sports newsਗੁਹਾਟੀ/ਸ਼ਿਲਾਂਗ,  ਮੇਜ਼ਬਾਨ ਭਾਰਤ ਨੇ 12ਵੀਆਂ ਦੱਖਣੀ ਏਸ਼ੀਆਈ ਖੇਡਾਂ ‘ਚ ਰਿਕਾਰਡ ਤੋੜ ਪ੍ਰਦਰਸ਼ਨ ਕਰਦੇ ਹੋਏ 188 ਸੋਨੇ ਦੇ ਤਮਗਿਆਂ ਸਮੇਤ 308 ਤਮਗੇ ਜਿੱਤ ਕੇ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਸਮਾਪਤੀ ਕੀਤੀ।
ਭਾਰਤ ਨੇ ਗੁਹਾਟੀ ਅਤੇ ਸ਼ਿਲਾਂਗ ਦੀ ਸਾਂਝੀ ਮੇਜ਼ਬਾਨੀ ‘ਚ ਹੋਈਆਂ ਇਨ੍ਹਾਂ ਖੇਡਾਂ ‘ਚ 188 ਸੋਨੇ ਦੇ, 90 ਚਾਂਦੀ ਦੇ ਅਤੇ 30 ਕਾਂਸੇ ਦੇ ਤਮਗੇ ਸਮੇਤ ਕੁਲ 308 ਤਮਗੇ ਹਾਸਲ ਕੀਤੇ। ਭਾਰਤ ਨੇ ਇਨ੍ਹਾਂ ਖੇਡਾਂ ਦੇ ਦੌਰਾਨ ਇਸ ਦੇ ਇਤਿਹਾਸ ‘ਚ ਕੁਲ 1000 ਸੋਨੇ ਅਤੇ ਕੁਲ 2000 ਤਮਗਿਆਂ ਦਾ ਅੰਕੜਾ ਵੀ ਪਾਰ ਕੀਤਾ। ਸ਼੍ਰੀਲੰਕਾ 25 ਸੋਨੇ ਦੇ, 63 ਚਾਂਦੀ ਦੇ ਅਤੇ 98 ਕਾਂਸੇ ਦੇ ਤਮਗਿਆਂ ਸਮੇਤ 186 ਤਮਗਿਆਂ ਨਾਲ ਦੂਜੇ ਸਥਾਨ ‘ਤੇ ਰਿਹਾ। ਪਾਕਿਸਤਾਨ 12 ਸੋਨੇ ਸਮੇਤ 106 ਤਮਗਿਆਂ ਦੇ ਨਾਲ ਤੀਜੇ, ਅਫਗਾਨਿਸਤਾਨ 7 ਸੋਨੇ ਸਮੇਤ 35 ਤਮਗਿਆਂ ਦੇ ਨਾਲ ਚੌਥੇ, ਬੰਗਲਾਦੇਸ਼ ਨੇ ਚਾਰ ਸੋਨੇ ਸਮੇਤ 75 ਤਮਗਿਆਂ ਦੇ ਨਾਲ ਪੰਜਵਾਂ ਸਥਾਨ ਅਤੇ ਨੇਪਾਲ ਨੂੰ ਤਿੰਨ ਸੋਨੇ ਸਮੇਤ 60 ਤਮਗਿਆਂ ਦੇ ਨਾਲ ਛੇਵਾਂ ਸਥਾਨ ਹਾਸਲ ਹੋਇਆ। ਮਾਲਦੀਵ ਅਤੇ ਭੂਟਾਨ ਕੋਈ ਵੀ ਸੋਨੇ ਦਾ ਤਮਗਾ ਨਹੀਂ ਜਿੱਤ ਸਕੇ। ਪਰ ਮਾਲਦੀਵ 2 ਚਾਂਦੀ ਸਮੇਤ ਤਿੰਨ ਤਮਗੇ ਜਿੱਤਣ ਦੇ ਕਾਰਨ ਸਤਵੇਂ ਸਥਾਨ ‘ਤੇ ਰਿਹਾ। ਭੂਟਾਨ ਨੇ 17 ਕਾਂਸੇ ਦੇ ਤਮਗੇ ਜਿੱਤੇ ਪਰ ਇਕ ਚਾਂਦੀ ਦਾ ਤਮਗਾ ਜਿੱਤਣ ਦੇ ਕਾਰਨ ਉਹ ਕੁਲ 16 ਤਮਗਿਆਂ ਦੇ ਨਾਲ ਅੱਠਵੇਂ ਅਤੇ ਅੰਤਿਮ ਸਥਾਨ ‘ਤੇ ਰਿਹਾ। ਭਾਰਤ ਨੇ ਤੀਰਅੰਦਾਜ਼ੀ, ਬੈਡਮਿੰਟਨ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਟੈਨਿਸ ਸਮੇਤ 10 ਖੇਡਾਂ ‘ਚ ਸੋਨੇ ਦੇ ਤਮਗਿਆਂ ਦੀ ਕਲੀਨ ਸਵੀਪ ਕੀਤੀ। ਭਾਰਤ ਨੂੰ ਸਭ ਤੋਂ ਜ਼ਿਆਦਾ ਸੋਨੇ ਦੇ ਤਮਗੇ ਐਥਲੈਟਿਕਸ ਮੁਕਾਬਲਿਆਂ ‘ਚ ਮਿਲੇ ਜਿੱਥੇ ਉਸਨੇ 28 ਸੋਨੇ ਦੇ ਤਮਗੇ ਜਿੱਤੇ। ਭਾਰਤੀ ਨਿਸ਼ਾਨੇਬਾਜ਼ਾਂ ਨੇ 25 ਸੋਨੇ ਦੇ ਤਮਗਿਆਂ ਦੇ ਨਾਲ ਨਿਸ਼ਾਨਾ ਸਾਧਿਆ ਜਦੋਂਕਿ ਤੈਰਾਕੀ ‘ਚ ਤੈਰਾਕਾਂ ਨੇ 23 ਸੋਨੇ ਦੇ ਤਮਗੇ ਜਿੱਤੇ। ਇਨ੍ਹਾਂ ਖੇਡਾਂ ‘ਚ ਭਾਰਤ ਨੂੰ ਸਭ ਤੋਂ ਜ਼ਿਆਦਾ ਨਿਰਾਸ਼ਾ ਪੁਰਸ਼ ਫੁੱਟਬਾਲ ਅਤੇ ਹਾਕੀ ‘ਚ ਮਿਲੀ ਜਿੱਥੇ ਫਾਈਨਲ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਕੀ ‘ਚ ਲੰਬੇ ਸਮੇਂ ਦੀ ਮੁਕਾਬਲੇਬਾਜ਼ ਪਾਕਿਸਤਾਨ ਨੇ ਭਾਰਤ ਨੂੰ ਹਰਾ ਦਿੱਤਾ ਜਦੋਂਕਿ ਨੇਪਾਲ ਨੇ ਫੁੱਟਬਾਲ ‘ਚ ਭਾਤ ਦਾ ਦਿਲ ਤੋੜਿਆ। ਪਰ ਇਨ੍ਹਾਂ ਖੇਡਾਂ ‘ਚ ਮਹਿਲਾ ਟੀਮਾਂ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਤਮਗੇ ਹਾਸਲ ਕੀਤੇ।     12ਵੀਂ ਸੈਗ ਖੇਡਾਂ ‘ਚ ਰਿਓ ਓਲੰਪਿਕ ਦੇ ਲਈ ਸਿਰਫ ਇਕ ਟਿਕਟ ਨਿਕਲਿਆ ਜਿਸ ਨੂੰ ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਕਵਿਤਾ ਰਾਉਤ ਨੇ ਹਾਸਲ ਕੀਤਾ। ਕਵਿਤਾ ਨੇ 2 ਘੰਟੇ 38 ਮਿੰਟ ਅਤੇ 38 ਸਕਿੰਟਾਂ ਦਾ ਸਮਾਂ ਲੈ ਕੇ ਮਹਿਲਾ ਮੈਰਾਥਨ ਦਾ ਤਮਗਾ ਜਿੱਤਿਆ ਅਤੇ ਨਾਲ ਹੀ ਓਲੰਪਿਕ ਟਿਕਟ ਵੀ ਹਾਸਲ ਕੀਤਾ। ਜਿੱਥੋਂ ਤੱਕ ਨਿਜੀ ਪ੍ਰਦਰਸ਼ਨ ਦੀ ਗੱਲ ਹੈ ਤਾਂ ਸ਼੍ਰੀਲੰਕਾ ਦੇ ਤੈਰਾਕ ਮੈਥਿਊ ਏਬੇਸਿੰਘੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਸੋਨੇ ਦੇ ਤਮਗੇ ਜਿੱਤੇ।

LEAVE A REPLY