walia bigਮੈਂ 1981 ਤੋਂ ਪੱਤਰਕਾਰੀ ਦੇ ਅਧਿਆਪਣ ਦੇ ਕਿੱਤੇ ਵਿਚ ਹਾਂ। ਸਾਢੇ ਤਿੰਨ ਦਹਾਕਿਆਂ ਦੇ ਪੱਤਰਕਾਰੀ ਅਧਿਆਪਨ ਦੌਰਾਨ ਮੈਨੂੰ ਅਨੇਕਾਂ ਵਾਰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਹਨਾਂ ਦਾ ਜਵਾਬ ਇਕ ਦੋ ਵਾਕਾਂ ਵਿਚ ਦੇਣਾ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ ‘ਤੇ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਪੱਤਰਕਾਰ ਬਣਨਾ ਚਾਹੁੰਦਾ ਹਾਂ, ਮੈਨੂੰ ਕੀ ਕਰਨਾ ਪਵੇਗਾ? ਕੀ ਪੱਤਰਕਾਰ ਬਣਨ ਲਈ ਕੋਈ ਡਿਗਰੀ ਲਾਜ਼ਮੀ ਹੁੰਦੀ ਹੈ? ਰਿਪੋਰਟਰ ਬਣਨ ਲਈ ਕੀ ਸ਼ਰਤਾਂ ਅਤੇ ਯੋਗਤਾਵਾਂ ਹੁੰਦੀਆਂ ਹਨ? ਅਖਬਾਰ ਦਾ ਸੰਪਾਦਕ ਕੌਣ ਬਣ ਸਕਦਾ ਹੈ?  ਅਖਬਾਰ ਜਾਂ ਟੀ. ਵੀ. ਚੈਨਲ ਚਲਾਉਣ ‘ਤੇ ਕਿੰਨਾ ਕੁ ਖਰਚਾ ਆਉਂਦਾ ਹੈ? ਕੀ ਮੈਂ ਵੀ ਅਖਬਾਰਾਂ ਲਈ ਲਿਖ ਸਕਦਾ ਹਾਂ?  ਰਿਪੋਰਟਰ ਬਣਨ ਲਈ ਮੈਨੁੰ ਕੀ ਕਰਨਾ ਪਵੇਗਾ?  ਇਹ ਅਜਿਹੇ ਸਵਾਲ ਹਨ, ਜਿਹਨਾਂ ਦਾ ਜਵਾਬ ਦੇਣਾ ਬਤੌਰ ਅਧਿਆਪਕ ਮੇਰਾ ਨੈਤਿਕ ਫ਼ਰਜ਼ ਹੈ। ਲੇਕਿਨ ਇਹਨਾ ਸਵਾਲਾਂ ਦੇ ਜਵਾਬ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਪੱਤਰਕਾਰੀ ਕੀ ਹੈ ਅਤੇ ਪੱਤਰਕਾਰ ਕੌਣ ਹੈ। ਕੀ ਅਖਬਾਰਾਂ ਵਿਚ ਲਿਖਣ ਵਾਲਾ ਹਰ ਵਿਅਕਤੀ ਪੱਤਰਕਾਰ ਹੁੰਦਾ ਹੈ? ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਗਾਹੇ ਬਗਾਹੇ ਅਖਬਾਰ ਵਿਚ ਫ਼ੀਚਰ, ਆਰਟੀਕਲ ਜਾਂ ਪੱਤਰ ਲਿਖਦੇ ਰਹਿੰਦੇ ਹਨ। ਕੀ ਅਜਿਹੇ ਕਦੇ ਕਦੇ ਲਿਖਣ ਵਾਲੇ ਲੋਕ ਵੀ ਪੰਤਰਕਾਰ ਹੁੰਦੇ ਹਨ?
