walia bigਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੱਤਰਕਾਰੀ ਵਿਭਾਗ ਵਿਖੇ ਆਯੋਜਿਤ ਇਕ ਸਾਹਿਤਕ ਸੈਮੀਨਾਰ ਅਤੇ ਕਵੀ ਦਰਬਾਰ ਵਿੱਚ ਟੋਰੌਂਟੋ ਤੋਂ ਆਈ ਕਵਿੱਤਰੀ ਸੁਰਜੀਤ ਕੌਰ ਨੂੰ ਡਾ. ਦਰਸ਼ਨ ਸਿੰਘ ਬੈਂਸ ਯਾਦਗਾਰੀ ਗਲੋਬਲ ਪੰਜਾਬੀ ਕਵਿੱਤਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਵਾਲੀਆ, ਸ਼੍ਰੋਮਣੀ ਕਵੀ ਕੁਲਵੰਤ ਗਰੇਵਾਲ, ਹਿੰਦੀ ਸਾਹਿਤਕਾਰ ਡਾ. ਹੁਕਮਚੰਦ ਰਾਜਪਾਲ, ਡਾ. ਚਰਨਜੀਤ ਕੌਰ ਬਰਾੜ, ਅਜੀਤ ਵੀਕਲੀ ਦੇ ਕਾਲਮ ਨਵੀਸ ਸੁਖਮੰਦਰ ਸਿੰਘ ਬਰਾੜ, ਸਾਹਿਤ ਅਕਾਦਮੀ ਸਨਮਾਨਿਤ ਨਾਵਲਕਾਰ ਡਾ. ਜਸਵਿੰਦਰ ਸਿੰਘ, ਗਲੋਬਲ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਸੰਜੇ ਕੁਮਾਰ ਅਤੇ ਕਹਾਣੀਕਾਰ ਬਲਦੇਵ ਧਾਲੀਵਾਲ ਨੇ ਨਿਭਾਈ। ਇਸ ਮੌਕੇ ਗਲੋਬਲ ਪਰਵਾਸੀ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੱਤਪਾਲ ਕੌਸਲ ਅਤੇ ਸੁਖਮੰਦਰ ਸਿੰਘ ਬਰਾੜ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦੇ ਹੋਏ ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਸੁਰਜੀਤ ਕੌਰ ਨੂੰ ਮਿਲਣ ਵਾਲਾ ਇਹ ਦੂਜਾ ਡਾ. ਦਰਸ਼ਨ ਸਿੰਘ ਬੈਂਸ ਯਾਦਗਾਰੀ ਐਵਾਰਡ ਹੈ। ਦੋ ਵਰ੍ਹੇ ਪਹਿਲਾਂ ਦਰਸ਼ਨ ਸਿੰਘ ਬੈਂਸ ਯਾਦਗਾਰੀ ਐਵਾਰਡ ਏਸ਼ੀਅਨ ਟ੍ਰਿਬਿਊਨ ਦੇ ਐਡੀਟਰ ਸ੍ਰੀ ਯਸ਼ ਸ਼ਰਮਾ ਨੂੰ ਦਿੱਤਾ ਗਿਆ ਸੀ। ਡਾ. ਵਾਲੀਆ ਨੇ ਕਿਹਾ ਕਿ ਡਾ.