main newsਜਿਉਂ ਹੀ ਬਾਬਾ ਆਤਮਾ ਸਿਉਂ ਸੱਥ ਵੱਲ ਨੂੰ ਆਉਂਦਾ ਬੰਤ ਮਾਸਟਰ ਦੇ ਘਰ ਮੂਹਰਦੀ ਲੰਘਣ ਲੱਗਿਆ ਤਾਂ ਮਾਸਟਰ ਨੇ ਬਾਬੇ ਨੂੰ ਫ਼ਤਿਹ ਬਲਾਉਂਦਿਆਂ ਪੁੱਛਿਆ, ”ਬਾਬਾ ਜੀ ਸੱਥ ‘ਚ ਚੱਲੇ?”
ਬਾਬਾ ਆਤਮਾ ਸਿਉਂ ਮਾਸਟਰ ਦੀ ਗੱਲ ਸੁਣ ਕੇ ਤੁਰਿਆ ਜਾਂਦਾ ਦੋਵੇਂ ਹੱਥ ਸੋਟੀ ‘ਤੇ ਧਰ ਕੇ ਸੋਟੀ ਦੇ ਸਹਾਰੇ  ਮਾਸਟਰ ਕੋਲ ਖੜ੍ਹ ਕੇ ਬੋਲਿਆ, ”ਚੱਲਿਆ ਤਾਂ ਮਾਹਟਰ ਸੱਥ ਨੂੰ ਆਂ ਜੇ ਕੋਈ ਟਿਕਣ ਦੇਊ ਤਾਂ।”
ਮਾਸਟਰ ਦੇ ਘਰੋਂ ਨਿਕਲਦੀ ਬਜਰੰਗੇ ਡਾਕੀਏ ਦੇ ਘਰ ਵਾਲੀ ਮੂਰਤੀ ਵੀ ਘੁੰਡ ਸਰਕਾਉਂਦੀ ਬਾਬੇ ਆਤਮਾ ਸਿਉਂ ਦੇ ਪੈਰੀਂ ਹੱਥ ਲਾ ਕੇ ਬੋਲੀ, ”ਬਾਬਾ ਜੀ ਤਕੜੇ ਐਂ ਹੁਣ, ਦੁਆਈ ‘ਚ ਨਾਗਾ ਨਾ ਪਾਇਓ, ਜਿਮੇਂ ਡਾਕਦਾਰ ਨੇ ਕਿਹਾ ਖਾਈ ਜਾਇਓ ਦੁਆਈ। ਨਾਲੇ ਅਜੇ ਕੁਸ ਦਿਨ ‘ਰਾਮ ਕਰ ਲੈਣਾ ਸੀ। ਮੈਨੂੰ ਤਾਂ ਸੋਡੇ ਭਤੀਜੇ ਨੇ ਦੱਸਿਆ ਬਈ ਬਾਬਾ ਜੀ ਢਿੱਲੇ ਹੋ ਗੇ ਸੀ, ਕਈ ਦਿਨ ਹੱਥਪਤਾਲ ‘ਚ ਰਹਿ ਕੇ ਆਏ ਐ। ਮੈ ਕਿਹਾ ਕੱਲ੍ਹ ਨੂੰ ਪਤਾ ਲੈ ਕੇ ਆਊਂਗੀ। ਤੁਸੀਂ ਸਬੱਬ ਨਾਲ ਮਿਲ ਈ ਗਏ।”
ਬਾਬਾ ਮੂਰਤੀ ਨੂੰ ਕਹਿੰਦਾ, ”ਹੁਣ ਤਾਂ ਭਾਈ ਠੀਕ ਐਂ ਮੈਂ। ਦੁਆਈ ਤਾਂ ਵੇਖ ਲਾ ਹੁਣ ਖਾਣੀ ਪੈਣੀ ਐ ਜਿੰਨਾ ਚਿਰ ਸਰੀਰ ਐ। ਨਾਲੇ ਬੁੱਢੀ ਮਸ਼ੀਨਰੀ ਤਾਂ ਦੁਆਈਆਂ ਬੂਟੀਆਂ ਨਾਲ ਈ ਚੱਲਦੀ ਐ।”
ਬਾਬੇ ਦੇ ਢਿੱਲੇ ਮੱਠੇ ਬਾਰੇ ਸੁਣ ਕੇ ਬੰਤ ਮਾਸਟਰ ਨੇ ਵੀ ਬਾਬੇ ਨੂੰ ਹੈਰਾਨੀ ਨਾਲ ਪੁੱਛਿਆ, ”ਕੀ ਗੱਲ ਹੋ ਗੀ ਸੀ ਬਾਬਾ ਜੀ, ਬੁਖਾਰ ਬੁਖੂਰ ਚੜ੍ਹਦਾ ਸੀ ਕੁ ਕੁਸ ਹੋਰ ਹੋ ਗਿਆ ਸੀ, ਮੈਨੂੰ ਤਾਂ ਲੈ ਸੋਡੇ ਦੱਸੇ ਤੋਂ ਪਤਾ ਲੱਗਿਆ ਬਈ ਤੁਸੀਂ ਢਿੱਲੇ ਹੋ ਗੇ ਸੀ।?”
