3ਚੰਡੀਗੜ੍ਹ : ਭਾਰਤੀ ਕਿਸਾਨ ਯੁਨੀਅਨ ਨੇ ਬਾਸਮਤੀ ਦੇ 1000 ਕਰੋੜ ਘਪਲੇ ਬਾਰੇ ਛਪੀ ਖਬਰ ਤੇ ਆਪਣੀ ਪ੍ਰਤੀਕਿਰਿਆ ਜਾਹਰ ਕੀਤੀ। ਇੱਕ ਸਾਂਝੇ ਪ੍ਰੈੱਸ ਬਿਆਨ ਵਿੱਚ ਬੀ ਕੇ ਯੂ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ, ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਅਤੇ ਜਨ. ਸਕੱਤਰ ਗੁਰਬਚਨ ਸਿੰਘ ਬਾਜਵਾ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕੀ ਇਹ ਘਪਲਾ ਸਰਕਾਰ ਦੇ ਜਾਣ ਬੁਝ ਕੇ ਅੱਖਾਂ ਬੰਦ ਕਰਨ ਕਰਕੇ ਹੋਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਇਰਾਨ ਲਿਜਾਣ ਵਾਲੀ ਬਾਸਮਤੀ ਨੂੰ ਰਸਤੇ ਵਿੱਚ ਹੀ ਦੁਬਈ ਉਤਾਰਨ ਬਾਰੇ ਹੋਏ ਘਪਲੇ ਬਾਰੇ ਖਬਰ ਕੁਝ ਪ੍ਰਮੁਖ ਅਖਬਾਰਾਂ ਵਿੱਚ ਆਈ ਸੀ।
ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ ਸ. ਮਾਨ ਨੇ ਕਿਹਾ ਕਿ ਬੀ ਕੇ ਯੂ ਵੱਲੋਂ ਬਾਸਮਤੀ ਦੀ ਖਰੀਦ ਸਮੇਂ ਕਿਸਾਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50% ਰੇਟ ਘੱਟ ਦਿੱਤੇ ਜਾਣ ਵੇਲੇ ਹੀ ਇਸ ਤਰਾਂ ਦਾ ਸ਼ੰਕਾ ਜਾਹਰ ਕੀਤਾ ਗਿਆ ਸੀ ਕਿ ਕਿਤੇ ਨਾ ਕਿਤੇ ਮਿਲੀਭੁਗਤ ਜਰੂਰ ਹੋਈ ਹੈ। ਸਾਡਾ ਉਹ ਸ਼ੰਕਾ ਅੱਜ ਸਾਹਮਣੇ ਆ ਗਿਆ ਹੈ ਕਿ ਕਿਸ ਤਰਾਂ ਪੰਜਾਬ ਅਤੇ ਹਰਿਆਣਾ ਦੇ ਕੁਝ ਵਪਾਰੀ ਕਿਸਾਨਾਂ ਤੋਂ ਬਾਸਮਤੀ ਦੀ ਫਸਲ ਲੁੱਟ ਕੇ ਪੈਸਾ ਕਮਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੀ ਘਪਲੇਬਾਜੀ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ।
ਕਿਸਾਨ ਲੀਡਰਾਂ ਨੇ ਕਿਹਾ ਕਿ ਪਹਿਲਾਂ ਵਿਦੇਸ਼ਾਂ ਵਿੱਚ ਬਾਸਮਤੀ ਦੀ ਮੰਗ ਨੂੰ ਘੱਟ ਹੋਇਆ ਦੱਸ ਕੇ ਵਪਾਰੀਆਂ ਨੇ ਕਿਸਾਨਾਂ ਤੋਂ ਬਾਸਮਤੀ ਲੁੱਟੀ ਅਤੇ ਉਸ ਤੋਂ ਬਾਅਦ ਵਿੱਚ ਇਸ ਨੂੰ ਇਰਾਨ ਦੀ ਥਾਂ ਦੁਬਈ ਭੇਜ ਕੇ ਦੁਬਾਰਾ ਘਪਲਾ ਕੀਤਾ। ਇਸ ਲਈ ਇਹਨਾਂ ਅਨਸਰਾਂ ਦਾ ਜਲਦ ਤੋਂ ਜਲਦ ਪਤਾ ਲਗਾ ਕੇ ਸੱਚਾਈ ਕਿਸਾਨਾਂ ਦੇ ਸਾਹਮਣੇ ਲਿਆਂਦੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਉਹਨਾਂ ਕਿਸਾਨਾਂ ਨੂੰ ਸਰਕਾਰ ਮੁਆਵਜਾ ਵੀ ਦੇਵੇ ਜਿੰਨਾਂ ਕੋਲੋਂ ਬਾਸਮਤੀ ਦੀ ਫਸਲ ਸਿਰਫ 1400-1500 ਰੁਪੇ ਵਿੱਚ ਖਰੀਦੀ ਗਈ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਇਸ ਸਾਰੇ ਘਪਲੇ ਬਾਰੇ ਬਿਲਕੁਲ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

LEAVE A REPLY