main newsਪਿੰਡ ਦੀ ਸੱਥ ਵਿੱਚੋਂ (ਕਿਸ਼ਤ-182)
ਪਿੰਡ ਦੇ ਕਈ ਬੰਦੇ ਬੁੜ੍ਹੀਆਂ ਰੇਲ ਗੱਡੀਓਂ ਉੱਤਰ ਕੇ ਜਿਉਂ ਹੀ ਸੱਥ ਕੋਲ ਦੀ ਲੰਘਣ ਲੱਗੇ ਤਾਂ ਬਾਬੇ ਬੋਹੜ ਸਿਉਂ ਨੇ ਆਪਣੇ ਨਾਲ ਬੈਠੇ ਬੰਤੇ ਬੁੜ੍ਹੇ ਨੂੰ ਪੁੱਛਿਆ, ”ਕਿਉਂ ਬੰਤ ਸਿਆਂ! ਆਹ ਬੰਦੇ ਬੁੜ੍ਹੀਆਂ ਕਿੱਧਰੋਂ ਤੁਰੇ ਆਉਂਦੇ ਐ, ਕਵੇਲੇ ਜੇ। ਇਹ ਤਾਂ ਹਾਕਮ ਕਾ ਜੰਟਾ ਤੇ ਓਹਦੇ ਘਰੋਂ ਗਰਦੇਵ ਕੁਰ ਵੀ ਨਾਲ ਐ। ਕਿਤੇ ਫ਼ੇਰ ਤਾਂ ਨ੍ਹੀ ਕੋਈ ਗੜਬੜ ਹੋ ਗੀ ਜੰਟੇ ਦੀ ਕੁੜਮਾਂ ਨਾਲ?”
ਬਾਬੇ ਬੋਹੜ ਸਿਉਂ ਨੇ ਜੰਟੇ ਦੇ ਕੁੜਮਾਂ ਨਾਲ ਗੜਬੜ ਵਾਲੀ ਗੱਲ ਤਾਂ ਕਹੀ ਸੀ ਕਿਉਂਕਿ ਜੰਟੇ ਦੇ ਮੁੰਡੇ ਦੇ ਵਿਆਹ ਨੂੰ ਅਜੇ ਸਾਲ ਕੁ ਹੀ ਹੋਇਆ ਸੀ ਤੇ ਜੰਟੇ ਦੇ ਘਰ ਵਾਲੀ ਗੁਰਦੇਵ ਕੌਰ ਨੂੰਹ ਨਾਲ ਦਾਜ ਘੱਟ ਲਿਆਉਣ ਪਿੱਛੇ ਲੜਦੀ ਰਹਿੰਦੀ ਸੀ। ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਬੜੀ ਸਿਆਣਪ ਨਾਲ ਦਲੀਲਾਂ ਦੇ ਕੇ ਗੁਰਦੇਵ ਕੌਰ ਦੇ ਮਨ ‘ਚੋਂ ਦਾਜ ਦੀ ਲਾਹਨਤ ਦਾ ਭੂਤ ਕੱਢ ਕੇ ਨੂੰਹ ਨੂੰ ਘਰੇ ਵਸਦੀ ਕੀਤਾ ਸੀ।
ਸੀਤਾ ਮਰਾਸੀ ਬਾਬੇ ਦੀ ਗੱਲ ਸੁਣ ਕੇ ਕਹਿੰਦਾ, ”ਰੇਲ ਗੱਡੀ ਪਛੜ ਕੇ ਆਈ ਲੱਗਦੀ ਐ, ਓਹਦੇ ਤੋਂ ਉਤਰੇ ਹੋਣਗੇ, ਹੋਰ ਕਿਹੜਾ ਇਹ ਗਾਹਾਂ ਗਪਾਲ ਮੋਚਨੇ ਦੇ ਮੇਲੇ ਤੋਂ ਆਏ ਐ। ਮੰਡੀਓਂ ਆਏ ਐ।”
