5ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪ੍ਰਤੀ ਕਿਸਾਨ ਪਰਿਵਾਰ ਨੂੰ 50,000 ਰੁਪਏ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਪਾਵਰ ਕਾਰਪੋਰੇਸ਼ਨ ਨੂੰ ਪੈਸੇ ਦੇਣ ਦੀ ਬਜਾਏ ਇਸਨੂੰ ਸਿੱਧਾ ਇਨ੍ਹਾਂ ਦੇ ਖਾਤਿਆਂ ‘ਚ ਸਿੱਧਾ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ। ਅੱਜ 10,53000 ਪਰਿਵਾਰਾਂ ਨੂੰ 5500 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜੇ ਇਸਨੂੰ ਨਕਦ ਦਿੱਤਾ ਜਾਵੇ ਤਾਂ ਇਹ ਪ੍ਰਤੀ ਕਿਸਾਨ ਪਰਿਵਾਰ 50,000 ਰੁਪਏ ਸਲਾਨਾ ਰਾਸ਼ੀ ਬਣਦੀ ਹੈ। ਇਸਦਾ ਕਿਸਾਨਾਂ ਨੂੰ ਵੱਧ ਵਿੱਤੀ ਫਾਇਦਾ ਹੋਵੇਗਾ ਅਤੇ ਐਮ.ਐਸ.ਪੀ ਰੇਟ ਵੀ ਮੌਜ਼ੂਦਾ ਰੇਟ ਤੋਂ ਵੱਧ ਹੋਣਗੇ। ਇਸ ਦੌਰਾਨ, ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸਾਰੇ ਸੰਸਥਾਗਤ ਤੇ ਗੈਰ ਸੰਸਥਾਗਤ ਲੋਨਾਂ ਨੂੰ ਵੱਡੇ ਉਦਯੋਗਿਕ ਘਰਾਣਿਆਂ ਵਾਂਗ ਨਾਨ ਪਰਫਾਰਮਿੰਗ ਐਸਟ ਐਲਾਨ ਕਰਕੇ ਮੁਆਫ ਕਰ ਦੇਣਾ ਚਾਹੀਦਾ ਹੈ।
ਚੰਨੀ ਉਨ੍ਹਾਂ 7 ਕਿਸਾਨ ਪਰਿਵਾਰਾਂ ਕੋਲ ਵੀ ਗਏ, ਜਿਨ੍ਹਾਂ ਨੇ ਬੀਤੇ ਦੋ ਮਹੀਨਿਆਂ ਦੌਰਾਨ ਮਾਨਸਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਬੁਢਲਾਡਾ, ਸਰਦੂਲਗੜ੍ਹ ਤੇ ਮਾਨਸਾ ‘ਚ ਖੁਦਕੁਸ਼ੀਆਂ ਕੀਤੀਆਂ ਹਨ। ਉਹ ਬੁਢਲਾਡਾ ਹਲਕੇ ਦੇ ਪਿੰਡ ਬੋਦਾਵਾਲ ‘ਚ ਸਵ. ਗੁਰਮੇਲ ਸਿੰਘ ਤੇ ਗੁਰਦੀਪ ਸਿੰਘ ਦੇ ਪਰਿਵਾਰਾਂ ਕੋਲ ਵੀ ਗਏ। ਇਸ ਤੋਂ ਬਾਅਦ ਉਹ ਮਾਨਸਾ ਹਲਕੇ ਦੇ ਪਿੰਡ ਖਾੜਾ ‘ਚ ਸਵ. ਰੇਸ਼ਮ ਸਿੰਘ, ਸਰਦੂਲਗੜ੍ਹ ਹਲਕੇ ‘ਚ ਸਵ. ਅਮਨਦੀਪ ਸਿੰਘ, ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਸਵ. ਗੁਰਪ੍ਰੀਤ ਸਿੰਘ, ਮਾਨਸਾ ਦੇ ਪਿੰਡ ਰੱਲਾ ਦੇ ਸਵ. ਕਾਲਾ ਸਿੰਘ ਤੇ ਪਿੰਡ ਜੋਗਾ ‘ਚ ਸਵ. ਨਛੱਤਰ ਸਿੰਘ ਦੇ ਘਰਾਂ ‘ਚ ਵੀ ਗਏ।
ਚੰਨੀ ਨੇ ਖੁਲਾਸਾ ਕੀਤਾ ਕਿ ਵਰਤਮਾਨ ਸਰਕਾਰ ਅਧੀਨ ਸਕੀਮ ਦੇ ਫਾਇਦਿਆਂ ‘ਚ ਕਮਿਸ਼ਨ ਆਫ ਐਗਰੀਕਲਚਰਲ ਕੋਸਟਸ ਐਂਡ ਪ੍ਰਾਈਸੇਜ ਵੱਲੋਂ ਘੱਟੋਂ ਘੱਟ ਸਮਰਥਨ ਮੁੱਲ ਤੈਅ ਕਰਨ ਵੇਲੇ ਲੱਗਣ ਵਾਲੀ ਬਿਜਲੀ ਦੀ ਲਾਗਤ ਨਹੀਂ ਵਿਚਾਰੀ ਜਾ ਰਹੀ ਹੈ। ਅਜਿਹੇ ਹਾਲਾਤਾਂ ‘ਚ ਵੱਖ ਵੱਖ ਫਸਲਾਂ ‘ਚ ਐਮ.ਐਸ.ਪੀ ‘ਚ ਘੱਟ ਵਾਧਾ ਹੋਣ ਕਾਰਨ ਟਿਊਬਵੈਲਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ।
ਚੰਨੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸਦਾ ਬਦਲ ਕਿਸਾਨਾਂ ਦੇ ਖਾਤਿਆਂ ‘ਚ ਸਿਧੀ ਸਬਸਿਡੀ ਟ੍ਰਾਂਸਫਰ ਕਰਨਾ ਹੋਵੇਗਾ, ਜਿਸ ਲਈ ਠੀਕ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਹੈ। ਇਸ ਸਿਸਟਮ ਹੇਠ ਕਿਸਾਨਾਂ ਨੂੰ ਦੋ ਪੱਧਰਾਂ ‘ਤੇ ਫਾਇਦਾ ਮਿਲੇਗਾ। ਜਿਥੇ ਉਨ੍ਹਾਂ ਨੂੰ ਸਿੱਧੀ ਸਬਸਿਡੀ ਮਿਲੇਗੀ, ਉਥੇ ਹੀ ਐਮ.ਐਸ.ਪੀ ਤੈਅ ਕਰਨ ਵੇਲੇ ਸੀ.ਏ.ਸੀ.ਪੀ ਵੱਲੋਂ ਟਿਊਵੈਲਾਂ ਨੂੰ ਚਲਾਉਣ ਦੀ ਲਾਗਤ ਜੋੜੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਪ੍ਰੀਕ੍ਰਿਆ ਸਹੀ ਤਰੀਕੇ ਨਾਲ ਚਲਾਈ ਜਾ ਸਕੇਗੀ। ਸੂਬੇ ‘ਚ ਕਰੀਬ 10.53 ਲੱਖ ਕਿਸਾਨ ਪਰਿਵਾਰ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲੇ ‘ਚ ਸੂਬੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ‘ਤੇ ਕਰਜੇ ਦੇ ਬੋਝ ਉੱਪਰ ਕੀਤੀ ਗਈ ਸਟੱਡੀ ਦਾ ਜ਼ਿਕਰ ਕੀਤਾ। ਖੇਤ ਮਜ਼ਦੂਰਾਂ ਦੇ ਮਾਮਲੇ ‘ਚ ਲੋਨ ਗੈਰ ਸੰਸਥਾਗਤ ਹਨ।
