main newsਕੱਛ ਵਿੱਚ ਤੂੜੀ ਵਾਲੀ ਪੱਲੀ ਲਈ ਸੱਥ ਕੋਲ ਦੀ ਲੰਘੇ ਜਾਂਦੇ ਭਾਗੇ ਕੇ ਤਾਰੇ ਨੂੰ ਸੱਥ ਵੱਲ ਤੁਰੇ ਆਉਂਦੇ ਬਾਬੇ ਬੱਗਾ ਸਿਉਂ ਨੇ ਰੋਕ ਕੇ ਪੁੱਛਿਆ, ”ਆਹ ਕੀ ਬੋਰੀ ਬਿਸਤਰਾ ਜਾ ‘ਕੱਠਾ ਕਰ ਕੇ ਲਈ ਜਾਨੈਂ ਸ਼ੇਰਾ, ਆਟਾ ਊਟਾ ਤਾਂ ਨ੍ਹੀ ਕਿਤੇ ਮਸ਼ੀਨ ਤੋਂ ਲੈਣ ਚੱਲਿਐਂ ਕੁ ਡੰਗਰਾਂ ਵਾਸਤੇ ਦਾਣੇ ਨੂੰ ਜਾਨੈਂ?”
ਤਾਰਾ ਕਹਿੰਦਾ, ”ਫ਼ੰਭੇ ਤੇਲੀ ਦੀ ਪੱਲੀ ਫ਼ੜਾ ਕੇ ਆਉਨਾ ਬਾਬਾ।”
ਬਾਬੇ ਨੇ ਫ਼ੇਰ ਸਵਾਲ ਕੀਤਾ, ”ਤੂੜੀ ਲੈ ਕੇ ਆਇਆ ਸੀ ਤੇਲੀਆਂ ਦਿਉਂ। ਨਾਲੇ ਉਨ੍ਹਾਂ ਦੇ ਕਿੱਥੋਂ ਆ ਗੀ ਤੂੜੀ?”
ਤਾਰਾ ਕਹਿੰਦਾ, ”ਕਾਹਨੂੰ ਬਾਬਾ ਤੂੜੀ ਲੈ ਕੇ ਆਇਆ ਸੀ! ਵਿਆਹ ਵਾਸਤੇ ਰਜਾਈਆਂ ਗਦੈਲੇ ਭਰਾਏ ਐ ਫ਼ੰਭੇ ਤੇਲੀ ਤੋਂ। ਉਹ ਬੰਨ੍ਹ ਕੇ ਲਿਆਇਆ ਸੀ ਤੇਲੀਆਂ ਦੀ ਪੱਲੀ ‘ਚ। ਇਹ ਮੋੜਨ ਚੱਲਿਐ ਹੁਣ।”
ਏਨੀ ਗੱਲ ਕਹਿ ਕੇ ਤਾਰਾ ਤਾਂ ਫ਼ੰਭੇ ਤੇਲੀ ਦੇ ਘਰ ਨੂੰ ਤੁਰ ਗਿਆ ਤੇ ਬਾਬਾ ਬੱਗਾ ਸਿਉਂ ਸੱਥ ‘ਚ ਆ ਗਿਆ। ਬਾਬੇ ਨੇ ਸੱਥ ‘ਚ ਆਉਂਦਿਆਂ ਹੀ ਮਾਹਲੇ ਨੰਬਰਦਾਰ ਨੂੰ ਪੁੱਛਿਆ, ”ਕਿਉਂ ਨੰਬਰਦਾਰਾ! ਆਹ ਭਾਗੇ ਕੇ ਕੀਹਦਾ ਵਿਆਹ ਬਈ। ਭਾਗੇ ਦੇ ਮੁੰਡੇ ਤਾਰੇ ਨੇ ਵਿਆਹ ਵਾਸਤੇ ਫ਼ੰਭੇ ਤੇਲੀ ਤੋਂ ਰਜਾਈਆਂ ਗਦੈਲੇ ਭਰਾਏ ਐ।”
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਬੋਲਿਆ, ”ਭਾਗੇ ਦੀ ਦੋਹਤੀ ਦਾ ਵਿਆਹ ਧੂੜਕੋਟ ਆਲੀ ਦਾ। ਨਾਨਕ ਸ਼ੱਕ ਆ ਗੀ ਭਾਗੇ ਕਿਆਂ ਨੂੰ। ਅੱਠ ਦਸ ਹਜ਼ਾਰ ਦੇ ਰਗੜੇ ‘ਚ ਆ ਜਾਣਗੇ ਜੱਟ ਹੁਣ। ਇਹ ਤਾਂ ਕੁਲਫ਼ੀ ਨ੍ਹੀ ਲੈ ਕੇ ਦਿੰਦੇ ਜੁਆਕ ਨੂੰ ਐਨੇ ਰਪੀਏ ਕਿਮੇਂ ਲਾਉਣਗੇ ਵਿਆਹ ‘ਤੇ ਬਈ?”