ਬਾਬਾ ਮਾਸਟਰ ਨੂੰ ਕਹਿੰਦਾ, ”ਕਾਹਨੂੰ ਮਾਹਟਰ ਤਾਪ ਚੜ੍ਹਿਆ ਸੀ, ਇਹ ਤਾਂ ਕਿਤੇ ਵੇਲੇ ਕਵੇਲੇ ਖਾਧੇ ਪੀਤੇ ਕਰ ਕੇ ਬਦਹਾਜਮਾ ਜਾ ਹੋ ਗਿਆ ਸੀ। ਪੰਜ ਦਿਨ ਹੱਥਪਤਾਲ ‘ਚ ਲੱਗ ਗੇ।”
ਗੱਲਾਂ ਕਰਦੇ ਕਰਦੇ ਬੰਤ ਮਾਸਟਰ ਤੇ ਬਾਬਾ ਆਤਮਾ ਸਿਉਂ ਹੌਲੀ ਹੌਲੀ ਤੁਰਦੇ ਤੁਰਦੇ ਸੱਥ ‘ਚ ਆ ਪਹੁੰਚੇ। ਸੱਥ ‘ਚ ਤਾਸ਼ ਖੇਡੀ ਜਾਂਦੇ ਹਾਕਮ ਕੇ ਖੱਡੂ ਨੇ ਪੱਤਾ ਸੁੱਟ ਕੇ ਬਾਬੇ ਨੂੰ ਸੱਥ ‘ਚ ਆਉਂਦਿਆਂ ਹੀ ਪੁੱਛਿਆ, ”ਬਾਬਾ ਤਕੜੈਂ ਹੁਣ, ਸੁਣਿਐ ਢਿੱਡ ‘ਚ ਕੋਈ ਗੜਬੜ ਹੋ ਸੀ ਹੈਂਅ।”
ਬੰਤ ਮਾਸਟਰ ਕਹਿੰਦਾ, ”ਬਦਹਾਜਮਾ ਹੋ ਗਿਆ ਦੱਸਦਾ ਬਾਬਾ। ਹੁਣ ਤਾਂ ਠੀਕ ਐ ਜਿਹੜਾ ਆਵਦੀ ਆਪ ਤੁਰ ਕੇ ਸੱਥ ‘ਚ ਆ ਗਿਆ।”
ਏਨੇ ਚਿਰ ਨੂੰ ਸੀਤੇ ਮਰਾਸੀ ਨੇ ਬਾਬੇ ਨੂੰ ਸੱਥ ‘ਚ ਆ ਕੇ ਪੁੱਛਿਆ, ”ਕੀ ਗੱਲ ਹੋ ਗੀ ਬਾਬਾ ਮਰੋੜੇ ਮਰਾੜੇ ਲੱਗ ਗੇ ਸੀ ਕੁ ਤਾਪ ਤੂਪ ਚੜ੍ਹ ਗਿਆ ਸੀ ਕਹਿੰਦੇ ਹੱਥਪਤਾਲ ‘ਚ ਰਿਹੈਂ ਤੂੰ?”
