3ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 25 ਫਰਵਰੀ ਤੋਂ ਸ਼ੁਰੂ ਹੋਣ ਵਾਲਾ ‘ਪੰਜਾਬ ਦੌਰਾ’ ਰੱਦ ਕੀਤਾ ਜਾ ਸਕਦਾ ਹੈ। ਹਰਿਆਣਾ ‘ਚ ਚੱਲ ਰਹੇ ਜਾਟ ਅੰਦੋਲਨ ਦੇ ਚੱਲਦਿਆਂ ਦਿੱਲੀ ‘ਚ ਪੈਦਾ ਹੋਏ ਪਾਣੀ ਦੇ ਸੰਕਟ ਨੂੰ ਦੇਖਦਿਆਂ ਇਹ ਫੈਸਲਾ ਲਿਆ ਜਾ ਸਕਦਾ ਹੈ।
ਦਿੱਲੀ ਅਤੇ ਪੰਜਾਬ ਵਿਚਾਲੇ ਸੜਕ ਅਤੇ ਰੇਲ ਆਵਾਜਾਈ ਠੱਪ ਹੋਣ ਨੂੰ ਵੀ ਇਸ ਦੌਰੇ ਦੇ ਰੱਦ ਕੀਤੇ ਜਾਣ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ, ਹਾਲਾਂਕਿ ਕੇਜਰੀਵਾਲ ਕੋਲ ਹਵਾਈ ਰਸਤੇ ਰਾਹੀਂ ਪੰਜਾਬ ਆਉਣ ਦਾ ਬਦਲ ਮੌਜੂਦ ਹੈ ਪਰ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਸੜਕ ਦੇ ਰਸਤੇ ਹੀ ਪੰਜਾਬ ਆ ਕੇ ਆਪਣੀ ਆਮ ਆਦਮੀ ਵਾਲੀ ਸਾਕ ਨੂੰ ਦਿਖਾਉਣਾ ਚਾਹੁੰਦੇ ਹਨ। ਲਿਹਾਜਾ ਇਸ ਦੌਰੇ ਨੂੰ ਰੱਦ ਕਰਨ ‘ਤੇ ਚਰਚਾ ਚੱਲ ਰਹੀ ਹੈ। ਕੇਜਰੀਵਾਲ ਨੇ 25 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਪੰਜਾਬ ਆਉਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਜਿਸ ਤਹਿਤ ਉਨ੍ਹਾਂ ਨੇ ਸੰਗਰੂਰ ਤੋਂ ਇਸ ਦੌਰੇ ਦੀ ਸ਼ੁਰੂਆਤ ਕਰਕੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵੀ ਆਉਣਾ ਸੀ ਪਰ ਬਦਲੇ ਹੋਏ ਹਾਲਾਤ ਦੇ ਤਹਿਤ ਕੇਜਰੀਵਾਲ ਦਾ ਪੰਜਾਬ ਆਉਣਾ ਮੁਸ਼ਕਲ ਜਾਪ ਰਿਹਾ ਹੈ।

LEAVE A REPLY