1ਚੰਡੀਗੜ  – ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸਰਕਾਰ ‘ਚ ਭਾਈਵਾਲ ਦੇ ਤੌਰ ‘ਤੇ ਸਾਂਝੀ ਜਿੰਮੇਵਾਰੀ ਦੇ ਸਿਧਾਂਤ ਤੋਂ ਭੱਜ ਕੇ ਆਪਣੀ ਹੀ ਸਰਕਾਰ ਵਿਰੁੱਧ ਭਿਸ਼ਟਾਚਾਰ ਦੇ ਦੋਸ਼ ਲਾ ਰਹੀ ਹੈ ਜਿਸ ਕਰਕੇ ਭਾਜਪਾ ਨੂੰ ਬੀਬੀ ਸਿੱਧੂ ਖਿਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਬੀ ਸਿੱਧੂ ਆਪਣੀ ਹੀ ਸਰਕਾਰ ਦਾ ਇੱਕ ਹਿੱਸਾ ਹੋਣ ਦੇ ਬਾਵਜੂਦ ਸਰਕਾਰ ਦੇ ਹੀ ਖਿਲਾਫ਼ ਗੱਲਾਂ ਕਰ ਰਹੀ ਹੈ। ਉਨਾਂ ਕਿਹਾ ਕਿ ਤੁਸੀਂ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਤੇ ਸੁੱਖ ਸਹੂਲਤਾਂ ਮਾਣ ਰਹੇ ਹੋ ਅਤੇ ਸਰਕਾਰ ਦੇ ਹਰ ਫੈਸਲਿਆਂ ਵਿੱਚ ਸਾਂਝੀ ਜਿੰਮੇਵਾਰੀ ਦੇ ਸਿਧਾਂਤ ਤਹਿਤ ਆਉਂਦੇ ਹੋ, ਪਰ ਨਾਂਲ ਦੀ ਨਾਲ ਆਪਣੀ ਹੀ ਸਰਕਾਰ ਦੀ ਵਿਰੋਧਤਾ ਵੀ ਕਰੀਂ ਜਾ ਰਹੇ ਹੋ। ਊਨਾਂ ਕਿਹਾ ਕਿ ਨੈਤਿਕਤਾ ਮੰਗ ਕਰਦੀ ਹੈ ਕਿ ਤੁਹਾਨੂੰ ਅਸਤੀਫਾ ਦੇ ਕੇ ਤੁਰੰਤ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।
ਗਰੇਵਾਲ ਨੇ ਕਿਹਾ ਕਿ ਬੀ.ਜੇ.ਪੀ. ਲੀਡਰਸ਼ਿਪ ਨੂੰ ਤੁਰੰਤ ਆਪਣੀ ਇਸ ਨੇਤਾ ਖਿਲਾਫ਼ ਪਾਰਟੀ ਵਿਰੋਧੀ ਕਾਰਵਾਈਆਂ ਲਈ ਗੰਭੀਰਤਾ ਦਿਖਾਉਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕੋਈ ਵੀ ਪਾਰਟੀ ਸ੍ਰੀਮਤੀ ਸਿੱਧੂ ਵੱਲੋਂ ਲਗਾਏ ਜਾ ਰਹੇ ਬੇਹੁਦਾ ਤੇ ਤੱਥਹੀਣ ਇਲਜ਼ਾਮਾਂ ਨੂੰ ਸਹਿਣ ਨਹੀਂ ਕਰ ਸਕਦੀ।
ਅਕਾਲੀ ਨੇਤਾ ਨੇ ਕਿਹਾ ਕਿ ਇਸ ਮਹਿਲਾ ਨੇਤਾ ਵੱਲੋਂ ਆਪਣੀ ਹੀ ਭਾਈਵਾਲ ਸਰਕਾਰ ਵਿਰੁੱਧ ਲਗਾਤਰ ਲਗਾਏ ਜਾ ਰਹੇ ਦੋਸ਼ਾਂ ਪਿੱਛੇ ਕੋਈ ਵੱਡੀ ਸਾਜ਼ਿਸ਼ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਜਾਪਦਾ ਹੈ ਕਿ ਉਹ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਉਸ ਨੂੰ ਪ੍ਰਭਾਵਿਤ ਕਰਨ ਲਈ ਇਹ ਤੱਥਹੀਣ ਇਲਜ਼ਾਮਤਰਾਸ਼ੀ ਕਰ ਰਹੀ ਹੈ। ਊਨਾਂ ਕਿਹਾ ਕਿ ਇਹ ਭਾਜਪਾ ਨੇਤਾ ਤਾਂ ਪਹਿਲਾਂ ਹੀ ਸ਼ਰੇਆਮ ਕਹਿ ਚੁੱਕੀ ਹੈ ਕਿ ਉਹ ਭਵਿੱਖ ਵਿੱਚ ਭਾਜਪਾ ਪਾਰਟੀ ਵੱਲੋਂ ਚੋਣ ਨਹੀਂ ਲੜੇਗੀ। ਇਸੇ ਤੱਥ ਦੇ ਮੱਦੇਨਜਰ ਉਹ ਕੇਜਰੀਵਾਲ ਅੱਗੇ ਨੰਬਰ ਬਣਾਉਣ ਦੇ ਚੱਕਰ ਵਿੱਚ ਇਹੋ ਜਿਹੇ ਮਾੜੇ ਦੋਸ਼ ਲਾਉਣ ‘ਤੇ ਉਤਾਰੂ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਕਿਹਾ ਕਿ ਸ਼੍ਰੀਮਤੀ ਸਿੱਧੂ ਦਾ ਇਹ ਵਤੀਰਾ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਿਧਾਂਤਾਂ, ਸ਼ਿਸ਼ਟਾਚਾਰ ਤੇ ਸੱਭਿਆਚਾਰ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਊਨਾਂ ਕਿਹਾ ਕਿ ਅਜਿਹਾ ਖਾਸਾ ਲਗਦਾ ਹੈ ਕਿ ਉਨਾਂ ਨੇ ਕਾਂਗਰਸ ਤੋਂ ਉਧਾਰਾ ਹਾਸਲ ਕੀਤਾ ਹੈ ਕਿਉਂਕਿ ਬੀਬੀ ਸਿੱਧੂ ਦਾ ਪਰਿਵਾਰਕ ਪਿਛੋਕੜ ਕਾਂਗਰਸ ਨਾਲ ਸਬੰਧਿਤ ਰਿਹਾ ਹੈ। ਗਰੇਵਾਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ-ਭਾਜਪਾ ਗੱਠਜੋੜ ਸ਼੍ਰੀਮਤੀ ਸਿੱਧੂ ਦੇ ਅਜਿਹੇ ਬਲੈਕਮੇਲਿੰਗ ਵਾਲੇ ਤੌਰ ਤਰੀਕਿਆਂ ਅੱਗੇ ਕਦੇ ਵੀ ਨਹੀਂ ਝੁਕੇਗਾ।

LEAVE A REPLY