Editorialਸ਼ਨੀਵਾਰ ਨੂੰ ਤੁਰਕੀ ਦੀ ਫ਼ੌਜ ਨੇ ਆਪਣੇ ਬੌਰਡਰ ਤੋਂ ਉੱਤਰੀ ਸੀਰੀਆ ਵਿੱਚ ਸਥਿਤ ਕੁਰਦੀ ਜਨਤਕ ਸੁਰੱਖਿਆ ਯੁਨਿਟਾਂ (ਜਾਂ YPG ਮਲੀਸ਼ੀਆ) ਦੇ ਠਿਕਾਣਿਆਂ ‘ਤੇ ਬੰਬਾਰੀ ਕਰਨੀ ਸ਼ੁਰੂ ਕੀਤੀ ਜੋ ਕਿ ਆਖ਼ਰੀ ਖ਼ਬਰਾਂ ਆਉਣ ਤਕ ਜਾਰੀ ਸੀ। ਤੁਰਕੀ ਦੀ ਫ਼ੌਜ ਵਲੋਂ ਇਹ ਹਮਲੇ YPG ਦੇ ਖਾੜਕੂਆਂ ਵਲੋਂ ਅਜ਼ਾਜ਼ ਸ਼ਹਿਰ ਨੇੜੇ ਸਥਿਤ ਉਨ੍ਹਾਂ ਦੇ ਮੇਨਾਘ ਦੇ ਸਾਬਕਾ ਫ਼ੌਜੀ ਏਅਰ ਬੇਸ ‘ਤੇ ਕਬਜ਼ਾ ਕਰਨ ਉਪਰੰਤ ਸ਼ੁਰੂ ਕੀਤੇ ਗਏ ਸਨ। ਹਾਲੇ ਦੋ ਕੁ ਹਫ਼ਤੇ ਪਹਿਲਾਂ ਅਮਰੀਕਾ, ਰੂਸ ਅਤੇ ਹੋਰ ਅੰਤਰ-ਰਾਸ਼ਟਰੀ ਧਿਰਾਂ ਦਰਮਿਆਨ ਹੋਏ ਤਥਾਕਥਿਤ ਸ਼ਾਂਤੀ ਸਮਝੌਤੇ ਤੋਂ ਬਾਅਦ ਦਾ ਹਫ਼ਤਾ ਸੀਰੀਆ ਵਿੱਚ ਫ਼ੌਜੀ ਕਾਰਵਾਈਆਂ ਵਿੱਚ ਪ੍ਰਤੱਖ ਵਾਧੇ ਦਾ ਹਫ਼ਤਾ ਰਿਹਾ ਹੈ। ਸੀਰੀਆ ਵਿੱਚ YPG ਦੇ ਰੋਲ ਨੂੰ ਲੈ ਕੇ ਵੀ ਤੁਰਕੀ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਕਾਫ਼ੀ ਸਖ਼ਤ ਇਖ਼ਤਲਾਫ਼ ਬਣੇ ਹੋਏ ਹਨ। YPG ਦੇ ਤੁਰਕੀ ਦੀ ਤੁਰਕਿਸਤਾਨ ਵਰਕਰਜ਼ ਪਾਰਟੀ (PKK), ਜੋ ਕਿ ਇੱਕ ਹਥਿਆਰਬੰਦ ਵੱਖਵਾਦੀ ਗੁੱਟ ਹੈ, ਨਾਲ ਸਬੰਧ ਹਨ ਜਿਸ ਨੇ 1984 ਤੋਂ ਤੁਰਕੀ ਵਿੱਚ ਕਈ ਵੱਡੇ ਅਤਿਵਾਦੀ ਹਮਲੇ ਸਰਅੰਜਾਮ ਦਿੱਤੇ ਹਨ। YPG ਦਾ ਐਲਾਨੀਆ ਉਦੇਸ਼ ਹੈ ਪੱਛਮੀ ਸੀਰਆ ਤੋਂ ਲੈ ਕੇ ਪੂਰਬੀ ਸੀਰੀਆ ਤਕ ਅਤੇ ਫ਼ਿਰ ਉੱਥੋਂ ਇਰਾਕ ਦੇ ਅੰਦਰ ਤਕ ਸੀਰੀਆ ਦੀ ਤੁਰਕੀ ਨਾਲ ਲਗਦੀ ਉੱਤਰੀ ਸੀਮਾ ਦੇ ਨਾਲ ਨਾਲ ਇੱਕ ਹਕੀਕੀ ਕੁਰਦਿਸ਼ ਰਾਸ਼ਟਰ ਸਿਰਜ ਕੇ PKK ਦੇ ਸੀਰੀਆ ਵਿਚਲੇ ਵੱਖਵਾਦੀ ਉਦੇਸ਼ਾਂ ਦੀ ਪੂਰਤੀ ਕਰਨਾ। ਤੁਰਕੀ ਦਾ ਕਹਿਣਾ ਹੈ ਕਿ YPG ਵੀ ਇੱਕ ਅਤਿਵਾਦੀ ਤਨਜ਼ੀਮ ਹੈ। ਦੂਸਰੇ ਪਾਸੇ, ਅਮਰੀਕਾ PKK ਨੂੰ ਤਾਂ ਇੱਕ ਅਤਿਵਾਦੀ ਜਥੇਬੰਦੀ ਗਰਦਾਨਦਾ ਹੈ, ਪਰ YPG ਨੂੰ ਉਹ ਇੱਕ ਅਤਿਵਾਦੀ ਜਥੇਬੰਦੀ ਮੰਨਣ ਤੋਂ ਸਾਫ਼ ਇਨਕਾਰੀ ਹੈ।
ਹਾਲਾਂਕਿ ਕੁਰਦੀਆਂ ਵਿੱਚ ਬਹੁਗਿਣਤੀ ਸੁੰਨੀ ਮੁਸਲਮਾਨਾਂ ਦੀ ਹੈ, ਕੁਰਦੀ ਮਲੀਸ਼ੀਆ ਸਿਆਸੀ ਤੌਰ ‘ਤੇ ਖੱਬੇ ਪੱਖੀ ਸੋਚ ਦੇ ਧਾਰਣੀ ਹਨ ਅਤੇ ਉਹ ਤੁਰਕੀ ਖ਼ਿਲਾਫ਼ ਰੂਸ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਾਰ ਅਲ-ਆਸਦ ਦੀ ਐਲਾਵੀਟ/ਸ਼ੀਆ ਹਕੂਮਤ ਨਾਲ ਗੱਠਜੋੜ ਵਿੱਚ ਹੈ। YPG ਨੂੰ ਇਸਲਾਮਿਕ ਸਟੇਟ ਜਾਂ ਦਾਇਸ਼ ਖ਼ਿਲਾਫ਼ ਉਸ ਦੀ ਲੜਾਈ ਵਿੱਚ ਅਮਰੀਕਾ ਨੇ ਉਸ ਵਕਤ ਤੋਂ ਖੁਲ੍ਹੇ ਹਥਿਆਰ ਦੇਣੇ ਸ਼ੁਰੂ ਕੀਤੇ ਹੋਏ ਹਨ ਜਦੋਂ ਉੱਤਰੀ ਇਰਾਕ ਵਿੱਚ ਪਿੱਛਲੇ ਸਾਲ ਕੁਰਦੀਆਂ ਉੱਪਰ ਦਾਇਸ਼ ਨੇ ਵਹਿਸ਼ੀਆਨਾ ਹੱਲਾ ਬੋਲਿਆ ਸੀ। ਸੀਰੀਆ ਵਿੱਚ YPG ਦੀ ਅਮਰੀਕਾ ਵਲੋਂ ਖੁਲ੍ਹ ਕੇ ਹਮਾਇਤ ਨੇ ਤੁਰਕੀ ਲੀਡਰਾਂ ਨੂੰ ਅਮਰੀਕਾ ਖ਼ਿਲਾਫ਼ ਖ਼ੂਬ ਜ਼ਹਿਰ ਉਗਲਣ ਦਾ ਮੌਕਾ ਵੀ ਦਿੱਤਾ ਹੈ। ਤੁਰਕੀ ਨੇ ਬਾਰ ਬਾਰ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਸੀਰੀਆ ਦੇ ਅਲੈਪੋ ਸ਼ਹਿਰ ਦੇ ਉੱਤਰ ਵੱਲ ਸਥਿਤ ਤੁਰਕੀ ਦੀ ਸੀਮਾ ਨਾਲ ਲਗਦੇ ਇਲਾਕੇ ਵਿੱਚ ਕੁਰਦੀ ਕੰਟਰੋਲ ਕਾਇਮ ਕਰਨ ਦੀ ਕੋਈ ਵੀ ਕੋਸ਼ਿਸ਼, ਜੋ ਕਿ YPG ਦੇ ਕੁਰਦੀ ਰਾਸ਼ਟਰ ਸਥਾਪਿਤ ਕਰਨ ਦੇ ਉਦੇਸ਼ ਦੀ ਪੂਰਤੀ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਜਿੱਤ ਸਮਝੀ ਜਾਵੇਗੀ, ਤੁਰਕੀ ਨੂੰ ਨਾਕਾਬਿਲੇ ਬਰਦਾਸ਼ਤ ਹੋਵੇਗੀ ਅਤੇ ਉਸ ਨੂੰ ਜਵਾਬੀ ਕਾਰਵਾਈ ਲਈ ਮਜਬੂਰ ਕਰੇਗੀ। ਇਸ ਤੋਂ ਪਹਿਲਾਂ ਤੁਰਕੀ ਦੇ ਫ਼ੌਜੀ ਸੂਤਰਾਂ ਦਾ ਕਹਿਣਾ ਸੀ ਕਿ PKK ਦੇ ਖਾੜਕੂਆਂ ਨੇ ਤੁਰਕੀ ਦੀਆਂ ਫ਼ੌਜਾਂ ‘ਤੇ ਹਮਲੇ ਕੀਤੇ ਹਨ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਜੌਹਨ ਕਿਰਬੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ YPG ਨੂੰ ਸੀਰੀਆ ਵਿੱਚ ਹਥਿਆਰ ਸਪਲਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਰੂਸੀ ਅਧਿਕਾਰੀਆਂ ਵਲੋਂ ਹਾਲੇ ਇਸ ਮਾਮਲੇ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਇਹ ਲਗਭਗ ਨਿਸ਼ਚਿਤ ਹੈ ਕਿ ਜੇਕਰ ਤੁਰਕੀ ਦੀਆਂ ਫ਼ੌਜਾਂ ਸੀਰੀਆ ਵਿੱਚ ਕੁਰਦੀ ਠਿਕਾਣਿਆਂ ‘ਤੇ ਹਮਲੇ ਕਰਦੀਆਂ ਹਨ ਤਾਂ ਰੂਸ ਵੀ ਜਵਾਬੀ ਕਾਰਵਾਈ ਤੋਂ ਸੰਕੋਚ ਨਹੀਂ ਕਰੇਗਾ ਅਤੇ ਇਸ ਗੱਲ ਦੀ ਵੀ ਪੂਰੀ ਸੰਭਾਵਨਾ ਹੈ ਕਿ ਉਸ ਦੀਆਂ ਫ਼ੌਜਾਂ ਤੁਰਕੀ ਦੀ ਜ਼ਮੀਨ ‘ਤੇ ਸਥਿਤ ਉਸ ਦੇ ਫ਼ੌਜੀ ਅੱਡਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਤੋਂ ਵੀ ਗ਼ੁਰੇਜ਼ ਨਾ ਕਰਨ। ਜੇ ਅਜਿਹਾ ਹੁੰਦਾ ਹੈ ਤਾਂ ਫ਼ਿਰ ਉਸ ਖਿੱਤੇ ਵਿੱਚ ਸਥਿਤੀ ਬਹੁਤ ਜਲਦ ਹੱਥੋਂ ਬਾਹਰ ਵੀ ਨਿਕਲ ਸਕਦੀ ਹੈ।
ਸਾਊਦੀ ਅਰਬ, ਕਤਰ ਅਤੇ ਸੰਯੁਕਤ ਰਾਜ ਅਮੀਰਾਤ ਸਾਂਝੇ ਤੌਰ ‘ਤੇ ਸੀਰੀਆ ਵਿੱਚ ਦਾਖ਼ਲ ਹੋਣ ਦੇ ਮੂਡ ਵਿੱਚ
