4ਮੁੰਬਈ, 25 ਫਰਵਰੀ : ਅਭਿਨੇਤਾ ਸੰਜੇ ਦੱਤ ਅੱਜ 42 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ। ਸੰਜੇ ਦੱਤ ਅੱਜ ਸਵੇਰੇ ਪੁਣੇ ਦੀ ਯਰਵਦਾ ਜੇਲ੍ਹ ਤੋਂ ਜਿਵੇਂ ਹੀ ਬਾਹਰ ਆਏ ਤਾਂ ਪਹਿਲਾਂ ਉਹਨਾਂ ਨੇ ਧਰਤੀ ਮਾਂ ਨੂੰ ਛੂਹਿਆ ਅਤੇ ਉਹਨਾਂ ਨੇ ਜੇਲ੍ਹ ਉਤੇ ਲਹਿਰਾ ਰਹੇ ਤਿਰੰਗੇ ਨੂੰ ਸਲਾਮ ਕੀਤਾ। ਪੁਣੇ ਤੋ ਬਾਅਦ ਸੰਜੇ ਦੱਤ ਮੁੰਬਈ ਪਹੁੰਚੇ ਜਿਥੇ ਉਹਨਾਂ ਸਿਧੀ ਵਿਨਾਇਕ ਮੰਦਿਰ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਦਾ ਪਰਿਵਾਰ ਅਤੇ ਦੋਸਤ ਵੀ ਉਹਨਾਂ ਨਾਲ ਸਨ।
ਇਸ ਤੋਂ ਬਾਅਦ ਸੰਜੇ ਦੱਤ ਨੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੇਰੇ ਲਈ ਆਜ਼ਾਦੀ ਦਾ ਦਿਨ ਹੈ। ਉਹਨਾਂ ਕਿਹਾ ਕਿ ਮੈਂ ਆਜ਼ਾਦ ਹਾਂ, ਇਹ ਸਮਝਣ ਲਈ ਕੁਝ ਸਮਾਂ ਲੱਗੇਗਾ। ਹਾਲੇ ਵੀ ਲੱਗ ਰਿਹਾ ਹੈ ਕਿ ਮੈਂ ਪੈਰੋਲ ‘ਤੇ ਆਇਆ ਹਾਂ। ਕੱਲ ਰਾਤ ਮੈਂ ਸੋਇਆ ਨਹੀਂ ਅਤੇ ਮੈਂ ਚਾਰ ਦਿਨ ਤੋਂ ਖਾਣਾ ਨਹੀਂ ਖਾਇਆ। ਉਹਨਾਂ ਕਿਹਾ ਕਿ ਮੈਨੂੰ ਅੱਜ ਆਪਣੇ ਪਿਤਾ ਜੀ ਦੀ ਬਹੁਤ ਯਾਦ ਆ ਰਹੀ ਹੈ। ਜੇਕਰ ਅੱਜ ਉਹ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਸਭ ਤੋਂ ਜ਼ਿਆਦਾ ਖੁਸ਼ ਹੋਣਾ ਸੀ।
ਇਸ ਮੌਕੇ ਸੰਜੇ ਦੱਤ ਨਾਲ ਉਹਨਾਂ ਦੀ ਪਤਨੀ ਮਾਨਿਯਤਾ ਦੱਤ ਵੀ ਮੌਜੂਦ ਸੀ। ਸੰਜੇ ਦੱਤ ਨੇ ਕਿਹਾ ਕਿ ਮੈਂਨੂੰ ਮੇਰੀ ਪਤਨੀ ਦਾ ਬਹੁਤ ਸਹਿਯੋਗ ਮਿਲਿਆ ਹੈ। ਹੁਣ ਮੈਂ ਪਰਿਵਾਰ ਲਈ ਸਮਾਂ ਕੱਢਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਨੇ ਮੇਰੇ ਨਾਲੋਂ ਜ਼ਿਆਦਾ ਤਪੱਸਿਆ ਕੀਤੀ ਹੈ। ਉਸ ਨੇ ਮੇਰੇ ਦੋ ਬੱਚਿਆਂ ਨੂੰ ਪਾਲਿਆ ਅਤੇ ਸਾਰੇ ਫੈਸਲੇ ਕੀਤੇ। ਇਸ ਮੌਕੇ ਉਹਨਾਂ ਦੇ ਦੋਨੋਂ ਬੱਚੇ ਮੌਜੂਦ ਸਨ। ਸੰਜੇ ਦੱਤ ਨੇ ਪ੍ਰੈਸ ਕਾਨਫਰੰਸ ਵਿਚ ਆਪਣੇ ਦੋਨਾਂ ਬੱਚਿਆਂ ਨੂੰ ਗਲ ਨਾਲ ਲਾਇਆ।
ਬਾਅਦ ਵਿਚ ਸੰਜੇ ਦੱਤ ਨੇ ਮੀਡੀਆ ਨੂੰ ਬੇਨਤੀ ਕੀਤੀ ਕਿ ਮੈਂ ਅੱਤਵਾਦੀ ਨਹੀਂ ਹਾਂ। ਮੈਂ ਆਪਣੇ ਟਾਡਾ ਕੋਰਟ ਤੋਂ ਬਾਇੱਜ਼ਤ ਬਰੀ ਹੋ ਕੇ ਨਿਕਲਿਆ ਸੀ।
ਜ਼ਿਕਰਯੋਗ ਹੈ ਕਿ 1993 ਦੇ ਮੁੰਬਈ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਅਭਿਨੇਤਾ ਸੰਜੇ ਦੱਤ ਨੂੰ ਟਾਡਾ ਕੋਰਟ ਵਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਸੀ, ਇਸ ਸਜ਼ਾ ਨੂੰ ਬਾਅਦ ਵਿਚ ਕੁਝ ਘਟਾ ਦਿੱਤਾ ਗਿਆ। ਮੁੰਬਈ ਪੁਲਿਸ ਨੇ ਸੰਜੇ ਦੱਤ ਨੂੰ ਗੈਰਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ ਹੇਠ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਹਨਾਂ ਦੇ ਘਰ ਤੋਂ ਇਕ ਏ.ਕੇ 56 ਰਾਈਫ਼ਲ ਜ਼ਬਤ ਕੀਤੀ ਸੀ।

LEAVE A REPLY