flimy duniyaਅੰਮ੍ਰਿਤਸਰ: ਭਿੱਖੀਵਿੰਡ ਵਾਸੀ ਸਰਬਜੀਤ, ਜਿਸ ਦੀ ਸਾਲ 2013 ਵਿੱਚ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿੱਚ ਕੈਦੀਆਂ ਵਲੋਂ ਕੀਤੇ ਗਏ ਹਮਲੇ ਵਿੱਚ ਮੌਤ ਹੋ ਗਈ ਸੀ, ਦੇ ਜੀਵਨ ਉੱਤੇ ਬਣ ਰਹੀ ਫ਼ਿਲਮ ‘ਸਰਬਜੀਤ’ ਵਿਵਾਦਾਂ ‘ਚ ਘਿਰ ਗਈ ਹੈ। ਲੁਧਿਆਣਾ ਵਾਸੀ ਬਲਜਿੰਦਰ ਕੌਰ, ਜੋ ਸਰਬਜੀਤ ਦੀ ਸਕੀ ਭੈਣ ਹੋਣ ਦਾ ਦਾਅਵਾ ਕਰਦੀ ਹੈ, ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਹੈ ਕਿ ਇਹ ਫ਼ਿਲਮ ਗ਼ਲਤ ਤੱਥਾਂ ‘ਤੇ ਬਣਾਈ ਜਾ ਰਹੀ ਹੈ ਅਤੇ ਇਸ ਨੂੰ ਰੋਕਿਆ ਜਾਵੇ। ਬਲਜਿੰਦਰ ਕੌਰ ਨੇ ਅੱਜ ਇਥੇ ਦਾਅਵਾ ਕੀਤਾ ਕਿ ਉਹ ਸਰਬਜੀਤ ਦੀ ਸਕੀ ਭੈਣ ਹੈ ਅਤੇ ਇਹ ਸਾਬਤ ਕਰਨ ਲਈ ਉਹ ਡੀ.ਐੱਨ.ਏ. ਟੈਸਟ ਕਰਾਉਣ ਲਈ ਵੀ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਦੇ ਜੀਵਨ ‘ਤੇ ਬਣਾਈ ਜਾ ਰਹੀ ਫ਼ਿਲਮ ਵਿੱਚ ਉਸ ਦੇ ਪਰਿਵਾਰ ਬਾਰੇ ਗ਼ਲਤ ਤੱਥ ਪੇਸ਼ ਕੀਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਫ਼ਿਲਮ  ਨਿਰਮਾਤਾ ਉਮੰਗ ਕੁਮਾਰ, ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਹੋਰਾਂ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ। ਇਸ ਸਬੰਧੀ ਫ਼ਿਲਮ ਦੇ ਨਿਰਮਾਤਾ ਤੇ ਕਲਾਕਾਰਾਂ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਜੇਕਰ ਫ਼ਿਲਮ ਦੀ ਸ਼ੂਟਿੰਗ ਨੂੰ ਬੰਦ ਨਾ ਕੀਤਾ ਗਿਆ ਤਾਂ ਜਿਥੇ ਵੀ ਫ਼ਿਲਮ ਦੀ ਸ਼ੂਟਿੰਗ ਹੋਵੇਗੀ, ਉਹ ਉਥੇ ਰੋਸ ਵਿਖਾਵਾ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ਿਲਮ ਬਣਾਈ ਜਾਣੀ ਹੈ ਤਾਂ ਫ਼ਿਰ ਇਸ ਵਿੱਚ ਸਹੀ ਤੱਥ ਪੇਸ਼ ਕੀਤੇ ਜਾਣ। ਬਲਜਿੰਦਰ ਕੌਰ ਨੇ ਕਿਹਾ, ”ਦਲਬੀਰ ਕੌਰ ਗ਼ਲਤ ਦਾਅਵਾ ਕਰ ਰਹੀ ਕਿ ਮੈਂ ਉਸ ਦੀ ਸਕੀ ਭੈਣ ਨਹੀਂ ਹਾਂ।” ਉਨ੍ਹਾਂ ਦੋਸ਼ ਲਾਇਆ ਕਿ ਸਰਬਜੀਤ ਦੀ ਧੀ ਬਣ ਕੇ ਸਰਕਾਰੀ ਨੌਕਰੀ ਲੈਣ ਵਾਲੀ ਕੁੜੀ ਸਵਪਨਦੀਪ ਅਸਲ ਵਿੱਚ ਦਲਬੀਰ ਕੌਰ ਅਤੇ ਬਲਦੇਵ ਸਿੰਘ ਦੀ ਧੀ ਹੈ। ਉਨ੍ਹਾਂ ਨੇ ਗ਼ਲਤ ਦਸਤਾਵੇਜ਼ ਪੇਸ਼ ਕਰ ਕੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ।  