ਦੌਲਤੀ ਕਾ ਜਾਗੜ੍ਹੀ ਬੰਦੇ ਬੁੜ੍ਹੀਆਂ ਦੇ ਮਗਰ ਤੁਰੇ ਆਉਂਦੇ ਨਾਥੇ ਅਮਲੀ ਨੂੰ ਗਿਆਨੀ ਜੱਸਾ ਸਿਉਂ ਨਾਲ ਗੱਲਾਂ ਮਾਰਦੇ ਨੂੰ ਵੇਖ ਕੇ ਬਾਬੇ ਬੋਹੜ ਸਿਉਂ ਨੂੰ ਕਹਿੰਦਾ, ”ਤਾਇਆ ਨਾਥਾ ਵੀ ਗਿਆਨੀ ਜੱਸਾ ਸਿਉਂ ਨਾਲ ਗੱਲਾਂ ਮਾਰਦਾ ਆਉਂਦਾ। ਇਹ ਵੀ ਮੰਡੀਉਂ ਮੁੰਡੀਉਂ ਆਇਆ ਕੁ ਘਰੋਂ ਆਉਂਦਾ ਊਈਂ ਰਾਹ ‘ਚ ਤੁਰੇ ਆਉਂਦਿਆਂ ਨਾਲ ਰਲ ਗਿਆ।”
ਸੱਥ ਕੋਲ ਦੀ ਲੰਘਦਾ ਗਿਆਨੀ ਜੱਸਾ ਸਿਉਂ ਤਾਂ ਸੱਥ ‘ਚ ਬੈਠੇ ਲੋਕਾਂ ਨੂੰ ਫ਼ਤਹਿ ਬੁਲਾ ਕੇ ਆਪਣੇ ਘਰ ਨੂੰ ਲੰਘ ਗਿਆ ਤੇ ਨਾਥਾ ਅਮਲੀ ਸੱਥ ‘ਚ ਆ ਬੈਠਾ। ਅਮਲੀ ਨੂੰ ਸੱਥ ‘ਚ ਬੈਠਦਿਆਂ ਹੀ ਬਾਬੇ ਬੋਹੜ ਸਿਉਂ ਨੇ ਪੁੱਛਿਆ, ”ਕਿਉਂ ਬਈ ਨਾਥਾ ਸਿਆਂ! ਗੱਡੀ ਦਾ ਤਾਂ ਟੈਮ ਮਨ੍ਹੀ, ਇਹ ਕਿੱਧਰੋਂ ਆਏ ਐ ਐਸ ਵੇਲੇ ਕਵੇਲੇ ਜੇ। ਤੂੰ ਵੀ ਇਨ੍ਹਾਂ ਨਾਲੋਂ ਆਇਐਂ ਕੁ ਘਰੋਂ ਆਇਐਂ?”
ਅਮਲੀ ਕਹਿੰਦਾ, ”ਗੱਡੀ ਤੋਂ ਉਤਰੇ ਐ ਇਹੇ। ਗਿਆਨੀ ਜੱਸਾ ਸਿਉਂ ਕਹਿੰਦਾ ‘ਦੋ ਘੈਂਟੇ ਪਛੜ ਕੇ ਆਈ ਐ ਗੱਡੀ  ਅੱਜ’।”
ਸੀਤੇ ਮਰਾਸੀ ਨੇ ਅਮਲੀ ਨੂੰ ਪੁੱਛਿਆ, ”ਅਮਲੀਆ ਤੂੰ ਵੀ ਗੱਡੀਓਂ ਉਤਰਿਐਂ ਕੁ ਘਰੋਂ ਆਇਐਂ?”
