ajit_weeklyਇਹ ਸਾਲ ਲੀਪ ਦਾ ਸਾਲ ਹੈ ਅਤੇ ਪੁਰਾਣੇ ਸਮੇਂ ਵਿੱਚ, ਜਦੋਂ ਇਹ ਸੰਸਾਰ ਵਧੇਰੇ ਬੇਵਕੂਫ਼ ਤੇ ਲਿੰਗ ਭੇਦ ਕਰਨ ਵਾਲੇ ਲੋਕਾਂ ਨਾਲ ਭਰਿਆ ਪਿਆ ਸੀ, ਇਹ ਫ਼ੈਸਲਾ ਕੀਤਾ ਗਿਆ ਕਿ ਜੌਰਜੀਅਨ ਕੈਲੰਡਰ ‘ਤੇ ਹਰ ਚਾਰ ਸਾਲ ਬਾਅਦ ਫ਼ਰਵਰੀ ਮਹੀਨੇ ਵਿੱਚ ਇੱਕ ਵਾਧੂ ਦਿਨ ਜੋੜ ਕੇ ਮੌਸਮਾਂ ਤੇ ਤਿਓਹਾਰਾਂ ਦਾ ਹਿਸਾਬ ਕਿਤਾਬ ਥੋੜ੍ਹਾ ਬਰਾਬਰ ਕਰ ਲਿਆ ਜਾਵੇ, ਅਤੇ ਇਹ ਲੀਪ ਦਾ ਸਾਲ ਔਰਤਾਂ ਵਲੋਂ ਮਰਦਾਂ ਨੂੰ ਵਿਆਹਾਂ ਦੇ ਪ੍ਰਸਤਾਵ ਪੇਸ਼ ਕਰਨ ਲਈ ਵੀ ਢੁਕਵਾਂ ਮੰਨਿਆ ਜਾਂਦਾ ਸੀ, ਭਾਵ ਹਰ ਚਾਰ ਸਾਲ ਬਾਅਦ ਉਨ੍ਹਾਂ ਨੂੰ ਆਪਣੀ ਮਰਜ਼ੀ ਦਾ ਵਰ ਚੁਣਨ ਦਾ ਅਧਿਕਾਰ ਹੁੰਦਾ ਸੀ। ਚਲੋ ਖ਼ੁਸ਼ੀ ਦੀ ਗੱਲ ਇਹ ਹੈ ਕਿ ਅੱਜ ਜ਼ਮਾਨਾ ਬਹੁਤ ਬਦਲ ਚੁੱਕਾ ਹੈ, ਅਤੇ ਅਸੀਂ ਅੱਜਕੱਲ੍ਹ ਅਜਿਹੀਆਂ ਹਾਸੋਹੀਣੀਆਂ ਪਾਬੰਦੀਆਂ ਤੇ ਰੋਕਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ। ਪਰ ਕੀ ਸੱਚਮੁੱਚ ਅਸੀਂ ਬਦਲ ਚੁੱਕੇ ਹਾਂ? ਕੀ ਤੁਹਾਡੇ ਸੰਸਾਰ ਵਿੱਚ ਵੀ ਕੋਈ ਵਿਅਕਤੀ ਸਿਰਫ਼ ਇਸ ਕਰ ਕੇ ਤਾਂ ਕੁਝ ਕਹਿਣ ਜਾਂ ਕਰਨ ਤੋਂ ਕਤਰਾ ਨਹੀਂ ਰਿਹਾ ਕਿ ਲੋਕ ਕੀ ਸੋਚਣਗੇ ਜਾਂ ਤੁਸੀਂ ਕੀ ਕਹੋਗੇ? ਉਨ੍ਹਾਂ ਦੀ ਹਿੰਮਤ ਨੂੰ ਥੋੜ੍ਹੀ ਹੱਲਾਸ਼ੇਰੀ ਦਿਓ!