ਬੁੱਘਰ ਦਖਾਣ ਕਹਿੰਦਾ, ”ਪ੍ਰਾਹੁਣੇ ਤੋਂ ਡਰਦੇ ਲਾਉਣਗੇ। ਪ੍ਰਾਹੁਣਾ ਸਿਰੇ ਦਾ ਅੜਬ ਐ। ਜਦੋਂ ਕਿਤੇ ਵਰ੍ਹੇ ਛਮਾਹੀਂ ਸਹੁਰੀਂ ਆ ਜਾਂਦਾ, ਸਾਰਾ ਟੱਬਰ ਇਉਂ ਮੂਤਦਾ ਫ਼ਿਰੂ ਜਿਮੇਂ ਕਿੱਕਰ ਨਾਲ ਟੰਗੇ ਪਾਟੇ ਵੇ ਕੂਹਨੇ ‘ਚੋਂ ਤਰਿਪ-ਤਰਿਪ ਪਾਣੀ ਡੁੱਲ੍ਹੀ ਜਾਂਦਾ ਹੁੰਦਾ।”
ਕਿੱਕਰ ‘ਤੇ ਟੰਗੇ ਕੂਹਨੇ ਵਾਲੀ ਗੱਲ ਸੁਣ ਕੇ ਪੱਬੀ ਪੰਡਤ ਹੱਸ ਕੇ ਕਹਿੰਦਾ, ”ਫ਼ੇਰ ਟੱਬਰ ਦੇ ਸੁੱਥੂਆਂ ਦਾ ਕੀ ਬਣਦਾ ਹੋਊ ਬਈ। ਉਹ ਤਾਂ ਭਿੱਜ ਕੇ ਇਉਂ ਹੋ ਜਾਂਦੇ ਹੋਣਗੇ ਜਿਮੇਂ ਦਰਖ਼ਤ ‘ਤੇ ਟੰਗੀ ਮੀਂਹ ‘ਚ ਭਿੱਜੀ ਸਣ ਲਮਕਦੀ ਹੁੰਦੀ ਐ।”
ਸੀਤਾ ਮਰਾਸੀ ਕਹਿੰਦਾ, ”ਸੁੱਥੂਆਂ ਦਾ ਤਾਂ ਪਤਾ ਨ੍ਹੀ, ਪਰ ਜੁੱਤੀ ‘ਚ ਪੈਰ ਜ਼ਰੂਰ ਇਉਂ ਹੋ ਜਾਂਦੇ ਹੋਣਗੇ ਜਿਮੇਂ ਗਲੀਸ ਨਾਲ ਲਬੇੜ ਕੇ ਮਧਾਣੀ ਬਹੀਨ ‘ਚ ਥੁੰਨੀ ਹੁੰਦੀ ਐ।”
ਗੱਲਾਂ ਕਰੀ ਜਾਂਦਿਆਂ ਤੋਂ ਨਾਥਾ ਅਮਲੀ ‘ਤੇਰੀ ਆਦਤ ਤਲੰਗਿਆ ਗਈ ਨਾ, ਖੜ੍ਹ ਕੇ ਮੂਤਣ ਦੀ’ ਗਾਉਂਦਾ ਗਾਉਂਦਾ ਜਦੋਂ ਸੱਥ ਵਾਲੇ ਥੜੇ ‘ਤੇ ਆ ਬੈਠਾ ਤਾਂ ਮੁਖਤਿਆਰੇ ਮੈਂਬਰ ਨੇ ਅਮਲੀ ਨੂੰ ਪੁੱਛਿਆ, ”ਅੱਜ ਕੀਹਦੇ ‘ਤੇ ਸੂਈ ਧਰੀ ਆਉਨੈਂ ਅਮਲੀਆ?”
