3ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੌਜ਼ੂਦਾ ਤੌਰ ‘ਤੇ ਰਾਖਵੇਂਕਰਨ ਦਾ ਫਾਇਦਾ ਲੈ ਰਹੇ ਲੋਕਾਂ ਤੋਂ ਇਲਾਵਾ ਜਨਰਲ ਸ਼੍ਰੇਣੀ ਨਾਲ ਸਬੰਧਤ ਆਰਥਿਕ ਤੌਰ ‘ਤੇ ਪਿਛੜੇ ਲੋਕਾਂ ਨੂੰ ਵੀ ਰਾਖਵੇਂਕਰਨ ਦਾ ਫਾਇਦਾ ਦੇਣ ਦਾ ਸਮਰਥਨ ਕੀਤਾ ਹੈ।
ਇਸ ਲੜੀ ਹੇਠ ਵਾਰ ਵਾਰ ਕੀਤੇ ਜਾ ਰਹੇ ਅੰਦੋਲਨਾਂ ਤੇ ਖਾਸ ਕਰਕੇ ਹਰਿਆਣਾ ‘ਚ ਵਰਤਮਾਨ ‘ਚ ਹਿੰਸਕ ਰੂਪ ਧਾਰਨ ਕਰ ਚੁੱਕੇ ਅਜਿਹੇ ਅੰਦੋਲਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਸਮਾਂ ਆ ਚੁੱਕਾ ਹੈ ਕਿ ਜਾਤ ਜਾਂ ਸੰਪ੍ਰਦਾਅ ‘ਤੇ ਧਿਆਨ ਦਿੱਤੇ ਬਗੈਰ ਆਰਥਿਕ ਤੌਰ ‘ਤੇ ਕਮਜ਼ੋਰ ਤੇ ਲੋੜਵੰਦ ਜਨਰਲ ਸ਼੍ਰੇਣੀ ਨਾਲ ਸਬੰਧਤ ਲੋਕਾਂ ਨੂੰ ਵੀ ਰਾਖਵੇਂਕਰਨ ਦੇ ਫਾਇਦੇ ਦਿੱਤੇ ਜਾਣ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸਦਾ ਅਰਥ ਇਹ ਨਹੀਂ ਨਿਕਲਦਾ ਹੈ ਕਿ ਸਿਰਫ ਆਰਥਿਕ ਹਾਲਾਤ ਹੀ ਰਾਖਵੇਂਕਰਨ ਦਾ ਅਧਾਰ ਹੋਣੇ ਚਾਹੀਦੇ ਹਨ, ਕਿਉਂਕਿ ਆਰਥਿਕ ਤੇ ਸਮਾਜ ਪਿਛੜੇਪਣ ਨੂੰ ਵੀ ਨਜ਼ਰਅੰਦਾਜ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ “ਨੂੰ ਸੰਵਿਧਾਨਿਕ ਤੌਰ ‘ਤੇ ਜਾਤ ਮੁਤਾਬਿਕ ਫਾਇਦੇ ਮਿੱਲ ਰਹੇ ਹਨ, ਉਹ ਜ਼ਰੂਰ ਜ਼ਾਰੀ ਰਹਿਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਮੱਸਿਆ ਨੂੰ ਦੇਖ ਕੇ ਵੀ ਨਜ਼ਰਅੰਦਾਜ਼ ਨਹੀਂ ਕਰਦੇ ਤੇ ਇਸਦਾ ਹੱਲ ਕੀਤਾ ਜਾਣਾ ਜ਼ਰੂਰੀ ਹੈ। ਜਿਸਦੇ ਤਹਿਤ ਹੋਰਨਾਂ ਜਾਤਾਂ ਜਿਵੇਂ ਰਾਜਸਥਾਨ ‘ਚ ਗੁੱਜਰਾਂ ਤੇ ਗੁਜਰਾਤ ‘ਚ ਪਟੇਲਾਂ ਵੱਲੋਂ ਰਾਖਵੇਂਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਹਰਿਆਣਾ ‘ਚ ਜਾਟ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ ਤੇ ਇਹ ਦਿਨੋਂ ਦਿਨ ਵੱਧ ਰਹੀ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਾਲੇ ਹੀ ‘ਚ ਪੰਜਾਬ ਦੇ ਵੱਖ ਵੱਖ ਕਾਲਜ਼ਾਂ ਤੇ ਯੂਨੀਵਰਸਿਟੀਆਂ ‘ਚ ਨੌਜ਼ਵਾਨਾਂ ਅਤੇ ਵਿਦਿਆਰਥੀਆਂ ਨਾਲ ਚਰਚਾ ਦੌਰਾਨ ਲਗਾਤਾਰ ਜਨਰਲ ਸ਼੍ਰੇਣੀਆਂ ਦੇ ਵੀ ਆਰਥਿਕ ਤੌਰ ‘ਤੇ ਪਿਛੜੇ ਤੇ ਲੋੜਵੰਦ ਲੋਕਾਂ ਨੂੰ ਵੀ ਰਾਖਵੇਂਕਰਨ ਦਾ ਫਾਇਦਾ ਦਿੱਤੇ ਜਾਣ ਸਬੰਧੀ ਮੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਸੇ ਤਰ੍ਹਾਂ, ਹਰਿਆਣਾ ‘ਚ ਜਾਟਾਂ ਵੱਲੋਂ ਚੱਲ ਰਹੇ ਅੰਦੋਲਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਲੋਕਾਂ ‘ਚ ਨਿਰਾਸ਼ਾ ਦਾ ਨਤੀਜ਼ਾ ਹੈ, ਜਿਹੜੇ ਸਮਝਦੇ ਹਨ ਕਿ ਉਨ੍ਹਾਂ ਨੂੰ ਉਚਿਤ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਨਿਰਾਸ਼ਾ ਸਿਰਫ ਹਰਿਆਣਾ ਤੱਕ ਸੀਮਿਤ ਨਹੀਂ ਹੈ। ਪੰਜਾਬ ‘ਚ ਵੀ ਇਹੋ ਹਾਲਾਤ ਹਨ ਅਤੇ ਇਹ ਕਿਸੇ ਵੀ ਵੇਲੇ ਬਿਗੜ ਸਕਦੇ ਹਨ।
ਕੈਪਟਨ ਅਮਰਿੰਦਰ ਜਿਹੜੇ ਆਲ ਇੰਡੀਆ ਜਾਟ ਮਹਾਸਭਾ ਦੇ ਪ੍ਰਧਾਨ ਵੀ ਹਨ, ਨੇ ਇਸ ਮੁੱਦੇ ‘ਤੇ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਮਹਾਸਭਾ ਸਿਰਫ ਜਾਟਾਂ ‘ਚ ਸ਼ਾਮਿਲ ਆਰਥਿਕ ਤੌਰ ‘ਤੇ ਪਿਛੜੇ ਵਰਗਾਂ ਲਈ ਰਾਖਵੇਂਕਰਨ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਦੀ ਚਾਰ ਏਕੜ ਤੋਂ ਘੱਟ ਜ਼ਮੀਨ ਹੈ, ਹਾਲਾਂਕਿ ਇਸ ਕ੍ਰੀਮੀਲੇਅਰ ਸ਼ਾਮਿਲ ਨਹੀਂ ਹੋਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਜਿਹੇ ਕਿਸਾਨ ਹਨ, ਜਿਨ੍ਹਾਂ ਕੋਲ ਇਕ ਏਕੜ ਤੋਂ ਘੱਟ ਜ਼ਮੀਨ ਹੈ ਤੇ ਦੋ ਵਕਤ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਚੱਲਦੀ ਹੈ। ਮਹਾਸਭਾ ਉਨ੍ਹਾਂ ਲੋਕਾਂ ਲਈ ਓ.ਬੀ.ਸੀ ਸ਼੍ਰੇਣੀ ਅੰਦਰ ਰਾਖਵੇਂਕਰਨ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਦੀ ਜ਼ਮੀਨ’ਚ  ਚਾਰ ਏਕੜ ਤੋਂ ਘੱਟ ਹੈ, ਨਾ ਕਿ ਬਾਦਲ ਜਾਂ ਮੇਰੇ ਵਰਗਿਆਂ ਲਈ।

LEAVE A REPLY