ਬਾਬਾ ਕਹਿੰਦਾ, ”ਕਈ ਦਿਨ ਲੱਗ ਗੇ ਮੀਰ ਹੱਥਪਤਾਲ ‘ਚ ਤਾਂ। ਊਈ ਬਦਹਾਜਮਾ ਜਾ ਹੋ ਗਿਆ ਸੀ ਕੁਸ ਪਚਦਾ ਪਚਾਉਂਦਾ ਨ੍ਹੀ ਸੀ ਚੱਜ ਨਾਲ। ਹੁਣ ਤਾਂ ਕੁਸ ‘ਰਾਮ ਐ, ਪਰ ਪੂਰਾ ਰਾਜੀ ਹੋਣ ਨੂੰ ਤਾਂ ਲੱਗੂਗਾ ਸਮਾਂ ਹਜੇ।”
ਸੂਬੇਦਾਰ ਰਤਨ ਸਿਉਂ ਨੇ ਬਾਬੇ ਤੋਂ ਹਾਲ ਸੁਣ ਕੇ ਬਾਬੇ ਨੂੰ ਸਲਾਹ ਦਿੱਤੀ, ”ਖ਼ੂਨ ਤੇ ਪਸ਼ਾਬ ਟੈਸਟ ਕਰਾ ਆਤਮਾ ਸਿਆਂ। ਜੇ ਮਾੜੀ ਮੋਟੀ ਕੋਈ ਕਸਰ ਰਹਿੰਦੀ ਹੋਈ ਤਾਂ ਉਹ ਵੀ ਦੂਰ ਹੋ ਜੂ।”
ਗੱਲਾਂ ਸੁਣੀ ਜਾਂਦੇ ਚੁੱਪ ਕਰੀ ਬੈਠੇ ਨਾਥੇ ਅਮਲੀ ਨੇ ਵੀ ਖੋਹਲੀ ਟਿੱਚਰ ਪਟਾਰੀ ਫ਼ਿਰ, ”ਹੱਥਪਤਾਲ ਆਲਿਆਂ ਨੇ ਕੇਰਾਂ ਤਾਂ ਬਾਬਾ ਟੱਲੀ ਅਰਗਾ ਬਣਾ ਕੇ ਤੋਰ ‘ਤਾ, ਹੁਣ ਤੁਸੀਂ ਨਾ ਕਿਤੇ ਬਾਬੇ ਦਾ ਦਬਾਰੇ ਭੀਚਕੜਾ ਬਲਾ ਦਿਓ। ਬਦਹਾਜਮੇ ਦਾ ਬਮਾਰ ਕੀਤਾ ਬਾਬਾ ਡਾਕਦਾਰਾਂ ਨੇ ਤਾਂ ਰਾਜੀ ਕਰ ਈ ਦਿੱਤਾ, ਸੋਡੇ ਬਮਾਰ ਕੀਤੇ ਨੂੰ ਤਾਂ ਦਿੱਲੀ ਆਲੇ ਡਾਕਦਾਰਾਂ ਨੇ ਵੀ ਹੱਥ ਨ੍ਹੀ ਪਾਉਣਾ। ਅਕੇ ਖ਼ੂਨ ਤੇ ਪਸ਼ਾਬ ਵੀ ਬਾਬਾ ਟੈਸਟ ਕਰਾ। ਹੋਰ ਸੁਣ ਲੋ ਸੂਬੇਦਾਰ ਦੀ। ਇਹ ਵੀ ਫ਼ੌਜੀ ਠੀਕ ਈ ਹੁੰਦੇ ਐ। ਲੈ ਭਲਾ ਦੱਸੋ ਬਈ ਖ਼ੂਨ ਪਸ਼ਾਬ ਨੂੰ ਕੀ ਸਿਉਂਕ ਲੱਗ ਗੀ। ਐਮੇਂ ਨਾ ਬਾਬਾ ਕੋਈ ਪੰਗਾ ਲੈ ਲੀਂ। ਹੋਰ ਗਾਹਾਂ ਖ਼ੂਨ ਕਢਾ ਕੇ ਬਹਿ ਜੀਂ। ਬੁੱਢੀ ਉਮਰੇ ਪੂਰਾ ਮਨ੍ਹੀ ਹੋਣਾ। ਕੀ ਹੋਇਆ ਭਲਾ ਖ਼ੂਨ ਪਸ਼ਾਬ ਨੂੰ। ਔਹ ਆਪਣੇ ਗੁਆੜ ਆਲੇ ਘੀਚਰ ਬੁੜ੍ਹੇ ਕਾ ਤੇਜੂ ਗਿਆ ਈ ਪਸ਼ਾਬ ਤੇ ਖ਼ੂਨ ਟੈਸਟ ਕਰਾਉਣ। ਵੀਹ ਦਿਨ ਹੋ ਗੇ ਹੁਣ ਸ਼ਰਮ ਦਾ ਮਾਰਾ ਘਰੋਂ ਬਾਹਰ ਈ ਨ੍ਹੀ ਨਿੱਕਲਦਾ।”
ਸੂਬੇਦਾਰ ਨੇ ਨਾਥੇ ਅਮਲੀ ਨੂੰ ਪੁੱਛਿਆ, ”ਕਿਉਂ ਤੇਜੂ ਨੂੰ ਕੀ ਹੋ ਗਿਆ ਸੀ ਬਾਹਰ ਕਿਉਂ ਨ੍ਹੀ ਨਿੱਕਲਦਾ ਬਈ?”
ਅਮਲੀ ਕਹਿੰਦਾ, ”ਉਹਨੂੰ ਵੀ ਤੇਰੇ ਅਰਗੇ ਕਿਸੇ ਫ਼ੌਜੀ ਨੇ ਖ਼ੂਨ ਪਸ਼ਾਬ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ। ਉਹਨੂੰ ਵੀ ਆਹੀ ਬਮਾਰੀ ਪੈ ਗੀ ਸੀ ਜਿਮੇਂ ਕਣਕ ਨੂੰ ਕਾਂਗਿਆਰੀ ਪੈਂਦੀ ਹੁੰਦੀ ਐ। ਐਹੋ ਜਾ ਖ਼ੂਨ ਪਸ਼ਾਬ ਟੈਸਟ ਹੋਇਆ, ਪਤੰਦਰ ਸੱਥ ‘ਚ ਆਉਣੋਂ ਵੀ ਰਹਿ ਗਿਆ।”
ਸੂਬੇਦਾਰ ਨੇ ਪੁੱਛਿਆ, ”ਕਿਉਂ ਉਹਨੂੰ ਕੀ ਹੋ ਗਿਆ ਸੀ ਗੱਲ ਵੀ ਦੱਸ ਬਈ ਟੈਸਟ ‘ਚ ਕੋਈ ਗੜਬੜ ਹੋ ਗੀ ਸੀ ਕੁ ਕੋਈ ਹੋਰ ਗੱਲ ਐ?”
ਅਮਲੀ ਕਹਿੰਦਾ, ”ਗੜਬੜ ਕੀ ਹੋਣੀ ਸੀ। ਇੱਕ ਤਾਂ ਤੇਜੂ ਵਚਾਰਾ ਊਂ ਅਣਪੜ੍ਹ ਐ। ਦੂਜਾ ਜਾ ਵੜਿਆ ਮੰਡੀ ਆਲੇ ਡਾਕਦਾਰ ਦੇ।”
ਮਾਹਲਾ ਨੰਬਰਦਾਰ ਅਮਲੀ ਦੀ ਗੱਲ ਵਿੱਚੋਂ ਟੋਕ ਕੇ ਕਹਿੰਦਾ, ”ਆਪਣੇ ਪਿੰਡ ਆਲੇ ਜਿਹੜਾ ਧੰਨੇ ਕੀ ਬੈਠਕ ‘ਚ ਡਾਕਦਾਰ ਬੈਠਾ ਸੀਸੀਆਂ ਜੀਆਂ ਰੱਖੀ, ਉਹਨੇ ਭੇਜਿਆ ਸੀ। ਤੇਜੂ ਕਦੇ ਟੱਪਿਆ ਤਾਂ ਪਿੰਡ ਦੀ ਜੂਹ ਨ੍ਹੀ। ਜਾ ਵੜਿਆ ਸ਼ਹਿਰ। ਉਹਨੂੰ ਕੀ ਪਤਾ ਲੱਗਣਾ ਸੀ ਕਾਸੇ ਦਾ।”
ਨੰਬਰਦਾਰ ਦੀ ਗੱਲ ਸੁਣ ਕੇ ਬਾਬਾ ਆਤਮਾ ਸਿਉਂ ਨੰਬਰਦਾਰ ਨੂੰ ਕਹਿੰਦਾ, ”ਤੂੰ ਗੱਲ ਤਾਂ ਨੰਬਰਦਾਰਾ ਸੁਣ ਲਾ ਪਹਿਲਾਂ। ਜੀਹਨੇ ਮਰਜੀ ਭੇਜਿਆ ਹੋਵੇ, ਤੂੰ ਗੱਲ ਸੁਣ। ਗਾਹਾਂ ਗੱਲ ਕਰ ਨਾਥਾ ਸਿਆਂ।”
ਨਾਥਾ ਅਮਲੀ ਕਹਿੰਦਾ, ”ਭਾਮੇਂ ਆਪਣੇ ਪਿੰਡ ਆਲੇ ਨੇ ਈਂ ਭੇਜਿਆ ਸੀ, ਕਿਸੇ ਜਾਣਕਾਰ ਨੂੰ ਨਾਲ ਲੈ ਕੇ ਜਾਂਦਾ। ਅਸਲ ਗੱਲ ਤਾਂ ਬਾਬਾ ਇਉਂ ਹੋਈ ਐ। ਇਹਨੂੰ ਤੇਜੂ ਨੂੰ ਕਈ ਦਿਨ ਤਾਪ ਚੜ੍ਹਦਾ ਰਿਹਾ। ਇਹ ਆਪਣੇ ਪਿੰਡ ਆਲੇ ਡਾਕਦਾਰ ਤੋਂ ਸੂਏ ਸਾਏ ਲੁਆਉਂਦਾ ਰਿਹਾ। ਤਾਪ ਫ਼ਿਰ ਵੀ ਨਾ ਉੱਤਰਿਆ। ਓੱਥੇ ਈ ਕਿਤੇ ਡਾਕਦਾਰ ਕੋਲੇ ਛਿੰਭਾ ਫ਼ੌਜੀ ਜਾ ਵੜਿਆ। ਛਿੰਭਾ ਫ਼ੌਜੀ ਡਾਕਦਾਰ ਨੂੰ ਕਹਿੰਦਾ ‘ਇਹਦਾ ਖ਼ੂਨ ਪਸ਼ਾਬ ਟੈਸਟ ਕਰਾ, ਫ਼ੇਰ ਪਤਾ ਲੱਗੂ ਬਖਾਰ ਕਿਉਂ ਨ੍ਹੀ ਲਹਿੰਦਾ’। ਡਾਕਦਾਰ ਨੇ ਤੇਜੂ ਨੂੰ ਮੰਡੀ ਆਲੇ ਖੜੈਤੀ ਰਾਮ ਡਾਕਦਾਰ ਕੋਲ ਭੇਜ ‘ਤਾ। ਜਦੋਂ ਤੇਜੂ ਖੜੈਤੀ ਰਾਮ ਕੋਲ ਗਿਆ ਤਾਂ ਉਹ ਤੇਜੂ ਨੂੰ ਕਹਿੰਦਾ ‘ਤੇਰਾ ਖ਼:ੂਨ, ਪਸ਼ਾਬ ਤੇ ਜੰਗਲ ਪਾਣੀ ਟੈਸਟ ਕਰਾਂਗੇ। ਇਹ ਤਿੰਨੇ ਚੀਜਾਂ ਲੈ ਕੇ ਕੱਲ੍ਹ ਨੂੰ ਨਿਰਨੇ ਕਾਲਜੇ ਆ ਜੀਂ। ਜੰਗਲ ਪਾਣੀ ਤੇ ਪਸ਼ਾਬ ਘਰੋਂ ਲੈ ਆਮੀੰਂ, ਖੂਨ ਐਥੇ ਆਏ ਦਾ ਲੈ ਲਾਂ ਗੇ’। ਤੇਜੂ ਤਾਂ ਬਾਬਾ ਅਗਲੇ ਦਿਨ ਦੀ ਥਾਂ ਤੀਜੇ ਦਿਨ ਗਿਆ। ਦੋ ਦਿਨਾਂ ਦਾ ਪਸ਼ਾਬ ਤੇ ਦੋ ਦਿਨਾਂ ਦਾ ਜੰਗਲ ਪਾਣੀ ਲੈ ਕੇ ਪਸ਼ਾਬ ਦੀ ਬੋਤਲ ਭਰ ਕੇ ਝੋਲੇ ‘ਚ ਪਾ ਲੀ, ਜੰਗਲ ਪਾਣੀ ਚਾਰ ਕਿੱਲੋ ਆਲੀ ਪੀਪੀ ‘ਚ ਪਾ ਕੇ ਸਾਰਿਆਂ ਤੋਂ ਪਹਿਲਾਂ ਈਂ ਡਾਕਦਾਰ ਕੋਲ ਜਾ ਖੜ੍ਹਿਆ। ਜਦੋਂ ਡਾਕਦਾਰ ਆ ਕੇ ਆਵਦੀ ਮੇਚ ਕੁਰਸੀ ‘ਤੇ ਬੈਠਾ ਤਾਂ ਤੇਜੂ ਨੇ ਸਣੇ ਝੋਲੇ ਪਸ਼ਾਬ ਆਲੀ ਬੋਤਲ ਤੇ ਜੰਗਲ ਪਾਣੀ ਆਲੀ ਚਾਰ ਕਿੱਲੋ ਆਲੀ ਪੀਪੀ ਡਾਕਦਾਰ ਦੇ ਮੇਚ ‘ਤੇ ਜਾ ਧਰੀ। ਡਾਕਦਾਰ ਨੇ ਜਦੋਂ ਫੁੱਲ ਬੂਟੀਆਂ ਆਲੇ ਮੈਲ਼ੇ ਜੇ ਚਿੱਟੇ ਝੋਲੇ ‘ਚ ਬੋਤਲ ਵੇਖੀ ਤਾਂ ਡਾਕਦਾਰ ਤੇਜੂ ਨੂੰ ਕਹਿੰਦਾ ‘ਮੈਂ ਤਾਂ ਸ਼ਰਾਬ ਪੀਂਦਾ ਈ ਨ੍ਹੀ, ਇਹਦੀ ਕੀ ਲੋੜ ਸੀ। ਨਾ ਹੀ ਮੈਂ ਘਿਉ ਖਾਧਾ ਕਦੇ। ਅਸੀਂ ਤਾਂ ਸਾਰੇ ਡਾਕਦਾਰ ਹਰੇਕ ਨੂੰ ਘਿਉ ਖਾਣ ਤੋਂ ਵਰਜਦੇ ਐਂ ਤੁੰ ਪਤੰਦਰਾ ਚਾਰ ਕਿੱਲੋ ਆਲੀ ਪੀਪੀ ਭਰੀ ਫ਼ਿਰਦੈਂ। ਘਿਉ ਘਾਹ ਦੀ ਲੋੜ ਨ੍ਹੀ ਤੂੰ ਲੈ ਜਾ ਇਹੇ’। ਅਕੇ ਤੇਜੂ ਡਾਕਦਾਰ ਨੂੰ ਕਹਿੰਦਾ ‘ਆਹ ਬੋਤਲ ‘ਚ ਤਾਂ ਦੋ ਤਿੰਨਾਂ ਦਿਨਾਂ ਦਾ ਪਸ਼ਾਬ ਐ ਜੀ, ਆਹ ਪੀਪੀ ‘ਚ ਜੰਗਲ ਪਾਣੀ ਲਿਆਂਦਾ ਟੈਸਟ ਕਰਨ ਨੂੰ’। ਜਦੋਂ ਬਾਬਾ ਡਾਕਦਾਰ ਨੇ ਤੇਜੂ ਤੋਂ ਇਹ ਸੁਣੀ ਤਾਂ ਡਾਕਦਾਰ ਮੱਥੇ ‘ਤੇ ਹੱਥ ਮਾਰ ਕੇ ਬੋਲਿਆ ‘ਓਏ ਪਾਗਲਾ ਐਨਾ ਕੀ ਕਰਨਾ ਸੀ। ਇਹ ਤਾਂ ਥੋੜ੍ਹਾ ਥੋੜ੍ਹਾ ਈ ਚਾਹੀਦਾ ਹੁੰਦਾ’। ਡਾਕਦਾਰ ਦੀ ਗੱਲ ਸੁਣ ਕੇ ਤੇਜੂ ਡਾਕਦਾਰ ਨੂੰ ਕਹਿੰਦਾ ‘ਜਿੰਨਾ ਲੋੜ ਐ ਤੁਸੀਂ ਵਰਤ ਲੋ ਬਾਕੀ ਏਥੇ ਈ ਰੱਖ ਲੋ ਹੋਰ ਕਿਸੇ ਦੇ ਕੰਮ ਆ ਜੂ ਨਾਲੇ ਅਗਲੇ ਦਾ ਭਲਾ ਹੋ ਜੂ’। ਜਦੋਂ ਡਾਕਦਾਰ ਨੇ ਤੇਜੂ ਦੀ ਇਹ ਗੱਲ ਸੁਣੀ ਤਾਂ ਡਾਕਦਾਰ ਆਵਦੇ ਕਮਰੇ ‘ਚੋਂ ਇਉਂ ਭੱਜ ਕੇ ਬਾਹਰ ਨਿੱਕਲਿਆ ਜਿਮੇਂ ਕੁੱਤਾ ਮਗਰ ਪਏ ਤੋਂ ਭਈਆ ਤੂੜੀ ਦੀ ਪੰਡ ਸਿੱਟ ਕੇ ਭੱਜ ਗਿਆ ਹੋਵੇ।”
ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਅਮਲੀਆ ਫ਼ੇਰ ਮਰੀਜਾਂ ਦਾ ਕੀ ਬਣਿਆ ਜਿਹੜੇ ਹੋਰ ਮਰੀਜ ਦੁਆਈ ਲੈਣ ਆਏ ਬੈਠੇ ਸੀ?”
ਅਮਲੀ ਤਾਂ ਬੋਲਿਆ ਨਾ ਬਾਬਾ ਆਤਮਾ ਸਿਉਂ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਮਰੀਜ ਡਾਕਦਾਰ ਨੂੰ ਫ਼ੜਨ ਉਹਦੇ ਮਗਰ ਭੱਜ ਲੇ ਹੋਣੇ ਐਂ, ਹੋਰ ਮਰੀਜਾਂ ਨੇ ਕੀ ਕਰਨਾ ਸੀ।”
ਬਾਬੇ ਤੇ ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਖਿੱਝ ਕੇ ਬੋਲਿਆ, ”ਤੂੰ ਬਾਹਲ਼ਾ ਸਿਆਣਾ ਓਏ ਦੂਜਿਆਂ ਤੋਂ। ਨਾਲੇ ਤਾਂ ਸੁਆਦ ਲੈ ਲੈ ਗੱਲਾਂ ਸੁਣਦੇ ਐਂ ਨਾਲੇ ਟਿੱਚਰਾਂ ਕਰਦੇ ਐਂ ਅਗਲੇ ਨੂੰ?”