ਅਮਲੀ ਕਹਿੰਦਾ, ”ਸੁਣਿਐ ਭਾਗੇ ਕਿਆਂ ਦੇ ਖੀਸੇ ਨੂੰ ਵੀ ਸਿਉਂਕ ਲੱਗ ਗੀ।”
ਪਿੰਡ ‘ਚ ਜਦੋਂ ਕਿਸੇ ਘਰ ਨੂੰ ਕੋਈ ਖਰਚਾ ਖੜ੍ਹਾ ਹੋ ਜਾਂਦਾ ਤਾਂ ਪਿੰਡ ਦੇ ਲੋਕਾਂ ‘ਚ ਖੀਸੇ ਨੂੰ ਸਿਉਂਕ ਲੱਗਣ ਵਾਲੀ ਕਹਾਵਤ ਹਾਸੇ-ਹਾਸੇ ‘ਚ ਬੋਲੀ ਜਾਣੀ ਆਮ ਗੱਲ ਹੀ ਸੀ ਜਿਸ ਕਰ ਕੇ ਅਮਲੀ ਨੇ ਭਾਗੇ ਕੇ ਖੀਸੇ ਨੂੰ ਸਿਉਂਕ ਲੱਗਣ ਵਾਲੀ ਗੱਲ ਕਹੀ ਸੀ।
ਬਾਬੇ ਬੱਗਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਕੀਹਦੀ ਨ੍ਹੀ ਗਈ ਆਦਤ ਕੋਈ, ਕਿਮੇਂ ਪੈ ਗੀ ਭਾਗੇ ਕਿਆਂ ਦੇ ਖੀਸੇ ਨੂੰ ਸਿਉਂਕ ਬਈ?”
ਅਮਲੀ ਕਹਿੰਦਾ, ”ਆਹ ਸੀਤੇ ਮਰਾਸੀ ਨੇ ਦੱਸ ਈ ਦਿੱਤਾ ਹੋਣੈ ਬਈ ਭਾਗੇ ਦੀ ਦੋਹਤੀ ਦੇ ਵਿਆਹ ‘ਚ ਕਿੰਨੇ ਹਜਾਰ ਨੂੰ ਧੂਫ਼ ਆ ਜਾਣੀ ਐ। ਭਾਗੇ ਦੀ ਬਹੂ ਨੂੰ ਤਾਂ ਜਿੱਦਣ ਦਾ ਵਿਆਹ ਧਰਿਆ ਵਿਆ ਨੀਂਦ ਨ੍ਹੀ ਆਈ। ਜਨਕ ਵੈਦ ਤੋਂ ਓਦਣ ਦੀ ਓ ਈ ਨੀਂਦ ਆਲੀਆਂ ਗੋਲੀਆਂ ਲੈ ਕੇ ਸੌਂਦੀ ਐ।
ਵਿਆਹ ਦੀ ਗੱਲ ਸੁਣ ਕੇ ਬੰਤਾ ਬੁੜ੍ਹਾ ਬੋਲਿਆ, ”ਭਾਗੇ ਕਿਆਂ ਨੂੰ ਵਾਧੂ ਈ ਕਹੀ ਜਾਨੇ ਓਂ ਯਾਰ, ਜਿਹਨਾਂ ਨੇ ਕੁੜੀ ਦੇ ਵਿਆਹ ਦਾ ਸਾਰਾ ਖਰਚ ਚੱਕਣੈ, ਉਨ੍ਹਾਂ ਦਾ ਕੀ ਹਾਲ ਫ਼ਿਰ?”
ਅਮਲੀ ਕਹਿੰਦਾ, ”ਉਹ ਤਾਂ ਭਾਗੇ ਕਿਆਂ ਤੋਂ ਵੀ ਚੰਦ ਐ। ਪ੍ਰਾਹੁਣਾ ਤਾਂ ਸ਼ੈਂਕਲ ਨੂੰ ਵੀ ਪੈਂਚਰ ਐਥੋਂ ਆਪਣੇ ਪਿੰਡ ਆਲੇ ਸ਼ੈਂਕਲਾਂ ਆਲੇ ਕਰਤਾਰ ਤੋਂ ਲੁਆ ਕੇ ਲਜਾਂਦਾ। ਪੈਂਸੇ ਆਖੂ ਬੁੜ੍ਹੇ ਤੋਂ ਲੈ ਲੀਂ ਮੇਰੇ ਸਹੁਰਿਆਂ ਆਲੇ ਤੋਂ। ਲੈ ਦੱਸ ਬਾਬਾ! ਸਹੁਰੇ ਨੂੰ ਬੁੜ੍ਹਾ ਈ ਦੱਸੂ। ਜਿਮੇਂ ਆਪ ਗਾਹਾਂ ਸੰਖ ਪੂਰੀਆਂ ਦਾ ਮੁੰਡਾ ਹੁੰਦਾ। ਬੁੱਲ੍ਹਾਂ ‘ਚ ਜਰਦਾ ਲਾ ਕੇ ਸਾਲਾ ਪਾਤੜਾਂ ਆਲਾ ਢਮਘੀਰਾ ਬਣਿਆਂ ਫ਼ਿਰੂ। ਜਿਹੜੇ ਜਰਦੇ ਨੂੰ ਭੇਡ ਮਨ੍ਹੀ ਖਾਂਦੀ, ਮੂੰਹ ‘ਚ ਇਉਂ ਭਰ ਲੂ ਜਿਮੇਂ ਰੇਲੋ ਮਾਈ ਬੈਂਗਣਾਂ ਨਾਲ ਰੇਹ ਆਲੀ ਬੋਰੀ ਦਾ ਝੋਲਾ ਭਰ ਕੇ ਬਾਘੇ ਆਲੇ ਆਲੀ ਬੱਸੋਂ ਉਤਰੀ ਹੁੰਦੀ ਐ। ਪ੍ਰਾਹੁਣੇ ਨੂੰ ਪੁੱਛਣ ਆਲਾ ਹੋਵੇ ਬਈ ਪਿੰਡੋਂ ਚੱਲ ਕੇ ਐਥੋਂ ਤਕ ਰਾਹ ‘ਚ ਤਿੰਨ ਪਿੰਡ ਆਉਂਦੇ ਐ, ਕਿਤ੍ਹੇ ਵੀ ਪੈਂਚਰਾਂ ਆਲਾ ਹੈਨ੍ਹੀ। ਐਡੇ ਨਕੰਮੇ ਪਿੰਡ। ਇਹ ਸਾਕ ਦਾ ਨ੍ਹੀ ਪਤਾ ਬਈ ਕਰਾਇਆ ਕੀਹਨੇ ਐ?”
