2ਨਵੀਂ ਦਿੱਲੀ  : ਹਿਮਾਲਿਆ ਨੂੰ ਮਾਤ ਦੇਣ ਵਾਲੇ ਲਾਂਸ ਨਾਇਕ ਹਨੁਮਨਥੱਪਾ ਅੱਜ ਜ਼ਿੰਦਗੀ ਤੋਂ ਜੰਗ ਹਾਰ ਗਏ। ਸਿਆਚਿਨ ਗਲੇਸ਼ੀਅਰ ਵਿਚ 6 ਦਿਨਾਂ ਤੱਕ ਬਰਫ਼ ਹੇਠਾਂ ਦਬੇ ਰਹਿਣ ਵਾਲੇ ਲਾਂਸ ਨਾਇਕ ਹਨੁਮਨਥੱਪਾ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਮਾਹਿਰ ਡਾਕਟਰਾਂ ਵਲੋਂ ਪੂਰੀ ਵਾਹ ਲਾਉਣ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ।
ਡਾਕਟਰਾਂ ਨੇ ਟੀਮ ਵਲੋਂ ਕੱਲ ਜਾਰੀ ਇਕ ਬੁਲੇਟਨ ਵਿਚ ਇਹ ਗੱਲ ਆਖੀ ਗਈ ਸੀ ਕਿ ਅਗਲੇ 24 ਘੰਟੇ ਇਸ ਜਵਾਨ ਲਈ ਬੇਹੱਦ ਅਹਿਮ ਹਨ। ਉਹਨਾਂ ਕਿਹਾ ਸੀ ਕਿ ਸੀਟੀ ਸਕੈਨ ਵਿਚ ਆਕਸੀਜਨ ਉਹਨਾਂ ਦਿਮਾਗ ਤੱਕ ਨਾ ਪਹੁੰਚਣ ਦੇ ਸੰਕੇਤ ਮਿਲੇ ਸਨ, ਜਿਸ ਕਾਰਨ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਦੋਵਾਂ ਫੇਫੜਿਆਂ ਵਿਚ ਨਮੂਨੀਆਂ ਹੋਣ ਦੇ ਸਬੂਤ ਮਿਲੇ ਸਨ ਅਤੇ ਉਹਨਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਿਆਚਿਨ ਗਲੇਸ਼ੀਅਰ ਵਿਚ ਬਰਫ਼ ਦੇ ਤੋਦੇ ਥੱਲੇ ਦਬੇ ਬਾਕੀ ਅੱਠ ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਕੱਢ ਲਿਆ ਗਿਆ ਸੀ, ਜਦੋਂ ਕਿ ਲਾਂਸ ਨਾਇਕ ਹਨੁਮਨਥੱਪਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ ਸੀ। ਉਸ ਨੂੰ ਭਾਰਤੀ ਹਵਾਈ ਸੈਨਾ ਦੇ ਵਿਸ਼ੇਸ਼ ਐਂਬੂਲੈਂਸ ਜਹਾਜ਼ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ ਸੀ, ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਇਹ ਜਵਾਨ ਸਿਆਚਿਨ ਗਲੇਸ਼ੀਅਰ ਵਿਚ 19,600 ਫੁੱਟ ਉਤੇ ਸਥਾਪਿਤ ਫੌਜੀ ਚੌਕੀ ‘ਤੇ ਡਿਊਟੀ ਦੌਰਾਨ ਬਰਫੀਲੇ ਤੂਫਾਨ ਵਿਚ ਘਿਰ ਗਏ ਸਨ।
ਇਸ ਦੌਰਾਨ ਲਾਂਸ ਨਾਇਕ ਹਨੁਮਨਥੱਪਾ ਲਈ ਪੂਰੇ ਦੇਸ਼ ‘ਚ ਅਰਦਾਸਾਂ ਹੋਈਆਂ, ਪਰ ਇਸ ਦਾ ਕੋਈ ਅਸਰ ਨਾ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਆਗੂਆਂ ਨੇ ਲਾਂਸ ਨਾਇਕ ਹਨੁਮਨਥੱਪਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

LEAVE A REPLY