1ਨਵਾਂਸ਼ਹਿਰ/ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਬਿਸਤ ਦੋਆਬ ਕੈਨਾਲ ਦੇ 320 ਕਰੋੜ ਰੁਪਏ ਦੇ ਨਵੀਨੀਕਰਣ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ ਦੋਆਬੇ ਵਿੱਚ ਬੇਹਤਰੀਨ ਸਿੰਚਾਈ ਸਹੂਲਤਾਂ ਦਾ ਮੁੱਢ ਬੰਨ੍ਹਣ ਵਾਲੀ ਇਸ ਇਤਿਹਾਸਕ ਨਹਿਰ ਦੇ ਨਵੀਨੀਕਰਣ ਪ੍ਰਾਜੈਕਟ ਨੂੰ ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ। ਬਿਸਤ ਦੋਆਬ ਦੀ ਪੁਨਰ ਸੁਰਜੀਤ ਨਾਲ ਦੋਆਬੇ ਵਿੱਚ ਟਿਊਬਵੈਲਾਂ ਦੀ ਵਧੇਰੇ ਵਰਤੋਂ ਕਾਰਨ ਪਾਣੀ ਦੇ ਘਟੇ ਪੱਧਰ ਨੂੰ ਵੀ ਰਾਹਤ ਮਿਲੇਗੀ।ਬਾਅਦ ਵਿੱਚ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਨੀਕਰਣ ਤੋਂ ਇਲਾਵਾ ਨਹਿਰੀ ਖਾਲਿਆਂ ਦੀ ਪੁਨਰ ਸੁਰਜੀਤੀ ‘ਤੇ ਵੀ 700 ਕਰੋੜ ਰੁਪਏ ਖਰਚੇ ਜਾਣਗੇ ਜਿਸ ਵਿੱਚ ਕਿਸਾਨਾਂ ਤੋਂ ਕੇਵਲ 10 ਫ਼ੀਸਦੀ ਹਿੱਸਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਹਿਰ ਅਤੇ ਇਸ ਵਿੱਚੋਂ ਨਿਕਲਦੇ ਸੂਇਆਂ ਅਤੇ ਰਜਬਾਹਿਆਂ ਦਾ ਨਵੀਨੀਕਰਣ ਮੁਕੰਮਲ ਹੋਣ ਨਾਲ ਸਿੰਚਾਈ ਸਮਰੱਥਾ 35 ਹਜ਼ਾਰ ਏਕੜ ਤੋਂ ਵਧ ਕੇ 2 ਲੱਖ ਏਕੜ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਹਿਰ ਦੇ ਕੰਢੇ ਕੰਕਰੀਟ ਨਾਲ ਪੱਕੇ ਹੋਣ ਕਾਰਨ ਅਤੇ ਖੇਤਾਂ ਤੱਕ ਜ਼ਮੀਨ ਦੋਜ਼ ਖਾਲੇ/ਪਾਈਪਾਂ ਰਾਹੀਂ ਪਾਣੀ ਦਿੱਤਾ ਜਾਵੇਗਾ ਜਿਸ ਨਾਲ ਪਾਣੀ ਦੇ ਵਿਅਰਥ ਜਾਣ ਦੀ ਕੋਈ ਵੀ ਗੁੰਜਾਇਸ਼ ਨਹੀਂ ਰਹੇਗੀ।
ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕੰਢੀ ਖੇਤਰ ਦੇ ਇੱਕ ਹੋਰ ਮਹੱਤਵਪੂਰਣ ਸਿੰਚਾਈ ਪ੍ਰਾਜੈਕਟ ਕੰਢੀ ਕੈਨਾਲ ਨੂੰ ਵੀ ਜੁਲਾਈ ਤੱਕ ਮੁਕੰਮਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 1000 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨਾਲ ਕੰਢੀ ਖੇਤਰ ਵਿੱਚ ਸਿੰਚਾਈ ਲਈ ਪਾਣੀ ਦੀ ਆਉਂਦੀ ਮੁਸ਼ਕਿਲ ਦੂਰ ਹੋ ਜਾਵੇਗੀ।
ਸ. ਬਾਦਲ ਨੇ ਇਸ ਤੋਂ ਬਾਅਦ ਪੰਚਾਇਤ ਸੰਮਤੀ ਰੈਸਟ ਹਾਊਸ ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹੇ ਦੇ 20.84 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਿਨੀ ਸਕੱਤਰੇਤ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਦੀ ਉਸਾਰੀ 21 ਮਾਰਚ ਨੂੰ ਸ਼ੁਰੂ ਹੋ ਜਾਵੇਗੀ ਅਤੇ 20 ਜਨਵਰੀ 2017 ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਸਾਰੇ ਸਰਕਾਰੀ ਦਫ਼ਤਰ ਇੱਕੋ ਛੱਤ ਹੇਠ ਹੋਣ ਦੀ ਸਹੂਲਤ ਮਿਲ ਸਕੇ।
