3ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕੋਲ ਪਾਣੀ ਦੀ  ਇਕ ਬੂੰਦ ਵੀ ਵਾਧੂ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਰਿਪੇਰੀਅਨ ਸਿਧਾਂਤਾਂ ਅਨੁਸਾਰ ਸੂਬੇ ਦੇ ਅਨਿੱਖੜਵੇਂ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ।
ਅੱਜ ਬਾਅਦ ਦੁਪਹਿਰ ਜਾਰੀ ਕੀਤੇ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ, ”ਇਸ ਸਬੰਧ ਵਿੱਚ ਪੰਜਾਬ ਦਾ ਸਟੈਂਡ ਹਮੇਸ਼ਾ ਹੀ ਬਿਲਕੁਲ ਸਪੱਸ਼ਟ ਅਤੇ ਇਕਸਾਰ ਰਿਹਾ ਹੈ ਅਤੇ ਪੰਜਾਬ ਇਕ ਰਿਪੇਰੀਅਨ ਸੂਬਾ ਹੋਣ ਕਾਰਨ ਇਸ ਸਬੰਧ ਵਿੱਚ ਕਿਸੇ ਵੀ ਸੂਰਤ ‘ਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਸ. ਬਾਦਲ ਨੇ ਕਿਹਾ ਕਿ ਪਾਰਟੀ ਇਸ ਪਵਿੱਤਰ ਕਾਰਜ ਵਾਸਤੇ ਹਰ ਸੰਭਵ ਕੁਰਬਾਨੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਕੋਈ ਵੀ ਕੀਮਤ ਘੱਟ ਹੈ ਕਿਉਂਕਿ ਇਹ ਸੂਬੇ ਖਾਸ ਤੌਰ ‘ਤੇ ਕਿਸਾਨੀ ਦੀ ਸ਼ਾਹਰਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਇਤਿਹਾਸ ਆਪਣੇ ਲਹੂ ਨਾਲ ਲਿਖਿਆ ਹੈ ਜਦਕਿ ਇਸ ਦੇ ਉਲਟ ਸਾਡੇ ਵਿਰੋਧੀ ਸਿਰਫ ਪ੍ਰੈਸ ਬਿਆਨਾਂ ਰਾਹੀਂ ਨਿਰੀ ਬਿਆਨਬਾਜ਼ੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਹੈ ਜਿਸ ਨੂੰ ਹਰ ਕੋਈ ਪੜ੍ਹ ਸਕਦਾ ਹੈ। ਇਸ ਕਿਤਾਬ ਦਾ ਹਰ ਸਫ਼ਾ ਸ਼੍ਰੋਮਣੀ ਅਕਾਲੀ ਦਲ ਵੱਲੋਂ  ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਖਾਤਰ ਪਾਰਟੀ ਵੱਲੋਂ ਆਰੰਭੇ ਬੇਕਿਰਕ ਸੰਘਰਸ਼ਾਂ ਦੀ ਪੂਰਨ ਦਾਸਤਾਨ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਖਾਸ ਕਰ ਕਿਸਾਨਾਂ ਲਈ ਨਾ ਸਿਰਫ ਸੂਬੇ ਦੇ ਹਿੱਤਾਂ ਸਗੋਂ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਕਸਰ ਨਹੀਂ ਛੱਡਣਗੇ।
ਸ. ਬਾਦਲ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਦੇਸ਼ ਦੀ ਬਹਾਦਰ ਕਿਸਾਨੀ ਅਤੇ ਪੰਜਾਬ ਦੇ ਆਮ ਲੋਕਾਂ ਦੇ ਹਿੱਤਾਂ ‘ਤੇ ਡਟ ਕੇ ਪਹਿਰਾ ਦੇਣ ਵਾਲਾ ਇੱਕੋ-ਇਕ ਅਲੰਬਰਦਾਰ ਰਿਹਾ ਹੈ ਜਿਸ ਦੀ ਇਤਿਹਾਸ ਗਵਾਹੀ ਭਰਦਾ ਹੈ।
ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਆਰੰਭੇ ਗਏ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਅਤੇ ਜਦੋਂ ਵੀ ਜਮਹੂਰੀ ਕਦਰਾਂ ਕੀਮਤਾਂ, ਲੋਕਾਂ ਦੀ ਆਜ਼ਾਦੀ ਅਤੇ ਮਾਨਵੀ ਅਧਿਕਾਰਾਂ ਨੂੰ ਚੁਣੌਤੀ ਪੇਸ਼ ਹੋਈ ਹੈ ਤਾਂ ਪਾਰਟੀ  ਨੇ ਸੂਬੇ ਅਤੇ ਦੇਸ਼ ਵਿੱਚ ਅਨੇਕਾਂ ਮੋਰਚੇ ਲਾਏ ਹਨ। ਇਨ੍ਹਾਂ ਵਿੱਚ ਪੰਜਾਬੀ ਸੂਬਾ ਮੋਰਚਾ, ਐਮਰਜੰਸੀ ਵਿਰੁੱਧ ਮੋਰਚਾ, ਕਪੂਰੀ ਮੋਰਚਾ ਅਤੇ ਧਰਮ ਯੁੱਧ ਮੋਰਚਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਕਾਨੂੰਨੀ, ਰਾਜਸੀ, ਧਾਰਮਿਕ ਅਤੇ ਸੰਵਿਧਾਨਕ ਫਰਜ਼ਾਂ ਦੀ ਪਾਲਣ ਦੇ  ਸ਼ਾਨਾਮੱਤੇ ਵਿਰਸੇ ਤੋਂ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਦੇ ਵੀ ਪਿੱਠ ਨਹੀਂ ਦਿਖਾਏਗੀ। ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁੱਢਲਾ ਮੈਂਬਰ ਪਾਰਟੀ ਦੇ ਇਸ ਗੌਰਵਮਈ ਇਤਿਹਾਸ, ਸ਼ਾਨਦਾਰ ਰਵਾਇਤਾਂ, ਸੰਘਰਸ਼ਾਂ ਅਤੇ ਕੁਰਬਾਨੀਆਂ ‘ਤੇ ਫਖ਼ਰ ਮਹਿਸੂਸ ਕਰਦਾ ਹੈ ਜੋ ਕਿ ਇਸ ਨੇ ਸੂਬੇ ਵਾਸਤੇ ਕੀਤੀਆਂ ਹਨ।
ਸ. ਬਾਦਲ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਅਜਿਹਾ ਰਵੱਈਆ ਨਾ ਅਪਣਾਇਆ ਜਾਵੇ ਕਿ ਸਿਰਫ ਸਿਆਸੀ ਸ਼ੋਹਰਤ ਖੱਟਣ ਲਈ ਬੋਲੜੀ ਬਿਆਨਬਾਜ਼ੀ ਰਾਹੀਂ ਕੁੜੱਤਣ ਭਰਿਆ ਮਾਹੌਲ ਪੈਦਾ ਹੋਣ ਨਾਲ ਸੂਬੇ ਦਾ ਪੱਖ ਕਮਜ਼ੋਰ ਹੁੰਦਾ ਹੋਵੇ । ਸ. ਬਾਦਲ ਨੇ ਕਿਹਾ,”ਵਿਰੋਧੀ ਪਾਰਟੀਆਂ ਸਮੇਤ ਹਰੇਕ ਪੰਜਾਬੀ ਨੂੰ ਸਾਲ 2004 ਵਾਂਗ ਇਸ ਮੁੱਦੇ ‘ਤੇ ਹੁਣ ਇਕਸੁਰ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਦਾ ਕੀਤੀ ਮਿਸਾਲ ਅਪਨਾਉਣੀ ਚਾਹੀਦੀ ਹੈ।”

LEAVE A REPLY