ਇਸੇ ਤਰ੍ਹਾਂ ਕੀ ਸੋਸ਼ਲ ਮੀਡੀਆ ‘ਤੇ ਕਿਰਿਆਸ਼ੀਲ ਲੋਕ ਵੀ ਪੱਤਰਕਾਰ ਹਨ? ਜੋ ਲੋਕ ਬਲਾਰਾ ਲਿਖ ਰਹੇ ਹਨ, ਜੋ ਲੋਕ ਫ਼ੇਸਬੁੱਕ ‘ਤੇ ਖਬਰਾਂ ਲਿਖ ਰਹੇ ਹਨ, ਜੋ ਟਵਿੱਟਰ, ਯੂ. ਟਿਊਬ ਅਤੇ ਵਟਸਅੱਪ ਆਦਿ ਉਤੇ ਕਾਰਜਸ਼ੀਲ ਹਨ, ਕੀ ਇਹਨਾਂ ਨੂੰ ਪੱਤਰਕਾਰੀ ਦੇ ਕਲਾਵੇ ਲਿਆ ਜਾ ਸਕਦਾ ਹੈ?  ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਪੱਤਰਕਾਰੀ ਕੀ ਹੈ?
ਪੱਤਰਕਾਰੀ ਲਈ ਵਿਸ਼ਵ ਵਿਆਪੀ ਸ਼ਬਦ ਜਰਨਲਿਜ਼ਮ ਹੈ ਜਿਸ ਨੂੰ ਉਰਦੂ ਵਿਚ ਅਖ਼ਬਾਰ-ਨਵੀਸੀ ਅਤੇ ਸਕਾਫ਼ਤ ਕਹਿੰਦੇ ਹਨ। ਆਲੇ-ਦੁਆਲੇ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੈ ਕੇ ਭਾਸ਼ਾ ਤੇ ਲਿਪੀ ਤਕ ਬਾਰੇ ਸਮਾਜ ਨੂੰ ਤੁਰੰਤ ਸੂਚਿਤ ਕਰਨ ਵਾਲਾ ਸਾਰਾ ਪ੍ਰਬੰਧ ਪੱਤਰਕਾਰੀ ਦੇ ਅੰਤਰਗਤ ਆਉਂਦਾ ਹੈ। ਇਹ ਇੱਕ ਅਜਿਹਾ ਕਿੱਤਾ ਹੈ ਜਿਸ ਰਾਹੀਂ ਵਿਸ਼ਾਲ ਵਿਭਿੰਨ ਅਵਧੀ ਵਾਲੇ ਪੱਤਰ ਸੈਂਕੜਿਆਂ ਤੋਂ ਲੈ ਕੇ ਕਰੋੜਾਂ ਦੀ ਗਿਣਤੀ ਵਿੱਚ ਤੇਜ਼ ਗਤੀ ਨਾਲ ਸਬੰਧਿਤ ਲੋਕਾਂ ਤਕ ਪਹੁੰਚਾਏ ਜਾਂਦੇ ਹਨ। ਇਸ ਦੇ ਅੰਤਰਗਤ ਮਨੁੱਖੀ ਜੀਵਨ ਨਾਲ ਸਬੰਧਤ ਹਰੇਕ ਭੂਤਕਾਲੀ, ਸਾਮਿਅਕ, ਅਲਪਕਾਲੀ, ਅਰਧਕਾਰੀ, ਸਰਬ-ਕਾਲੀ ਜਾਣਕਾਰੀ ਆਉਂਦੀ ਹੈ। ਪੱਤਰਕਾਰੀ ਦੀ ਕਲਾ ਅਜੋਕੇ ਬਿਜਲਈ ਯੰਤਰਾਂ ਨਾਲ ਵਿਸ਼ਵ ਵਿਆਪੀ ਹੋ ਕੇ ਵੱਧ ਤੋਂ ਵੱਧ ਹੱਥਾਂ ਤੰਕ ਪੁੱਜਣ ਦੇ ਸਮਰੱਥ ਹੋ ਗਈ ਹੈ। ਐਨਸਾਈਕਲੋਪੀਡੀਆ ਅਮੈਰੀਕਾਨਾ ਅਨੁਸਾਰ ਪੱਤਰਕਾਰੀ ਤੱਤਕਾਲੀ ਖਬਰਾਂ, ਖਬਰਾਂ ਦੇ ਵਿਸ਼ਲੇਸ਼ਣ, ਫ਼ੀਚਰ ਅਤੇ ਆਰਟੀਕਲਾਂ ਆਦਿ ਦਾ ਸੰਗ੍ਰਹਿ ਅਤੇ ਉਹਨਾਂ ਦਾ ਸੰਪਾਦਨ ਕਰਨਾ ਹੈ। ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਕਾਂਟ ਛਾਂਟ ਜਾਂ ਸੰਪਾਦਨ (ਐਡੀਟਿੰਗ) ਕਰਨਾ, ਪ੍ਰਕਾਸ਼ਿਤ ਕਰਨਾ ਅਤੇ ਇਸ਼ਤਿਹਾਰਬਾਜ਼ੀ ਅਤੇ ਅਖਬਾਰਾਂ ਅਤੇ ਮੈਗਜ਼ੀਨਾਂ ਦਾ ਪ੍ਰਬੰਧ ਵੀ ਪੱਤਰਕਾਰੀ ਦੇ ਖੇਤਰ ਵਿਚ ਸ਼ਾਮਲ ਹੈ।
ਵੈਬਸਟਰਜ਼ ਥਰਡ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਜਰਨਲਿਜ਼ਮ ਅਨੁਸਾਰ ‘ਪੱਤਰਕਾਰੀ’ ਤੱਤਕਾਲੀਨ ਮਸਲਿਆਂ ਬਾਰੇ ਸਮੱਗਰੀ ਨੂੰ ਇਕੱਤਰ ਕਰਨ, ਸੰਪਾਦਿਤ ਕਰਨ, ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨਾ ਹੈ। ਪੱਤਰਕਾਰੀ ਲਈ ਪ੍ਰਚੱਲਿਤ ਸ਼ਬਦ ਜਰਨਲਿਜ਼ਮ ‘ਜਰਨਲ’ ਸ਼ਬਦ ਦਾ ਭਾਵਵਾਚਕ ਸਰੂਪ ਹੈ, ਜਿਸਦੇ ਅਰਥ ਡੇਲੀ ਰਜਿਸਟਰ, ਡਾਇਰੀ ਜਾਂ ਰੋਜਨਾਮਚਾ ਹੈ, ਅਥਵਾ ਉਹ ਪੁਸਤਕ ਹੈ ਜਿਸ ਵਿਚ ਦਫ਼ਤਰ ਵਿਸ਼ੇਸ਼ ਜਾਂ ਦਰਬਾਰ ਦੀਆਂ ਗਤੀਵਿਧੀਆਂ ਦਾ ਇੰਦਰਾਜ਼ ਕੀਤਾ ਜਾਦਾ ਹੈ। ਅਖਬਾਰ, ਰਸਾਲੇ ਜਾਂ ਜਰਨਲ ਲਈ ਸਿਰਜੀ ਜਾਣ ਵਾਲੀ ਸਮੱਗਰੀ ਨੂੰ ਜਰਨਲਿਜ਼ਮ, ਪੱਤਰਕਾਰਿਤਾ ਜਾਂ ਪੱਤਰਕਾਰੀ ਕਹਿੰਦੇ ਹਨ। ਪੰਜਾਬੀ ਸਾਹਿਤ ਕੋਸ਼ ਅਨੁਸਾਰ ‘ਪੰਜਾਬੀ ਵਿਚ ਅਖਬਾਰਾਂ’ ਨੂੰ ਸਮਾਚਾਰ ਪੱਤਰ ਤੇ ਵਿਭਿੰਨ ਪ੍ਰਕਾਰ ਦੇ ਰਸਾਲਿਆਂ ਨੂੰ ਸਾਹਿਤਕ ਪੱਤਰ, ਧਾਰਮਿਕ ਪੱਤਰ ਆਦਿ ਕਿਹਾ ਜਾਂਦਾ ਹੈ। ਸਮਾਚਾਰ ਨਾਲ ਪੱਤਰ ਸ਼ਬਦ ਜੋੜਨ ਦਾ ਕਾਰਨ ਸ਼ਾਇਦ ਇਹ ਹੈ ਕਿ ਪੱਤਰ ਅਰਥਾਤ ਅਖਬਾਰ ਕਿਸੇ ਗੱਲ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾਂ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਸਾਧਨ ਹੈ। ਪ੍ਰਾਚੀਨ ਕਾਲ ਵਿਚ ਪੱਤਰ ਕਿਸੇ ਹੋਰ ਦੇ ਹੱਥ ਭੇਜੇ ਜਾਂਦੇ ਸਨ ਅਤੇ ਇਹ ਸੰਦੇਸ਼ ਦੇਣ ਵਾਲਾ ਪੱਤਰਵਾਹਕ, ਦੂਤ ਜਾਂ ਕਾਸਦ ਸੰਦੇਸ਼ ਪਾਉਣ ਵਾਲੇ ਨੂੰ ਸੰਦੇਸ਼ ਪੜ੍ਹ ਕੇ ਸੁਣਾਉਂਦਾ ਸੀ”। ਪੰਜਾਬੀ ਪੱਤਰਕਾਰੀ ਦਾ ਇਤਿਹਾਸ ਲਿਖਣ ਵਾਲੇ ਲੇਖ ਸੂਬਾ ਸਿੰਘ ਨੇ ਪੱਤਰਕਾਰੀ ਦੀ ਪਰਿਭਾਸ਼ਾ ਇਉਂ ਦਿੱਤੀ ਹੈ। ”ਇੱਧਰੋਂ ਉਧਰੋਂ ਇਕੱਠੀਆਂ ਕਰਕੇ ਖਬਰਾਂ ਪਹੁੰਚਾਉਣ ਅਤੇ ਉਹਨਾਂ ਦਾ ਸੰਪਾਦਨ ਕਰਨ ਵਾਲਿਆਂ ਨੂੰ ਪੱਤਰਕਾਰ ਕਿਹਾ ਜਾਂਦਾ ਹੈ ਅਤੇ ਇਸ ਸਾਰੇ ਕਿੱਤੇ ਨੂੰ ਪੱਤਰਕਾਰੀ, ਜਿਸਦੀਆਂ ਜੜ੍ਹਾਂ ਸਮਾਜ ਹੀ ਨਹੀਂ ਮਨੁੱਖ ਦੇ ਆਰੰਭ ਕਾਲ ਵਿਚੋਂ ਫ਼ੁੱਟਦੀਆਂ ਨਿਕਲਦੀਆਂ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇਕ ਪੁਸਤਕ ‘ਰਿਪੋਰਟਿੰਗ ਅਤੇ ਸੰਪਾਦਨ ਕਲਾ’ ਵਿਚ ਕਿਹਾ ਗਿਆ ਹੈ ਕਿ ਖਬਰਾਂ ਨੂੰ ਅਖਬਾਰਾਂ ਰਾਹੀਂ ਜਨਤਾ ਤੱਕ ਪਹੁੰਚਾਉਣ ਦੇ ਕਿੱਤੇ ਨੂੰ ਹੀ ਪੱਤਰਕਾਰੀ ਕਿਹਾ ਜਾਂਦਾ ਹੈ।” ਗਿਆਨੀ ਭਜਨ ਸਿੰਘ ਅਨੁਸਾਰ ਪੱਤਰਕਾਰੀ ਇਕ ਕਲਾ ਹੈ ਤੇ ਇਸਦਾ ਮਨੁੱਖੀ ਜੀਵਨ ਨਾਲ ਬਹੁਤ ਡੂੰਘਾ ਸਬੰਧ ਹੈ। ਇਹ ਸਮਾਚਾਰਾਂ ਤੇ ਉਹਨਾਂ ਸਬੰਧੀ ਸਮੀਖਿਆ ਨੂੰ ਵਿਸ਼ਾਲ ਲੋਕ ਘੇਰੇ ਤੱਕ ਪਹੁੰਚਾਉਣ ਵਾਲਾ ਹੁਨਰ ਹੈ।
ਅਸਲ ਵਿਚ ਪੱਤਰਕਾਰੀ, ਅਜਿਹਾ ਵਿਸ਼ਾਲ ਭਾਸ਼ਾਈ ਵਰਤਾਰਾ ਹੈ ਕਿ ਇਸਦੇ ਪ੍ਰਸਾਰ ਨੂੰ ਵੇਖਦਿਆਂ ਹੋਇਆਂ ਇਸਦੀ ਦਰੁੱਸਤ ਪਰਿਭਾਸ਼ਾ ਪ੍ਰਸਤੁਤ ਕਰ ਸਕਣ ਤੋਂ ਬਹੁਤੇ ਵਿਸ਼ਿਸ਼ਟ ਪੱਤਰਕਾਰਾਂ ਨੇ ਅਸਮਰੱਥਾ ਪ੍ਰਗਟਾਈ ਹੈ। ‘ਦੀ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਪ੍ਰੇਮ ਭਾਟੀਆ ਨੇ ਵੀ ਪੱਤਰਕਾਰੀ ਨੂੰ ਪਰਿਭਾਸ਼ਿਤ ਕਰਨ ਤੋਂ ਅਸਮਰੱਥਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਉਹ ਪੱਤਰਕਾਰੀ ਦੀ ਪਰਿਭਾਸ਼ਾ ਨਹੀਂ ਜਾਣਦਾ। ਉਹ ਤਾਂ ਕੇਵਲ ਇਸਦਾ ਅਮਲੀ ਅਭਿਆਸ ਹੀ ਕਰਦਾ ਹੈ। ਡਾ. ਕੇਸ਼ਵਾ ਨੰਦ ਸਮਰਾਈ ਨੇ ਇਕ ਦਰਜਨ ਪੱਤਰਕਾਰਾਂ ਨੂੰ ਇਸ ਸਬੰਧੀ ਪੁੱਛਿਆ, ਪਰ ਕੋਈ ਵੀ ਪੱਤਰਕਾਰੀ ਦੀ ਕੋਈ ਸਪਸ਼ਟ ਪਰਿਭਾਸ਼ਾ ਨਹੀਂ ਦੇ ਸਕੇ। ਸਪਸ਼ਟ ਹੈ ਕਿ ਪੱਤਰਕਾਰੀ ਦੀ ਕਿਸੇ ਸੂਤਰਕ ਭਾਸ਼ਾ ਵਿਚ ਬਣ ਸਕਣਾ ਸਹਿਜ ਨਹੀਂ ਹੈ।
ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਜਾਨਣ ਉਪਰੰਤ ਸਹਿਜੇ ਹੀ ਇਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਪੱਤਰਕਾਰੀ ਤੱਤਕਾਲੀਨ ਜਾਣਕਾਰੀ ਨੂੰ ਇਕੱਤਰ ਲਿਖਣ, ਸੰਪਾਦਨ ਕਰਨ ਅਤੇ ਪ੍ਰਕਾਸ਼ਿਤ ਕਰਨ ਨੂੰ ਕਹਿੰਦੇ ਹਨ ਅਤੇ ਇਸਦੇ ਮੁੱਖ ਕਾਰਜਾਂ ਵਿਚ ਲੋਕਾਂ ਨੂੰ ਸੂਚਨਾ ਪ੍ਰਦਾਨ ਕਰਨਾ, ਸਿੱਖਿਅਤ ਕਰਨਾ ਅਤੇ ਉਹਨਾਂ ਦਾ ਮਨੋਰੰਜਨ ਕਰਨਾ ਸ਼ਾਮਲ ਹਨ। ਇਹ ਕਾਰਜ ਵੱਖ-ਵੱਖ ਅਵਧੀ ਦੇ ਅਖਬਾਰਾਂ ਅਤੇ ਰਸਾਲਿਆਂ ਰਾਹੀਂ ਸੰਪੂਰਨ ਹੁੰਦੇ ਹਨ। ਅੱਜਕਲ੍ਹ ਪੱਤਰਕਾਰੀ ਸਿਰਫ਼ ਅਖਬਾਰਾਂ ਤੱਕ ਸੀਮਤ ਨਹੀਂ ਰਹੀ ਸਗੋਂ ਪੱਤਰਕਾਰੀ ਦੇ ਅਨੇਕਾਂ ਮਾਧਿਅਮ ਸਾਹਮਣੇ ਆ ਗਏ ਹਨ ਜਿਵੇਂ ਰੇਡੀਓ, ਟੀ. ਵੀ., ਵੈਬ ਪੱਤਰਕਾਰੀ ਅਤੇ ਸੋਸ਼ਲ ਮੀਡੀਆ ਆਦਿ।
ਪੱਤਰਕਾਰ ਕੌਣ ਹਨ-