ਸਾਊਦੀ ਅਰਬ, ਯੂ.ਏ.ਈ., ਅਤੇ ਕਤਰ ਨੇ ਐਲਾਨ ਕੀਤਾ ਹੈ ਕਿ ਉਹ ਸੀਰੀਆ ਵਿੱਚ ਇਸਲਾਮਿਕ ਸਟੇਟ ਖ਼ਿਲਾਫ਼ ਆਪਣੀਆਂ ਸਾਂਝੀਆਂ ਫ਼ੌਜਾਂ ਭੇਜਣ ਲਈ ਤਿਆਰ ਹਨ। ਸਾਊਦੀ ਅਰਬ ਨੇ ਇਸ ਸਿਲਸਿਲੇ ਵਿੱਚ ਤੁਰਕੀ ਦੇ ਇਨਸਰਲਿਕ ਏਅਰ ਬੇਸ ‘ਤੇ ਆਪਣੇ 8-10 ਜੰਗੀ ਜਹਾਜ਼ ਭੇਜ ਦਿੱਤੇ ਹਨ ਅਤੇ ਉਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਇਸਤੇਮਾਲ ਸੀਰੀਆ ਵਿੱਚ ਬੌਰਡਰੋਂ ਪਾਰ ਇਸਲਾਮਿਕ ਸਟੇਟ ਦੇ ਠਿਕਾਣਿਆਂ ‘ਤੇ ਹਮਲੇ ਕਰਨ ਲਈ ਕੀਤਾ ਜਾਵੇਗਾ। ਮਿਡਲ-ਈਸਟ ਦੇ ਖਿੱਤੇ ਵਿੱਚ ਹਾਲਾਤ ਇਸ ਵਕਤ ਇਹੋ ਜਿਹੇ ਬਣੇ ਹੋਏ ਹਨ ਕਿ ਕੋਈ ਕਿਸੇ ਨੂੰ ਵੀ ਮਾਰੇ ਦਾਅਵਾ ਸਾਰੇ ਹੀ ਇਹੋ ਕਰਦੇ ਹਨ ਕਿ ਉਹ ਦਾਇਸ਼ ਜਾਂ ਇਸਲਾਮਿਕ ਸਟੇਟ ਦੇ ਟਿਕਾਣਿਆਂ ‘ਤੇ ਹਮਲੇ ਕਰ ਰਹੇ ਹਨ। ਇਨਸਰਲਿਕ ਏਅਰ ਬੇਸ ਪਹਿਲਾਂ ਤੋਂ ਹੀ ਅਮਰੀਕਾ ਦੀ ਅਗਵਾਈ ਵਿੱਚ ਬਰਤਾਨੀਆ ਅਤੇ ਫ਼ਰਾਂਸ ਵਲੋਂ ਇਸਲਾਮਿਕ ਸਟੇਟ ਉੱਪਰ ਸੀਮਾ ਪਾਰ ਤੋਂ ਹਮਲਿਆਂ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਛੁੱਟ, ਹੁਣ ਸਾਊਦੀ ਅਰਬ ਅਤੇ ਤੁਰਕੀ ਵੀ ਸਾਂਝੇ ਔਪ੍ਰੇਸ਼ਨ ਅਤੇ ਸੀਰੀਆ ਵਿੱਚ ਜ਼ਮੀਨੀ ਫ਼ੌਜ ਤਾਇਨਾਤ ਕਰਨ ਬਾਰੇ ਮਸ਼ਵਰੇ ਕਰ ਰਹੇ ਹਨ ਤਾਂ ਕਿ ਇਸਲਾਮਿਕ ਸਟੇਟ ਨਾਲ ਸੀਰੀਆਈ ਜ਼ਮੀਨ ਉੱਪਰ ਹੀ ਦੋ ਦੋ ਹੱਥ ਕੀਤੇ ਜਾ ਸਕਣ। ਸਾਊਦੀ ਅਰਬ ਅਤੇ ਤੁਰਕੀ ਦੀਆਂ ਸਾਂਝੀਆਂ ਜ਼ਮੀਨੀ ਫ਼ੌਜਾਂ ਦੇ ਜ਼ਿਕਰ ਮਾਤਰ ਨੇ ਹੀ ਕਾਫ਼ੀ ਵਾਅਵੇਲਾ ਖੜ੍ਹਾ ਕਰ ਦਿੱਤਾ ਹੈ, ਇੱਥੋਂ ਤਕ ਕਿ ਖ਼ੁਦ ਤੁਰਕੀ ਦੇ ਅੰਦਰ ਵੀ। ਜਿਵੇਂ ਮੈਂ ਪਿੱਛਲੇ ਕੁਝ ਸਮੇਂ ਤੋਂ ਲਿਖਦਾ ਆ ਰਿਹਾਂ, ਮਿਡਲ-ਈਸਟ ਇਸ ਵਕਤ ਸ਼ੀਆ-ਸੁੰਨੀਆਂ, ਅਰਬੀਆਂ-ਯਹੂਦੀਆਂ, ਅਤੇ ਉਸ ਖਿੱਤੇ ਵਿੱਚ ਵੱਸਦੇ ਹੋਰ ਵੱਖੋ ਵੱਖ ਫ਼ਿਰਕਿਆਂ ਦਰਮਿਆਨ ਵੱਡੀਆਂ ਜੰਗਾਂ ਦਾ ਅਖਾੜਾ ਬਣਨ ਜਾ ਰਿਹਾ ਹੈ। ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਅਜਿਹੀ ਨਵੀਂ (ਦੁਰ)ਘਟਨਾ ਦੇ ਵਾਪਰਣ ਦੀ ਖ਼ਬਰ ਸਾਨੂੰ ਸੁਣਨ ਨੂੰ ਮਿਲ ਹੀ ਜਾਂਦੀ ਹੈ ਜਿਹੜੀ ਉਸ ਸਮੁੱਚੇ ਖਿੱਤੇ ਨੂੰ ਆਹਿਸਤਾ ਆਹਿਸਤਾ ਉਸੇ ਦਿਸ਼ਾ ਵੱਲ ਖਿੱਚ ਰਹੀ ਹੈ। ਹੁਣ ਨਹੀਂ ਲਗਦਾ ਕਿ ਮੇਰੇ ਇਸ ਖ਼ਦਸ਼ੇ ਦੇ ਪੂਰੇ ਹੋਣ ਵਿੱਚ ਕੋਈ ਬਹੁਤ ਜ਼ਿਆਦਾ ਵਕਤ ਬਚਿਐ!
