6ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਇਕ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਆਉਂਦੇ ਬਜਟ ਸੈਸ਼ਨ ਦੌਰਾਨ ਜਾਟਾਂ ਨੂੰ ਰਾਖਵਾਂਕਰਨ ਦੇਣ ਦੇ ਮੁੱਦੇ ‘ਤੇ ਵਿਧਾਨ ਸਭਾ ‘ਚ ਵਿਸ਼ੇਸ਼ ਚਰਚਾ ਦਾ ਪ੍ਰਸਤਾਅ ਰੱਖਿਆ ਹੈ।
ਇਥੇ ਜ਼ਾਰੀ ਬਿਆਨ ‘ਚ ਚੰਨੀ ਨੇ ਕਿਹਾ ਹੈ ਕਿ ਸੂਬੇ ‘ਚ ਬੀਤੇ ਸਾਲਾਂ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸਦਾ ਸਬੂਤ ਖਾਸ ਕਰਕੇ ਮਾਲਵਾ ਖੇਤਰ ‘ਚ ਪ੍ਰੇਸ਼ਾਨੀ ਹੇਠ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ‘ਚ ਵਾਧਾ ਹੋਣਾ ਹੈ। ਜਿਸ ਲਈ ਕਿਸਾਨਾਂ ਦੀ ਗਰੀਬੀ ਇਕ ਵੱਡਾ ਕਾਰਨ ਬਣ ਰਹੀ ਹੈ। ਬੀਤੇ ਸਮੇਂ ਦੌਰਾਨ ਖੇਤੀ ਹੇਠਾਂ ਜ਼ਮੀਨ ਵੀ ਘੱਟਦੀ ਜਾ ਰਹੀ ਹੈ। ਅਜਿਹੇ ‘ਚ ਛੋਟੇ ਤੇ ਹਾਸ਼ੀਏ ‘ਤੇ ਪਹੁੰਚ ਚੁੱਕੇ ਕਿਸਾਨਾਂ ਲਈ ਕਿਸਾਨੀ ਕਮਾਊ ਧੰਦਾ ਨਹੀਂ ਰਿਹਾ ਹੈ ਤੇ ਉਨ੍ਹਾਂ ਵਾਸਤੇ ਦੋ ਵਕਤ ਦੀ ਰੋਟੀ ਹਾਸਿਲ ਕਰਨਾ ਵੀ ਔਖਾ ਹੋ ਚੁੱਕਾ ਹੈ।
ਚੰਨੀ ਨੇ ਖੁਲਾਸਾ ਕੀਤਾ ਹੈ ਕਿ ਖੁਦਕੁਸ਼ੀਆਂ ਕਰਨ ਵਾਲੇ ਇਨ੍ਹਾਂ ਕਿਸਾਨਾਂ ‘ਚੋਂ ਵੱਡੀ ਗਿਣਤੀ ‘ਚ ਉਹ ਕਿਸਾਨ ਹਨ, ਜਿਨ੍ਹਾਂ ਦੀਆਂ ਜ਼ਮੀਨਾਂ 5 ਏਕੜ ਤੋਂ ਘੱਟ ਹਨ ਅਤੇ ਉਨ੍ਹਾਂ ਕੋਲ ਕਮਾਈ ਦੇ ਵੈਕਲਪਿਕ ਸਾਧਨ ਵੀ ਨਹੀਂ ਹਨ। ਇਸ ਲੜੀ ਹੇਠ ਛੋਟੇ ਕਿਸਾਨਾਂ ਲਈ ਖੇਤੀਬਾੜੀ ਲਾਭਕਾਰੀ ਧੰਦਾ ਬਣਾਉਣ ਤੇ ਰਾਖਵੇਂਕਰਨ ਦਾ ਮੁੱਦੇ ‘ਤੇ ਚਰਚਾ ਦੋਵੇਂ ਆਪਸ ‘ਚ ਜੁੜੇ ਹੋਏ ਮੁੱਦੇ ਹਨ। ਰਾਖਵੇਂਕਰਨ ਦੇ ਮੁੱਦੇ ਦਾ ਗੰਭੀਰ ਬਣਨ ਦਾ ਇਕ ਮੁੱਖ ਕਾਰਨ ਨੌਕਰੀਆਂ ‘ਚ ਕਮੀ ਆਉਣਾ ਅਤੇ ਕਿਸਾਨੀ ਦਾ ਗੈਰ ਲਾਭਕਾਰੀ ਧੰਦਾ ਬਣਨਾ ਵੀ ਹੈ।
ਹਾਲਾਂਕਿ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ ਵਰਤਮਾਨ ਵਿਵਸਥਾ ਨੂੰ ਨਹੀਂ ਛੇੜਿਆ ਜਾਣਾ ਚਹੀਦਾ ਹੈ ਅਤੇ ਸਹਿਮਤੀ ਬਣਾਏ ਜਾਣ ਤੋਂ ਬਾਅਦ ਵਰਤਮਾਨ ਵਿਵਸਥਾ ਨੂੰ ਛੇੜੇ ਬਗੈਰ ਇਸ ਪ੍ਰੀਕ੍ਰਿਆ ਨੂੰ ਅੰਜ਼ਾਮ ਦੇਣਾ ਚਾਹੀਦਾ ਹੈ।
ਚੰਨੀ ਨੇ ਕਿਹਾ ਕਿ ਜਾਟਾਂ ਲਈ ਰਾਖਵਾਂਕਰਨ ਹੁਣ ਲਗਭਗ ਉੱਤਰ ਭਾਰਤ ਦੇ ਹਰ ਸੂਬੇ ਦਾ ਮੁੱਦਾ ਬਣ ਚੁੱਕਾ ਹੈ ਅਤੇ ਆਉਂਦੇ ਵਿਧਾਨ ਸਭਾ ਸੈਸ਼ਨ ‘ਚ ਇਸ ‘ਤੇ ਗੰਭੀਰਤਾ ਨਾਲ ਚਰਚਾ ਕਰਨ ਲਈ ਮਹੱਤਵਪੂਰਨ ਸਮਾਂ ਹੈ। ਇਸ ਦੌਰਾਨ ਉਨ੍ਹਾਂ ਨੇ ਗਹਿਰਾਉਂਦੇ ਜਾ ਰਹੇ ਖੇਤੀਬਾੜੀ ਦੇ ਮੁੱਦਿਆਂ ਦੇ ਮੱਦੇਨਜ਼ਰ ਰਾਖਵੇਂਕਰਨ ਲਈ ਸਪੈਸ਼ਲ ਸਮਾਂ ਦਿੱਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਇਸ ਗੰਭੀਰ ਮੁੱਦੇ ‘ਤੇ ਚਰਚਾ ਕਰਨ ਲਈ ਸਪੀਕਰ ਤੋਂ ਵਿਸ਼ੇਸ਼ ਸਮਾਂ ਮੰਗੇਗੀ, ਤਾਂ ਜੋ ਹਾਲਾਤ ਗੁਆਂਢੀ ਰਾਜ ਹਰਿਆਣਾ ਦੀ ਤਰ੍ਹਾਂ ਹੱਥੋਂ ਨਿਕਲਣ ਤੋਂ ਪਹਿਲਾਂ ਹੀ ਸਾਂਭੇ ਜਾ ਸਕਣ।

LEAVE A REPLY