ਉਨ੍ਹਾਂ ਨੇ ਬੀਤੇ ਕੁਝ ਸਾਲਾਂ ਦੌਰਾਨ ਅਜਿਹੀਆਂ ਨਾਨ ਪਰਫੋਰਮਿੰਗ ਐਸਟਾਂ ਦੇ ਬੈਂਕਾਂ ਵੱਲੋਂ ਮੁਆਫ ਕੀਤੇ ਗਏ 1.14 ਲੱਖ ਕਰੋੜ ਦੇ ਲੋਨ ਦਾ ਜ਼ਿਕਰ ਕੀਤਾ। ਇਹ ਲੋਨ ਬੈਂਕਾਂ ਵੱਲੋਂ ਵੱਡੇ ਬਿਜਨੇਸਮੈਨਾਂ ਤੇ ਉਦਯੋਗਪਤੀਆਂ ਨੂੰ ਦਿੱਤੇ ਗਏ ਸਨ, ਜਿਨ੍ਹਾਂ ਨੇ ਇਹ ਲੋਨ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜੇ ਬੈਂਕਾਂ ਬਿਨ੍ਹਾਂ ਕੋਈ ਵਿਰੋਧ ਕੀਤੇ ਇੰਨੀ ਵੱਡੀ ਰਕਮ ਮੁਆਫ ਕਰ ਸਕਦੇ ਹਨ, ਤਾਂ ਫਿਰ ਸੂਬਾ ਸਰਕਾਰ ਕਿਉਂ ਨਹੀਂ ਅਜਿਹਾ ਕਦਮ ਚੁੱਕਦੀ, ਜਿਵੇਂ ਯੂ.ਪੀ.ਏ ਸ਼ਾਸਨ ਦੌਰਾਨ ਕੀਤਾ ਗਿਆ ਸੀ।
ਚੰਨੀ ਨੇ ਸੂਬੇ ‘ਚ ਕਿਸਾਨੀ ਦੇ ਮਾੜੇ ਹਾਲਾਤਾਂ ਦਾ ਸਿਧਾ ਦੋਸ਼ ਬਾਦਲ ਸਰਕਾਰ ‘ਤੇ ਲਗਾਇਆ। ਉਨ੍ਰਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਸੂਬੇ ਦਾ ਸ਼ਾਸਨ ਚਲਾਇਆ ਹੈ, ਪਰ ਖੁਦਕੁਸ਼ੀਆਂ ਦੀ ਵੱਧ ਰਹੀ ਔਸਤ ਤਿੰਨ ਖੁਦਕੁਸ਼ੀਆਂ ਪ੍ਰਤੀ ਦਿਨ ਪਹੁੰਚ ਚੁੱਕੀ ਹੈ। 2002 ਤੋਂ 2007 ਦੌਰਾਨ ਖੁਦਕੁਸ਼ੀਆਂ ਦੀ ਔਸਤ 450 ਸਲਾਨਾ ਸੀ, ਜਿਹੜੀ ਬੀਤੇ 9 ਸਾਲਾਂ ਦੌਰਾਨ ਹੁਣ 3000 ਸਲਾਨਾ ਪਹੁੰਚ ਚੁੱਕੀ ਹੈ।
ਚੰਨੀ ਨਾਲ ਇਸ ਮੌਕੇ ਅਜੀਤ ਇੰਦਰ ਸਿੰਘ ਮੋਫਰ ਵਿਧਾਇਕ ਸਰਦੂਲਗੜ੍ਹ, ਬਿਕ੍ਰਮ ਮੋਫਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ, ਸ਼ੇਰ ਸਿੰਘ ਗੱਗੋਵਾਲ, ਸਤ ਪਾਲ ਮੁੱਲੇਵਾਲ, ਗੁਰਪ੍ਰੀਤ ਕੌਰ ਗੱਗੋਵਾਲ, ਮਨਜੀਤ ਸਿੰਘ ਜਲਬੂਟੀ, ਸੁੱਖਦਰਸ਼ਨ ਸਿੰਘ ਖਾਰਾ, ਗੁਰਦੀਪ ਸਿੰਘ, ਜਗਸੀਰ ਸਿੰਘ ਜੱਗਾ, ਸੀਤਾ ਰਾਮ ਚੂਨੀਆ, ਰਮੇਸ਼ ਕੁਮਾਰ, ਗੁਰਸੰਤ ਸਿੰਘ ਵੀ ਮੌਜ਼ੂਦ ਰਹੇ।

LEAVE A REPLY