2ਕਰਨਾਟਕ : ਸਿਆਚਿਨ ਦੇ ਜਾਂਬਾਜ਼ ਹੀਰੋ ਲਾਂਸ ਨਾਇਕ ਹਨੂੰਮਨਥੱਪਾ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਰਨਾਟਕ ਦੇ ਧਾਰਵਾੜ ਜ਼ਿਲੇ ਦੇ ਬੇਟਾਦੁਰ ਪਿੰਡ ‘ਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦਾ ਮਰਹੂਮ ਸਰੀਰ ਜਿਵੇਂ ਹੀ ਪਿੰਡ ਪਹੁੰਚਿਆ ਤਾਂ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਹਨੂੰਮਨਥੱਪਾ ਨੇ ਵੀਰਵਾਰ ਨੂੰ ਦਿੱਲੀ ਦੇ ਆਰਮੀ ਹਸਪਤਾਲ ‘ਚ ਆਖਰੀ ਸਾਹ ਲਿਆ ਸੀ। ਤਿੰਨ ਦਿਨਾਂ ਤੱਕ ਕੋਮਾ ਵਿਚ ਰਹਿਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।
ਦੱਸਣ ਯੋਗ ਹੈ ਕਿ ਹਨੂੰਮਨਥੱਪਾ ਸਿਆਚਿਨ ‘ਚ 3 ਫਰਵਰੀ ਨੂੰ ਆਪਣੇ 9 ਸਾਥੀਆਂ ਸਮੇਤ ਬਰਫ ਦੀ ਲਪੇਟ ‘ਚ ਆ ਗਏ ਸਨ। 6 ਦਿਨਾਂ ਬਾਅਦ ਹਨੂੰਮਨਥੱਪਾ 25 ਫੁੱਟ ਬਰਫ ਵਿਚ ਦੱਬੇ ਰਹਿਣ ਤੋਂ ਬਾਅਦ ਜ਼ਿੰਦਾ ਬਾਹਰ ਕੱਢੇ ਗਏ ਸਨ ਪਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਹੋਏ ਉਹ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਗਏ। ਇਸ ਹਾਦਸੇ ਵਿਚ ਉਨ੍ਹਾਂ ਦੇ ਬਾਕੀ ਦੇ 9 ਸਾਥੀ ਜਵਾਨ ਸ਼ਹੀਦ ਹੋ ਗਏ ਸਨ। ਹਨੂੰਮਨਥੱਪਾ ਦੇ ਸਰੀਰ ਦੇ ਮਹੱਤਵਪੂਰਨ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਕੋਮਾ ‘ਚ ਜਾ ਚੁੱਕੇ ਸਨ। ਹਨੂੰਮਨਥੱਪਾ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਗਈ। ਪਿੰਡ ਵਿਚ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਤਿੰਨੋਂ ਫੌਜ ਮੁਖੀਆਂ ਅਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀ. ਐੱਮ. ਮੋਦੀ ਨੇ ਵੀ ਕੱਲ ਟਵੀਟ ਕਰ ਕੇ ਕਿਹਾ ਸੀ ਕਿ ਹਨੂੰਮਨਥੱਪਾ ਸਾਨੂੰ ਉਦਾਸ ਛੱਡ ਕੇ ਚਲੇ ਗਏ ਅਤੇ ਸਾਨੂੰ ਮਾਣ ਹੈ ਕਿ ਇਸ ਜਵਾਨ ਨੇ ਭਾਰਤ ਮਾਂ ਦੀ ਸੇਵਾ ਕੀਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਜਵਾਨ ਦੇ ਦਿਹਾਂਤ ‘ਤੇ ਡੂੰਘਾ ਸੋਗ ਜ਼ਾਹਰ ਕੀਤਾ।

LEAVE A REPLY