5ਅੰਮ੍ਰਿਤਸਰ/ਚੰਡੀਗੜ : ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਾਮੀ 2017 ਦੀਆਂ ਚੋਣਾਂ ਵਿਚ ਜ਼ਿਆਦਾਤਰ ਨਵੇਂ ਚਿਹਰੇ ਸਾਹਮਣੇ ਲਿਆਂਦੇ ਜਾਣਗੇ ਅਤੇ ਨੌਜਵਾਨਾਂ ਨੂੰ ਵੱਧ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਹਰੇਕ ਵਿਧਾਇਕ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਨਾਂ ਦੇ ਹਲਕੇ ਦੇ ਲੋਕਾਂ ਤੋਂ ਉਨਾਂ ਬਾਰੇ ਵਿਚਾਰ ਲਏ ਜਾਣ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਉਹ ਅੱਜ ਸਵੇਰੇ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੂਚਨਾ ਕੇਂਦਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਜਾਣਗੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਤੀਜੀ ਵਾਰ ਸਰਕਾਰ ਬਣਾਵੇਗਾ। ਖਡੂਰ ਸਾਹਿਬ ਜ਼ਿਮਨੀ ਚੋਣ ਸਬੰਧੀ ਸ. ਬਾਦਲ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਮੈਦਾਨ-ਏ-ਜੰਗ ਵਿਚੋਂ ਭੱਜੀਆਂ ਹਨ। ਉਨਾਂ ਕਿਹਾ ਕਿ ਤਲਵੰਡੀ ਸਾਬੋ ਜ਼ਿਮਨੀ ਚੋਣ ਵਿਚ ਕਾਂਗਰਸ ਅਤੇ ‘ਆਪ’ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਵੀ ਹਾਰਨ ਦੇ ਡਰ ਤੋਂ ਹੀ ਉਹ ਮੈਦਾਨ ਛੱਡ ਗਈਆਂ ਹਨ। ਉਨਾਂ ਕਿਹਾ ਕਿ ਤਲਵੰਡੀ ਸਾਬੋ ਚੋਣ ਵਿਚ ‘ਆਪ’ ਵਾਲਿਆਂ ਦੀ ਜ਼ਮਾਨਤ ਜ਼ਬਤ ਹੋਈ ਸੀ ਅਤੇ ਹੁਣ ਉਹ ਆਪਣਾ ਡਰਾਮਾ ਲੁਕੋਣ ਲਈ ਚਾਦਰ ਲਪੇਟੀ ਬੈਠੇ ਹਨ। ਉਨਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਨੂੰ ਆਪਣੇ ਵਰਕਰਾਂ ‘ਤੇ ਭਰੋਸਾ ਨਹੀਂ ਰਿਹਾ। ਕਾਮੇਡੀਅਨ ਗੁਰਪ੍ਰੀਤ ਘੁੱਗੀ ਵੱਲੋਂ ‘ਆਪ’ ਵਿਚ ਸ਼ਾਮਿਲ ਹੋਣ ਸਬੰਧੀ ਪੁੱਛੇ ਇਕ ਸਵਾਲ ‘ਤੇ ਉਨਾਂ ਚੁਟਕੀ ਲੈਂਦਿਆਂ ਕਿਹਾ ਕਿ ਮਨਪ੍ਰਚਾਵੇ ਲਈ ਆਮ ਆਦਮੀ ਪਾਰਟੀ ਬਹੁਤ ਵਧੀਆ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਲਈ ‘ਪੱਗ ਬਚਾਓ ਮੁਹਿੰਮ’ ਤਹਿਤ ਪੰਜਾਬ ਦੇ ਪਿੰਡਾਂ ਦੇ ਦੌਰੇ ਕਰਨ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਕੈਪਟਨ ਨੇ ਖੁਦ ਹੀ ਕਿਹਾ ਹੈ ਕਿ ਇਹ ਉਨਾਂ ਦੀਆਂ ਆਖ਼ਰੀ ਚੋਣਾਂ ਹਨ। ਇਸ ਲਈ ਇਹ ਉਨਾਂ ਲਈ ਵਧੀਆ ਮੌਕਾ ਹੈ ਕਿ ਉਹ ਪਿੰਡਾਂ ਵਿਚ ਜਾਣ ਦਾ ਜਿਹੜਾ ਕੰਮ ਆਪਣੇ ਕਾਰਜਕਾਲ ਸਮੇਂ ਨਹੀਂ ਕਰ ਸਕੇ, ਉਹ ਹੁਣ ਵਿਹਲੇ ਸਮੇਂ ਵਿਚ ਕਰ ਲੈਣ ਤਾਂ ਜੋ ਘੱਟੋ-ਘੱਟ ਉਨਾਂ ਨੂੰ ਸੂਬੇ ਦੇ ਪਿੰਡਾਂ ਦੇ ਦਰਸ਼ਨ ਤਾਂ ਹੋ ਸਕਣ।  ਉਨਾਂ ਕਿਹਾ ਕਿ ਜੇਕਰ ਸਹੀ ਮਾਅਨਿਆਂ ਵਿਚ ਇਸ ਸਬੰਧੀ ਗੰਭੀਰ ਹਨ ਤਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਾਂਗ ਸਵੇਰੇ ਜਲਦੀ ਉਠਣ ਦੀ ਆਦਤ ਪਾਉਣ, ਲੋਕਾਂ ਵਿਚ ਵਿਚਰਨ ਅਤੇ ਉਨ•ਾਂ ਦੀਆਂ ਸਮੱਸਿਆਵਾਂ ਸੁਣ ਕੇ ਉਨਾਂ ਦਾ ਹੱਲ ਕਰਨ। ਉਨਾਂ ਕਿਹਾ ਕਿ ਜੇਕਰ ਉਹ ਸੂਬੇ ਦੇ 30 ਪਿੰਡ ਵੀ ਕਵਰ ਕਰ ਲੈਣ ਤਾਂ ਇਹ ਇਕ ਬਹਾਦਰੀ ਹੋਵੇਗੀ।
ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਨਵੰਬਰ ਤੱਕ ਪਵਿੱਤਰ ਨਗਰੀ ‘ਚ ਚੱਲ ਰਹੇ ਪ੍ਰਾਜੈਕਟ ਮੁਕੰਮਲ ਕਰਕੇ ਇਸ ਦੀ ਦਿਖ ਬਦਲ ਦਿੱਤੀ ਜਾਵੇਗੀ।  ਵਿਕਾਸ ਪ੍ਰਾਜੈਕਟਾਂ ਦੇ ਚੱਲ ਰਹੇ ਕੰਮ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਨ•ਾਂ ਕਿਹਾ ਕਿ ਪ੍ਰਾਜੈਕਟ ਬਹੁਤ ਵੱਡੇ ਹਨ ਅਤੇ ਜਿਹੜਾ ਕੰਮ 40 ਸਾਲ ਵਿਚ ਹੋਣਾ ਸੀ, ਅਸੀਂ ਉਸ ਨੂੰ 4 ਸਾਲ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਥੋੜ•ੀ ਦੇਰ ਲੋਕਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਨ•ਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਇਸ ਦੌਰਾਨ ਉਨ•ਾਂ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ ਅਤੇ  ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਸ਼ੋਮਣੀ ਕਮੇਟੀ ਸ. ਹਰਚਰਨ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਐਸ ਡੀ ਐਮ ਸ੍ਰੀ ਰੋਹਿਤ ਗੁਪਤਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

LEAVE A REPLY