ajit_weeklyਸਭ ਲੋਕ ਇਹ ਮਹਿਸੂਸ ਕਰਨਾ ਚਾਹੁੰਦੇ ਹਨ, ਜਾਂ ਮੰਨ ਕੇ ਚਲਦੇ ਹਨ, ਕਿ ਉਹ ਸਹੀ ਚੀਜ਼ ਕਰ ਰਹੇ ਹਨ। ਅਸੀਂ ਸਾਰੇ ਨਿਆਂਪੂਰਣ, ਇਖ਼ਲਾਕੀ, ਇਮਾਨਦਾਰ ਅਤੇ ਤਰਕਸੰਗਤ ਬਣਨਾ ਚਾਹੁੰਦੇ ਹਾਂ। ਇੱਥੋਂ ਤਕ ਤਾਂ ਸਭ ਕੁਝ ਠੀਕ ਹੈ। ਪਰ ਕਈ ਵਾਰ, ਸਾਡੇ ‘ਚੋਂ ਕਈ (ਜਿਵੇਂ ਕਿ ਤੁਸੀਂ ਨੋਟਿਸ ਕੀਤਾ ਹੀ ਹੋਣੈ) ਗ਼ਲਤ ਚੀਜ਼ ਕਰਦੇ ਹਨ ਅਤੇ ਫ਼ਿਰ ਆਪਣੇ ਚਤੁਰ ਤਰਕਾਂ ਅਤੇ ਸਪੱਸ਼ਟਕਰਣਾਂ ਰਾਹੀਂ ਆਪਣੇ ਆਪ ਨੂੰ (ਤੇ ਬਾਕੀਆਂ ਨੂੰ ਵੀ) ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁਝ ਉਹ ਕਰ ਰਹੇ ਹਨ, ਉਹੀ ਠੀਕ ਹੈ! ਖ਼ੈਰ, ਤੁਸੀਂ ਤਾਂ ਦੁਰਘਟਨਾਵਸ਼ ਵੀ ਅਜਿਹੇ ਕਿਸੇ ਸਵੈ-ਭੁਲੇਖੇ ਦਾ ਸ਼ਿਕਾਰ ਨਹੀਂ ਹੋ ਸਕਦੇ। ਪਰ ਤੁਹਾਨੂੰ ਸ਼ਾਇਦ ਕਿਸੇ ਅਜਿਹੇ ਵਿਅਕਤੀ ਦੀ ਮਦਦ ਲਈ ਅੱਗੇ ਆਉਣਾ ਪੈਣੈ ਜਿਹੜਾ ਗਲੇ ਤਕ ਇਸ ਦਲਦਲ ਵਿੱਚ ਧੱਸਿਆ ਪਿਐ!
ਬਹੁਤੇ ਵੱਡੇ ਮਸਲੇ ਛੋਟੀਆਂ ਛੋਟੀਆਂ ਗੱਲਾਂ ਵਿੱਚੋਂ ਹੀ ਉਭਰਦੇ ਹਨ। ਜੇਕਰ ਅਸੀਂ ਉਨ੍ਹਾਂ (ਛੋਟੀਆਂ ਛੋਟੀਆਂ ਗੱਲਾਂ) ਨੂੰ ਉਸੇ ਵਕਤ ਸਿਆਣ ਕੇ ਕੁਚਲ ਦੇਈਏ ਜਦੋਂ ਉਹ ਹਾਲੇ ਆਪਣਾ ਸਿਰ ਉਠਾ ਹੀ ਰਹੀਆਂ ਹੋਣ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚਾ ਸਕਦੇ ਹਾਂ। ਪਰ, ਜਿਵੇਂ ਇੱਕ ਛੋਟੇ ਜਿਹੇ ਪੌਦੇ ਦੇ ਪਲੇਠੇ ਹਰੇ ਪੱਤੇ ਅਤੇ ਇੱਕ ਤਾਕਤਵਰ ਸ਼ਾਹਬਲੂਤ (oak tree) ਦੇ ਛੋਟੇ ਜਿਹੇ ਹਰੇ ਫ਼ੱਲ ਧਰਤੀ ‘ਚੋਂ ਆਪਣਾ ਸਿਰ ਬਾਹਰ ਕੱਢਦੇ ਹੋਏ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾਂ ਸਕਦਾ ਕਿ ਕਿਹੜਾ ਬੂਟਾ ਕਿਸ ਚੀਜ਼ ਦਾ ਹੈ, ਠੀਕ ਉਸੇ ਤਰ੍ਹਾਂ ਕਿਸੇ ਛੋਟੀ ਮੋਟੀ ਰੁਕਾਵਟ ਅਤੇ ਕਿਸੇ ਵੱਡੇ ਖ਼ਤਰੇ ਦੇ ਸ੍ਰੋਤ ਦਰਮਿਆਨ ਫ਼ਰਕ ਵੀ ਹਮੇਸ਼ ਇੰਨਾ ਜ਼ਿਆਦਾ ਸਪੱਸ਼ਟ ਨਹੀਂ ਹੁੰਦਾ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਅਸੀਂ ਆਪਣਾ ਬਹੁਤਾ ਸਮਾਂ ਉਨ੍ਹਾਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਨਾ ਬਿਤਾਈਏ ਜਿਹੜੀਆਂ, ਜੇ ਨਜ਼ਰਅੰਦਾਜ਼ ਕਰ ਦਿੱਤੀਆਂ ਜਾਣ, ਆਪਣੇ ਆਪ ਹੀ ਸਾਡੇ ਰਾਹ ‘ਚੋਂ ਹੱਟ ਜਾਣ ਵਾਲੀਆਂ ਹੋਣ। ਬੱਸ ਇਹ ਚੇਤੇ ਰੱਖਿਓ।
ਅਸੀਂ ਇਸ ਧਰਤੀ ‘ਤੇ ਕੇਵਲ ਗੁਜ਼ਾਰਾ ਕਰਨ ਲਈ ਨਹੀਂ ਭੇਜੇ ਗਏ। ਜਦੋਂ ਇੱਥੇ ਸਾਡਾ ਜਨਮ ਹੋਇਆ ਸੀ ਤਾਂ ਕਿਸੇ ਨੇ ਵੀ ਸਾਡੇ ਮਾਤਾ ਪਿਤਾ ਨੂੰ ਕੋਈ ਬਿੱਲ ਫ਼ੜਾ ਕੇ ਇਹ ਨਹੀਂ ਸੀ ਕਿਹਾ, ”ਇਸ ਗ੍ਰਹਿ ‘ਤੇ ਜਨਮ ਲੈਣ ਦੇ ਬਦਲੇ ਵਿੱਚ ਤੁਹਾਡੇ ਬੱਚੇ ਨੂੰ ਇਸ ਬ੍ਰਹਿਮੰਡ ਨੂੰ ਇੰਨੀ ਰਕਮ ਚੁਕਾਉਣੀ ਪਵੇਗੀ।” ਬੇਸ਼ੱਕ ਇੱਥੇ ਗੁਜ਼ਾਰਾ ਕਰਨਾ ਕਈ ਵਾਰ ਸਾਨੂੰ ਬਹੁਤ ਹੀ ਮੁਸ਼ਕਿਲ ਜਾਪਦਾ ਹੈ ਅਤੇ ਮਹਿੰਗਾ ਵੀ, ਪਰ ਇਹ ਬ੍ਰਹਿਮੰਡ ਸਾਡੀ ਜਿੰਨੀ ਹੋ ਸਕੇ ਮਦਦ ਕਰਨ ਦੀ ਚੇਸ਼ਟਾ ਕਰਦਾ ਹੈ, ਅਤੇ ਅਜਿਹਾ ਕਰਨ ਵਿੱਚ ਉਹ ਕਾਫ਼ੀ ਫ਼ਰਾਖ਼ਦਿਲੀ ਤੋਂ ਵੀ ਕੰਮ ਲੈਂਦੈ … ਪਰ ਇਸ ਧਰਤੀ ‘ਤੇ ਵਸਦੇ ਦੂਸਰੇ ਮਨੁੱਖ ਹਮੇਸ਼ਾ ਇੰਨੇ ਰਹਿਮਦਿਲ ਨਹੀਂ ਹੁੰਦੇ। ਇਸ ਵੇਲੇ ਆਸਮਾਨ ਤੁਹਾਨੂੰ ਉਦਾਰਤਾ ਦਿਖਾਉਣ ਦਾ ਇੱਕ ਮੌਕਾ ਬਖ਼ਸ਼ ਰਿਹੈ। ਦੇਖਿਓ ਕਿਤੇ, ਤੁਹਾਡੇ ਤੋਂ ਇਸ ਮਾਮਲੇ ਵਿੱਚ ਕਿਰਸ ਨਾ ਹੋ ਜਾਏ!
ਲੋਕ ਅਕਸਰ ਇੱਕ ਦੂਸਰੇ ਨਾਲ ਬਹੁਤ ਸਾਵਧਾਨੀ ਨਾਲ ਪੇਸ਼ ਆਉਂਦੇ ਹਨ। ਅਸੀਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਸੋ ਅਸੀਂ ਉਹ ਚੀਜ਼ਾਂ ਕਹਿਣੋਂ ਜਾਂ ਕਰਨੋਂ ਗ਼ੁਰੇਜ਼ ਕਰਦੇ ਹਾਂ ਜਿਹੜੀਆਂ ਦੂਸਰਿਆਂ ਨੂੰ ਰੱਖਿਆਤਮਕ ਰੁਖ਼ ਅਪਨਾਉਣ ਜਾਂ ਸਪੱਸ਼ਟੀਕਰਨ ਦੇਣ ‘ਤੇ ਮਜਬੂਰ ਕਰ ਸਕਦੀਆਂ ਹੋਣ! ਜਾਂ ਘੱਟੋ ਘੱਟ ਅਸੀਂ ਅਜਿਹੀ ਕੋਸ਼ਿਸ਼ ਤਾਂ ਜ਼ਰੂਰ ਕਰਦੇ ਹਾਂ। ਸਾਡੇ ਵਿੱਚੋਂ ਕਈ, ਇਹ ਵੀ ਸੱਚ ਹੈ, ਜਾਂ ਤਾਂ ਜਾਣਬੁੱਝ ਕੇ ਭੜਕਾਹਟ ਦੀ ਨੀਤੀ ਅਪਨਾਉਂਦੇ ਹਨ, ਜਾਂ ਫ਼ਿਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਉਹ ਆਪਣੀ ਮਰਿਆਦਾ ਰੇਖਾ ਕਦੋਂ ਉਲੰਘ ਜਾਂਦੇ ਹਨ। ਪਰ ਕਿਸੇ ਨਾਜ਼ੁਕ ਮਾਮਲੇ ਵਿੱਚ ਤੁਸੀਂ ਆਪਣੀ ਸੰਵੇਦਨਸ਼ੀਲਤਾ ਨਾਲ ਫ਼ਰਕ ਪਾ ਸਕਦੇ ਹੋ। ਅਤੇ, ਜੋ ਤੁਸੀਂ ਨਹੀਂ ਕਹਿੰਦੇ, ਜਾਂ ਜੋ ਤੁਸੀਂ ਕਹਿੰਦੇ ਹੋ, ਉਸ ਨਾਲ ਤੁਸੀਂ ਸਥਿਤੀਆਂ ‘ਤੇ ਕਾਫ਼ੀ ਹੱਦ ਤਕ ਉਪਚਾਰਾਤਮਕ ਪ੍ਰਭਾਵ ਛੱਡ ਸਕਦੇ ਹੋ!
ਅਕਸਰ, ਆਪਣੀਆਂ ਨਿੱਜੀ ਜ਼ਿੰਦਗੀਆਂ ਵਿੱਚ, ਸਾਨੂੰ ਇਹ ਨਾਜ਼ੁਕ ਫ਼ੈਸਲੇ ਲੈਣੇ ਪੈਂਦੇ ਹਨ ਕਿ ਅਸੀਂ ਉਨ੍ਹਾਂ ਸਥਿਤੀਆਂ ਵਿੱਚ ਦਖ਼ਲ ਦੇਣ ਤੋਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਰੋਕਣੈ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਜੇਕਰ ਅਸੀਂ ਬਹੁਤ ਦੂਰ ਖੜ੍ਹੇ ਹੋ ਕੇ ਉਨ੍ਹਾਂ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕ ਸਾਡੇ ‘ਤੇ ਉਦਾਸੀਨਤਾ, ਸੰਵੇਦਨਹੀਨਤਾ ਜਾਂ ਜਾਣਬੁਝ ਕੇ ਕੁਝ ਨਾ ਕਰਨ ਦਾ ਦੋਸ਼ ਲਗਾਉਣਗੇ। ਜੇਕਰ ਅਸੀਂ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਮੁਦਾਖ਼ਲਤ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਅਜਿਹੇ ਵਿਅਕਤੀ ਦਾ ਗੁੱਸਾ ਸਹੇੜ ਬੈਠੀਏ ਜਿਸ ਦੀ ਧਾਰਣਾ ਹੋਵੇ ਕਿ ਸਾਨੂੰ ਉਨ੍ਹਾਂ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ। ਤੁਹਾਡੇ ਅਤੀਤ ਦੇ ਤਜਰਬਿਆਂ ਨੇ ਤੁਹਾਨੂੰ ਸਿਖਾਇਆ ਹੀ ਹੋਣੈ ਕਿ ਹੋਸ਼ਮੰਦੀ ਅਕਸਰ ਬਹਾਦਰੀ ਦਾ ਬਿਹਤਰ ਹਿੱਸਾ ਹੁੰਦੀ ਹੈ। ਪਰ ਕਦੇ ਕਦਾਈਂ, ਕੁਝ ਕੁ ਛੋਟਾਂ ਵੀ ਦਰਕਾਰ ਹੁੰਦੀਆਂ ਨੇ, ਉਹ ਜਾਇਜ਼ ਅਤੇ, ਇੱਥੋਂ ਤਕ ਕਿ, ਜ਼ਰੂਰੀ ਹੁੰਦੀਆਂ ਨੇ। ਕੀ ਇਹੀ ਉਹ ਵੇਲਾ ਤਾਂ ਨਹੀਂ?
ਕੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚਲੇ ਭਾਈਵਾਲਾਂ ਨੂੰ ਹਮੇਸ਼ਾ ਖ਼ੁਸ਼ ਦੇਖਣਾ ਚਾਹੁੰਦੇ ਹਾਂ? ਨਿਰਸੰਦੇਹ! ਅਸੀਂ ਜ਼ਿੰਦਗੀ ਵਿੱਚ ਹੋਰ ਕੀ ਕਰਨ ਦੀ ਇੱਛਾ ਰਖਦੇ ਹੋ ਸਕਦੇ ਹਾਂ? ਪਰ ਜੇਕਰ ਤੁਹਾਡੇ ਪਿਆਰੇ ਹੀ ਇਸ ਗੱਲ ਬਾਰੇ ਨਿਸ਼ਚਿਤ ਨਾ ਹੋਣ ਕਿ ਕਿਹੜੀ ਸ਼ੈਅ ਉਨ੍ਹਾਂ ਨੂੰ ਖ਼ੁਸ਼ੀ ਦਿੰਦੀ ਹੈ ਜਾਂ ਸੱਚਮੁੱਚ ਦਾ ਆਨੰਦ ਪ੍ਰਦਾਨ ਕਰਦੀ ਹੈ ਤਾਂ ਫ਼ਿਰ ਤੁਸੀਂ ਕੀ ਕਰੋਗੇ? ਜੇਕਰ ਅਜਿਹੀ ਅਨਿਸ਼ਚਿਤਤਾ ਦੇ ਆਲਮ ਵਿੱਚ ਮੰਡਰਾਉਂਦੇ ਜਾਂ ਗੇੜੇ ਕੱਢਦੇ ਰਹਿਣ ਵਿੱਚ ਹੀ ਉਨ੍ਹਾਂ ਨੂੰ ਕੋਈ ਅਜੀਬ ਆਨੰਦ ਮਿਲਦਾ ਹੋਵੇ ਤਾਂ? ਜੇਕਰ ਤੁਸੀਂ ਆਪਣੇ ਆਪ ਨੂੰ ਅਜਿਹੇ ਵਿਅਕਤੀਆਂ ਨਾਲ ਨਜਿੱਠਦੇ ਪਾਓ ਜਿਨ੍ਹਾਂ ਨੂੰ ਸੱਚਮੁੱਚ ਹੀ ਇਹ ਜਾਪਦਾ ਹੋਵੇ ਕਿ ਉਨ੍ਹਾਂ ਕੋਲ ਨਾਖ਼ੁਸ਼ ਹੋਣ ਦੇ ਬਹੁਤ ਸਾਰੇ ਕਾਰਨ ਹਨ ਤਾਂ ਫ਼ਿਰ ਤੁਹਾਡਾ ਪ੍ਰਤੀਕਰਮ ਕੀ ਹੋਵੇਗਾ? ਦੂਜਿਆਂ ਦੀਆਂ ਲੋੜਾਂ ਅਤੇ ਉਮੀਦਾਂ ਨੂੰ ਸਮਝਣਾ, ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਕਿਤੇ ਜ਼ਿਆਦਾ, ਟੇਢੀ ਖੀਰ ਹੁੰਦਾ ਹੈ – ਪਰ ਇਹ ਅਸੰਭਵ ਹਰਗਿਜ਼ ਨਹੀਂ!

LEAVE A REPLY