ਦਰਸ਼ਨ ਸਿੰਘ ਬੈਂਸ ਨੇ ਪੰਜਾਬੀ ਪਰਵਾਸੀ ਮੀਡੀਆ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ ਕਿਉਂਕਿ ਉਹ ਪਹਿਲੇ ਵਿਅਕਤੀ ਸਨ, ਜਿਹਨਾਂ ਨੇ ਅਜੀਤ ਵੀਕਲੀ ਨੂੰ ਬਿਨਾਂ ਕਿਸੇ ਸ਼ੁਲਕ ਪਾਠਕਾਂ ਤੱਕ ਪਹੁੰਚਾਉਣ ਦਾ ਨਿਰਣਾ ਲਿਆ ਸੀ। ਅੱਜ ਕੈਨੇਡਾ ਅਤੇ ਅਮਰੀਕਾ ਵਿਚ ਨਿਕਲਣ ਵਾਲੇ ਸਾਰੇ ਅਖ਼ਬਾਰ ਮੁਫਤ ਵੰਡੇ ਜਾਂਦੇ ਹਨ। ਉਹਨਾਂ ਕਿਹਾ ਕਿ ਅਜੀਤ ਵੀਕਲੀ ਰਾਹੀਂ ਡਾ. ਦਰਸ਼ਨ ਸਿੰਘ ਨੇ ਪਰਵਾਸੀ ਪੰਜਾਬੀਆਂ ਵਲੋਂ ਵਿਦੇਸ਼ੀ ਧਰਤੀ ‘ਤੇ ਕੀਤੇ ਜਾਣ ਵਾਲੇ ਸੰਘਰਸ਼ ਵਿਚ ਅਹਿਮ ਯੋਗਦਾਨ ਪਾਇਆ। ਪੰਜਾਬੀਆਂ ਦੀ ਪ੍ਰਫੁੱਲਤਾ ਲਈ ਆਪਣੇ ਅਖ਼ਬਾਰ ਰਾਹੀਂ ਸ਼ਲਾਘਾਯੋਗ ਕੰਮ ਕੀਤਾ। ਗਲੋਬਲ ਪੰਜਾਬ ਫਾਊਂਡੇਸ਼ਨ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਨ ਹਿਤ ਇਹ ਐਵਾਰਡ ਪੰਜਾਬੀ ਸਾਹਿਤ, ਪੱਤਰਕਾਰੀ ਅਤੇ ਸਭਿਆਚਾਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਦਿੰਦੀ ਹੈ। ਇਸ ਵਾਰ ਇਸ ਸਨਮਾਨ ਲਈ ਟੋਰੌਂਟੋ ਦੀ ਸ਼ਾਇਰਾ ਸੁਰਜੀਤ ਕੌਰ ਨੂੰ ਦਿੱਤਾ ਗਿਆ ਹੈ।
ਸੁਰਜੀਤ ਬਾਰੇ ਬੋਲਦੇ ਡਾ. ਵਾਲੀਆ ਨੇ ਕਿਹਾ ਕਿ ਸੁਰਜੀਤ ਕੌਰ ਇਕ ਸੰਵੇਦਨਸ਼ੀਲ ਕਵਿੱਤਰੀ ਹੈ ਜੋ ਔਰਤ ਦੇ ਦਰਦੀਲੇ ਪਸਾਰਾਂ ਨੂੰ ਮਹੀਨ ਔਰਤ ਸੰਵੇਦਨਾਂ ਦੇ ਸਮਾਵਿੱਥ ਉਚੇਚੇ ਇਨਸਾਨੀ ਤਰਕਾਂ ਨਾਲ ਪੇਸ਼ ਕਰਦੀ ਹੈ। ਸੁਰਜੀਤ ਦੀ ਡੂੰਘੀ ਸੰਵੇਦਨਾ, ਔਰਤ ਦੀ ਇਸ ਦਰਦਨਾਕ ਸਥਿਤੀ, ਮਰਦਾਵੀਂ ਅਤੇ ਸਮੁੱਚੀ ਵਿਵਸਥਾ ਦੀਆਂ ਬੇ-ਇਨਸਾਫੀਆਂ ਦੇ ਦੁਖਦ ਅਨੁਭਵ ਨੂੰ ਡੂੰਘੀ ਵੇਦਨਾ ਨਾਲ ਮਹਿਸੂਸਦੀ ਅਤੇ ਉਚੇਰੀ ਸੰਵੇਦਨਾ ਨਾਲ ਸੰਚਾਰਿਤ ਕਰਦੀ ਹੈ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸੁਰਜੀਤ ਦੀ ਸ਼ਾਇਰੀ ਪੰਜਾਬੀ ਨਾਰੀ ਸੰਵੇਦਨਾ ਵਿਚ ਅਤਿਅੰਤ ਮੁੱਲਵਾਨ ਪਾਸਾਰ ਜੋੜਦੀ ਹੈ। ਉਹਨਾਂ ਕਿਹਾ ਕਿ ਸੁਰਜੀਤ ਕੋਲ ਸੱਚੀ-ਸੁੱਚੀ ਸੂਖਮ ਇਨਸਾਨੀ, ਖਾਸ ਕਰਕੇ ਔਰਤ ਭਾਵਨਾਵਾਂ, ਵੇਦਨਾਵਾਂ ਅਤੇ ਸੰਵੇਦਨਾਵਾਂ ਦੀ ਸੂਝ-ਦ੍ਰਿਸ਼ਟੀ ਹੈ। ਉਸਦੀ ਸ਼ਾਇਰੀ ਵਿਚ ਮਾਸੂਮੀਅਤ, ਕੋਮਲਤਾ ਅਤੇ ਮਹਿਕਦੇ ਸੁੱਚੇ ਜਜ਼ਬਿਆਂ ਦੀ ਦਿਲਕਸ਼ ਪੇਸ਼ਕਾਰੀ ਹੈ। ਸੁਰਜੀਤ ਨੇ ਨਜ਼ਮ ਵਿਧਾ ਨੂੰ ਅਪਣਾ ਕੇ ਆਪਣੇ ਤੀਬਰ ਮਾਨਵੀ ਅਨੁਭਵਾਂ ਨੂੰ ਜ਼ੁਬਾਨ ਦਿੱਤੀ ਹੈ। ਇਹ ਸ਼ਾਇਰਾ ਅਸਲ ਵਿਚ ਔਰਤ ਦੀ ਜ਼ਿੰਦਗੀ ਵਿਚੋਂ ਮਨਫੀ ਕਰ ਦਿੱਤੇ ਗਏ ਹਾਸਿਆਂ, ਸੁਗੰਧੀਆਂ, ਸੁਪਨਿਆਂ, ਚਾਵਾਂ ਅਤੇ ਮੁਹੱਬਤਾਂ ਦੀ ਤਲਾਸ਼ ਕਰਨ ਵਾਲੀ ਸ਼ਾਇਰਾ ਹੈ। ਪ੍ਰੋ. ਕੁਲਵੰਤ ਗਰੇਵਾਲ ਨੇ ਕਿਹਾ ਕਿ ਅੱਜ ਸੰਗੀਤ ਦੀ ਥਾਂ ਸ਼ੋਰ ਨੇ ਲੈ ਲਈ ਹੈ ਪਰ ਇਸ ਦੌਰ ਵਿਚ ਵੀ ਸੁਰਜੀਤ ਨੇ ਆਪਣੀ ਵੱਖਰੀ ਥਾਂ ਬਣਾਈ ਹੈ। ਡਾ. ਹੁਕਮ ਚੰਦ ਰਾਜਪਾਲ ਨੇ ਵੀ ਸੁਰਜੀਤ ਦੀ ਸ਼ਾਇਰੀ ਦੀ ਪ੍ਰਸੰਸਾ ਕੀਤੀ।
ਇਸ ਸਮਾਰੋਹ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ 14 ਕਵੀਆਂ ਨੇ ਹਿੱਸਾ ਲਿਆ। ਮੁਸ਼ਾਹਿਰੇ ਦਾ ਆਰੰਭ ਗੁਰਚਰਨ ਪੱਬਾਰਾਲੀ ਦੇ ਇਨ੍ਹਾਂ ਬੋਲਾਂ ਨਾਲ ਹੋਇਆ:
ਹੁੰਗਾਰਾ ਭਰਨ ਤੋਂ ਪਹਿਲਾਂ ਨਾ ਕਿਤੇ ਬਾਤ ਮੁੱਕ ਜਾਵੇ,
ਕਰੋ ਚਾਰਾ ਕੋਈ ਰਲਕੇ ਇਹ ਕਾਲੀ ਰਾਤ ਮੁੱਕ ਜਾਵੇ
