5ਜਲੰਧਰ : ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ ਸ਼ਰਧਾਲੂਆਂ ਨਾਲ ਭਰੀ ਟ੍ਰੇਨ ਕਾਂਸ਼ੀ ਰਵਾਨਾ ਹੋਈ। ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸੀਪੀਐਸ ਪਵਨ ਕੁਮਾਰ ਟੀਨੂ ਸਹਿਤ ਹੋਰ ਕਈ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਆਗੂ ਮੌਜੂਦ ਹੋਏ। ਜਿਨ੍ਹਾਂ ਸੰਤਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਦੁਪਹਿਰ ਕਰੀਬ ਢਾਈ ਵਜੇ ਬੇਗਮਪੁਰਾ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਜਿਸ ਵਿੱਚ ਪੂਰੇ ਜਲੰਧਰ ਜਿਲ੍ਹੇ ਤੋਂ ਇਲਾਵਾ ਆਸ ਪਾਸ ਦੇ ਇਲਾਕਿਆਂ ਤੋਂ 1500 ਤੋਂ ਜ਼ਿਆਦਾ ਦੀ ਸੰਖਿਆ ਵਿੱਚ ਸ਼ਰਧਾਲੂ ਕਾਂਸ਼ੀ ਸ਼੍ਰੀ ਗੁਰੁ ਰਵਿਦਾਸ ਜੀ ਜਨਮ ਅਸਥਾਨ ਤੇ ਮੱਥਾ ਟੇਕਣਗੇ। ਡੇਰਾ ਬੱਲਾਂ ਪ੍ਰਬੰਧਕਾਂ ਵੱਲੋਂ 44 ਲੱਖ 51 ਹਜਾਰ 765 ਰੁਪਏ ਵਿੱਚ ਸਪੈਸ਼ਲ ਟਰੇਨ ਦੀ ਬੁਕਿੰਗ ਕੀਤੀ ਗਈ ਸੀ। ਰੇਲ ਗੱਡੀ ਵਿੱਚ ਕੁੱਲ 24 ਡੱਬੇ ਲੱਗੇ ਹੋਏ ਸਨ, ਜਿਸ ਵਿੱਚ 22 ਸਲੀਪਰ ਕੋਚ ਲੱਗੇ ਹੋਏ ਸਨ। ਟ੍ਰੇਨ 20 ਫਰਵਰੀ ਨੂੰ ਵਾਰਾਣਸੀ ਪਹੁੰਚੇਗੀ। ਰੇਲ ਗੱਡੀ ਬਨਾਰਸ ਤੋਂ ਯਾਤਰੀਆਂ ਨੂੰ ਲੈ ਕੇ 23 ਫਰਵਰੀ ਨੂੰ ਸ਼ਾਮ 6 ਵੱਜ ਕੇ 15 ਮਿੰਟ ਤੇ ਚੱਲ ਕੇ 24 ਫਰਵਰੀ ਨੂੰ ਸ਼ਾਮ ਚਾਰ ਵੱਜ ਕੇ 10 ਮਿੰਟ ਤੇ ਜਲੰਧਰ ਪਹੁੰਚੇਗੀ।
ਜਲੰਧਰ ਤੋਂ ਹੀ ਕਾਂਸ਼ੀ ਲਈ 20 ਫਰਵਰੀ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਇਕ ਹੋਰ ਟ੍ਰੇਨ ਰਵਾਨਾ ਕੀਤੀ ਜਾਵੇਗੀ। ਜਿਸ ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਸ ਬਾਰੇ ਦੱਸਦੇ ਹੋਏ ਐਸਡੀਐਮ ਇਕ ਨੇ ਦੱਸਿਆ ਕਿ ਰੇਲ ਗੱਡੀ ਵਿੱਚ 1 ਹਜਾਰ ਦੇ ਕਰੀਬ ਸ਼ਰਧਾਲੂ ਕਾਂਸ਼ੀ ਮੱਥਾ ਟੇਕਣ ਜਾਣਗੇ। ਜਿਨ੍ਹਾਂ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

LEAVE A REPLY