ਅਮਲੀ ਕਹਿੰਦਾ, ”ਕਾਹਨੂੰ। ਮੈਂ ਤਾਂ ਘਰੋਂ ਆਇਆਂ। ਸੱਥ ਨੂੰ ਤੁਰਿਆ ਆਉਂਦਾ ਮੈਂ ਰਲ ਗਿਆ ਗਿਆਨੀ ਜੀ ਨਾਲ। ਮੇਰਾ ਤਾਂ ਘਰ ਪਿੱਛੇ ਐ, ਜੇ ਮੈਂ ਗੱਡਓਂ ਉਤਰਿਆ ਹੁੰਦਾ ਤਾਂ ਐਧਰ ਕੀ ਮੈਂ ਆਂਡਿਆਂ ‘ਤੇ ਬਹਿਣਾ ਸੀ, ਮੈਂ ਆਵਦੇ ਘਰ ਨੂੰ ਜਾਂਦਾ। ਕਰ ‘ਤੀ ਨਾ ਸਰੈਣੇ ਕੇ ਜੰਡੀ ਆਲੀ ਗੱਲ। ਜਾ ਓਏ ਮਰਦਾਨੇ ਕਿਆ।”
ਬਾਬੇ ਬੋਹੜ ਸਿਉਂ ਨੇ ਪੁੱਛਿਆ, ”ਅਮਲੀਆ ਜੰਡੀ ਆਲੀ ਗੱਲ ਕਿਮੇਂ ਸੀ?”
ਅਮਲੀ ਕਹਿੰਦਾ, ”ਕੇਰਾਂ ਸਰੈਣਾ ਆਵਦੇ ਮੁੰਡੇ ਜੰਡੀ ਨੂੰ ਕਹਿੰਦਾ ‘ਤੇਰੀ ਰਾਜਸਥਾਨ ਆਲੀ ਵਾੜਮੇਰ ਆਲੀ ਭੂਆ ਦੇ ਕੱਲ੍ਹ ਨੂੰ ‘ਖੰਡ ਪਾਠ ਦਾ ਭੋਗ ਐ ਪੁੱਤ, ਮੈਨੂੰ ਹਾਜਰੀ ਰੋਟੀ ਮਗਰੋਂ ਨੌ ਆਲੀ ਬੱਸ ਚੜ੍ਹਾ ਆਈਂ, ਬੱਗਾਂ ਵੇਲੇ ਟੈਮ ਸਿਰ ਮੈਂ ਅੱਪੜ ਜੂੰ’। ਅਕੇ ਮੁੰਡਾ ਕਹਿੰਦਾ ‘ਤੂੰ ਰੇਲ ਗੱਡੀ ‘ਤੇ ਜਾਈਂ ਬਾਪੂ’। ਸਰੈਣਾ ਕਹਿੰਦਾ ‘ਗੱਡੀ ‘ਚ ਸ਼ੀਂਟ ਨ੍ਹੀ ਮਿਲਣੀ, ਨਾਲੇ ਗਾਹਾਂ ਵੀ ਤਾਂ ਟੇਸ਼ਨ ਤੋਂ ਉਤਰ ਕੇ ਬੱਸ ‘ਤੇ ਈ ਚੜ੍ਹਨਾ ਪੈਣਾ ਪਿੰਡ ਤਾਈਂ’। ਮੁੰਡਾ ਕਹਿੰਦਾ ‘ਮੈਂ ਤੈਨੂੰ ਪਿਛਲੇ ਟੇਸ਼ਨ ਤੋਂ ਚੜ੍ਹਾਦੂੰ। ਐਥੋਂ ਆਲੇ ਟੇਸ਼ਨ ਤੋਂ ਬਾਹਲ਼ੀਆਂ ਸਵਾਰੀਆਂ ਚੜ੍ਹਦੀਆਂ ਹੁੰਦੀਆਂ’। ਓਧਰੋਂ ਤਾਂ ਕਿਤੇ ਗੱਡੀ ਦਾ ਟੈਮ ਵੀ ਨੇੜੇ ਆ ਗਿਆ। ਘਰੋਂ ਮੁੰਡਾ ਸਰੈਣੇ ਨੂੰ ਸ਼ੈਂਕਲ ‘ਤੇ ਬਹਾ ਕੇ ਪਿਛਲੇ ਟੇਸ਼ਨ ‘ਤੇ ਲੈ ਗਿਆ। ਜਦੋਂ ਨੂੰ ਉਹ ਟੇਸ਼ਨ ‘ਤੇ ਪਹੁੰਚੇ ਗੱਡੀ ਏਧਰ ਨੂੰ ਨਿਕਲ ਆਈ। ਮੁੰਡੇ ਨੇ ਸਰੈਣੈ ਨੂੰ ਸ਼ੈਂਕਲ ਪਿੱਛੇ ਬਹਾ ਕੇ ਫ਼ੇਰ ਪਹਿਲੇ ਟੇਸ਼ਨ ਵੱਲ ਨੂੰ ਭਜਾਇਆ ਸ਼ੈਂਕਲ। ਜਦੋਂ ਪਿੰਡ ਆਲੇ ਟੇਸ਼ਨ ‘ਤੇ ਆਏ ਤਾਂ ਏਸ ਟੇਸ਼ਨ ਤੋਂ ਵੀ ਗੱਡੀ ਨੰਘ ਗੀ। ਅਕੇ ਮੁੰਡਾ ਕਹਿੰਦਾ ‘ਬਾਪੂ ਗੱਡੀ ਤਾਂ ਏਥੋਂ ਵੀ ਨੰਘ ਗੀ ਹੁਣ ਕੀ ਕਰੀਏ? ਅਕੇ ਸਰੈਣਾ ਕਹਿੰਦਾ ‘ਹੁਣ ਕੀ ਕਰਨਾ ਹੁਣ ਘਰੇ ਮੁੜ ਚੱਲ। ਉਹ ਗੱਲ ਮਰਾਸੀ ਦੀ ਐ। ਜੇ ਮੈਂ ਗੱਡੀਓਂ ਉਤਰਦਾ ਤਾਂ ਸੱਥ ‘ਚ ਮੈਂ ਆ ਕੇ ਕੀ ਕਰਨਾ ਸੀ, ਸਰੈਣੇ ਆਂਗੂੰ ਘਰ ਨੂੰ ਈ ਜਾਂਦਾ।”
ਬੰਤਾ ਬੁੜ੍ਹਾ ਅਮਲੀ ਨੂੰ ਕਹਿੰਦਾ, ”ਜੰਡੀ ਦੀ ਰਾਮ ਕਹਾਣੀ ਤਾਂ ਅਮਲੀਆ ਅਸੀਂ ਸੁਣ ਲੀ, ਹੁਣ ਇਉਂ ਦੱਸ ਬਈ ਅੱਜ ਗੱਡੀ ਪਛੜ ਕੇ ਕਿਉਂ ਆਈ ਐ। ਅੱਗੇ ਤਾਂ ਯਾਰ ਟੈਮ ਨਾਲ ਆ ਜਾਂਦੀ ਐ। ਭਲਾ ਟੈਮ ਕੀ ਹੋ ਗਿਆ?”
ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਟੈਮ ਦੱਸੀਂ ਨੰਬਰਦਾਰਾ ਕੀ ਹੋਇਆ?”
ਮਾਹਲਾ ਨੰਬਰਦਾਰ ਜੇਬ੍ਹ ਵਾਲੀ ਘੜੀ ਤੋਂ ਟਾਈਮ ਵੇਖ ਕੇ ਬੋਲਿਆ, ”ਸਾਢੇ ਪੰਜ ਹੋਣ ਆਲੇ ਐ ਹੁਣ ਤਾਂ। ਇਹਦਾ ਤਾਂ ਟੈਮ ਤਿੰਨ ਕੁ ਵਜੇ ਦਾ ਨ੍ਹੀ। ਅੱਜ ਤਾਂ ਫ਼ਿਰ ਬਾਹਲ਼ੀਉ ਈ ਪਛੜੀ ਫ਼ਿਰਦੀ ਐ।”
