7ਮੰਡੀ ਡੱਬਵਾਲੀ – ਮੌਸਮ ਵਿੱਚ ਆਈ ਤਪਸ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ । ਕਣਕ ਨੂੰ ਲੱਗੇ ਪੀਲੀ ਕੁੰਗੀ ਦੇ ਰੋਗ ਮਗਰੋਂ ਹੁਣ ਤੇਲਾ ਵੀ ਪੈ ਗਿਆ ਹੈ । ਖੇਤੀ ਮਾਹਿਰ ਕਿਸਾਨਾਂ ਨੂੰ ਕਣਕ ‘ਤੇ ਸਪ੍ਰੇਅ ਕਰਨ ਅਤੇ ਨਮੀ ਬਣਾਈ ਰੱਖਣ ਦੀ ਸਲਾਹ ਦੇ ਰਹੇ ਹਨ । ਮੌਸਮ ਵਿੱਚ ਆਈ ਤਬਦੀਲੀ ਦਾ ਅਸਰ ਕਣਕ ਦੀ ਫ਼ਸਲ ‘ਤੇ ਪਿਆ ਹੈ । ਗਰਮੀ ਪੈਣ ਕਾਰਨ ਕਣਕ ਦਾ ਰੰਗ ਸਮੇਂ ਤੋਂ ਪਹਿਲਾਂ ਹੀ ਸੁਨਹਿਰਾ ਹੋਣਾ ਸ਼ੁਰੂ ਹੋ ਗਿਆ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਹੁਣ ਤੱਕ ਨਾ ਤਾਂ ਕਣਕ ਦਾ ਕੱਦ ਹੋਇਆ ਹੈ ਅਤੇ ਨਾ ਹੀ ਚੰਗਾ ਬੂਟਾ ਬਣਿਆ ਹੈ । ਕਣਕ ਅਗੇਤੀ ਹੀ ਨਿੱਸਰ ਕੇ ਪੱਕਣ ਲੱਗ ਪਈ ਹੈ ਜਿਸਦਾ ਅਸਰ ਝਾੜ ‘ਤੇ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਪੀਲੀ ਕੁੰਗੀ ਦੀ ਬਿਮਾਰੀ ਕਣਕ ‘ਤੇ ਲੱਗੀ ਅਤੇ ਹੁਣ ਤੇਲੇ ਦੀ ਬਿਮਾਰੀ ਨੇ ਕਣਕ ਨੂੰ ਘੇਰ ਲਿਆ ਹੈ । ਕਿਸਾਨਾਂ ਨੇ ਦੱਸਿਆ ਹੈ ਕਿ ਉਹ ਤੇਲੇ ਦਾ ਸਪ੍ਰੇਅ ਕਰ ਰਹੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਕਣਕ ਸਮੇਂ ਤੋਂ ਪਹਿਲਾਂ ਹੀ ਨਿੱਸਰ ਕੇ ਰੰਗ ਬਦਲ ਰਹੀ ਹੈ ਜਿਸ ਕਾਰਨ ਕਣਕ ਦਾ ਦਾਣਾ ਪੂਰਾ ਨਹੀਂ ਬਣੇਗਾ ਅਤੇ ਝਾੜ ‘ਤੇ ਇਸ ਦਾ ਅਸਰ ਪਵੇਗਾ । ਜ਼ਿਲ੍ਹਾ ਖੇਤੀ ਅਧਿਕਾਰੀ ਬਾਬੂ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2 ਲੱਖ 95 ਹਜ਼ਾਰ ਹੈਕਟੇਅਰ ਵਿੱਚ ਕਣਕ ਦੀ ਬਿਜਾਈ ਹੋਈ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਮੌਸਮ ਵਿੱਚ ਆਈ ਤਬਦੀਲੀ ਕਣਕ ਦੀ ਫ਼ਸਲ ਲਈ ਚੰਗੀ ਨਹੀਂ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਤੇਲੇ ਲਈ ਸਪ੍ਰੇਅ ਕਰਨ ਅਤੇ ਕਣਕ ਵਿੱਚ ਨਮੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ ।

LEAVE A REPLY