ਬਸ਼ਾਰ ਅਲ-ਆਸਦ ਦੀ ਨਫ਼ਰਤ ਦੀ ਜ਼ਹਿਰ
ਕੁਝ ਕੁ ਦਿਨ ਪਹਿਲਾਂ ਮੈਂ ਇੱਕ ਇੰਟਰਨੈੱਟ ਬਲੌਗ ‘ਤੇ ਇੱਕ ਟਿੱਪਣੀ ਪੜ੍ਹੀ ਸੀ ਜੋ ਕਿ ਸਪੱਸ਼ਟ ਰੂਪ ਵਿੱਚ ਰੂਸ ਜਾਂ ਬਸ਼ਾਰ ਅਲ-ਆਸਦ ਦੇ ਇੰਟਰਨੈੱਟ ਹਮਾਇਤੀਆ ਵਲੋਂ ਹੀ ਸੀ: ”ਸੀਰੀਆ ਵਿੱਚ ‘ਸੁੰਨੀ ਸ਼ਹਿਰੀ’ ਨਾਮ ਦੀ ਕੋਈ ਸ਼ੈਅ ਹੀ ਨਹੀਂ,” ਅਰਥਾਤ ਕੋਈ ਵੀ ਸੁੰਨੀ ਇੱਕ ਸਭਿਅ ਸ਼ਹਿਰੀ ਕਹਿਲਾਉਣ ਦੇ ਕਾਬਿਲ ਨਹੀਂ। ਉਸੇ ਵੈੱਬਸਾਈਟ ‘ਤੇ ਇੱਕ ਹੋਰ ਟਿਪਣੀਕਾਰ ਸੀਰੀਆ ਦੇ ਵਿਰੋਧੀ ਗਰੁੱਪਾਂ ਨੂੰ ‘ਕੌਕਰੋਚ’ ਗਰਦਾਨ ਰਿਹਾ ਸੀ। ਕਿਸੇ ਕੌਮ ਦੀ ਕੀੜਿਆਂ ਮਕੌੜਿਆਂ ਨਾਲ ਤੁਲਨਾ  ਕਰਨ ਦਾ ਇਹ ਰੁਝਾਨ ਮੈਨੂੰ ਕੁਝ ਜਾਣਿਆ ਪਹਿਚਾਣਿਆ ਜਿਹਾ ਲੱਗਾ ਕਿਉਂਕਿ 1994 ਦੇ ਰਵਾਂਡਾ ਕਤਲੇਆਮ ਬਾਰੇ ਪੜ੍ਹਦਿਆਂ ਵੀ ਮੈਨੂੰ ਇਹ ਵਿਸ਼ੇਸ਼ਣ ਜਾਂ ਦੁਸ਼ਨਾਮ ਸੁਣਨ ਨੂੰ ਮਿਲਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਵਕਤ ਹੂਟੂ ਕਬੀਲੇ ਦੇ ਲੋਕਾਂ ਨੂੰ ਟੁਟਸੀ ਕਬੀਲੇ ਦੇ ਲੋਕਾਂ ਨੂੰ ਮਾਰਨ ਲਈ ਇਹ ਕਹਿ ਕੇ ਉਕਸਾਇਆ ਜਾ ਰਿਹਾ ਸੀ ਕਿ ”ਤੁਹਾਨੂੰ ਟੁਟਸੀਆਂ ਦਾ ਮੱਕੂ ਠੱਪਣਾ ਹੀ ਪੈਣੈ, ਉਹ ਕੌਕਰੋਚ ਹਨ, ਕੀੜੇ ਮਕੌੜੇ ਹਨ ਉਹ!” ਸੋ, ਜਦੋਂ ਕੋਈ ਕਹੇ ਕਿ ”ਸੀਰੀਆ ਵਿੱਚ ਸੁੰਨੀ ਸ਼ਹਿਰੀ ਨਾਮ ਦੀ ਕੋਈ ਸ਼ੈਅ ਨਹੀਂ,” ਤਾਂ ਉਸ ਦਾ ਮਤਲਬ ਹੈ ਕਿ ਸਾਰੇ ਸੁੰਨੀ ਅਤਿਵਾਦੀ ਹਨ। ਅਤੇ ਜਦੋਂ ਕੋਈ ਇਹ ਕਹਿੰਦਾ ਹੈ ਕਿ ਸਾਰੇ ਸੁੰਨੀ ਕੌਕਰੋਚ ਹਨ ਤਾਂ ਉਸ ਦਾ ਅਰਥ ਹੈ ਕਿ ਉਹ ਇਹ ਕਹਿ ਰਿਹੈ ਕਿ ਸੁੰਨੀਆਂ ਨੂੰ ਮਿਟਾਉਣਾ ਜਾਂ ਖ਼ਤਮ ਕਰਨਾ ਪੈਣੈ। ਰਵਾਂਡਾ ਵਿੱਚ ਜੋ ਕੁਝ 1994 ਵਿੱਚ ਵਾਪਰਿਆ ਉਸ ਸਭ ਦਾ ਤਸੱਵਰ ਕਰਨਾ ਵੀ ਕਿਸੇ ਮਨੁੱਖ ਲਈ ਮੁਮਕਿਨ ਨਹੀਂ। 1990 ਤੋਂ ਪਹਿਲਾਂ ਤਕ, ਹੂਟੂ ਤੇ ਟੁਟਸੀਆਂ ਦੇ ਆਪਸ ਵਿੱਚ ਵਿਆਹ ਹੁੰਦੇ ਸਨ, ਉਹ ਇਕੱਠਿਆਂ ਰਲ਼ ਮਿਲ ਕੇ ਰਹਿੰਦੇ ਸਨ, ਖਾਂਦੇ ਪੀਂਦੇ ਸਨ ਅਤੇ ਉਨ੍ਹਾਂ ਦੇ ਨਿਆਣੇ ਆਪੋ ਵਿੱਚ ਇਕੱਠਿਆਂ ਖੇਡਦੇ ਸਨ। ਫ਼ਿਰ ਜਦੋਂ 1994 ਦੀ ਨਸਲਕੁਸ਼ੀ ਸ਼ੁਰੂ ਹੋਈ ਤਾਂ ਕੋਈ ਵੀ ਹੂਤੂ ਕੋਹਾੜਾ ਚੁੱਕ ਕੇ ਆਪਣੇ ਗਵਾਂਢ ਵਿੱਚ ਜਾਂ ਆਪਣੀ ਸੜਕ ‘ਤੇ ਸਥਿਤ ਕਿਸੇ ਟੁਟਸੀ ਦੇ ਘਰ ਵਿੱਚ ਜਬਰਨ ਦਾਖ਼ਲ ਹੋ ਕੇ ਘਰ ਦੇ ਬੱਚਿਆਂ ਤੇ ਮਰਦਾਂ ਨੂੰ ਮੌਤ ਦੇ ਘਾਟ ਉਤਾਰ ਕੇ, ਉਸ ਦੀ ਪਤਨੀ ਨਾਲ ਬਲਾਤਕਾਰ ਕਰਨ ਉਪਰੰਤ ਉਸ ਦਾ ਵੀ ਵਢਾਂਗਾ ਕਰ ਸਕਦਾ ਸੀ। ਇਸ ਨਸਲਕੁਸ਼ੀ ਵਿੱਚ ਇੱਕ ਮਿਲੀਅਨ ਟੁਟਸੀ ਮਾਰੇ ਗਏ ਸਨ।