ਅਸੀਂ ਬਦਲਾਂਗੇ ਤਾਂ ਹੀ ਦੋਸਤੋ ਹਾਲਾਤ ਬਦਲਣਗੇ
ਇਹ ਮੌਸਮ ਬਦਲਿਆਂ ਹੀ ਦੋਸਤੋ ਦਿਨ ਰਾਤ ਬਦਲਣਗੇ।
ਹਰੀ ਦੱਤ ਹਬੀਬੀ ਦੀ ਗਜ਼ਲ ਦੇ ਬੋਲ ਸਨ:
ਮੰਨਿਆ ਕਿ ਬਾਹਰ ਆ ਕੇ ਬੜੇ ਡਾਲਰ ਕਮਾ ਲਏ ਨੇ,
ਮਗਰ ਕੁਝ ਬਾਰ ਬਚਪਨ ਦੇ ਤੇ ਮਾਪੇ ਗਵਾ ਲਏ ਨੇ।
ਲੁਧਿਆਣਾ ਤੋਂ ਹਾਇਕੂ ਲੇਖਿਕਾ ਅਤੇ ਸ਼ਾਇਰਾ ਹਰਲੀਨ ਨੇ ਆਪਣੇ ਹੀ ਅੰਦਾਜ਼ ਵਿਚ ਆਪਣੀ ਰਚਨਾ ਪੇਸ਼ ਕੀਤੀ:
ਮੈਂ ਉਦਾਸ ਹਾਂ ਬੜੀ ਸ਼ਰਮਸ਼ਾਰ ਹਾਂ ਬੜੀ
ਸ਼ਬਦ ਆਪਣੇ ਦੀ ਗੁਨਾਹਗਾਰ ਹਾਂ ਬੜੀ
ਗਜ਼ਲ ਆਖਣਾ ਹੈ ਕੀ ਇੲ ਬਲਾ ਜਾਣਾਂ ਮੈਂ
ਇਤਨਾ ਇਉਂ ਰਹੀ ਗਜ਼ਲਕਾਰ ਹਾਂ ਬੜੀ।
ਪ੍ਰੋ: ਕੁਲਵੰਤ ਗਰੇਵਾਲ ਨੇ ਆਪਣੇ ਪ੍ਰਸਿੱਧ ਮਾਹੀਏ ਨਾਲ ਮਹਿਫਲ ਵਿਚ ਖੂਬ ਰੰਗ ਬੰਨ੍ਹਿਆ:
ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ

ਤੇਰਾ ਅੰਬਰਾਂ ‘ਚ ਨਾਂ ਲਿਖਿਆ
ਤੇਰੀਆਂ ਕਿਤਾਬਾਂ ਵਿਚ ਵੇ
ਸਾਡਾ ਨਾਂ, ਨਾ, ਨਿਸ਼ਾਂ ਲਿਖਿਆ।
ਲੋਕ ਕਵੀ ਕੁਲਵੰਤ ਗਰੇਵਾਲ ਨੇ ਅੱਜ ਦੇ ਗੀਤ ਸੰਗੀਤ ਬਾਰੇ ਵੀ ਆਪਣੇ ਬੋਲ ਸਾਂਝੇ ਕੀਤੇ:
ਬੇਦਰਦ ਫਿਜ਼ਾ ਹੋਈ
ਗਲੀ ਗਲੀ ਸ਼ੋਰ ਵਿਕਦਾ
ਗੀਤਾਂ ਨੂੰ ਸਜ਼ਾ ਹੋਈ।
ਪੰਜਾਬੀ ਮਾਂ-ਬੋਲੀ ਬਾਰੇ ਵੀ ਕੁਲਵੰਤ ਗਰੇਵਾਲ ਨੇ ਕਿਹਾ:
ਪੰਜਾਬੀ ਰਾਣੀ ਆਂ
ਪੁੱਤਰੋ ਨੇ ਕਿਉਂ ਲੜਦੇ
ਮੈਂ ਹੀ ਮਰ ਜਾਨੀ ਆਂ।
ਕੁਲਵੰਤ ਗਰੇਵਾਲ ਬਾਅਦ ਮਹਿਫਲ ਨੂੰ ਆਪਣੀ ਆਵਾਜ਼ ਨਾਲ ਕੀਲਣ ਵਾਲਾ ਸ਼ਾਇਰ ਗੁਰਨਾਮ ਸੁਰੀਲਾ ਆਇਆ ਅਤੇ ਉਸਨੇ ਤਰੱਨਮ ਵਿਚ ਗਾਇਆ:
ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸੱਜਣ ਦੀ ਆਵੇ