ਇਸ ਸਬੰਧੀ ਪੰਜਾਬ ਸਰਕਾਰ ਨੂੰ ਜਾਣੂ ਵੀ ਕਰਾਇਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਬਲਜਿੰਦਰ ਕੌਰ ਦੇ ਨਾਲ ਹਰਭਜਨ ਸਿੰਘ ਵੀ ਸੀ ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਹ ਸਰਬਜੀਤ ਦਾ ਛੋਟਾ ਭਰਾ ਹੈ। ਉਹ 10 ਭੈਣ ਭਰਾ ਸਨ ਜਿਨ੍ਹਾਂ ਵਿੱਚੋਂ ਸਰਬਜੀਤ ਸਮੇਤ 7 ਦੀ ਮੌਤ ਹੋ ਚੁੱਕੀ ਹੈ। ਹੁਣ ਤਰੁਣਜੀਤ ਕੌਰ, ਬਲਜਿੰਦਰ ਕੌਰ ਅਤੇ ਹਰਭਜਨ ਸਿੰਘ ਜਿਉਂਦੇ ਹਨ। ਸਰਬਜੀਤ ਦੇ ਜੇਲ੍ਹ ਕੱਟਣ ਦੌਰਾਨ ਕਦੇ ਸਾਹਮਣੇ ਨਾ ਆਉਣ ਬਾਰੇ ਉਨ੍ਹਾਂ ਕਿਹਾ ਕਿ ਦਲਬੀਰ ਕੌਰ ਨੇ ਹਮੇਸ਼ਾ ਇਹ ਆਖ ਕੇ ਪਿੱਛੇ ਰਹਿਣ ਲਈ ਮਜਬੂਰ ਕੀਤਾ ਕਿ ਇਸ ਨਾਲ ਉਸ ਦਾ ਕੇਸ ਖ਼ਰਾਬ ਹੋ ਜਾਵੇਗਾ। ਉਹ ਆਪਣੇ ਭਰਾ ਦੀ ਖ਼ਾਤਰ ਹਮੇਸ਼ਾ ਪਰਦੇ ਪਿੱਛੇ ਰਹੀ।
ਉਨ੍ਹਾਂ ਦਾਅਵਾ ਕੀਤਾ ਕਿ ਸਰਬਜੀਤ ਦਾ ਵਿਆਹ ਸੁਖਪ੍ਰੀਤ ਕੌਰ ਨਾਲ ਹੋਇਆ ਸੀ ਅਤੇ ਉਸ ਦੀ ਇੱਕ ਬੇਟੀ ਪੂਨਮ ਹੀ ਹੈ ਜਦੋਂ ਕਿ ਦਲਬੀਰ ਕੌਰ ਦਾ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ। ਬਲਜਿੰਦਰ ਕੌਰ ਨੇ ਖ਼ੁਲਾਸਾ ਕੀਤਾ ਕਿ ਸਰਬਜੀਤ ਭਾਰਤੀ ਜਾਸੂਸ ਸੀ ਅਤੇ ਪਾਕਿਸਤਾਨ ਵਿੱਚ ਜਾਸੂਸੀ ਵਾਸਤੇ ਭੇਜਿਆ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੀ ਪਤਨੀ ਨੂੰ ਤਨਖ਼ਾਹ ਵੀ ਮਿਲਦੀ ਰਹੀ ਹੈ। ਪੰਜਾਬ ਸਰਕਾਰ ਵਲੋਂ ਉਸ ਦੀ ਪਤਨੀ ਨੂੰ ਨੌਕਰੀ ਵੀ ਦਿੱਤੀ ਗਈ ਸੀ ਜੋ ਉਸ ਨੇ ਛੱਡ ਦਿੱਤੀ ਸੀ। ਇਸ ਮੌਕੇ ਭਾਜਪਾ ਦੇ ਪੱਛੜੀ ਸ਼੍ਰੇਣੀ ਸੈੱਲ ਦੇ ਇੰਚਾਰਜ ਐੱਮ.ਪੀ. ਸਿੰਘ ਗੋਰਾਇਆ ਨੇ ਕਿਹਾ ਕਿ ਸਰਬਜੀਤ ਦੇ ਨਾਂ ‘ਤੇ ਬਣਾਈ ਜਾ ਰਹੀ ਫ਼ਿਲਮ ਦੀ ਕਹਾਣੀ ਝੂਠੀ ਤੇ ਮਨਘੜਤ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ ਅਸਲ ਤੱਥਾਂ ਦੇ ਆਧਾਰ ‘ਤੇ ਬਣਾਈ ਜਾਵੇ।
ਦਲਬੀਰ ਕੌਰ ਨੇ ਚੁੱਪ ਵੱਟੀ: ਸੰਪਰਕ ਕਰਨ ‘ਤੇ ਦਲਬੀਰ ਕੌਰ ਨੇ ਫ਼ਿਲਮ ਅਤੇ ਸਰਬਜੀਤ ਨਾਲ ਆਪਣੇ ਰਿਸ਼ਤੇ ਬਾਰੇ ਲਾਏ ਗਏ ਦੋਸ਼ਾਂ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਚੁੱਪ ਰਹਿਣਗੇ ਅਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ।

LEAVE A REPLY