ਅਮਲੀ ਟਿੱਚਰ ‘ਚ ਬੋਲਿਆ, ”ਦੋ ਢਾਈ ਘੈਂਟੇ ਬਾਬਾ ਕਿੰਨੀ ਕੁ ਪਛੇਤ ਹੁੰਦੀ ਐ। ਜੱਟ ਤਾਂ ਸੰਲਘ ਭਰ ਦੀ ਵਿੱਥ ਨ੍ਹੀ ਗਿਣਦਾ, ਇਹ ਤਾਂ ਫਿਰ ਵੀ ਰੇਲ ਗੱਡੀ ਐ। ਜੇ ਭੋਰਾ ਪਛੜਗੀ ਫ਼ੇਰ ਕਿਹੜਾ ਭਈਆਂ ਪੱਠਿਆਂ ਦੀ ਪੰਡ ‘ਤੇ ਡਿੱਗ ਪਿਆ ਬਈ ਉੱਠਿਆ ਨ੍ਹੀ ਜਾਣਾ। ਕੱਲ੍ਹ ਨੂੰ ਦੋ ਘੈਂਟੇ ਅੱਗੋਂ ਆ ਜੂ।”
ਗੇਲਾ ਫ਼ੌਜੀ ਨਾਥੇ ਅਮਲੀ ਦੀ ਗੱਲ ਸੁਣ ਕੇ ਕਹਿੰਦਾ, ”ਇਹ ਪੱਠਿਆਂ ਆਲੀ ਬਲਦ ਗੱਡੀ ਨ੍ਹੀ ਅਮਲੀਆ ਬਈ ਜਦੋਂ ਮਰਜੀ ਜੋੜ ਲੋ ਤੇ ਪੱਠੇ ਲੱਦ ਲਿਆਉ। ਇਨ੍ਹਾਂ ਗੱਡੀਆਂ ਦੇ ਟੈਮ ਐ। ਟੈਮ ਸਿਰ ਆਉਂਦੀਆਂ ਟੈਮ ਸਿਰ ਜਾਂਦੀਆਂ। ਸੋਡੀ ਤਾਂ ਅਨਪੜ੍ਹਾਂ ਆਲੀ ਗੱਲ ਐ। ਸੋਡੇ ਭਾਅ ਦਾ ਤਾਂ ਇਹ ਉਈਂ ਵਾਧੂ ਈ ਤੁਰੀਆਂ ਫ਼ਿਰਦੀਐਂ। ਜਦੋਂ ਖੇਤ ਆਲੇ ਬਾਬੇ ਅਰਜਨ ਦੇ ਹਰਦੁਆਰ ਫੁੱਲ ਪਾਉਣ ਗਏ ਸੀ, ਓਦੋਂ ਕਿਤੇ ਗੱਡੀ ਅੱਧਿਉਂ ਬਾਹਲ਼ੀ ਖ਼ਾਲੀ ਸੀ। ਚੰਦ ਠੇਡਾ ਵੀ ਫੁੱਲ ਪਾਉਣ ਨਾਲ ਗਿਆ ਸੀ। ਜਿਹੜੇ ਡੱਬੇ ‘ਚ ਇਹ ਸਾਰੇ ਜਾਣੇ ਬੈਠੇ ਸੀ, ਉਹ ਵੀ ਅੱਧਾ ਖ਼ਾਲੀ ਪਿਆ ਸੀ। ਇਹ ਚੰਦ ਠੇਡਾ ਕਹਿੰਦਾ ‘ਲੈ! ਐਮੇਂ ਵਾਧੂ ਈ ਤੇਲ ਮਚਾਉਂਦੇ ਫਿਰਦੇ ਐ, ਢਾਈ ਤਾਂ ਸਵਾਰੀਆਂ ਗੱਡੀ ‘ਚ। ਦੋ ਘੈਂਟੇ ਹੋਰ ‘ਡੀਕ ਲੈਂਦੇ ਸਵਾਰੀਆਂ ਨੂੰ। ਭਰ ਕੇ ਤੋਰਦੇ ਚਾਰ ਪੈਸੇ ਤਾਂ ਵੱਟੇ ਜਾਂਦੇ। ਹੁਣ ਤਾਂ ਤੇਲ ਦੇ ਵੀ ਪੂਰੇ ਨ੍ਹੀ ਹੋਣੇ। ਉਹ ਗੱਲ ਹੁਣ ਸੋਡੀ ਐ।”