ਸੀਤਾ ਮਰਾਸੀ ਕਹਿੰਦਾ, ”ਮੈਂ ਕੀ ਕਿਹਾ, ਕਿਹਾ ਤਾਂ ਬਾਬੇ ਨੇ ਐਂ ਬਈ ਮਰੀਜ ਡਾਕਦਾਰ ਨੂੰ ਫ਼ੜਨ ਉਹਦੇ ਮਗਰ ਭੱਜ ਲੇ ਹੋਣਗੇ। ਮੈਂ ਤਾਂ ਇਉਂ ਈ ਪੁੱਛਿਆ ਬਈ ਜਦੋਂ ਡਾਕਦਾਰ ਆਵਦੇ ਕਮਰੇ ‘ਚੋਂ ਭੱਜ ਕੇ ਬਾਹਰ ਨਿਕਲਿਆ ਤਾਂ ਮਰੀਜਾਂ ਦਾ ਕੀ ਬਣਿਆ ਜਿਹੜੇ ਦੁਆਈ ਲੈਣ ਆਏ ਬੈਠੇ ਸੀ। ਤੂੰ ਪਤੰਦਰਾ ਉਈਂ ਮੇਰੇ ਮਗਰ ਪੈ ਗਿਐਂ ਜਿਮੇਂ ਕਤੀੜ੍ਹ ਮੰਗਤਿਆਂ ਦੇ ਮਗਰ ਪੈ ਜਾਂਦੇ ਐ।”
ਜਦੋਂ ਮਰਾਸੀ ਨੇ ਕਤੀੜ ਕਿਹਾ ਤਾਂ ਅਮਲੀ ਮਰਾਸੀ ਨੂੰ ਟੁੱਟ ਕੇ ਪੈ ਗਿਆ। ਕਹਿੰਦਾ, ”ਮੈਂ ਕਤੀੜ ਆਂ ਓਏ। ਮੰਗ ਖਾਣੀ ਜਾਤ ਤਾਂ ਸੋਨੂੰ ਕਹਿੰਦੇ ਐ, ਸਾਲਾ ਦੀਵੇ ਨੱਕਾ ਜਾ ਨਾ ਹੋਵੇ ਤਾਂ।”
ਮਰਾਸੀ ਅਮਲੀ ਨੂੰ ਖਿਝਿਆ ਵੇਖ ਕੇ ਇਉਂ ਚੁੱਪ ਕਰ ਗਿਆ ਜਿਮੇਂ ਦਿਵਾਲੀ ਵੇਲੇ ਅਨਾਰ ਪਟਾਕੇ ਨੂੰ ਅੱਗ ਲਾਈ ਤੋਂ ਉਹ ਚੱਲਣ ਤੋਂ ਪਹਿਲਾਂ ਹੀ ਲਾਟ ਜੀ ਕੱਢ ਕੇ ਬੁਝ ਗਿਆ ਹੋਵੇ। ਬਾਬਾ ਆਤਮਾ ਸਿਉਂ ਮਰਾਸੀ ਤੇ ਅਮਲੀ ਨੂੰ ਆਪਸ ਵਿੱਚ ਚੁੰਝੋ ਚੁੰਝੀ ਹੁੰਦਿਆਂ ਵੇਖ ਕੇ ਕਹਿੰਦਾ, ”ਚੱਲੋ ਓਏ ਮੁੰਡਿਓ ਉਠੋ ਘਰਾਂ ਨੂੰ ਚਲੀਏ, ਐਮੇਂ ਬਿਨਾਂ ਗੱਲ ਤੋਂ ਲੜ ਪੋਂ ਗੇ।”
ਜਿਉਂ ਹੀ ਬਾਬਾ ਆਤਮਾ ਸਿਉਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵੀ ਉੱਠ ਕੇ ਤੇਜੂ ਦੀਆਂ ਗੱਲਾਂ ਕਰਦੀ ਆਪੋ ਆਪਣੇ ਘਰਾਂ ਨੂੰ ਤੁਰ ਪਈ।

LEAVE A REPLY