ਸਾਰੇ ਰਿਸ਼ਤਿਆਂ ਵਿੱਚ ਕੁਝ ਹੱਦ ਤਕ ਸੱਤਾ ਸੰਘਰਸ਼ ਮੌਜੂਦ ਰਹਿੰਦਾ ਹੈ। ਰਿਸ਼ਤਿਆਂ ਵਿੱਚ ਤਾਕਤ ਦਾ ਤਵਾਜ਼ਨ ਕਦੇ ਵੀ ਇੱਕੋ ਜਿਹਾ ਨਹੀਂ ਹੁੰਦਾ। ਜੇਕਰ ਇਹ ਤਵਾਜ਼ਨ ਇੱਕ ਪਾਸੇ ਨੂੰ ਇੰਨਾ ਜ਼ਿਆਦਾ ਉੱਲਰ ਜਾਵੇ ਕਿ ਕਿਸੇ ਨੂੰ ਇਸ ਗੱਲ ਦੀ ਆਸ ਹੀ ਬਾਕੀ ਨਾ ਰਹੇ ਕਿ ਇਹ ਕਦੇ ਵਾਪਿਸ ਵੀ ਆਵੇਗਾ ਤਾਂ ਤੁਸੀਂ ਇੰਤਜ਼ਾਰ ਕਰਨ ਤੋਂ ਛੁੱਟ ਹੋਰ ਕੁਝ ਨਹੀਂ ਕਰ ਸਕਦੇ। ਵਕਤ ਇੱਕ ਕਰਾਮਾਤੀ ਕਾਰਕੁੰਨ ਹੈ, ਭਾਵ ਉਸ ਵਿੱਚ ਜਾਦੂਈ ਕਾਬਲੀਅਤਾਂ ਮੌਜੂਦ ਹੁੰਦੀਆਂ ਹਨ। ਸੰਤੋਖ ਉਹ ਤਰਜਮਾਨ ਜਾਂ ਦੁਭਾਸ਼ੀਆ ਹੈ ਜਿਹੜਾ ਸਾਡੀ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਵਕਤ ਸਾਨੂੰ ਕੀ ਕਹਿਣਾ ਚਾਹ ਰਿਹੈ। ਕੇਵਲ ਦਿਆਨਤਦਾਰੀ ਦੀ ਮੁੱਦਰਾ (ਕਰੰਸੀ) ਨਾਲ ਹੀ ਵਕਤ ਨੂੰ ਰਿਸ਼ਵਤ ਦਿੱਤੀ ਜਾ ਸਕਦੀ ਹੈ। ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਜਿੱਥੇ ਤਬਦੀਲੀ ਇੱਕ ਲੰਬੇ ਅਰਸੇ ਤੋਂ ਬਕਾਇਆ ਪਈ ਹੈ, ਕੋਈ ਘਟਨਾ ਛੇਤੀ ਹੀ ਇੱਕ ਮੰਦ ਰਫ਼ਤਾਰ ਪਰ ਸ਼ਾਨਦਾਰ ਪ੍ਰਕਿਰਿਆ ਦੀ ਸ਼ੁਰੂਆਤ ਕਰ ਸਕਦੀ ਹੈ।
ਕੀ ਸਾਨੂੰ ਧੀਰਜ ਨਾਲ ਇਸ ਗੱਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਇਹ ਸੰਸਾਰ ਸਾਨੂੰ ਕਿਸ ਤਰ੍ਹਾਂ ਨਿਵਾਜਣਾ ਚਾਹੁੰਦੈ? ਜਾਂ ਕੀ ਸਾਨੂੰ ਬੇ-ਖ਼ੌਫ਼ ਹੋ ਕੇ ਬਾਹਰ ਜਾ ਕੇ ਉਸ ਸੰਭਾਵੀ ਇਨਾਮਾਂ ਨਾਲ ਲੱਦੇ ਦਰਖ਼ਤ ਨੂੰ ਉਸ ਵੇਲੇ ਤਕ ਜ਼ੋਰ ਜ਼ੋਰ ਦੀ ਹਿਲਾਣਾ ਚਾਹੀਦੈ ਜਦੋਂ ਤਕ ਉਸ ਦਾ ਫ਼ੱਲ ਸਾਡੇ ਕਦਮਾਂ ‘ਤੇ ਨਾ ਡਿਗ ਪਵੇ? ਕਈ ਲੋਕ ਵਧੇਰੇ ਧੀਰਜਵਾਨ ਪਹੁੰਚ ਦੀ ਸਲਾਹ ਦਿੰਦੇ ਹਨ। ‘ਓਸ ਦਰਖ਼ਤ ਨੂੰ ਜੇ ਤੁਸੀਂ ਬਹੁਤ ਜ਼ਿਆਦਾ ਜੋਸ਼ ਨਾਲ ਹਿਲਾ ਬੈਠੇ ਤਾਂ ਤੁਹਾਡੇ ਸਿਰ ‘ਤੇ ਕੋਈ ਕੱਚਾ ਫ਼ੱਲ ਡਿਗਣ ਦਾ ਖ਼ਤਰਾ ਵੀ ਹੈ!’ ਉਹ ਸਾਨੂੰ ਚਿਤਾਵਨੀ ਦਿੰਦੇ ਹਨ। ਉਹ ਇਸ ਗੱਲ ਦੇ ਮੁੱਦਈ ਹੁੰਦੇ ਹਨ ਕਿ ਸਾਨੂੰ ਉਸ ਦਰਖ਼ਤ ਹੇਠ ਆਰਾਮ ਨਾਲ ਬੈਠ ਕੇ ਆਪਣੀ ਝੋਲੀ ਵਿੱਚ ਫ਼ੱਲ ਡਿਗਣ ਦਾ ਇੰਤਜ਼ਾਰ ਕਰਨਾ ਚਾਹੀਦੈ ਅਤੇ ਕੁਦਰਤ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦੈ। ਇਸ ਫ਼ਲਸਫ਼ੇ ਬਾਰੇ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਝ ਹੈ, ਪਰ ਤੁਹਾਡੀ ਜ਼ਿੰਦਗੀ ਅੰਦਰ ਇਸ ਸੰਦਰਭ ਵਿੱਚ ਕਹਿਣ ਨੂੰ ਬਹੁਤਾ ਕੁਝ ਨਹੀਂ!
