sports-news-300x150ਨਵੀਂ ਦਿੱਲੀ: ਆਈ. ਪੀ. ਐੱਲ. ਨਿਲਾਮੀ ‘ਚ ਹਰ ਵਾਰ ਨਵੇਂ ਹੁਨਰਮੰਦ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲਦਾ ਹੈ। ਸੀਜ਼ਨ-9 ‘ਚ ਵੀ ਕਈ ਖਿਡਾਰੀਆਂ ਨੇ ਆਪਣੀ ਕਿਸਮਤ ਅਜ਼ਮਾਈ ਤੇ ਰਾਤੋਂ-ਰਾਤ ਕਰੋੜਪਤੀ ਬਣ ਗਏ। ਉਸੇ ਤਰ੍ਹਾਂ 20 ਸਾਲਾ ਨਾਥੂ ਸਿੰਘ ਦੀ ਵੀ ਕਿਸਮਤ ਬਦਲ ਗਈ ਤੇ ਉਸ ਨੂੰ ਆਈ. ਪੀ. ਐੱਲ. ‘ਚ ਚਮਕਣ ਦਾ ਮੌਕਾ ਮਿਲ ਗਿਆ। ਨਾਥੂ ਸਿੰਘ ਨੂੰ ਮੁੰਬਈ ਇੰਡੀਅਨਸ ਨੇ 3.2 ਕਰੋੜ ਰੁਪਏ ‘ਚ ਖਰੀਦਿਆ। ਨਾਥੂ ਸਿੰਘ ਇਕ ਸਾਧਾਰਣ ਪਰਿਵਾਰ ਤੋਂ ਹੈ। 4 ਸਾਲ ਪਹਿਲਾਂ ਫੈਕਟਰੀ ‘ਚ ਕੰਮ ਕਰਨ ਵਾਲੇ ਭਰਤ ਸਿੰਘ ਨੇ ਇਕ ਸਥਾਨਕ ਸ਼ਖਸ ਤੋਂ 10 ਹਜ਼ਾਰ ਰੁਪਏ ਉਧਾਰ ਲੈ ਕੇ ਬੇਟੇ ਨੂੰ ਜੈਪੁਰ ਦੀ ਕ੍ਰਿਕਟ ਅਕੈਡਮੀ ‘ਚ ਕੋਚਿੰਗ ਦਿਵਾਈ। ਨਿਲਾਮੀ ਤੋਂ ਬਾਅਦ ਉਸ ਨੇ ਦੱਸਿਆ, ‘ਹਰ ਮਹੀਨੇ ਮੈਨੂੰ 10 ਹਜ਼ਾਰ ਰੁਪਏ ਫੀਸ ਦੇਣੀ ਪੈਂਦੀ ਸੀ। ਸਾਡੇ ਲਈ ਇਹ ਵੱਡੀ ਰਕਮ ਸੀ। ਮੇਰੇ ਪਿਤਾ ਨੇ ਇਹ ਰਕਮ ਉਧਾਰ ਲਈ ਤੇ ਉਹ ਵੀ ਦੋ ਫੀਸਦੀ ਸਾਲਾਨਾ ਵਿਆਜ ‘ਤੇ। ਮੈਂ ਅਭਿਆਸ ਵੇਲੇ ਉਹ ਬੂਟ ਪਹਿਨਦਾ ਸੀ, ਜਿਨ੍ਹਾਂ ਨੂੰ ਸੀਨੀਅਰ ਪਹਿਨਣਾ ਬੰਦ ਕਰ ਦਿੰਦੇ ਸਨ। ਮੈਂ ਲੋਕਲ ਟੂਰਨਾਮੈਂਟਾਂ ‘ਚ ਖੇਡ ਕੇ ਕਿੱਟ ਵਾਸਤੇ ਪੈਸਾ ਕਮਾਉਂਦਾ ਸੀ।’ ਨਿਲਾਮੀ ਬਾਰੇ ਪੁੱਛਣ ‘ਤੇ ਉਸ ਨੇ ਕਿਹਾ, ‘ਮੈਂ ਵੀ ਤਣਾਅ ‘ਚ ਸੀ। ਮੇਰੇ ਲਈ ਪਹਿਲੀ ਬੋਲੀ ਆਰ. ਸੀ. ਬੀ. ਨੇ 10 ਲੱਖ ਰੁਪਏ ਲਗਾਈ ਸੀ। ਮੈਨੂੰ ਹੱਦੋਂ ਵੱਧ ਖੁਸ਼ੀ ਹੋਈ। ਮੇਰੇ ਲਈ ਬੋਲੀ ਦੀ ਰਕਮ ਤੋਂ ਜ਼ਿਆਦਾ ਅਹਿਮ ਗੱਲ ਇਹ ਸੀ ਕਿ ਮੈਨੂੰ ਆਈ. ਪੀ. ਐੱਲ. ‘ਚ ਖੇਡਣ ਦਾ ਮੌਕਾ ਮਿਲੇ।’

LEAVE A REPLY