ਪੱਤਰਕਾਰੀ ਨੂੰ ਸਮਝਣ ਤੋਂ ਬਾਅਦ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਪੱਤਰਕਾਰ ਕੌਣ ਹਨ। ਅਖਬਾਰਾਂ, ਰੇਡੀਓ ਜਾਂ ਟੀ. ਵੀ. ਲਈ ਖਬਰਾਂ ਇਕੱਤਰ ਕਰਨ ਵਾਲੇ ਰਿਪੋਰਟਰ ਪੱਤਰਕਾਰ ਹੁੰਦੇ ਹਨ। ਪੱਤਰਕਾਰੀ ਕਿੱਤੇ ਦੇ ਚਾਰ ਹਿੱਸੇ ਹਨ (1) ਰਿਪੋਰਟਿੰਗ, (2) ਸੰਪਾਦਨਾ, (3) ਛਪਾਈ, (ਵੰਡ) ਜਾਂ ਸਰਕੂਲੇਸ਼ਨ। ਪੱਤਰਕਾਰੀ ਦਾ ਪਹਿਲਾ ਅਤੇ ਮਹੱਤਵਪੂਰਨ ਭਾਗ ਰਿਪੋਰਟਿੰਗ ਹੁੰਦਾ ਹੈ। ਰਿਪੋਰਟਿੰਗ ਦਾ ਮਤਲਬ ਖਬਰਾਂ ਇਕੱਤਰ ਕਰਨਾ। ਖਬਰਾਂ ਇਕੱਠੀਆਂ ਕਰਨ ਵਾਲੇ ਪੱਤਰਕਾਰ ਨੂੰ ਰਿਪੋਰਟਰ ਕਿਹਾ ਜਾਂਦਾ ਹੈ। ਰਿਪੋਰਟਰ ਦਾ ਕਾਰਜ ਖਬਰਾਂ ਨੂੰ ਇਕੱਤਰ ਕਰਨਾ, ਲਿਖਣਾ ਅਤੇ ਸੰਪਾਦਨਾ ਜਾਂ ਅਗਲੇਰੀ ਪ੍ਰਕਿਰਿਆ ਲਈ ਅਖਬਾਰਾਂ ਦੇ ਦਫ਼ਤਰਾਂ, ਰੇਡੀਓ ਜਾਂ ਟੀ. ਵੀ. ਸਟੇਸ਼ਨਾ ਦੇ ਖਬਰ ਕਮਰਿਆਂ ਤੱਕ ਪਹੁੰਚਾਉਣ ਦਾ ਹੈ। ਇਕ ਰੋਜ਼ਾਨਾ ਅਖਬਾਰ ਵਿਚ ਰਿਪੋਰਟਿੰਗ ਸਟਾਫ਼ ਦਾ ਸੰਗਠਨ ਹੇਠ ਲਿਖੇ ਅਨੁਸਾਰ ਹੁੰਦਾ ਹੈ:
(1) ਸਟਿੰਗਰਜ਼
(2) ਰਿਟੇਨਰਜ਼
(3) ਸਟਾਫ਼ਰਜ਼
(4) ਸੀਨੀਅਰ ਸਟਾਫ਼ਰ
(5) ਪ੍ਰਿੰਸੀਪਲ ਸੰਵਾਦਾਤਾ
(6) ਸਪੈਸ਼ਲ ਸੰਵਾਦਾਤਾ
(7) ਬਿਊਰੋ ਚੀਫ਼
ਸਟਿੰਗਰਜ਼ ਜਾਂ ਪਾਰਟ ਟਾਈਮ ਰਿਪੋਰਟਰ ਕਿਸੇ ਵੀ ਸਮਾਚਾਰ ਪੱਤਰ ਲਈ ਕੰਮ ਤਾਂ ਕਰਦੇ ਹਨ ਪਰ ਉਹ ਉਸਦੇ ਪੱਕੇ ਕਰਮਚਾਰੀ ਨਹੀਂ ਹੁੰਦੇ। ਸਮਾਚਾਰ ਪੱਤਰ ਵੱਲੋਂ ਉਹਨਾਂ ਨੂੰ ਪ੍ਰਕਾਸ਼ਿਤ ਖਬਰਾਂ ਅਨੁਸਾਰ ਇਵਜ਼ਾਨਾ ਮਿਲਦਾ ਹੈ। ਅਜਿਹੇ ਪੱਤਰ ਪ੍ਰੇਰਕਾਂ ਨੂੰ ਅਖਬਾਰ ਵੱਲੋਂ ਹੋਰ ਕੋਈ ਸਹੂਲੀਅਤ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਅਜਿਹੇ ਰਿਪੋਰਟਾਂ ਨੂੰ ਇਕ ਤੋਂ ਵੱਧ ਅਖਬਾਰਾਂ ਲਈ ਜਾਂ ਕੋਈ ਹੋਰ ਕੰਮ ਕਰਨ ਦੀ ਖੁੱਲ੍ਹ ਵੀ ਹੁੰਦੀ ਹੈ। ਆਮ ਤੌਰ ‘ਤੇ ਭਾਸ਼ਾਈ ਅਖਬਾਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਅਜਿਹੇ ਸਟਿੰਗਰਾਂ ਨੂੰ ਰੱਖਣ ਨੂੰ ਤਰਜੀਹ ਦਿੰਦੇ ਹਨ। ਸਟਿੰਗਰ ਤੋਂ ਬਾਅਦ ਅਮਲੀ ਕੜੀ ਰਿਟੇਨਰਜ਼ ਦੀ ਹੁੰਦੀ ਹੈ।
ਇਹ ਵੀ ਕਿਸੇ ਅਖਬਾਰ ਜਾਂ ਖਬਰ ਅਦਾਰੇ ਦੇ ਪੱਕੇ ਮੁਲਾਜ਼ਮ ਨਹੀਂ ਹੁੰਦੇ। ਇਨ੍ਹਾਂ ਨੂੰ ਪ੍ਰਕਾਸ਼ਿਤ ਕੰਮ ਅਨੁਸਾਰ ਸੇਵਾ-ਫ਼ਲ ਤੋਂ ਇਲਾਵਾ ਕੁਝ ਨਿਸ਼ਚਿਤ ਪੈਸੇ ਰਿਟੇਨਰਸ਼ਿਪ ਦੇ ਤੌਰ ਤੇ ਮਿਲਦੇ ਹਨ ਪਰ ਇਹਨਾਂ ਦਾ ਪ੍ਰੋਵੀਡੈਂਟ ਫ਼ੰਡ ਨਹੀਂ ਕੱਟਿਆ ਜਾਂਦਾ ਅਤੇ ਨਾ ਹੀ ਪੱਕੇ ਮੁਲਾਜ਼ਮਾਂ ਵਾਲੀ ਕੋਈ ਹੋਰ ਸਹੂਲੀਅਤ ਮਿਲਦੀ ਹੈ। ਸਟਾਫ਼ ਰਿਪੋਰਟ ਕਿਸੇ ਅਖਬਾਰ ਦੇ ਪੱਕੇ ਕਰਮਚਾਰੀ ਹੁੰਦੇ ਹਨ। ਸਟਾਫ਼ਰਾਂ ਦੀ ਇਕ ਨਿਸਚਿਤ ਤਨਖਾਹ ਹੁੰਦੀ ਹੈ। ਆਮ ਤੌਰ ਤੇ ਜ਼ਿਲ੍ਹਾ ਹੈਡਕੁਆਰਟਰ ਤੇ ਤਾਇਨਾਤ ਸਟਾਫ਼ਰ ਨੁੰ ਦਫ਼ਤਰ, ਕੰਪਿਊਟਰ, ਮੋਬਾਇਲ ਅਤੇ ਸਫ਼ਰੀ ਭੱਤਾ ਵੀ ਮਿਲਦਾ ਹੈ। ਇਹ ਐਕਰੀਡੇਟਿਡ ਰਿਪੋਰਟਰ ਹੁੰਦੇ ਹਨ। ਇਕ ਨਿਸਚਿਤ ਸਮੇਂ ਤੋਂ ਬਾਅਦ ਸਟਾਫ਼ਰਾਂ ਨੂੰ ਤਰੱਕੀ ਦੇ ਕੇ ਸੀਨੀਅਰ ਸਟਾਫ਼ਰ ਬਣਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਵੀ ਕਰ ਦਿੱਤਾ ਜਾਂਦਾ ਹੈ। ਸੀਨੀਅਰ ਸਟਾਫ਼ਰਾਂ ਵਿਚੋਂ ਅਗਲੀ ਤਰੱਕੀ ਪ੍ਰਿੰਸੀਪਲ ਸੰਵਾਦਾਤਾ ਦੇ ਤੌਰ ਤੇ ਹੁੰਦੀ ਹੈ। ਇਹਨਾਂ ਨੂੰ ਵੱਡੇ ਸ਼ਹਿਰਾਂ ਵਿਚ ਮਹੱਤਵਪੂਰਨ ਸੀਟਾਂ ਤੇ ਤਾਇਨਾਤ ਕੀਤਾ ਜਾਂਦਾ ਹੈ। ਰਿਪੋਰਟਿੰਗ ਸਟਾਫ਼ ਵਿਚੋਂ ਸਭ ਤੋਂ ਸੀਨੀਅਰ ਅਹੁਦਾ ਸਪੈਬਲ ਸੰਵਾਦਦਾਤਾ ਦਾ ਹੁੰਦਾ ਹੈ। ਸਪੈਸ਼ਲ ਸੰਵਾਦਾਤਾ ਸਪੈਸ਼ਲ ਅਸਾਈਨਮੈਂਟ ਤੇ ਜਾਂਦੇ ਹਨ। ਵੱਡੀਆਂ ਸਿਆਸੀ ਹਸਤੀਆਂ ਦੇ ਦੌਰੇ ਕਵਰ ਕਰਨੇ ਜਾਂ ਮਹੱਤਵਪੂਰਨ ਮਸਲਿਆਂ ਨੂੰ ਕਵਰ ਕਰਨ ਦੀ ਜ਼ਿੰਮੇਵਾਰੀ ਸਪੈਸ਼ਲ ਸੰਵਾਦਾਤਾ ਦੀ ਹੁੰਦੀ ਹੈ। ਕਿਸੇ ਵੀ ਰੋਜ਼ਾਨਾ ਸਮਾਚਾਰ ਪੱਤਰਾਂ ਵਿਚ ਵੱਡੇ ਕੇਂਦਰਾਂ ਉਤੇ ਦੋ, ਚਾਰ, ਪੰਜ ਜਾਂ ਇਸ ਤੋਂ ਵੱਧ ਵੀ ਰਿਪੋਰਟਰ ਰੱਖੇ ਹੁੰਦੇ ਹਨ। ਰਿਪੋਰਟਰਾਂ ਦੀ ਇਸ ਟੀਮ ਨੂੰ ਬਿਊਰੋ ਕਿਹਾ ਜਾਂਦਾ ਹੈ ਅਤੇ ਉਸ ਟੀਮ ਦੇ ਮੁਖੀ ਨੂੰ ਬਿਊਰੋ ਚੀਫ਼ ਕਿਹਾ ਜਾਂਦਾ ਹੈ। ਇਹ ਸਾਰੇ ਰਿਪੋਰਟਿੰਗ ਨਾਲ ਸਬੰਧਤ ਪੱਤਰਕਾਰ ਹੁੰਦੇ ਹਨ।
ਜੇਕਰ ਤੁਸੀਂ ਫ਼ੀਲਡ ਵਿਚ ਪੱਤਰਕਾਰੀ ਕਰਨੀ ਚਾਹੁੰਦੇ ਹੋ ਅਤੇ ਰਿਪੋਰਟਿੰਗ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਨੂੰ ਕਿਸੇ ਅਖਬਾਰ, ਰੇਡੀਓ ਅਤੇ ਟੀ. ਵੀ. ਆਦਿ ਨਾਲ ਰਿਪੋਰਟਿੰਗ ਸਟਾਫ਼ ਦੇ ਕਰਮਚਾਰੀ ਵਜੋਂ ਕੰਮ ਕਰਨਾ ਪਵੇਗਾ। ਜਿਸ ਲਈ ਤੁਹਾਨੂੰ ਜਿੱਥੇ ਖਬਰ ਲਿਖਣੀ ਆਉਣੀ ਜ਼ਰੂਰੀ ਹੈ, ਉਥੇ ਖਬਰਾਂ ਇਕੱਤਰ ਕਰਨ ਦੇ ਤਰੀਕੇ ਅਤੇ ਖਬਰ ਸਰੋਤਾ ਬਾਰੇ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਸ਼ੌਂਕੀਆ ਪੱਤਰਕਾਰੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਫ਼ਰੀਲਾਂਸਰ ਬਣ ਸਕਦੇ ਹੋ। ਫ਼ਰੀਲਾਂਸਰ ਅਤੇ ਪੱਤਰਕਾਰੀ ਕਿੱਤੇ ਸਬੰਧੀ ਹੋਰ ਜਾਣਕਾਰੀ ਅਗਲੇ ਹਫ਼ਤੇ ਦੇ ਕਾਲਮ ਵਿਚ ਦਿੱਤੀ ਜਾਵੇਗੀ।

LEAVE A REPLY