ਸੀਤਾ ਮਰਾਸੀ ਕਹਿੰਦਾ, ”ਕਤੂਰਿਆਂ ਆਲਿਆਂ ਦੇ ਵੱਡੇ ਮੁੰਡੇ ਨੇ ਕਰਾਇਆ।”
ਕਤੂਰਿਆਂ ਵਾਲਾ ਨਾਂ ਸੁਣ ਕੇ ਬਾਬੇ ਬੱਗਾ ਸਿਉਂ ਨੇ ਅਮਲੀ ਨੂੰ ਮੁਸ਼ਕਣੀਆਂ ਹੱਸ ਕੇ ਪੁੱਛਿਆ, ”ਇਹ ਕਿਹੜੇ ਆ ਗੇ ਅਮਲੀਆ ਕਤੂਰਿਆਂ ਆਲੇ ਓਏ। ਕੀਹਨੂੰ ਕਹਿਣੈਂ ਕਤੂਰਿਆਂ ਆਲੇ?”
ਨਾਥਾ ਅਮਲੀ ਕਹਿੰਦਾ, ”ਮਹਿੰਗੇ ਕਾਣੇ ਕਿਆਂ ਨੂੰ ਕਹਿੰਦੇ ਐ ਬਾਬਾ ਕਤੂਰਿਆਂ ਆਲੇ। ਉਨ੍ਹਾਂ ਦੇ ਵੱਡੇ ਮੁੰਡੇ ਰੇਸ਼ਮ ਨੇ ਕਰਾਇਆ ਸਾਕ। ਓਹਨੇ ਚਾੜ੍ਹਿਆ ਟਿੱਬੇ ‘ਤੇ ਪਾਣੀ।”
ਬਾਬੇ ਨੇ ਪੁੱਛਿਆ, ”ਕਤੂਰਿਆਂ ਕਿਮੇਂ ਵੱਜਦੇ ਐ ਓਹੋ?”
ਸੀਤਾ ਮਰਾਸੀ ਕਹਿੰਦਾ, ”ਜਿਮੇਂ ਆਪਣੇ ਓਧਰਲੇ ਗੁਆੜ ਆਲੇ ਦਿਆਲੇ ਕਿਆਂ ਦੇ ਕਿਸੇ ਵੱਡ-ਵਡੇਰੇ ਨੇ ਬੱਛੀ ਬੁੱਛੀ ਮਾਰ ‘ਤੀ ਹੋਣੀ ਐ, ਉਨ੍ਹਾਂ ਦਾ ਪਿੰਡ ਆਲਿਆਂ ਨੇ ਬੱਛੀ ਮਾਰ ਈ ਨਾਂਅ ਧਰ ਲਿਆ, ਓਮੇਂ ਮਹਿੰਗੇ ਕੇ ਕਿਤੇ ਕਤੂਰੇ ਈ ਨਾ ਖਾ ਖੂ ਗੇ ਹੋਣ। ਬਾਕੀ ਭਾਈ ਫ਼ੇਰ ਅਮਲੀ ਨੂੰ ਪਤਾ ਹੋਊ ਇਹਨੂੰ ਪੁੱਛ ਲੋ ਇਹਦੇ ਬਾਰ ਨੂੰ ਬਾਰ ਸਾਹਮਣਾ ਮਹਿੰਗੇ ਕਾ।”
ਬਾਬਾ ਬੱਗਾ ਸਿਉਂ ਫ਼ੇਰ ਹੋਇਆ ਅਮਲੀ ਵੱਲ ਨੂੰ, ”ਕਿਉਂ ਬਈ ਨਾਥਾ ਸਿਆਂ! ਆਹ ਮੀਰ ਕੀ ਕਹਿੰਦਾ। ਮਹਿੰਗੇ ਕਿਆਂ ਨੂੰ ਕਤੂਰਿਆਂ ਆਲੇ ਕਿਉਂ ਕਹਿੰਦੇ ਐ। ਕਤੂਰਾ ਕਤਾਰਾ ਖਾ ਖੂ ਗੇ ਸੀ ਕੁ ਕੋਈ ਹੋਰ ਗੱਲ ਐ?”