ਲੋਕ ਹਮੇਸ਼ਾ ਇੱਕ ਦੂਜੇ ਨਾਲ ਓਨੀ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦੇ ਜਿੰਨਾ ਕਿ ਉਨ੍ਹਾਂ ਨੂੰ ਆਉਣਾ ਚਾਹੀਦੈ। ਉਨ੍ਹਾਂ ਦੇ ਇਰਾਦੇ ਨੇਕ ਹੋ ਸਕਦੇ ਹਨ, ਪਰ ਫ਼ਿਰ ਵੀ ਉਹ ਆਪਣੇ ਪੁਰਾਣੇ ਵਿਵਾਦਾਂ ਨੂੰ ਭੁਲਾਉਣ ਤੋਂ ਆਪਣੇ ਆਪ ਨੂੰ ਅਸਮਰਥ ਪਾਉਂਦੇ ਹਨ ਅਤੇ ਪ੍ਰਾਚੀਨ ਤਨਾਵਾਂ ਅਤੇ ਚਿੰਤਾਵਾਂ ਤੋਂ ਉੱਪਰ ਨਹੀਂ ਉੱਠ ਸਕਦੇ। ਇਸ ਤਰ੍ਹਾਂ, ਪੁਰਾਣੇ ਤਨਾਅ ਅਤੇ ਦਬਾਅ ਨਵੇਂ ਤਨਾਵਾਂ ਅਤੇ ਦਬਾਵਾਂ ਵਿੱਚ ਬਦਲ ਜਾਂਦੇ ਹਨ! ਤੇ ਇਹ ਸਭ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ, ਓਦੋਂ ਤਕ, ਜਦੋਂ ਤਕ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਦੀ ਬਜਾਏ ਮਰਹਮ ਲਗਾਉਣ ਅਤੇ ਹੱਲ ਲੱਭਣ ਦੀ ਕੋਈ ਬਹਾਦਰ ਚੋਣ ਨਹੀਂ ਕਰ ਲਈ ਜਾਂਦੀ। ਆਸਮਾਨ ਇਸ ਗੱਲ ‘ਤੇ ਬਜ਼ਿਦ ਹੈ ਕਿ ਤੁਸੀਂ ਵੀ ਕੋਈ ਅਜਿਹੀ ਹੀ ਕਰਾਮਾਤ ਦਿਖਾ ਸਕਦੇ ਹੋ, ਆਪਣੀ ਨਿੱਜੀ ਜਾਂ ਭਾਵਨਾਤਮਕ ਜ਼ਿੰਦਗੀ ਵਿੱਚ … ਲੋੜ ਹੈ ਤਾਂ ਸਿਰਫ਼ ਇੱਕ ਇਮਾਨਦਾਰ ਕੋਸ਼ਿਸ਼ ਦੀ!