ਬੁੱਘਰ ਦਖਾਣ ਕਹਿੰਦਾ, ”ਕਿਸੇ ਟੇਸ਼ਨ ‘ਤੇ ਖੜ੍ਹ ਗੀ ਹੋਣੀ ਐਂ ਯਾਰ ਦੂਜੀ ਗੱਡੀ ਨੰਘਾਉਣ ਨੂੰ, ਤਾਂ ਕਰਕੇ ਪਛੜ ਗੀ ਹੋਣੀ ਐ, ਹੋਰ ਕਿਹੜਾ ਪੈਂਚਰ ਹੋ ਗੀ ਹੋਣੀ ਐਂ ਇਹੇ।”
ਬੁੱਘਰ ਦਖਾਣ ਦੀ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਰਾਤ ਕਿੰਨੀ ਤਾਂ ਨੇਰ੍ਹੀ ਵਗ ਕੇ ਹਟੀ ਐ। ਦਰਖ਼ਤਾਂ ਦੀਆਂ ਮੋਹੜੀਆਂ ਮਾਹੜੀਆਂ ਟੁੱਟ ਕੇ ਉੱਡ ਕੇ ਗੱਡੀ ਦੀ ਲੀਹ ‘ਤੇ ਆ ਗੀਆਂ ਹੋਣੀਆਂ। ਕਿਸੇ ਪਹੀਏ ‘ਚ ਸੂਲ ਸਾਲ ਵੱਜ ਗੀ ਹੋਣੀ ਐ, ਗੱਡੀ ਪੈਂਚਰ ਹੋ ਗੀ ਹੋਣੀ ਐਂ, ਪੈਂਚਰ ਆਲਾ ਨੇੜੇ ਤੇੜੇ ਨ੍ਹੀ ਹੋਣਾ, ਤਾਂ ਈਂ ਪਛੜ ਗੀ ਹੋਰ ਕਿਤੇ ਫ਼ਾਟਕ ਤਾਂ ਨ੍ਹੀ ਬੰਦ ਹੋ ਗੇ ਬਈ ਫ਼ਾਟਕਾਂ ‘ਤੇ ਟੈਮ ਲੱਗ ਗਿਆ।”
ਬੰਤਾ ਬੁੜ੍ਹਾ ਅਮਲੀ ਨੂੰ ਕਹਿੰਦਾ, ”ਅਮਲੀਆ! ਗੱਡੀ ਦੇ ਤਾਂ ਲੋਹੇ ਦੇ ਪਹੀਏ ਹੁੰਦੇ ਐ, ਉਨ੍ਹਾਂ ‘ਚ ਸੂਲ ਕਿਮੇਂ ਚੁਭ ਜੂ ਬਈ?”
ਬਾਬਾ ਬੋਹੜ ਸਿਉਂ ਬੁੜ੍ਹੇ ਦੀ ਬਾਂਹ ਪੜ੍ਹ ਕੇ ਕਹਿੰਦਾ, ”ਚੁੱਪ ਕਰ ਬੰਤ ਸਿਆਂ। ਸੁਣੀ ਚੱਲ ਤੂੰ ਇਨ੍ਹਾਂ ਦੀਆਂ। ਹਜੇ ਤਾਂ ਤੈਂ ਇਨ੍ਹਾਂ ਦੀਆਂ ਉਰਲੀਆਂ ਈ ਸੁਣੀਆਂ, ਜੇ ਕਿਤੇ ਪਰਲੀਆਂ ਸੁਣ ਲੀਆਂ ਤਾਂ ਤੈਂ ਸੱਥ ‘ਚੋਂ ਉੱਠ ਕੇ ਭੱਜ ਜਾਣੈ। ਚੁੱਪ ਕਰ ਕੇ ਬੈਠਾ ਰਹਿ। ਇਨ੍ਹਾਂ ਨੇ ਤਾਂ ‘ਕੱਠੇ ਹੋਇਆਂ ਨੇ ਕਈ ਦਿਨ ਹੋ ਗੇ ਆਪਣੇ ਪਿੰਡ ਆਲੇ ਓਧਰਲੇ ਗੁਆੜ ਆਲੇ ਧੰਨੇ ਦੇ ਮੁੰਡੇ ਫ਼ੀਲ੍ਹੇ ਨੂੰ ਜਹਾਜ ਦੇ ਥੱਲੇ ਲਮਕਾਅ ਕੇ ਕਨੇਡੇ ਨ੍ਹੀ ਤੋਰ ‘ਤਾ ਸੀ, ਗੱਡੀ ਪੈਂਚਰ ਕਰਨ ਨੂੰ ਇਨ੍ਹਾਂ ਲਈ ਕੋਈ ਬਹੁਤੀ ਵੱਡੀ ਗੱਲ ਨ੍ਹੀ। ਅਕੇ ਧੰਨੇ ਦਾ ਮੁੰਡਾ ਜੁਅ੍ਹਾਜ ਦੇ ਟੈਰਾਂ ਨੂੰ ਫ਼ੜ ਕੇ ਤੋਰੀ ਆਂਗੂੰ ਲਮਕ ਕੇ ਕਨੇਡੇ ਅੱਪੜ ਗਿਆ, ਲੈ ਦੱਸ। ਇਹ ਤਾਂ ਬਾਹਲ਼ੇ ਈ ਗਾਹਾਂ ਨੰਘ ਗੇ। ਇਹ ਤਿੰਨ ਚਾਰ ਜਾਣੇ ਤਾਂ ਜਿੱਦਣ ‘ਕੱਠੇ ਹੋ ਜਾਂਦੇ ਐ, ਫ਼ਿਰ ਜਿਦ ਜਿੱਦ ਕੇ ਸਿੱਟਦੇ ਐ  ਗਪੌੜੇ। ਸਿੱਟਣਗੇ ਵੀ ਤਿੰਨ ਤਿੰਨ, ਚਾਰ ਚਾਰ ਖੂੰਜੇ। ਬਈ ਪਤੰਦਰੋ, ਕੋਈ ਮਾੜਾ ਮੋਟਾ ਗੋਲ ਗਾਲ ਤਾਂ ਕਰ ਲੋ ਜਿਹੜਾ ਰੁੜ੍ਹ ਵੀ ਪਵੇ। ਪਤੰਦਰ ਉਈਂ ਬਿਨਾਂ ਵੇਖੇ ਈ ਵਰ੍ਹਾਈ ਜਾਣਗੇ ਖੁੰਢੀ ਤੋਪ ਦੇ ਗੋਲਿਆਂ ਆਂਗੂੰ।”
ਏਨੇ ਚਿਰ ਨੂੰ ਮੁਖਤਿਆਰਾ ਗੱਪੀ ਸੱਥ ‘ਚ ਕੇ ਬਾਬੇ ਬੋਹੜ ਸਿਉਂ ਨੂੰ ਕਹਿੰਦਾ, ”ਕਿਉਂ ਬਾਬਾ! ਮੈਂ ਸੁਣਿਐਂ ਕੱਲ੍ਹ ਕਹਿੰਦੇ ਆਪਣੇ ਪਿੰਡ ਵਿਚਦੀ ਰੇਲ ਗੱਡੀ ਬਿਨਾਂ ਡਲੈਵਰੋਂ ਵੀ ਚੱਲ ਪੀ। ਸੋਨੂੰ ਪਤੈਂ ਭਲਾਂ ਏਸ ਗੱਲ ਦਾ?”