ਦੂਰ ਵਸੇਂਦੇ ਮਾਹੀ ਨੂੰ ਕੋਈ ਜਾ ਕੇ ਮੋੜ ਲਿਆਵੇ।
ਸਨਮਾਨਿਤ ਸ਼ਾਇਰਾ ਸੁਰਜੀਤ ਕੌਰ ਨੇ ਵੀ ਆਪਣੀਆਂ ਕਵਿਤਾਵਾਂ ਨਾਲ ਮਹਿਫਲ ਵਿਚ ਖੂਬ ਰੰਗ ਬੰਨ੍ਹਿਆ। ਸੁਰਜੀਤ ਨੂੰ ਇਹਨਾਂ ਬੋਲਾਂ ਤੇ ਖੂਬ ਦਾਦ ਮਿਲੀ:
ਜੇ ਪਲਾਂ ਵਿਚ ਜੀਣ ਦਾ ਵੱਲ ਆ ਜਾਵੇ
ਤਾਂ ਹਰ ਵਰੇਸ ਉਤਸਵ ਹੁੰਦੀ ਹੈ।
ਸੁਰਜੀਤ ਦੀ ਪੁਸਤਕ ‘ਵਿਸਮਾਦ’ ਵਿਚਲੀ ਕਵਿਤਾ ‘ਚੇਤਨਾ ਤੇ ਸਮੁੰਦਰ’ ਦੇ ਇਹ ਬੋਲ ਵੀ ਸਰੋਤਿਆਂ ਨੂੰ ਵਿੰਨ੍ਹ ਗਏ:
ਜੋ ਦਿਸਦਾ ਹੈ
ਉਸਦੇ ਆਰ-ਪਾਰ ਕੁਝ ਹੋਰ ਹੁੰਦਾ ਹੈ
ਅਸੀਮ ਨੂੰ ਪੜ੍ਹਨਾ ਹੈਤਾਂ
ਆਪਣੇ ਅੰਦਰ ਡੂੰਘਾ ਉਤਰਿਆ ਕਰ
ਇਸੇ ਤਰ੍ਹਾਂ ਸੁਰਜੀਤ ਨੇ ਆਪਣੀ ਪੁਸਤਕ ‘ਵਿਸਮਾਦ’ ਵਿਚੋਂ ਪਰਾਹੁਣੀ ਨਾਮ ਦੀ ਨਜ਼ਮ ਸੁਣਾਈ। ਇਸ ਵਿਚ ਸ਼ਾਇਰਾ ਨੇ ਜ਼ਿੰਦਗੀ ਵਿਚ ਕਰਨ ਲਈ ਮਾਨਣ ਲਈ ਬਹੁਤ ਕੁਝ ਹੋਣ ਦੇ ਬਾਵਜੂਦ ਮਨੁੱਖ ਵਲੋਂ ਵਾਧੂ ਅਤੇ ਬੇਅਰਥ ਕੰਮਾਂ ਵਿਚ ਗਵਾਏ ਜਾਂਦੇ ਅਜਾਈਂ ਸਮੇਂ ਦਾ ਜ਼ਿਕਰ ਕੀਤਾ ਹੈ ਅਤੇ ਫਿਰ ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਮੌਤ ਪਰਾਹੁਣੀ ਇਕ ਪਲ ਵੀ ਨਹੀਂ ਦਿੰਦੀ:
ਮੇਰੇ ਕੋਲ ਤਾਂ ਕਿੰਨਾ ਕੁਝ ਸੀ
ਇਸਨੂੰ ਦੇਣ ਲਈ,
ਪਰ ਇਸਨੇ ਆਪਣੀਆਂ ਤਲੀਆਂ
ਰੇਤ ਨਾਲ ਭਰੀਆਂ ਹੋਈਆਂ ਸਨ
ਪਰਾਹੁਣੀ ਉੱਠੀ ਤੇ ਕਹਿਣ ਲੱਗੀ,
ਸੌਰੀ, ਮੇਰੇ ਕੋਲ ਵੀ ਤੇਰੇ ਲਈ
ਹੋਰ ਮੁਹਲਤ ਨਹੀਂ,
ਚੱਲਣ ਦਾ ਵੇਲਾ ਚਲਦਾ ਨਹੀਂ ਹੁੰਦਾ।
ਉਭਰਦੀ ਸ਼ਾਇਰਾ ਵਤਨਦੀਪ ਕੌਰ ਵਤਨ ਤੋਂ ਦੂਰ ਜਾਣਾ ਤਾਂ ਚਾਹੁੰਦੀ ਹੈ ਪਰ ਵਾਪਸ ਪਰਤਣ ਦੇ ਇਰਾਦੇ ਨਾਲ:
ਮੇਰੀ ਵੀ ਇੱਛਾ ਹੈ
ਕਿਸੇ ਦੂਰ ਦੇਸ਼ ਵੱਲ ਜਾਵਾਂ
ਪਰ ਵਾਪਿਸ ਮੁੜ ਵਤਨੀ ਆਵਾਂ
ਤਾਂ ਜੋ ਮਾਣ ਸਕਾਂ
ਉਨ੍ਹਾਂ ਰੁੱਖਾਂ ਦੀਆਂ ਛਾਵਾਂ॥
ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ‘ਧੀ ਦੀ ਪੁਕਾਰ’ ਕਵਿਤਾ ਰਾਹੀਂ ਕਹਿ ਰਹੀ ਹੈ:
ਮੈਂ ਵੀ ਹਾਂ ਤੇਰੇ ਪੁੱਤਾਂ ਵਰਗੀ
ਪੁੱਤਾਂ ਤੋਂ ਵੀ ਜ਼ਿਆਦਾ ਪਿਆਰ ਦਿਆਂ
ਇਕ ਵਾਰ ਆਖ ਤਾਂ ਸਹੀ ਬਾਬਲਾ
ਮੈਂ ਜਾਨ ਵੀ ਤੈਥੋਂ ਵਾਰ ਦਿਆਂ।
ਪੱਤਰਕਾਰੀ ਵਿਭਾਗ ਦੇ ਇਕ ਹੋਰ ਵਿਦਿਆਰਥੀ ਸ਼ਾਇਰ ਆਕੀਬ ਹਾਮਿਦ ਬਾਨੀ ਨੇ ਆਪਣੀ ਉਰਦੂ ਗਜ਼ਲ ਸੁਣਾ ਕੇ ਖੂਬ ਵਾਹ ਵਾਹ ਖੱਟੀ:
ਕੁਛ ਨਹੀਂ ਹੋਗਾ ਅੰਧੇਰੋਂ ਕੋ ਬੁਰਾ ਕਹਿਨੇ ਸੇ
ਆਪਣੇ ਹਿੱਸੇ ਕਾ ਦਿਆ ਖੁਦ ਹੀ ਜਲਾਨਾ ਹੋਗਾ। ਇਸ ਮੁਸ਼ਾਇਰੇ ਵਿਚ ਹਰਪ੍ਰੀਤ ਕੌਰ, ਦਿਲਰਾਜ ਸਿੰਘ, ਕੁਲਦੀਪ, ਗੁਰਜੀਤ ਜੀਤੀ ਅਤੇ ਸੁਖਮੰਦਰ ਬਰਾੜ ਆਦਿ ਸ਼ਾਇਰਾਂ ਨੇ ਵੀ ਆਪਣਾ ਆਪਣਾ ਕਲਾਮ ਪੇਸ਼ ਕੀਤਾ।
ਸਮਾਰੋਹ ਦੇ ਅੰਤ ਵਿਚ ਕੈਲਗਰੀ ਤੋਂ ਆਏ ਗਲੋਬਲ ਪਰਵਾਸੀ ਸੀਨੀਅਰ ਸਿਟੀਜ਼ਨਸ ਦੇ ਪ੍ਰਧਾਨ ਸ੍ਰੀ ਸੱਤਪਾਲ ਕੌਸ਼ਲ ਨੇ ਕਿਹਾ ਕਿ ਉਹ ਬਜ਼ੁਰਗਾਂ ਦੀ ਸੇਵਾ ਕਰਨਾ ਵੀ ਇਕ ਵਧੀਆ ਗੀਤ ਗਾਉਣ ਵਾਂਗ ਹੀ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚਰਨਜੀਤ ਕੌਰ ਬਰਾੜ, ਡਾ. ਧੰਨਵੰਤ ਕੌਰ, ਡਾ. ਬਲਦੇਵ ਧਾਲੀਵਾਲ, ਡਾ. ਸੁਰਜੀਤ ਭੱਟੀ, ਪ੍ਰੋ. ਪਾਰੁਲ ਰਾਏਜਾਦਾ, ਲਕਸ਼ਮੀ ਨਰਾਇਣ ਭੀਖੀ ਅਤੇ ਉਜਾਗਰ ਸਿੰਘ ਆਦਿ ਹਾਜ਼ਰ ਸਨ। ਸਕੱਤਰ ਦੀ ਭੂਮਿਕਾ ਡਾ. ਪਰਮਜੀਤ ਕੱਟੂ ਨੇ ਬਾਖੂਬੀ ਨਿਭਾਈ।

LEAVE A REPLY