1ਚੰਡੀਗੜ੍ਹ : ਅੱਜ ਉਸ ਸਮੇਂ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਸਰਬੰਸ ਸਿੰਘ ਮਾਣਕੀ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਦਾ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਸੰਗਠਨ ਬਿਲਡਿੰਗ ਇੰਚਾਰਜ ਦੁਰਗੇਸ਼ ਪਾਠਕ, ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਆਪ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ, ਲੁਧਿਆਣਾ ਜ਼ੋਨ ਦੇ ਅਬਜ਼ਰਵਰ ਕਪਿਲ ਆਦਿ ਦੀ ਹਾਜ਼ਰੀ ਵਿਚ ਸ. ਮਾਣਕੀ ਨੇ ਪ੍ਰੈਸ ਕਾਨਫਰੰਸ ਵਿਚ ਕੀਤਾ।
ਜਥੇਦਾਰ ਮਾਣਕੀ ਆਪਣੇ ਸਮੇਂ ਦੇ ਵਿਦਿਆਰਥੀ ਆਗੂ ਰਹਿ ਚੁੱਕੇ ਹਨ, ਜੋ ਕਿ ਬਅਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਦੇ ਅਹੁਦੇ ‘ਤੇ ਵੀ ਸੇਵਾ ਕਰ ਚੁੱਕੇ ਹਨ। ਸਾਲ 2011 ਵਿਚ ਸ਼੍ਰੋਮਣੀ ਕਮੇਟੀ ਦੇ ਚੁਣੇ ਗਏ ਮੈਂਬਰ ਸ. ਮਾਣਕੀ ਨੇ ਪੰਜਾਬ ਅੰਦਰ ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਦੂਜੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਖੀ ਲਹਿਰ ਨਾਲ ਪੂਰੀ ਤਰਾਂ ਜੁੜੇ ਜਥੇਦਾਰ ਮਾਣਕੀ ਦਾ ਸਿੱਖ ਭਾਈਚਾਰੇ ਅਤੇ ਖਾਸ ਕਰਕੇ ਨੌਜਵਾਨਾਂ ਵਿਚ ਭਾਰੀ ਰਸੂਖ ਹੈ।
ਜਥੇਦਾਰ ਮਾਣਕੀ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਗਤ ਕਰਦੇ ਹੋਏ ਸ. ਮਾਨ ਅਤੇ ਸ੍ਰੀ ਪਾਠਕ ਨੇ ਕਿਹਾ ਕਿ ਜਥੇਦਾਰ ਮਾਣਕੀ ਇਕ ਅਗਾਂਹ ਵਧੂ ਸੋਚ ਵਾਲੇ ਆਗੂ ਹਨ, ਜਿਹਨਾਂ ਦੇ ਵਿਚਾਰ ਪਾਰਟੀ ਨਾਲ ਪੂਰੀ ਤਰਾਂ ਮੇਲ ਖਾਂਦੇ ਹਨ। ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਉਹਨਾਂ ਕਿਹਾ ਕਿ ਪਾਰਟੀ ਵਿਚ ਲਗਾਤਾਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ, ਵਿਦਿਅਕ ਅਤੇ ਸਵੈ-ਸੇਵੀ ਸੰਸਥਾਵਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋ ਰਹੀਆਂ ਹਨ, ਜਿਸ ਨਾਲ ਪਾਰਟੀ ਦਾ ਦਾਇਰਾ ਹਰ ਪੱਧਰ ‘ਤੇ ਵਿਸ਼ਾਲ ਹੋ ਰਿਹਾ ਹੈ। ਕਿਸੇ ਦੂਸਰੀ ਪਾਰਟੀ ਨਾਲ ਗਠਜੋੜ ਦੀਆਂ ਕਿਆਸਅਰਾਈਆਂ ਨੂੰ ਦਰਕਿਨਾਰ ਕਰਦੇ ਹੋਏ ਭਗਵੰਤ ਮਾਨ ਨੇ ਫਿਰ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਅਤੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ।

LEAVE A REPLY