ਯੇਲ ਦੀ ਲੌਅ ਪ੍ਰੋਫ਼ੈਸਰ ਐਮੀ ਚੂਆ ਆਪਣੀ ਕਿਤਾਬ ‘ਵਰਲਡ ਔਨ ਫ਼ਾਇਰ’ (ਦੁਨੀਆਂ ਨੂੰ ਲੱਗੀ ਅੱਗ) ਵਿੱਚ ਦਸਦੀ ਹੈ ਕਿ ਕਿਵੇਂ ਪਿੱਛੇ ਫ਼ਿਲੀਪੀਨਜ਼ ਵਿੱਚ ਰਹਿੰਦਿਆਂ, ਉਸ ਦੀ ਚੀਨੀ ਵਿਰਾਸਤ ਕਾਰਨ, ਉਸ ਦੇ ਪਰਿਵਾਰ ਨੂੰ ਉਹ ਉੱਚ ਵਰਗੀ ਸਹੂਲਤਾਂ ਮਿਲਦੀਆਂ ਸਨ ਜਿਨ੍ਹਾਂ ਦਾ ਉਸ ਵੇਲੇ ਦੇ ਸਥਾਨਕ ਫ਼ਿਲੀਪੀਨੋ ਸੁਪਨਾ ਤਕ ਵੀ ਨਹੀਂ ਲੈ ਸਕਦੇ ਸਨ। ਉਸ ਦਾ ਪਰਿਵਾਰ ਬਹੁਤ ਦੌਲਤਮੰਦ ਸੀ, ਜਿਸ ਕੋਲ ਢੇਰਾਂ ਫ਼ਿਲੀਪੀਨੋ ਨੌਕਰ ਕੰਮ ਕਰਦੇ ਸਨ ਅਤੇ ਜਿਹੜੇ ਉਸ ਦੇ ਘਰ ਦੀ ਬੇਸਮੈਂਟ ਵਿੱਚ ਹੀ ਸੌਂਦੇ ਸਨ। ਚੂਆ ਦਸਦੀ ਹੈ, ”ਉਨ੍ਹਾਂ ਸਾਰੇ ਨੌਕਰਾਂ ਨੂੰ ਅਸੀਂ ਹੇਠਾਂ ਬੇਸਮੈਂਟ ਵਿੱਚ ਮੈਟਾਂ ਵਿਛਾ ਕੇ ਅਜਿਹੀ ਗੰਦੀ ਜਗ੍ਹਾ ‘ਤੇ ਪਾਉਂਦੇ ਸਾਂ ਜਿੱਥੋਂ ਪੇਸ਼ਾਬ ਤੇ ਪਸੀਨੇ ਦੀ ਸੜ੍ਹਾਂਦ ਤੁਹਾਡਾ ਨੱਕ ਸਾੜਦੀ ਸੀ ਅਤੇ ਉਨ੍ਹਾਂ ਦੀ ਉਜਰਤ ਹੁੰਦੀ ਸੀ ਦੋ ਡਾਲਰ ਪ੍ਰਤੀ ਦਿਨ ਤੋਂ ਵੀ ਘੱਟ।” ਜਦੋਂ ਚੂਆ ਦੇ ਸ਼ੌਫ਼ਰ (ਡਰਾਈਵਰ) ਨੇ ਉਸ ਦੀ ਆਂਟੀ ਦਾ ਗਾਟਾ ਵੱਢਿਆ ਤਾਂ ਮਗਰੋਂ ਹੋਈ ਪੁਲਿਸੀ ਤਫ਼ਤੀਸ਼ ਵਿੱਚ ਕਤਲ ਦਾ ਮੰਤਵ ‘ਬਦਲਾ’ ਨਿਕਲਿਆ। ਐਮੀ ਚੂਆ ਕਹਿੰਦੀ ਹੈ, ”ਹਰ ਵਾਰ ਜਦੋਂ ਮੈਂ ਆਪਣੀ ਆਂਟੀ ਦੇ ਡਰਾਈਵਰ, ਨੀਲੋ ਅਬੀਕ, ਬਾਰੇ ਸੋਚਦੀ ਹਾਂ … ਉਹ ਛੇ ਫ਼ੁੱਟ ਦੇ ਕਰੀਬ ਹੋਏਗਾ ਤੇ ਮੇਰੀ ਆਂਟੀ ਤਾਂ ਮਸਾਂ ਚਾਰ ਫ਼ੁੱਟ 11 ਇੰਚ ਹੋਊ … ਮੇਰਾ ਮਨ ਨਫ਼ਰਤ ਨਾਲ ਇਸ ਕਦਰ ਭਰ ਜਾਂਦਾ ਹੈ ਕਿ ਦਿਲਾਸਾ ਦੇਣ ਵਰਗਾ ਅਸਰ ਹੋ ਜਾਂਦੈ।”
ਐਮੀ ਚੂਆ ਆਪਣੀ ਕਿਤਾਬ ਵਿੱਚ ਅੱਗੇ ਜਾ ਕੇ 1990 ਦੀ ਬੌਜ਼ਨੀਆ ਜੰਗ ਦਾ ਵਰਣਨ ਵੀ ਦਿੰਦੀ ਹੈ: ”ਮੇਰੀ ਆਂਟੀ ਦੀ ਹੱਤਿਆ ਤਾਂ ਸਾਡੀ ਕਲਪਨਾ ਤੋਂ ਵੱਧ ਜ਼ਾਲਿਮ ਤੇ ਹਿੰਸਕ ਸਮਾਜ, ਜਿਸ ਵਿੱਚ ਅੱਜ ਅਸੀਂ ਵਿਚਰ ਰਹੇ ਹਾਂ, ਵਿੱਚ ਕਿਸੇ ਨੂੰ ਇੱਕ ਪਿੰਨ ਮਾਰਨ ਦੇ ਬਰਾਬਰ ਹੀ ਕਹੀ ਜਾਵੇਗੀ। ਅਮਰੀਕਾ ਵਿੱਚ ਅੱਜ-ਕੱਲ੍ਹ ਅਸੀਂ ਅਕਸਰ ਸਾਮੂਹਿਕ ਕਤਲਾਂ ਦੀਆਂ ਕਹਾਣੀਆਂ ਸੁਣਦੇ, ਦੇਖਦੇ ਜਾਂ ਪੜ੍ਹਦੇ ਹਾਂ; ਪਹਿਲਾਂ ਪਹਿਲ ਅਜਿਹਾ ਸਾਡੇ ਘਰਾਂ ਤੋਂ ਦੂਰ ਕਿਤੇ ਹੁੰਦਾ ਪ੍ਰਤੀਤ ਹੁੰਦਾ ਸੀ, ਪਰ ਹੁਣ ਇਹ ਸਾਡੇ ਘਰਾਂ ਦੇ ਲਾਗੇ ਹੀ ਕਿਤੇ ਹੋਣ ਲੱਗ ਪਿਐ। ਸਾਨੂੰ ਨਹੀਂ ਪਤਾ ਕਿ ਇਨ੍ਹਾਂ ਹਿੰਸਕ ਕਾਰਵਾਈਆਂ ਨੂੰ ਆਪਸ ਵਿੱਚ ਕਿਹੜੀ ਮਾਨਸਿਕਤਾ ਜੋੜਦੀ ਹੈ। 