ਬੰਤਾ ਬੁੜ੍ਹਾ ਮੁਖਤਿਆਰੇ ਗੱਪੀ ਦੀ ਗੱਲ ਸੁਣ ਕੇ ਬੋਲਿਆ, ”ਓਏ ਏਥੇ ਤਾਂ ਪਹਿਲਾਂ ਈ ਤੇਰੇ ਤੋਂ ਵੱਡੇ ਗੱਪੀ ਬੈਠੇ ਐ। ਭਲਾਂ ਬਿਨਾਂ ਡਲੈਵਰੋਂ ਕਿਮੇਂ ਤੁਰ ਪੂ ਗੱਡੀ। ਉਹਦੇ ਗੇਹਰ ਵੀ ਪਾਉਣੇ ਐਂ, ਬਰੇਕਾਂ ਵੀ ਲਾਉਣੀਐ, ਰੋਕਣੀ ਤੋਰਨੀ ਵੀ ਐ। ਐਨੇ ਕੰਮ ਬਿਨਾਂ ਡਲੈਵਰ ਤੋਂ ਕਿਮੇਂ ਹੋ ਜਾਣਗੇ। ਐਥੇ ਸੱਥ ‘ਚ ਨਾ ਓਏ ਛੱਡਿਆ ਕਰੋ। ਜੇ ਕਿਤੇ ਕਿਸੇ ਬਾਹਰਲੇ ਪਿੰਡ ਦੇ ਬੰਦਿਆਂ ਨੇ ਸੋਡੇ ਗੱਪ ਸੁਣ ਲੇ ਨਾਹ, ਆਪਣੇ ਪਿੰਡ ਦਾ ਨਾਂਅ ਗੱਪੀ ਆਣਾ ਧਰ ਲੈਣਗੇ ਲੋਕ। ਕਿਸੇ ਨੇ ਸਾਕ ਮਨ੍ਹੀ ਕਰਨਾ ਪਿੰਡ ‘ਚ ਨਾ ਸਾਕ ਲੈਣਾ। ਐਮੇਂ ਨਾ ਗਪੌੜ ‘ਤੇ ਗਪੌੜ ਛੱਡੀ ਜਾਇਆ ਕਰੋ ਸਾਰਾ ਦਿਨ।”
ਬੰਤੇ ਬੁੜ੍ਹੇ ਦੀ ਗੱਲ ਸੁਣ ਕੇ ਬਾਬਾ ਬੋਹੜ ਸਿਉਂ ਹੱਸ ਕੇ ਬੁੜ੍ਹੇ ਨੂੰ ਕਹਿੰਦਾ, ”ਕੰਨਾਂ ‘ਚ ਕੌੜਾ ਤੇਲ ਪਾ ਕੇ ਆਇਆ ਕਰ ਬੰਤ ਸਿਆਂ। ਪਿੰਡ ਦਾ ਤਾਂ ਲੋਕ ਨਾਂਅ ਧਰਨਗੇ ਈ ਧਰਨਗੇ। ਆਹ ਰਾਮ ਪੰਡਤ ਨੇ ਤਾਂ ਆਪਣੀ ਸੱਥ ਦਾ ਈ ਨਾਂਅ ਗਪੌੜ ਸੱਥ ਧਰਿਆ ਵਿਆ। ਉਹ ਤਾਂ ਸੱਥ ਨੂੰ ਕਹਿੰਦਾ ਈ ਗਪੌੜੀ ਸੱਥ ਐ।”
ਗੱਲਾਂ ਕਰੀ ਜਾਂਦਿਆਂ ਤੋਂ ਰੁਲਦੂ ਕੇ ਘੀਰੂ ਨੂੰ ਸੱਥ ਵੱਲ ਤੁਰੇ ਆਉਂਦੇ ਨੂੰ ਵੇਖ ਕੇ ਬਚਨਾ ਜੇਲਰ੍ਹ ਕਹਿੰਦਾ, ”ਇੱਕ ਹੋਅ ਆਉਂਦਾ ਗਪਿਸਤਾਨ।”
ਘੀਰੂ ਨੂੰ ਵੇਖ ਕੇ ਬਾਬਾ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੀਏ। ਇਹ ਤਾਂ ਗੱਪ ਘੱਟ ਛੱਡੂ ਲੋਕਾਂ ਨਾਲ ਲੜੂ ਬਾਹਲ਼ਾ।”
ਜਿਉਂ ਹੀ ਬਾਬਾ ਬੋਹੜ ਸਿਉਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵੀ ਘੀਰੂ ਦੇ ਸੱਥ ‘ਚ ਪਹੁੰਚਣ ਤੋਂ ਪਹਿਲਾਂ ਹੀ ਸੱਥ ‘ਚੋਂ ਉੱਠ ਖੜੋਤੀ ਤੇ ਘੀਰੂ ਵੀ ਸੱਥ ਖ਼ਾਲੀ ਹੋਈ ਵੇਖ ਕੇ ਸੱਥ ਕੋਲ ਦੀ ਪਿੰਡ ਵਿੱਚ ਨੂੰ ਨਿੱਕਲ ਗਿਆ।

LEAVE A REPLY