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਬਾਬਾ ਕਤੂਰੇ ਖਾਧੇ ਐ, ਇਹ ਤਾਂ ਲੋਕਾਂ ਨੇ ਊਈਂ ਗੱਲ ਬਣਾ ‘ਤੀ ਹੋਣੀ ਐ ਬਈ ਮਹਿੰਗੇ ਕਿਆ ਨੂੰ ਤਾਈਉਂ ਕਤੂਰਿਆਂ ਆਲੇ ਕਹਿੰਦੇ ਐ ਬਈ ਖਾਣੀ ਕਤੂਰੇ ਈ ਖਾ ਗੇ ਹੋਣਗੇ ਸ਼ਰਾਬੀ ਹੋਏ। ਸਾਰਾ ਟੱਬਰ ਸ਼ਰਾਬ ਵੀ ਬਾਹਲ਼ੀ ਪੀਂਦਾ। ਉਹ ਤਾਂ ਇਉਂ ਹੋਈ ਐ ਗੱਲ! ਕੇਰਾਂ ਮਹਿੰਗੇ ਕੇ ਡੰਗਰਾਂ ਆਲੇ ਵਾੜੇ ‘ਚ ਕੁੱਤੀ ਸੂਅ ਪੀ। ਕੁੱਤੀ ਨੇ ਜਿਹੜੇ ਕਤੂਰੇ ਦਿੱਤੇ ਸੀ ਉਨ੍ਹਾਂ ‘ਚ ਅੱਧੇ ਕੁੱਤੇ ਅੱਧੀਆਂ ਕੁੱਤੀਆਂ ਸੀ। ਮਹਿੰਗਾ ਮੁੰਡਿਆਂ ਨੂੰ ਕਹਿੰਦਾ ‘ਇਹ ਐਥੇ ਈ ਗਿੱਝ ਜਾਣਗੇ ਓਏ ਵੱਡੇ ਹੋ ਕੇ। ਇੰਨ੍ਹਾਂ ਦੀਆਂ ਅੱਖਾਂ ਖੁੱਲ੍ਹਣ ਤੋਂ ਪਹਿਲਾਂ ਈ ਕਿਤੇ ਗਾਹਾਂ ਪਛਾਹਾਂ ਕਰ ਦਿਉ। ਅਕੇ ਛੋਟਾ ਮੁੰਡਾ ਜੈਲਾ ਕਹਿੰਦਾ ‘ਕਿਉਂ ਚਿੰਤਾ ਕਰਦੈਂ ਬਾਪੂ, ਅੱਖਾਂ ਤਾਂ ਖੁੱਲ੍ਹਣ ਦੇ, ਐਹੋ ਜੀ ਸਕੀਮ ਲੜਾਮਾਂਗੇ, ਸਾਰੇ ਕਤੂਰੇ ਕਤੂਰੀਆਂ ਆਥਣ ਨੂੰ ਚਕਾ ਦਿਆਂ ਗੇ’। ਜੈਲੇ ਨੇ ਕੀ ਕੀਤਾ ਬਾਬਾ! ਰਾਤ ਨੂੰ ਇੱਕ ਕਤੂਰੇ ਤੇ ਇੱਕ ਕਤੂਰੀ ਦੇ ਗਲ਼ ‘ਚ ਲਾਲ ਰੰਗ ਦੀਆਂ ਲੀਰਾਂ ਬੰਨ੍ਹ ਤੀਆਂ। ਜੈਲਾ ਸਾਂਝੀ ਨੂੰ ਕਹਿੰਦਾ ‘ਆਹ ਕਤੂਰੇ ਕਤੂਰੀ ਦਾ ਖਿਆਲ ਰੱਖੀਂ ਓਏ, ਇਹ ਨ੍ਹੀ ਕਿਸੇ ਨੂੰ ਦੇਣੇ। ਇਹ ਤਾਂ ਮਹਾਲੀ ਆਲੇ ਐਲ ਬਲੈਲੇ ਨੇ ਲੈ ਕੇ ਜਾਣੇ ਐ। ਉਹੋ ਬੰਨ੍ਹ ਕੇ ਗਿਆ ਨਸ਼ਾਨੀ’। ਸਾਂਝੀ ਨੇ ਕਿਤੇ ਪਿੰਡ ‘ਚ ਗੱਲ ਕਰ ‘ਤੀ ਬਈ ਜਿਹੜੀ ਕੁੱਤੀ ਮਹਿੰਗੇ ਕੇ ਘਰੇ ਸੂਈ ਐ ਉਹ ਕਿਸੇ ਖ਼ਾਸ ਨਸਲ ਦੀ ਐ। ਉਹਦੇ ਦੋ ਕਤੂਰੇ ਕੋਈ ਲੀਡਰ ਰੋਕ ਗਿਆ ਬਈ ਜਦੋਂ ਥੋੜ੍ਹੇ ਜੇ ਵੱਡੇ ਹੋ ਗੇ ਮੈਂ ਲੈ ਕੇ ਜਾਊਂਗਾ। ਇਹ ਨਾ ਕਿਸੇ ਨੂੰ ਦਿਉ’। ਗੱਲ ਸੁਣ ਕੇ ਘੁੱਲਾ ਸਰਪੈਂਚ ਮਹਿੰਗੇ ਕਿਆਂ ਨੂੰ ਜਾ ਕੇ ਕਹਿੰਦਾ ‘ਮੈਂ ਤਾਂ ਭਾਈ ਕਤੂਰਾ ਲੈਣਾ ਆਇਆਂ’। ਜਦੋਂ ਮਹਿੰਗੇ ਕੇ ਕਤੂਰਾ ਚੱਕ ਕੇ ਸਰਪੈਂਚ ਨੂੰ ਫ਼ੜਾਉਣ ਲੱਗੇ ਤਾਂ ਸਰਪੈਂਚ ਕਹਿੰਦਾ ‘ਆਹ ਜਿਨ੍ਹਾਂ ਦੇ ਗਲ਼ ‘ਚ ਲਾਲ ਰੰਗ ਦੀ ਨਸ਼ਾਨੀ ਬੰਨ੍ਹੀ ਐਂ ਮੈਂ ਤਾਂ ਇਹ ਲੈ ਕੇ ਜਾਣੇ ਐਂ’। ਜੈਲਾ ਕਹਿੰਦਾ ਇਹ ਨ੍ਹੀ ਸਰਪੈਂਚਾ ਅਸੀਂ ਦੇਣੇ। ਇਹ ਤਾਂ ਐਲ ਬਲੈਲੇ ਰੋਕ ਕੇ ਗਿਆ। ਤੂੰ ਆਹ ਲੈ ਜਾ’। ਸਰਪੈਂਚ ਕਹੇ ‘ਮੈਂ ਆਹ ਲੈ ਕੇ ਜਾਣੇ ਐਂ’। ਅਕੇ ਮਹਿੰਗਾ ਜੈਲੇ ਨੂੰ ਕਹਿੰਦਾ ‘ਉਹਨੂੰ ਦੂਜੇ ਦੇ ਦਿਉ, ਸਰਪੈਂਚ ਆਵਦਾ ਬੰਦਾ, ਇਹਨੂੰ ਦੇ ਦਿਉ ਇਹੇ। ਐਲ ਬਲੈਲੇ ਦੂਜਿਆਂ ‘ਚੋਂ ਲੈ ਜੂ’। ਲਾਲ ਲੀਰ ਬੰਨ੍ਹੀ ਆਲੇ ਕਤੂਰਾ ਕਤੂਰੀ ਘੁੱਲੇ ਸਰਪੈਂਚ ਨੂੰ ਚਕਾ ‘ਤੇ। ਫ਼ੇਰ ਅਗਲੇ ਦੋਂਹ ਦੇ ਬੰਨ੍ਹ ‘ਤੀ ਲੀਰ। ਕਹਿੰਦੇ ‘ਇਹ ਫ਼ੱਤਣ ਆਲੀਏ ਕਹਿ ਗੇ ਬਈ ਸਾਡੇ ਹੋ ਗੇ। ਮਹਿੰਗੇ ਕੀ ਸਕੀਰੀ ਆਲਾ ਗਰਜਾਮਾਂ ਵਾਲਾ ਜਿਹੜਾ ਵੱਡਾ ਸਤੀਲਦਾਰ ਐ, ਜਦੋਂ ਉਹ ਕਿਤੇ ਮਹਿੰਗੇ ਕੇ ਘਰੇ ਆਇਆ ਤਾਂ ਉਹਨੇ  ਪੁੱਛਿਆ ਬਈ ਇਹ ਕਤੂਰਿਆਂ ਦੇ ਨਸ਼ਾਨੀਆਂ ਜੀਆਂ ਕਿਉਂ ਬੰਨ੍ਹੀਆਂ ਵੀਆਂ। ਮਹਿੰਗੇ ਕੇ ਕਹਿੰਦੇ ‘ਇਹ ਜੈਸਲਮੇਰੀ ਨਸਲ ਐ। ਇਹ ਜੈਤੋ ਆਲਾ ਵੱਡਾ ਠਾਣੇਦਾਰ ਬੰਨ੍ਹ ਕੇ ਗਿਆ ਬਈ ਦਸਾਂ ਕੁ ਦਿਨਾਂ ਨੂੰ ਮੈਂ ਲੈ ਕੇ ਜਾਣੇ ਐਂ’। ਅਕੇ ਸਤੀਲਦਾਰ ਕਹਿੰਦਾ ‘ਉਹਨੂੰ ਦੂਜਿਆਂ ‘ਚੋਂ ਦੇ ਦਿਉ ਇਹ ਤਾਂ ਮੈਂ ਲੈ ਕੇ ਜਾਣੇ ਐ’। ਦੋ ਕਤੂਰੇ ਸਤੀਲਦਾਰ ਲੈ ਗਿਆ। ਇਉਂ ਕਰ ਕਰ ਕੇ ਮਹਿੰਗੇ ਕਿਆਂ ਨੇ ਸਾਰੇ ਕਤੀੜ੍ਹ ਚਕਾਅ ‘ਤੇ। ਤਾਂ ਕਰ ਕੇ ਉਨ੍ਹਾਂ ਨੂੰ ਕਤੂਰਿਆਂ ਆਲੇ ਕਹਿੰਦੇ ਐ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਨਾਥਾ ਸਿਆਂ! ਗਾਹਾਂ ਆਲੀ ਗੱਲ ਵੀ ਦੱਸਦੇ ਜਦੋਂ ਕਤੂਰੇ ਵੱਡੇ ਹੋ ਗੇ ਸੀ ਤਾਂ ਠਾਣੇਦਾਰ ਤੇ ਸਕੀਰੀ ਆਲਾ ਮਹਿੰਗੇ ਨੂੰ ਘਰੇ ਆ ਕੇ ਕੀ ਕਹਿ ਕੇ ਗਏ ਸੀ?”
ਅਮਲੀ ਨੰਬਰਦਾਰ ਦੀ ਗੱਲ ਸੁਣ ਕੇ ਮੁਸ਼ਕਣੀਆਂ ਹੱਸ ਕੇ ਸੱਥ ‘ਚ ਉੱਠ ਕੇ ਘਰ ਨੂੰ ਤੁਰਨ ਲੱਗਿਆ ਕਹਿੰਦਾ, ”ਛੱਡ ਯਾਰ ਨੰਬਰਦਾਰਾ, ਮਹਿੰਗੇ ਕਿਆਂ ਦੇ ਪੀਠੇ ਦਾ ਕੀ ਛਾਨਣਾ।”
ਜਦੋਂ ਅਮਲੀ ਸੱਥ ‘ਚ ਉੱਠਿਆ ਤਾਂ ਬਾਬੇ ਬੱਗਾ ਸਿਉਂ ਨੇ ਅਮਲੀ ਬਾਂਹੋਂ ਫ਼ੜ ਕੇ ਬਿਠਾ ਲਿਆ। ਕਹਿੰਦਾ, ”ਨਾਥਾ ਸਿਆਂ ਹੁਣ ਇਹ ਗੱਲ ਵੀ ਦੱਸ ਜਾ ਜਿਹੜੀ ਨੰਬਰਦਾਰ ਕਹਿੰਦਾ।”
ਅਮਲੀ ਫ਼ੇਰ ਹੋ ਗਿਆ ਪੱਬਾਂ ਭਾਰ ਗੱਲ ਸੁਣਾਉਣ ਨੂੰ। ਬਾਬੇ ਬੱਗਾ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਲੈ ਸੁਣ ਲਾ ਫ਼ਿਰ ਬਾਬਾ। ਜਦੋਂ ਕਿਤੇ ਕਤੂਰੇ ਵੱਡੇ ਹੋ ਗੇ ਉਹ ਤਾਂ ਭਾਈ ਆਵਦੀ ਲੰਡਰਾਂ ਆਲੀ ਅਸਲੀ ਨਸਲ ਕੱਢਿਆਏ। ਅਕੇ ਠਾਣੇਦਾਰ ਆਵਦੇ ਇੱਕ ਹੋਮਗਾੜੀਏ ਨੂੰ ਕਹਿੰਦਾ ‘ਆਹ ਕਤੀੜ੍ਹ ਦੀਆਂ ਅੱਖਾਂ ਬੰਨ੍ਹ ਕੇ ਇਹਨੂੰ ਕਿਤੇ ਦੂਰ ਛੱਡਿਆ ਓਏ ਜਿਹੜਾ ਮੁੜ ਕੇ ਨਾ ਆਵੇ। ਸਾਲਿਆਂ ਨੇ ਬੀਕਾਨੇਰੀ ਨਸਲ ਦੱਸ ਕੇ ਲੰਡਰ ਕਤੀੜ੍ਹ ਈ ਚਕਾ ‘ਤੀ। ਏਮੇਂ ਈ ਸਤੀਲਦਾਰ ਨਾਲ ਹੋਈ। ਇੱਕ ਦਿਨ ਭਾਈ ਸਤੀਲਦਾਰ ਮਹਿੰਗੇ ਨੂੰ ਘਰੇ ਆ ਕੇ ਕਹਿੰਦਾ ‘ਜਿਮੇਂ ਤੂੰ ਕੀਤੀ ਐ ਨਾ ਕਤੂਰਿਆਂ ਨਾਲ, ਤੇਰੇ ਮੁੰਡੇ ਤੇਰੇ ਵੀ ਇੱਕ ਦਿਨ ਗਲ ‘ਚ ਲੀਰ ਬੰਨ੍ਹ ਕੇ ਤੈਨੂੰ ਮੰਡੀ ‘ਤੇ ਵੇਚ ਕੇ ਆਉਣਗੇ। ਨਾਲੇ ਹੋਕਾ ਦੇਣਗੇ ਕਹਿਣਗੇ ਬੁੜ੍ਹੇ ਦੇ ਨਾਂਅ ਸੱਤ ਕਿੱਲੇ ਜਮੀਨ ਵੀ ਐ, ਢਾਈ ਲੱਖ ‘ਚ ਵਕਾਊ ਐ। ਸਤੀਲਦਾਰ ਦੀ ਗੱਲ ਸੁਣ ਕੇ ਬੁੜ੍ਹਾ ਪਾਣੀ ਪੀਣ ਦੇ ਬਹਾਨੇ ਘਰ ਦੇ ਪਿੱਛਲੇ ਬਾਰ ਨਿੱਕਲ ਕੇ ਪਿੰਡ ‘ਚ ਵੜ ਗਿਆ। ਆਥਣ ਤਕ ਘਰੇ ਈ ਨ੍ਹੀ ਆਇਆ। ਆ ਕੇ ਮੁੰਡਿਆਂ ਨਾਲ ਲੜ ਪਿਆ। ਕਹਿੰਦਾ ‘ਤੁਸੀਂ ਕਤੀੜ੍ਹਾਂ ਪਿੱਛੇ ਮੇਰੀ ਦਾੜ੍ਹੀ ਪਟਾ ‘ਤੀ।”
ਗੱਲਾਂ ਕਰੀਂ ਜਾਂਦਿਆਂ ਤੋਂ ਏਨੇ ਨੂੰ ਸੀਤੇ ਮਰਾਸੀ ਨੂੰ ਮਹਿੰਗਾ ਸੱਥ ਵੱਲ ਆਉਂਦਾ ਦਿਸ ਗਿਆ। ਮਰਾਸੀ ਮਹਿੰਗੇ ਵੱਲ ਵੇਖ ਕੇ ਬਾਬੇ ਨੂੰ ਕਹਿੰਦਾ, ”ਹੋ ਆਉਂਦਾ ਬਾਬਾ ਕਤੂਰਿਆਂ ਆਲਾ ਮਹਿੰਗਾ।”
ਬਾਬਾ ਬੱਗਾ ਸਿਉਂ ਮਹਿੰਗੇ ਨੂੰ ਵੇਖ ਕੇ ਸੱਥ ਵਾਲਿਆਂ ਨੂੰ ਕਹਿੰਦਾ, ”ਚੱਲੋ ਓਏ ਉਠੋ ਘਰਾਂ ਨੂੰ ਚਲੀਏ, ਗੱਲ ਚਲਦੀ ਤੋਂ ਕੋਈ ਹੋਰ ਗੱਲ ਮੂੰਹ ‘ਚੋਂ ਨਿੱਕਲ ਜਾਂਦੀ ਐ, ਐਮੇਂ ਲੜਾਈ ਨੂੰ ਥਾਂ ਹੋਊ। ਚੱਲੋ ਉਠੋ।”
ਬਾਬੇ ਦਾ ਆਖਾ ਮੰਨ ਕੇ ਸਾਰੀ ਸੱਥ ਮਹਿੰਗੇ ਦੇ ਸੱਥ ‘ਚ ਆਉਣ ਤੋਂ ਪਹਿਲਾਂ ਹੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਈ।

LEAVE A REPLY