3ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰ ਅਤੇ ਦੇਸ਼ ਦੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਦੇ ਈ-ਗਵਰਨੈਂਸ ਮਾਡਲ ਅਤੇ ਪ੍ਰਸ਼ਾਸਨਿਕ ਸੁਧਾਰਾਂ ਨੂੰ ਅਪਨਾ ਲੈਣ ਤਾਂ ਜੋ ਨਾਗਰਿਕਾਂ ਦੇ ਆਤਮ ਸਨਮਾਨ ਅਤੇ ਉਦਾਰਵਾਦੀ ਨਿਵੇਸ਼ ਨੂੰ ਅਕਰਸ਼ਿਤ ਕੀਤਾ ਜਾ ਸਕੇ।
ਈਲੈਟਸ ਪੰਜਾਬ ਸਿਖਰ ਸੰਮੇਲਨ-2016 ਦੌਰਾਨ ਈ-ਗਵਰਨੈਂਸ ਸਬੰਧੀ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਖੇਤਰ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸਿਰਫ ਕਾਨੂੰਨ ਬਣਾਉਣਾ ਕਾਫੀ ਨਹੀਂ ਬਲਕਿ ਸੂਚਨਾ ਤਕਨਾਲੋਜੀ ਨੂੰ ਅਪਣਾ ਕੇ ਪ੍ਰਸ਼ਾਸਨਿਕ ਸੁਧਾਰਾਂ ਰਾਹੀਂ ਅਸੀਂ ਆਪਣੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਕੁਸ਼ਲ ਅਤੇ ਬੇਹਤਰ ਸੇਵਾਵਾਂ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਨੂੰ ਸਿਵਲ, ਪੁਲਿਸ ਅਤੇ ਉਦਯੋਗਿਕ ਖੇਤਰ ‘ਚ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਜਿਸਨੂੰ ਦੇਸ ਅਤੇ ਪੂਰੀ ਦੁਨੀਆਂ ਵਿੱਚ ਸਰਾਹਿਆ ਗਿਆ ਹੈ।
ਆਪਣੀ 58 ਮਿੰਟ ਦੀ ਪਾਵਰ ਪੁਆਂਇੰਟ ਪੇਸ਼ਕਾਰੀ ਦੌਰਾਨ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਰਾਜ ਵਿਚ ਚੱਲ ਰਹੇ ਸੁਵਿਧਾ ਕੇਂਦਰਾਂ, ਸਾਂਝ ਕੇਂਦਰਾਂ ਅਤੇ ਫਰਦ ਕੇਂਦਰਾਂ ਰਾਹੀਂ ਬਿਨਾਂ ਕਿਸੇ ਮੁਸ਼ਕਲ ਦੇ ਮਿਲ ਰਹੀਆਂ ਜਨਤਕ ਸੇਵਾਵਾਂ ਨੇ ਸਰਕਾਰੀ ਅਧਿਕਾਰੀਆਂ ਅਤੇ ਲੋਕਾਂ ਦੇ ਸਿੱਧੇ ਰਿਸ਼ਤੇ ਨੂੰ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰਾਂ ਦਾ ਆਮ ਲੋਕਾਂ ਨੂੰ ਵੱਡਾ ਲਾਭ ਪਹੁੰਚਿਆ ਹੈ। ਸ. ਬਾਦਲ ਨੇ ਕਿਹਾ ਕਿ ਆਪਣੇ ਇਸ ਤਜ਼ਰਬੇ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ 2174 ਸੇਵਾ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ ਜੋ ਕਿ ਸੂਬੇ ਦੇ ਨਾਗਰਿਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਤਹਿਤ 206 ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ਦੇ ਨੇੜੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਪ੍ਰਦਾਨ ਕਰਨਗੇ ਤਾਂ ਜੋ ਲੋਕਾਂ ਨੂੰ ਇਹ ਸੇਵਾਵਾਂ ਨਿਰਧਾਰਤ ਸਮੇਂ ਸੀਮਾਂ ‘ਚ ਉਪਲੱਬਧ ਹੋ ਸਕਣ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਿਭਾਗ ‘ਚ ਪ੍ਰਸ਼ਾਸਨਿਕ ਸੁਧਾਰਾਂ ਨੂੰ ਲਾਗੂ ਕੀਤਾ ਹੈ ਤਾਂ ਜੋ ਸੂਚਨਾ ਤਕਨਾਲੋਜੀ ਨੂੰ ਅਪਣਾ ਕੇ ਲੋਕਾਂ ਨੂੰ ਹਰ ਤਰਾਂ ਦੀ ਸੇਵਾ ਆਨ-ਲਾਈਨ ਮੁਹੱਈਆ ਕਰਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਸੁਧਾਰਾਂ ਸਦਕਾ ਹੁਣ ਲੋਕਾਂ ਨੂੰ ਆਪਣੇ ਕੰਮਾਂ ਲਈ ਲਾਈਨਾਂ ‘ਚ ਨਹੀਂ ਲੱਗਣਾ ਪਵੇਗਾ ਅਤੇ ਉਨ੍ਹਾਂ ਦੇ ਰੋਜ਼ਮਰਾ ਦੇ ਸਰਕਾਰੀ ਕੰਮ ਆਨ-ਲਾਈਨ ਹੀ ਹੋ ਜਾਇਆ ਕਰਨਗੇ। ਉਨਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਲੋਕਾਂ ਨੂੰ ਵਿਭਾਗਾਂ ਰਾਹੀਂ ਕੰਮ ਲੈਣ ਵੇਲੇ ਆਉਂਦੀਆਂ ਔਕੜਾਂ ਅਤੇ ਸਮੱਸਿਆਵਾਂ ਦਾ ਪਤਾ ਲਗਾਉਣ ਤਾਂ ਜੋ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ।
ਉੱਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਨਸ਼ਿਆਂ ਅਤੇ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਗਲਤ ਤੱਥ ਪੇਸ਼ ਕਰਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਆਰਥਿਕ ਸਥਿਤੀ ਬਾਰੇ ਤਸਵੀਰ ਸਾਫ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਸਿਰਫ 36,000 ਕਰੋੜ ਰੁਪਏ ਸਰਕਾਰੀ ਖਜ਼ਾਨੇ ਲਈ ਜੁਟਾਏ ਸਨ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਸਾਲ 2007 ਤੋਂ 2012 ਦਰਮਿਆਨ 68,757 ਕਰੋੜ ਰੁਪਏ ਅਤੇ ਸਾਲ 2012 ਤੋਂ ਹੁਣ ਤੱਕ 99,741 ਕਰੋੜ ਰੁਪਏ ਹੁਣ ਤੱਕ ਸਰਕਾਰੀ ਆਮਦਨ ਤੋਂ ਰਾਜ ਦੇ ਖਜ਼ਾਨੇ ਲਈ ਜੁਟਾਏ ਹਨ।
ਸ. ਬਾਦਲ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਗਲਤ ਬਿਆਨਬਾਜ਼ੀ ਕਰਕੇ ਉਹ ਲੋਕਾਂ ਨੂੰ ਗੁੰਮਰਾਹ ਨਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਰਜਾ ਆਪਣੇ ਵਿਕਾਸ ਲਈ ਲਿਆ ਹੈ ਅਤੇ ਕੋਈ ਸੂਬਾ ਜਾਂ ਦੇਸ ਜੇਕਰ ਆਪਣੇ ਵਿਕਾਸ ਲਈ ਕਰਜਾ ਲੈਂਦਾ ਹੈ ਤਾਂ ਇਸਨੂੰ ਗਲਤ ਨਹੀਂ ਕਿਹਾ ਜਾ ਸਕਦਾ। ਉਨਾਂ ਕਿਹਾ ਕਿ ਪੰਜਾਬ ਅਜੇ ਵੀ ਉਨ੍ਹਾਂ ਰਾਜਾਂ ‘ਚ ਸ਼ਾਮਲ ਹੈ ਜਿਨ੍ਹਾਂ ਸਿਰ ਘੱਟ ਕਰਜਾ ਹੈ।
ਬਿਜਲੀ ਖੇਤਰ ਸਬੰਧੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਦੇ ਯਤਨਾ ਸਦਕਾ ਪੰਜਾਬ ਵਾਧੂ ਬਿਜਲੀ ਪੈਦਾ ਕਰਨ ਵਾਲਾ ਰਾਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ 2011 ‘ਚ ਬਿਜਲੀ ਉਤਪਾਦਨ ਦੇ ਮਾਮਲੇ ‘ਚ ਪੰਜਾਬ ਬਿਜਲੀ ਬੋਰਡ ਦੇਸ਼ ਭਰ ‘ਚ 17ਵੇਂ ਸਥਾਨ ‘ਤੇ ਸੀ ਜਦਕਿ ਸਾਲ 2015 ‘ਚ ਪੰਜਾਬ ਨੂੰ ‘ਬੈਸਟ ਪਾਵਰ ਯੂਟਿਲਟੀ” ਐਵਾਰਡ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਾਜ ਨੇ 30,000 ਕਰੋੜ ਰੁਪਏ ਖਰਚ ਕੇ 6100 ਮੈਗਾਵਾਟ ਬਿਜਲੀ ਪੈਦਾਵਾਰ ਕਰਕੇ ਵਾਧੂ ਬਿਜਲੀ ਸਪਲਾਈ ਵਾਲਾ ਰਾਜ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਆਪਣੇ ਸੰਬੋਧਨ ‘ਚ ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੇ ਚੇਅਰਮੈਨ ਡਾ. ਪ੍ਰਮੋਦ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਦਿੰਰ ਮੋਦੀ ਨੇ ਪੰਜਾਬ ਨੂੰ ਪ੍ਰਸ਼ਾਸਨਿਕ ਸੁਧਾਰਾਂ ਲਈ ‘ਬੇਹਤਰ ਪ੍ਰਸ਼ਾਸਕੀ ਸੁਧਾਰ ਅਵਾਰਡ’ ਨਾਲ ਸਨਮਾਨਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਹੋਰ ਰਾਜ ਵੀ ਪੰਜਾਬ ਦੇ ਪ੍ਰਸ਼ਾਸ਼ਕੀ ਸੁਧਾਰਾਂ ਦੀ ਨੀਤੀ ਨੂੰ ਅਪਣਾ ਰਹੇ ਹਨ।
ਇਸ ਮੌਕੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਾਂਹਵਧੂ ਸੋਚ ਅਤੇ ਨਿਰੰਤਰ ਯਤਨਾ ਸਦਕਾ ਪੰਜਾਬ ਨੇ ਪ੍ਰਸ਼ਾਸਕੀ ਸੁਧਾਰਾਂ ਦੇ ਖੇਤਰ ‘ਚ ਰਾਸ਼ਟਰ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਲੋਕਾਂ ਨੂੰ ਸਾਰੀਆਂ ਨਾਗਰਿਕ ਸੇਵਾਵਾਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਆਨ-ਲਾਈਨ ਮੁਹੱਈਆ ਕਰਾਉਣ ਦੀ ਜੋ ਪਹਿਲ ਕੀਤੀ ਹੈ ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਸੂਬਾ ਵਾਸੀਆਂ ਸਰਕਾਰੀ ਸੇਵਾਵਾਂ ਆਨ ਲਾਈਨ ਏਥੋਂ ਤੱਕ ਕਿ ਮੋਬਾਇਲ ਐਪਲੀਕੇਸ਼ਨ ‘ਤੇ ਵੀ ਮਿਲ ਰਹੀਆਂ ਹਨ। ਸਿਖਰ ਸੰਮੇਲਨ ਦੇ ਪ੍ਰਬੰਧਕ ਅਤੇ ਈ-ਲੈੱਟ ਟੈਕਨੋਮੀਡੀਆ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਡਾ. ਰਵੀ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਫ ਕਮਿਸ਼ਨਰ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਸ੍ਰੀ ਐੱਸ.ਸੀ. ਅਗਰਵਾਲ, ਵਧੀਕ ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਡਾ. ਨਿਰਮਲਜੀਤ ਸਿੰਘ ਕਲਸੀ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਜੀ. ਵਰਜਾਲਿੰਗਮ, ਪ੍ਰਮੁੱਖ ਸਕੱਤਰ ਉਦਯੋਗ ਵਿਭਾਗ ਅਤੇ ਸੀ.ਈ.ਓ. ਪੰਜਾਬ ਇਨਵੈਸਟਮੈਂਟ ਬਿਊਰੋ ਸ੍ਰੀ ਅਨੁਰਿਧ ਤਿਵਾੜੀ ਅਤੇ ਰੀਜ਼ਨਲ ਮੈਨਜਰ ਮਾਈਕਰੋਸਾਫਟ ਸ੍ਰੀ ਉਤਰਕਸ਼ ਅਮੀਤਾਬ ਵੀ ਹਾਜ਼ਰ ਸਨ।

LEAVE A REPLY