ਦੂਸਰੇ ਲੋਕ ਸਾਡੀਆਂ ਜ਼ਿੰਦਗੀਆਂ ਵਿੱਚ ਬਹੁਤ ਫ਼ਰਕ ਪਾ ਸਕਦੇ ਹਨ। ਜਦੋਂ ਸਾਨੂੰ ਜਾਪਦੈ ਕਿ ਸਾਡੇ ਤੇ ਉਨ੍ਹਾਂ ਦਰਮਿਆਨ ਚੀਜ਼ਾਂ ਠੀਕ ਚੱਲ ਰਹੀਆਂ ਹਨ ਤਾਂ ਸਾਡੇ ਦਿਲ ਖ਼ੁਸ਼ੀ ਨਾਲ ਉਮੜ ਪੈਂਦੇ ਹਨ, ਸਾਡੇ ਦਿਮਾਗ਼ ਭਰੋਸੇ ਨਾਲ ਲਬਰੇਜ਼ ਹੋ ਜਾਂਦੇ ਹਨ, ਅਤੇ ਅਸੀਂ ਕੁਦਰਤਨ ਲਾਭਕਾਰੀ ਮੌਕਿਆਂ ਵੱਲ ਆਕਰਸ਼ਿਤ ਹੋਣ ਲਗਦੇ ਹਾਂ। ਅਤੇ ਜਦੋਂ ਤਨਾਅ ਹੁੰਦਾ ਹੈ ਤਾਂ ਇਸ ਦਾ ਬਿਲਕੁਲ ਉਲਟ ਸੱਚ ਹੋ ਜਾਂਦਾ ਹੈ। ਇਸ ਦਾ ਅਰਥ ਇਹ ਹੋਇਐ ਕਿ ਸਾਨੂੰ ਇੱਕ ਦੂਸਰੇ ਦੇ ਜ਼ਖ਼ਮਾਂ ‘ਤੇ ਮਰਹਮ ਲਗਾਉਣ ਦੀ ਹੋਰ ਵੀ ਵਧੇਰੇ ਕੋਸ਼ਿਸ਼ ਕਰਨੀ ਚਾਹੀਦੀ ਹੈ … ਅਤੀਤ ਦੇ ਵਿਵਾਦਾਂ ਤੋਂ ਉੱਪਰ ਉੱਠ ਕੇ, ਉਨ੍ਹਾਂ ਨੂੰ ਭੁੱਲਣ ਅਤੇ ਮੁਆਫ਼ ਕਰਨ ਦੀ, ਵਿਸਾਰਣ ਦੀ ਕੋਸ਼ਿਸ਼। ਇਹ ਨੀਤੀਆਂ ਹਰ ਤਰ੍ਹਾਂ ਦੀ ਸਫ਼ਲਤਾ ਲਈ ਤੁਹਾਡੀ ਕੁੰਜੀ ਸਾਬਿਤ ਹੋਣਗੀਆਂ।
ਅਸੀਂ ਇੱਕ ਦੂਜੇ ਨੂੰ ਬਦਲ ਨਹੀਂ ਸਕਦੇ, ਅਤੇ ਅਜਿਹਾ ਕਰ ਸਕਣ ਦੇ ਕਾਬਿਲ ਹੋਣ ਦੀ ਕਾਮਨਾ ਕਰਨ ਵਿੱਚ ਸਾਨੂੰ ਕਦੇ ਵੀ ਕੋਈ ਰੋਮੈਂਟਿਕ ਆਨੰਦ ਹਾਸਿਲ ਨਹੀਂ ਹੁੰਦਾ। ਹਾਂ, ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ, ਪਰ ਇਸ ਲਈ ਬਹੁਤ ਜ਼ਿਆਦਾ ਸਹਿਨਸ਼ੀਲਤਾ ਦਰਕਾਰ ਹੁੰਦੀ ਹੈ ਅਤੇ ਅਕਸਰ ਇਸ ਲਈ ਸਾਨੂੰ ਕਿਸੇ ਖ਼ਾਸ, ਰਹਿਮਦਿਲ ਅਤੇ ਨਿਕਟਵਰਤੀ ਪਿਆਰੇ ਦੀ ਹਮਾਇਤ ਤੇ ਮਦਦ ਲੋੜ ਪੈਂਦੀ ਹੈ। ਜੇਕਰ, ਪ੍ਰੇਮ, ਸਤਿਕਾਰ ਅਤੇ ਦਿਆਨਤਦਾਰੀ ਦੇ ਆਪਣੇ ਇਜ਼ਹਾਰ ਵਿੱਚ, ਤੁਸੀਂ ਆਪਣੀ ਸਖ਼ਸੀਅਤ ਦੇ ਕਿਸੇ ਪੱਖ ਨੂੰ ਬਦਲਣ ਜਾਂ ਆਪਣੇ ਵਿਹਾਰ ਵਿੱਚ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਕਿਸੇ ਦੂਸਰੇ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ ਤਾਂ ਤੁਸੀਂ ਕਦਾਚਿਤ ਵੀ ਬੇਵਕੂਫ਼ੀ ਨਹੀਂ ਕਰ ਰਹੇ ਹੋਵੋਗੇ। ਇਹ ਸੂਝ-ਬੂਝ ਵਾਲਾ ਇੱਕ ਅਜਿਹਾ ਕਦਮ ਹੋਵੇਗਾ ਜਿਹੜਾ ਵਕਤ ਦੇ ਨਾਲ ਨਾਲ ਸਭ ਤੋਂ ਵੱਧ ਰੋਮਾਂਚਕਾਰੀ ਇਨਾਮ ਲੈ ਕੇ ਆ ਸਕਦਾ ਹੈ!

LEAVE A REPLY