1990ਵਿਆਂ ਦੇ ਸ਼ੁਰੂ ਦੇ ਸਰਬੀਆਈ ਨਜ਼ਰਬੰਦੀ ਕੈਂਪਾਂ ਵਿੱਚ ਮਹਿਲਾ ਕੈਦੀਆਂ ਨਾਲ ਦਿਨ ਵਿੱਚ ਕਈ ਕਈ ਵਾਰ ਬਲਾਤਕਾਰ ਕੀਤਾ ਜਾਂਦਾ ਸੀ, ਜਬਰਨ ਉਨ੍ਹਾਂ ਦੇ ਗੁਪਤ ਅੰਗਾਂ ਵਿੱਚ ਸ਼ਰਾਬ ਦੀਆਂ ਟੁੱਟੀਆਂ ਬੋਤਲਾਂ ਘੁਸੇੜੀਆਂ ਜਾਂਦੀਆਂ ਸਨ … ਤੇ ਅਕਸਰ ਅਜਿਹੇ ‘ਮਰਦਾਨਗੀ’ ਦੇ ਕਰਨਾਮੇ ਮਾਵਾਂ-ਧੀਆਂ ਨਾਲ ਰਲ਼ ਕੇ ਕੀਤੇ ਜਾਂਦੇ ਸਨ। ਮਰਦ ਹਜ਼ਰਾਤ ਜੇਕਰ ਖ਼ੁਸ਼ਕਿਸਮਤ ਹੁੰਦੇ ਤਾਂ ਉਨ੍ਹਾਂ ਨੂੰ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਦੋਂ ਕਿ ਸਰਬੀਅਨ ਗਾਰਡ ਉਨ੍ਹਾਂ ਦੀਆਂ ਲਾਸ਼ਾਂ ਦੁਆਲੇ ਆਪਣਾ ਰਾਸ਼ਟਰੀ ਗਾਣ ਗਾਉਂਦੇ; ਜੇਕਰ ਉਹ ਇੰਨੇ ਜ਼ਿਆਦਾ ਖ਼ੁਸ਼ਕਿਸਮਤ ਨਹੀਂ ਸਨ ਹੁੰਦੇ ਤਾਂ ਉਨ੍ਹਾਂ ਨੂੰ ਖ਼ੱਸੀ ਕਰ ਦਿੱਤਾ ਜਾਂਦਾ ਜਾਂ, ਬੰਦੂਕ ਦੀ ਨੋਕ ‘ਤੇ, ਸਾਥੀ ਕੈਦੀਆਂ ਕੋਲੋਂ ਇੱਕ ਦੂਜੇ ਨੂੰ ਖ਼ੱਸੀ ਕਰਵਾਇਆ ਜਾਂਦਾ, ਕਈ ਵਾਰ ਉਨ੍ਹਾਂ ਤੋਂ ਅਜਿਹਾ ਉਨ੍ਹਾਂ ਦੇ ਦੰਦਾਂ ਨਾਲ ਹੀ ਕਰਵਾਇਆ ਜਾਂਦਾ। ਕੁੱਲ ਮਿਲਾ ਕੇ ਹਜ਼ਾਰਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਜ਼ਲੀਲ ਕਰਨ ਵਾਲੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।”
ਹੁਣ ਜਿਹੋ ਜਿਹੀ ਨਫ਼ਰਤ ਦੀ ਗੱਲ ਐਮੀ ਕਰਦੀ ਹੈ, ਉਸ ਦੇ ਮੁਕਾਬਲੇ ਅਮਰੀਕਾ ਜਾਂ ਕੈਨੇਡਾ ਵਿੱਚ ਸਾਨੂੰ ਦਰਪੇਸ਼ ਨਫ਼ਰਤ ਤਾਂ ਕੁਝ ਵੀ ਨਹੀਂ। ਉੱਤਰੀ ਅਮਰੀਕਾ ਵਿੱਚ ਤਾਂ ਜੇਕਰ ਕੋਈ ਸਮਲਿੰਗੀ ਵਿਆਹਾਂ ਦੀ ਮੁਖ਼ਾਲਫ਼ਤ ਕਰੇ ਤਾਂ ਉਸ ‘ਤੇ ਵੀ ‘ਨਫ਼ਰਤ’ ਕਰਨ ਦਾ ਦੋਸ਼ ਲਗ ਜਾਂਦਾ ਹੈ। ਸੋ ਅਜਿਹਾ ਹੁੰਦਾ ਦੇਖ ਕੇ ਤੁਸੀਂ ਹੈਰਾਨ ਹੋ ਕੇ ਇਹ ਸੋਚਦੇ ਹੋਵੋਗੇ ਕਿ ਰਵਾਂਡਾ ਤੇ ਬੋਜ਼ਨੀਆ ਵਿੱਚ ਲੋਕਾਂ ਦੇ ਦਿਮਾਗ਼ਾਂ ਨੂੰ ਕੀ ਹੋ ਗਿਆ ਹੋਵੇਗਾ! ਜੇਕਰ ਤੁਸੀਂ ਕਿਸੇ ਨੂੰ ਮਾਰਨਾ ਹੀ ਹੈ ਤਾਂ ਫ਼ਿਰ ਉਨ੍ਹਾਂ ਨੂੰ ਬੱਸ ਮਾਰ ਦਿਓ। ਇੱਕ ਵਿਅਕਤੀ ਤੋਂ ਕਿਸੇ ਦੂਸਰੇ ਨੂੰ ਉਸ ਦੇ ਦੰਦਾਂ ਨਾਲ ਖ਼ੱਸੀ ਕਰਾਉਣ ਦੀ ਭਲਾ ਕੀ ਤੁਕ? ਅਤਰਕਸ਼ੀਲ ਵਹਿਸ਼ੀਪੁਣੇ ਜਾਂ ਜੰਗਲੀਪੁਣੇ ਦਾ ਅਜਿਹਾ ਪੱਧਰ ਮਨੁੱਖਾਂ ਅੰਦਰ ਆਉਂਦਾ ਕਿੱਥੋਂ ਹੈ? ਇਹ ਮਨੁੱਖੀ DNA ਦਾ ਹੀ ਹਿੱਸਾ ਜਾਪਦਾ ਹੈ। ਇਹ ਕਿਸੇ ਵੀ ਖ਼ਾਸ ਧਰਮ ਜਾਂ ਨਸਲੀ ਫ਼ਿਰਕੇ ਦਾ ਵਿਲੱਖਣ ਲੱਛਣ ਤਾਂ ਹੈ ਨਹੀਂ। ਸਹੀ ਸਥਿਤੀਆਂ ਵਿੱਚ, ਖ਼ਾਸਕਰ ਪੀੜ੍ਹੀਆਂ ਦੀਆਂ ਪੁਸ਼ਤੈਨੀ ਨਫ਼ਰਤਾਂ ਦੇ ਮਾਮਲੇ ਵਿੱਚ, ਕੋਈ ਵੀ ਮਨੁੱਖ ਇਸ ਤਰ੍ਹਾਂ ਦਾ ਵਿਹਾਰ ਕਰ ਸਕਦਾ ਹੈ। ਬਲਾਤਕਾਰਾਂ ਨੂੰ ਪੁਸ਼ਤੈਨੀ ਨਫ਼ਰਤ ਦੀਆਂ ਜੰਗਾਂ ਦੌਰਾਨ ਅਕਸਰ ਬਦਲੇ ਦੀ ਇੱਕ ਕਾਰਵਾਈ ਦੇ ਤੌਰ ‘ਤੇ ਵਰਤੇ ਜਾਣ ਬਾਰੇ ਵਿਸਥਾਰ ਵਿੱਚ ਮੈਂ ਕਿਸੇ ਹੋਰ ਸੰਪਾਦਕੀ ਲੇਖ ਵਿੱਚ ਲਿਖਾਂਗਾ। ਇਸ ਤਰ੍ਹਾਂ ਦੇ ਆਚਰਣ ਦੀਆਂ ਅਸੀਂ ਕਈ ਹਾਲੀਆ ਉਦਾਹਰਣਾਂ ਦੇਖੀਆਂ ਹਨ। ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਜਾਂ ਦਾਇਸ਼ ਨੇ ਅਕਸਰ ਤਸੀਹਿਆਂ ਤੇ ਹੱਤਿਆਵਾਂ ਦੇ ਅਜਿਹੇ ਢੰਗਾਂ ਦਾ ਸਹਾਰਾ ਲਿਆ ਹੈ, ਖ਼ਾਸਕਰ ਸ਼ੀਆ ਮੁਸਲਮਾਨਾਂ ਦਾ ਵਢਾਂਗਾ ਕਰਨ ਵੇਲੇ। ਬਰਮਾ (ਅੱਜ-ਕੱਲ੍ਹ ਮਯਨਾਮਾਰ) ਵਿੱਚ ‘ਬੋਧੀਆਂ ਦੇ ਮੌਤ ਦੇ ਦੱਸਤੇ’ ਸਥਾਨਕ ਰੋਹਿੰਗੀਆ ਅਤੇ ਦੂਸਰੇ ਮੁਸਲਮਾਨ ਫ਼ਿਰਕਿਆਂ ਦੀ ਵੀ ਇਸੇ ਬੇਰਹਿਮੀ ਨਾਲ ਨਸਲਕੁਸ਼ੀ ਕਰ ਰਹੇ ਹਨ।
ਆਓ ਹੁਣ ਵਾਪਿਸ ਬਸ਼ਾਰ ਅਲ-ਆਸਦ ਵੱਲ ਚੱਲੀਏ। ਇਹ ਸਾਨੂੰ 2011 ਤੋਂ ਹੀ ਸਪੱਸ਼ਟ ਹੋ ਗਿਆ ਹੋਣਾ ਚਾਹੀਦਾ ਸੀ ਕਿ ਅਲ-ਆਸਦ ਸੀਰੀਆ ‘ਚੋਂ ਸੁੰਨੀਆਂ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਣਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਪ੍ਰਤੀ ਉਸ ਦੀ ਨਫ਼ਰਤ ਦਾ ਪੱਧਰ ਲਾਮਿਸਾਲ ਸੀ। ਇਹ ਓਦੋਂ ਵੀ ਪ੍ਰਤੱਖ ਹੋਣ ਲੱਗਾ ਸੀ ਜਦੋਂ ਉਸ ਨੇ ਸ਼ਾਤਮਈ ਮੁਜ਼ਾਹਰਿਆਂ ਦੇ ਜਵਾਬ ਵਿੱਚ ਸੁੰਨੀਆਂ ਦੇ ਪਿੰਡਾਂ ਦੇ ਪਿੰਡ ਸਾਫ਼ ਕਰ ਦਿੱਤੇ ਸਨ ਜਾਂ ਜਦੋਂ ਉਸ ਦੇ ਜੰਗੀ ਜਹਾਜ਼ਾਂ ਨੇ ਸੁੰਨੀ ਬੱਚਿਆਂ ਦੇ ਹੋਸਟਲਾਂ ‘ਤੇ ਉਸ ਵੇਲੇ ਬੰਬ ਸੁੱਟੇ ਜਦੋਂ ਉਹ ਗੂੜ੍ਹੀ ਨੀਂਦੇ ਸੁੱਤੇ ਪਏ ਸਨ। ਇਹ 2014 ਵਿੱਚ ਉਸ ਵਕਤ ਹੋਰ ਵੀ ਜ਼ਿਆਦਾ ਵਾਜ਼ਹਿ (ਸਪੱਸ਼ਟ) ਹੋ ਗਿਆ ਸੀ ਜਦੋਂ ਕੋਈ 50 ਹਜ਼ਾਰ ਦੇ ਕਰੀਬ ਉਨ੍ਹਾਂ 11 ਹਜ਼ਾਰ ਬੰਦਿਆਂ ਦੀਆਂ ਤਸਵੀਰਾਂ ਜਨਤਕ ਹੋ ਗਈਆਂ ਜਿਨ੍ਹਾਂ ਨੂੰ ਬਿਜਲੀ ਦੇ ਝਟਕਿਆਂ ਨਾਲ, ਅੱਖਾਂ ਦੇ ਡੇਲੇ ਬਾਹਰ ਕੱਢ ਕੇ, ਗਲੇ ਘੁੱਟ ਕੇ, ਸਾਹ ਰੋਕ ਕੇ ਅਤੇ ਭੁੱਖੇ ਮਾਰ ਕੇ ਇੰਡਸਟਰੀਅਲ ਪੱਧਰ ਦੇ ਢੰਗਾਂ ਨਾਲ ਟੌਰਚਰ ਕੀਤਾ ਗਿਆ ਸੀ। ਇਹ ਤਸਵੀਰਾਂ ਵੀ ਦੂਸਰੇ ਵਿਸ਼ਵ ਯੁੱਧ ਵੇਲੇ ਦੇ ਨਾਜ਼ੀਆਂ ਦੇ ਮੌਤ ਦੇ ਕੈਂਪਾਂ ‘ਚੋਂ ਨਿਕਲਣ ਵਾਲੀਆਂ ਤਸਵੀਰਾਂ ਵਰਗੀਆਂ ਹੀ ਭਿਆਨਕ ਸਨ (ਪਾਠਕ ਇਸ ਲੇਖ ਨਾਲ ਛਪੀਆਂ ਉਹ ਤਸਵੀਰਾਂ ਦੇਖ ਸਕਦੇ ਹਨ)।
ਜਿਵੇਂ ਮੈਂ ਅਤੀਤ ਵਿੱਚ ਵੀ ਕਹਿੰਦਾ ਆਇਆ ਹਾਂ, ਬਸ਼ਾਰ ਅਲ-ਆਸਦ ਅਜੋਕੇ ਸੰਸਾਰ ਦਾ ਸਭ ਤੋਂ ਵੱਡਾ ਤੇ ਖ਼ੌਫ਼ਨਾਕ ਨਸਲਕੁਸ਼ੀ ਕਰਨ ਵਾਲਾ ਰਾਕਸ਼ਸ ਹੈ ਅਤੇ ਉਸ ਦੀ ਤੁਲਨਾ ਕੇਵਲ ਹਿਟਲਰ, ਪੋਲ ਪੌਟ ਅਤੇ ਸਟਾਲਿਨ ਨਾਲ ਹੀ ਕੀਤੀ ਜਾ ਸਕਦੀ ਹੈ। ਕਈ ਸਾਲਾਂ ਤੋਂ, ਉਹ ਹਰ ਹਫ਼ਤੇ, ਕਿਸੇ ਵੀ ਸਜ਼ਾ ਤੋਂ ਬੇ-ਖ਼ੌਫ਼, ਹਜ਼ਾਰਾਂ ਸੀਰੀਅਨ ਸ਼ਹਿਰੀਆਂ ਨੂੰ ਥੋਕ ਵਿੱਚ ਮੌਤ ਦੇ ਘਾਟ ਉਤਾਰਦਾ ਆ ਰਿਹੈ। ਆਪਣੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਉਹ ਰੂਸ ਵਲੋਂ ਸਪਲਾਈ ਕੀਤੇ ਗਏ ਬੈਰਲ ਬੰਬ ਵੀ ਸੀਰੀਅਨ ਸ਼ਹਿਰੀਆਂ ‘ਤੇ ਵਰਤਦਾ ਰਿਹਾ ਹੈ। ਅਤੇ ਉਸ ਨੇ ਆਪਣੇ ਹੀ ਸ਼ਹਿਰੀਆਂ ਉੱਪਰ ਸੈਰਿਨ ਕੈਮੀਕਲ ਗੈਸ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਹ ਤਸੀਹੇ ਦੇਣ ਦੇ ਵੰਨ ਸਵੰਨੇ, ਭਿਆਨਕ ਅਤੇ ਨਿਰਦਈ ਤੋਂ ਨਿਰਦਈ ਢੰਗ ਭਾਲਦਾ ਰਹਿੰਦਾ ਹੈ। ਸਾਮੂਹਿਕ ਤਬਾਹੀ ਵਾਲਾ ਕੋਈ ਵੀ ਅਜਿਹਾ ਹਥਿਆਰ ਨਹੀਂ ਹੋਣਾ ਜਾਂ ਕੋਈ ਅਜਿਹਾ ਭਿਆਨਕ ਤਸੀਹਾ ਨਹੀਂ ਜਿਸ ਦੀ ਵਰਤੋਂ ਬਸ਼ਾਰ ਅਲ-ਆਸਦ ਨੇ ਆਪਣੀ ਵਹਿਸ਼ਤ ਮਿਟਾਉਣ ਲਈ ਨਹੀਂ ਕੀਤੀ ਹੋਵੇਗੀ। ਅਤੇ ਉਸ ਦੀ ਇਸ ਨਸਲਕੁਸ਼ੀ ਅਤੇ ਪਾਗਲਪਨ ਵਿੱਚ ਉਸ ਦੀ ਮਦਦ ਕਰ ਰਹੇ ਹਨ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਇਰਾਨ ਦਾ ਸਰਬ ਉੱਚ ਧਾਰਮਿਕ ਨੇਤਾ ਸੱਈਅਦ ਅਲੀ ਖ਼ਾਮਾਇਨੀ, ਜੋ ਦੋਹੇਂ ਬਸ਼ਾਰ ਅਲ-ਆਸਦ ਨਾਮਕ ਨਸਲਕੁਸ਼ ਦੈਂਤ ਨੂੰ ਹਮਾਇਤ ਦੇਣ ਦੇ ਦੋਸ਼ੀ ਹਨ, ਜਿਸ ਨਾਲ ਉਹ ਵੀ ਜੰਗੀ ਅਪਰਾਧੀ ਬਣਨ ਦੇ ਪੂਰੀ ਤਰ੍ਹਾਂ ਯੋਗ ਹਨ।
ਮਿਡਲ-ਈਸਟ ਇਸ ਵਕਤ ਪੁਸ਼ਤੈਨੀ ਨਫ਼ਰਤਾਂ ਤੇ ਜੰਗਾਂ ਦੇ ਯੁੱਗ ਰਾਹੀਂ ਲੰਘ ਰਿਹੈ, ਜਿਸ ਦਾ ਮਤਲਬ ਇਹ ਹੋਇਆ ਕਿ ਸੀਰੀਆ ਦਾ ਗ੍ਰਹਿ ਯੁੱਧ ਹੁਣ ਤੋਂ ਕਾਫ਼ੀ ਦੇਰ ਪਹਿਲਾਂ ਹੀ ਖ਼ਤਮ ਹੋ ਗਿਆ ਹੋਣਾ ਚਾਹੀਦਾ ਸੀ। ਇੱਕ ਤਰ੍ਹਾਂ ਨਾਲ ਇਹ ਹੋ ਵੀ ਚੁੱਕਾ ਹੈ ਕਿਉਂਕਿ ਹੁਣ ਇਹ ਜੰਗ ਇੱਕ ਗ੍ਰਹਿਯੁੱਧ ਨਾਲੋਂ ਵੱਧ ਵੱਖੋ ਵੱਖਰੇ ਮੁਲਕਾਂ ਦੀ ਪ੍ਰੌਕਸੀ ਜੰਗ ਵਿੱਚ ਤਬਦੀਲ ਹੋ ਚੁੱਕੀ ਹੈ। ਪਰ ਇਸ ਜੰਗ ਨੂੰ ਕੇਵਲ ਦੋ ਚੀਜ਼ਾਂ ਨੇ ਜਾਰੀ ਰੱਖਿਆ ਹੋਇਐ ਅਤੇ ਉਨ੍ਹਾਂ ‘ਚੋਂ ਇੱਕ ਤਾਂ ਸੀ ਇੱਕ ਵਿਅਕਤੀ, ਬਸ਼ਾਰ ਅਲ-ਆਸਦ, ਦੇ ਮਨ ਵਿੱਚ ਵਸੀ ਹੋਈ ਬੇਜੋੜ ਜ਼ਹਿਰੀਲੀ ਫ਼ਿਰਕੂ ਨਫ਼ਰਤ ਅਤੇ ਦੂਸਰੀ ਸੀ ਉਸ ਦੇ ਮਦਦਗ਼ਾਰਾਂ, ਪੂਤਿਨ ਤੇ ਖ਼ਾਮਾਇਨੀ, ਵਲੋਂ ਉਸ ਦੀ ਸਹਾਇਤਾ ਕਰਦੇ ਰਹਿਣ ਦੀ ਦ੍ਰਿੜਤਾ। ਮਿਡਲ-ਈਸਟ ਅਤੇ ਸੀਰੀਆ ਦੇ ਇਸੇ ਸਾਰੇ ਸੀਨ ਕਾਰਨ ਹੀ ਮੈਨੂੰ ਪੱਕਾ ਯਕੀਨ ਸੀ ਕਿ ਉੱਥੇ ਕੋਈ ਵੀ ਸ਼ਾਂਤੀਵਾਰਤਾ ਉਸ ਵੇਲੇ ਤਕ ਸਿਰੇ ਨਹੀਂ ਚੜ੍ਹਨ ਵਾਲੀ ਜਾਂ ਕਿਸੇ ਕਿਸਮ ਦੀ ਗੋਲੀਬੰਦੀ ਉਸ ਵਕਤ ਤਕ ਕਾਇਮ ਨਹੀਂ ਰਹਿਣ ਵਾਲੀ ਜਦੋਂ ਤਕ ਬਸ਼ਾਰ ਅਲ-ਆਸਦ ਉੱਥੇ ਸੱਤਾਨਸ਼ੀਨ ਹੈ ਅਤੇ ਉਸ ਨੂੰ ਉਸ ਦੇ ਹਮਾਇਤੀਆਂ ਤੇ ਜੰਗੀ ਅਪਰਾਧੀਆਂ ਪੂਤਿਨ ਤੇ ਖ਼ਾਮਾਇਨੀ ਦੀ ਹਮਾਇਤ ਪ੍ਰਾਪਤ ਹੈ!

LEAVE A REPLY