flimy duniyaਮੁੰਬਈ: ਰੋਮਾਂਸ ਹਿੰਦੀ ਫ਼ਿਲਮਾਂ ਦਾ ਸਭ ਤੋਂ ਮਕਬੂਲ ਵਿਸ਼ਾ ਰਿਹਾ ਹੈ ਪਰ ਪਰਦੇ ਉਤੇ ਇਸ ਦੀ ਪੇਸ਼ਕਾਰੀ ਵਿੱਚ ਪਿਛਲੇ ਸਾਲਾਂ ਦੌਰਾਨ ਕਾਫ਼ੀ ਤਬਦੀਲੀ ਆਈ ਹੈ। ਹੁਣ ਮੱਠੇ ਮੱਠੇ ਪਿਆਰ ਸੰਕੇਤਾਂ ਦੀ ਥਾਂ ਨਿਧੜਕ ਪ੍ਰਗਟਾਅ ਦੇ ਰੂਪ ਵਿੱਚ ਰੋਮਾਂਸ ਪਰਦੇ ‘ਤੇ ਨਜ਼ਰ ਆ ਰਿਹਾ ਹੈ।
ਹਿੰਦੀ ਫ਼ਿਲਮਾਂ ਦੇ ਹੰਢੇ ਵਰਤੇ ਕਲਾਕਾਰ ਫ਼ਿਲਮਾਂ ਵਿੱਚ ਪਿਆਰ ਦੇ ਵਿਸ਼ੇ ਨਾਲ ਸਿੱਝਣ ਵਿੱਚ ਆਈ ਤਬਦੀਲੀ ਦਾ ਜ਼ਿਕਰ ਕਰਦੇ ਹਨ ਕਿ ਕਿਵੇਂ ਨਿਰਦੇਸ਼ਕਾਂ ਨੇ ਇਸ ਵਿਸ਼ੇ ਨਾਲ ਵੱਖੋ ਵੱਖ ਤਰੀਕਿਆਂ ਨਾਲ ਸਿੱਝਿਆ ਹੈ।
ਬਜ਼ੁਰਗ ਅਦਾਕਾਰ ਮੌਸਮੀ ਚੈਟਰਜੀ ਨੇ ਕਿਹਾ ਕਿ ਸ਼ੁਰੂ ਵਿੱਚ ਪਿਆਰ ਬੜੇ ਸੁਹਜਮਈ ਤਰੀਕੇ ਨਾਲ ਪਰਦੇ ‘ਤੇ ਪੇਸ਼ ਹੁੰਦਾ ਸੀ। ਉਦੋਂ ਚਿਹਰੇ ਦੀ ਲਾਲੀ ਤੇ ਅੱਖਾਂ ਹੀ ਅੱਖਾਂ ਵਿੱਚ ਗੱਲਬਾਤ ਇਸ ਦੇ ਸੂਚਕ ਸਨ ਪਰ ਹੁਣ ਗਲਵੱਕੜੀ ਤੇ ਚੁੰਮਣ ਪਰਦੇ ਉਤੇ ਪਿਆਰ ਦੇ ਪ੍ਰਗਟਾਵੇ ਦਾ ਤਰੀਕਾ ਬਣ ਗਏ ਹਨ। ਕੁੱਝ ਫ਼ਿਲਮਸਾਜ਼ ਰੋਮਾਂਸ ਨੂੰ ਇਸ ਦੇ ਖ਼ਾਲਸ ਰੂਪ ਵਿੱਚ ਹੀ ਕੈਮਰੇ ਵਿੱਚ ਕੈਦ ਕਰਦੇ ਹਨ, ਜਦੋਂ ਕਿ ਕੁੱਝ ਜ਼ਿਆਦਾ ਨਿਧੜਕ ਹੋ ਗਏ ਹਨ।
ਬਜ਼ੁਰਗ ਖਲਨਾਇਕ ਪ੍ਰੇਮ ਚੋਪੜਾ ਵੀ ਮੌਸਮੀ ਚੈਟਰਜੀ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਿਆਰ ਦਾ ਇਜ਼ਹਾਰ ਵਿਵੇਕੀ ਸੀ ਪਰ ਹੁਣ ਸਾਰਾ ਕੁੱਝ ਖੁੱਲ੍ਹੇਆਮ ਹੈ। ਸਮੇਂ ਦੇ ਬਦਲਾਅ ਨਾਲ ਸਭ ਕੁੱਝ ਤੇਜ਼ ਰਫ਼ਤਾਰ ਹੋ ਗਿਆ ਹੈ। ‘ਹੀਰੋ’, ‘ਪਰਦੇਸ’ ਅਤੇ ‘ਤਾਲ’ ਵਰਗੀਆਂ ਰੋਮਾਨੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਫ਼ਿਲਮਸਾਜ਼ ਸੁਭਾਸ਼ ਘਈ ਨੇ ਕਿਹਾ ਕਿ ਹੁਣ ਪਰਦੇ ਉਤੇ ਉਹੀ ਕੁੱਝ ਪੇਸ਼ ਹੋ ਰਿਹਾ ਹੈ, ਜੋ ਆਲੇ ਦੁਆਲੇ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮਾਂ ਹਮੇਸ਼ਾ ਸਮਾਜ ਵਿੱਚ ਤਬਦੀਲੀ ਦੀ ਆਰਸੀ ਰਹੀਆਂ ਹਨ। ਹੁਣ ਪਰਦੇ ‘ਤੇ ਪਿਆਰ ਦੀ ਪੇਸ਼ਕਾਰੀ ਪਿਛਲੇ ਸਮੇਂ ਦੇ ਮੁਕਾਬਲੇ ਵੱਧ ਸਰੀਰਕ ਹੋ ਗਈ।ਮੌਸਮੀ ਚੈਟਰਜੀ ਨੇ ਕਿਹਾ ਕਿ ਕੁੱਝ ਲੋਕਾਂ ਲਈ ਅੱਜ ਪਿਆਰ ਸਿਰਫ਼ ਲਾਲਸਾ ਹੈ ਪਰ ਕੁੱਝ ਲੋਕਾਂ ਲਈ ਇਹ ਆਪਣੇ ਚਹੇਤੇ ਪ੍ਰਤੀ ਸਤਿਕਾਰ ਤੇ ਲਗਾਅ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਹਾਲੇ ਵੀ ਆਪਣੇ ਪਤੀ ਨਾਲ ਪਿਆਰ ਕਰਦੇ ਹਨ ਅਤੇ ਬੁੱਢ ਵਰੇਸ ਵਿੱਚ ਤਾਂ ਹੁਣ ਸਾਡੇ ਲਈ ਪਿਆਰ ਦਾ ਮਤਲਬ ਇਕ ਦੂਜੇ ਦੀ ਸੰਭਾਲ ਤੇ ਪੁਰਾਣੀਆਂ ਮਿੱਠੀਆਂ ਯਾਦਾਂ ਨੂੰ ਸਾਂਝਾ ਕਰਨਾ ਹੀ ਹੈ।

LEAVE A REPLY