ਅਤੇ ਸਬ ਸੈਕਸ਼ਨ 2 (ਬ) ਦੀ ਵਰਤੋਂ ਕਰਦੇ ਹੋਏ ਕਮਿਸ਼ਨ ਵੱਲੋਂ 24-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀਆਂ ਜਿਮਨੀ ਚੋਣਾਂ ਵਿਚ 13 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5.30 ਵਜੇ ਤੱਕ ਕੋਈ ਵੀ ਐਗਜਿਟ ਪੋਲ (ਚੋਣ ਸਰਵੇ) ਕਰਨ, ਐਗਜਿਟ ਪੋਲ ਦੇ ਨਤੀਜੇ ਟੀ.ਵੀ. ਮੀਡੀਆ ਵਿਚ ਪ੍ਰਸਾਰਿਤ ਕਰਨ ਜਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਸ੍ਰੀ ਵੀ.ਕੇ. ਸਿੰਘ ਨੇ ਹੋਰ ਸਪੱਸ਼ਟ ਕੀਤਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 (1) (ਬੀ) ਅਧੀਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜਿਮਨੀ ਚੋਣ ਦੀਆਂ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਦੇ ਸਮੇਂ ਦੌਰਾਨ ਕੋਈ ਵੀ ਚੋਣ ਸਮਗਰੀ, ਚੋਣ ਸਰਵੇ ਦੇ ਨਤੀਜਿਆਂ ਨੂੰ ਟੀ.ਵੀ. ਮੀਡੀਆ ‘ਤੇ ਦਿਖਾਉਣ ‘ਤੇ ਵੀ ਮਨਾਹੀ ਹੋਵੇਗੀ।

LEAVE A REPLY