ਉਨ੍ਹਾਂ ਨੇ ਜ਼ਿਲ੍ਹੇ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੰਦਿਆਂ ‘ਮਾਡਲ ਸਿਹਤ ਜ਼ਿਲ੍ਹੇ’ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਸਾਰੇ ਹਸਪਤਾਲਾਂ ਵਿੱਚ ਸਟਾਫ਼ ਅਤੇ ਸਾਜ਼ੋ-ਸਮਾਨ ਦੀ ਪੂਰਤੀ ਕਰਨ ਤੋਂ ਇਲਾਵਾ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਰੈੱਡ ਕਰਾਸ ਰਾਹੀਂ ਬੱਸ ਸੇਵਾ, ਕਮਿਊੀਨਟੀ ਹੈਲਥ ਸੈਂਟਰ ਬਲਾਚੌਰ ਵਿਖੇ ਪੀ.ਜੀ.ਆਈ. ਦਾ ਕੇਂਦਰ ਸਥਾਪਿਤ ਕਰਨਾ ਆਦਿ ਮੁਹੱਈਆ ਹੋਣਗੀਆਂ ਜਿਨ੍ਹਾਂ ‘ਤੇ ਕਰੀਬ 28 ਕਰੋੜ ਰੁਪਏ ਦਾ ਖਰਚ ਹੋਣਾ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਸਿਵਲ ਹਸਪਤਾਲ ਵਿਖੇ ਨਵਜਨਮੇ ਬਾਲਾਂ ਲਈ ਵਿਸ਼ੇਸ਼ ਯੂਨਿਟ ਦੀ ਕਾਇਮੀ ਵੀ ਹੋਵੇਗੀ।
ਉਨ੍ਹਾਂ ਨੇ ਸੂਬੇ ਵਿੱਚ ਭਾਈਚਾਰਕ ਏਕਤਾ ਤੇ ਸਦਭਾਵਨਾ ਨੂੰ ਹਰ ਹਾਲ ਵਿੱਚ ਕਾਇਮ ਰੱਖਣ ਅਤੇ ਸਰਬਪੱਖੀ ਵਿਕਾਸ ਨੂੰ ਸਰਕਾਰ ਦੀ ਪਹਿਲੀ ਤਰਜੀਹ ਕਰਾਰ ਦਿੰਦਿਆਂ ਆਖਿਆ ਕਿ ਸਰਕਾਰ ਸ਼ਹਿਰੀ ਖੇਤਰਾਂ ਵਿੱਚ ਮੁਢਲੀਆਂ ਸਹੂਲਤਾਂ ਮੁਕੰਮਲ ਕਰਨ ‘ਤੇ 6500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਵਿਕਾਸ ‘ਤੇ 2000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸੂਬੇ ਵਿੱਚ ਅਜ਼ਾਦੀ ਪ੍ਰਵਾਨਿਆਂ, ਜੰਗੀ ਸ਼ਹੀਦਾਂ ਅਤੇ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਨਾਲ ਸਬੰਧਤ ਯਾਦਗਾਰਾਂ ਨੂੰ ਸਭਨਾਂ ਧਰਮਾਂ ਦਾ ਸਤਿਕਾਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ‘ਤੇ 1000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਬਣਾਉਣ ਲਈ 4 ਮਾਰਚ ਨੂੰ ਨੀਂਹ ਪੱਥਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਸਰਕਾਰ ਵੱਲੋਂ ਸਲਾਨਾ 5000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਸੀ.ਆਈ.ਆਈ., ਪੀ.ਐਚ.ਡੀ. ਚੈਂਬਰ ਆਫ਼ ਕਮਰਸ, ਐਸੋਸੀਏਟਡ ਚੈਂਬਰ ਆਫ਼ ਕਮਰਸ ਆਫ਼ ਇੰਡੀਆ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਮਰਸ ਤੇ ਇੰਡਸਟ੍ਰੀ ਦੀ ਤਰਜ਼ ‘ਤੇ  ‘ਪੰਜਾਬ ਕਿਸਾਨ ਵਿਕਾਸ ਚੈਂਬਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਨੇਤਾ ਲੋਕਾਂ ਨੂੰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਕਰਦਿਆਂ ਆਖਿਆ ਕਿ ਇਨ੍ਹਾਂ ਨੇਤਾਵਾਂ ਕੋਲ ਨਾ ਤਾਂ ਭਰੋਸੇਯੋਗਤਾ ਹੈ ਅਤੇ ਨਾ ਹੀ ਪੰਜਾਬ ਦੇ ਵਿਕਾਸ ਦਾ ਕੋਈ ਵਿਜ਼ਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਦੱਸਦੀ ਇਸ ਪਾਰਟੀ ਵਿੱਚ ਕੁੱਝ ਵੀ ਆਮ ਨਹੀਂ ਹੈ।
ਕਾਂਗਰਸ ਪਾਰਟੀ ਨੂੰ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਲਈ ਕਸੂਰਵਾਰ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਪਾਰਟੀ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਬਿਸਤ ਦੋਆਬ ਕੈਨਾਲ ਨੂੰ ਜੂਨ ਤੱਕ ਅਤੇ ਕੰਢੀ ਕੈਨਾਲ ਨੂੰ ਜੁਲਾਈ ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਦਕਿ ਸਰਹਿੰਦ-ਰਾਜਸਥਾਨ ਫ਼ੀਡਰ ਨਹਿਰ ਦੇ ਨਵੀਨੀਕਰਣ ‘ਤੇ 2000 ਕਰੋੜ ਰੁਪਏ ਦੀ ਉਲੀਕੀ ਗਈ ਯੋਜਨਾ ਅਗਲੇ 4 ਮਹੀਨਿਆਂ ਵਿੱਚ ਅਮਲ ਵਿੱਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਵੱਲੋਂ ਇਨ੍ਹਾਂ ਸਿੰਚਾਈ ਸਕੀਮਾਂ ਨੂੰ ਦਿੱਤੀ ਪ੍ਰਵਾਨਗੀ ਨਾਲ ਸੂਬੇ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ।
ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਫ਼ੈਸਲੇ ਆਪਣੇ ਆਪ ਵਿੱਚ ਨਿਵੇਕਲੇ ਅਤੇ ਵੱਡੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੰਢੀ ਕੈਨਾਲ ਨੂੰ ਜੁਲਾਈ ਤੱਕ ਮੁਕੰਮਲ ਕੀਤੇ ਜਾਣ ਦੇ ਆਦੇਸ਼ਾਂ ਬਾਅਦ ਕੰਢੀ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਮਿਲੇਗਾ।
ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋਕ ਹਿੱਤ ਦੇ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ‘ਤੇ ਧੰਨਵਾਦ ਪ੍ਰਗਟਾਇਆ।
ਹੋਰਨਾਂ ਤੋਂ ਇਲਾਵਾ ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ. ਸੋਹਣ ਸਿੰਘ ਠੰਡਲ, ਮੁੱਖ ਸੰਸਦੀ ਸਕੱਤਰ ਚੌ. ਨੰਦ ਲਾਲ ਅਤੇ ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਵਰਿੰਦਰ ਕੌਰ ਥਾਂਦੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਮੋਹਣ ਲਾਲ ਬੰਗਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰੇਸ਼ਮ ਸਿੰਘ ਥਿਆੜਾ, ਅਕਾਲੀ ਨੇਤਾ ਬੀਬੀ ਸਤਿੰਦਰ ਕੌਰ ਕਰੀਹਾ, ਜਗਤੇਸ਼ਵਰ ਸਿੰਘ ਮਜੀਠੀਆ, ਮੈਂਬਰ ਐਸ.ਜੀ.ਪੀ.ਸੀ. ਗੁਰਬਖਸ਼ ਸਿੰਘ ਖਾਲਸਾ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸੁਖਦੀਪ ਸਿੰਘ ਸੁਕਾਰ, ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਸਿੰਚਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ, ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਜ਼ਿਲ੍ਹੇ ਦੇ ਡਪਿਟੀ ਕਮਿਸ਼ਨਰ ਵਿਪੁਲ ਉਜਵਲ, ਐਸ.ਐਸ.ਪੀ. ਸਨੇਹਦੀਪ ਸ਼ਰਮਾ ਤੇ ਵੱਡੀ ਗਿਣਤੀ ਵਿੱਚ ਆਗੂ ਤੇ ਨੁਮਾਇੰਦੇ ਮੌਜੂਦ ਸਨ।

LEAVE A REPLY