8ਚੰਡੀਗੜ੍ਹ  : ਪਟਿਆਲਾ ਜ਼ਿਲ੍ਹੇ ਵਿੱਚ ਜ਼ਿਆਦਾਤਰ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਅਪਣਾਇਆ ਜਾਂਦਾ ਹੈ, ਜਿਸ ਨੂੰ ਫਸਲੀ ਵਿਭਿੰਨਤਾ ਰਾਹੀਂ ਦੂਜੀਆਂ ਫਸਲਾਂ ਹੇਠ ਲਿਆਇਆ ਜਾਵੇਗਾ। ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਪਟਿਆਲਾ ਜ਼ਿਲ੍ਹੇ ਦੇ 934 ਪਿੰਡਾਂ ਦੇ ਸਰਵੇਖਣ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱੱਸਿਆ ਕਿ ਇਸ ਸਰਵੇਖਣ ਰਿਪੋਰਟ ਅਨੁਸਾਰ ਭੁਨਰਹੇੜੀ ਬਲਾਕ ਦੇ ਵਿੱਚ ਲਗਭਗ 12000 ਹੈਕਟੇਅਰ ਰਕਬਾ ਬਾਸਮਤੀ ਅਧੀਨ ਹੈ। ਇਸੇ ਤਰ੍ਹਾਂ ਰਾਜਪੁਰਾ ਬਲਾਕ ਦੇ ਵਿੱਚ ਲਗਭਗ 1300 ਹੈਕਟੇਅਰ ਰਕਬੇ ਵਿੱਚ ਆਲੂ, ਮੱਕੀ ਅਤੇ ਫੁੱਲ਼ ਗੋਭੀ ਦੀ ਕਾਸ਼ਤ ਕੀਤੀ ਜਾਂਦੀ ਹੈ।ਬਲਾਕ ਸਨੌਰ ਵਿੱਚ ਪਿਆਜ ਦੀ ਨਰਸਰੀ ਵੱਡੇ ਪੱਧਰ ਤੇ ਉਗਾਈ ਜਾਂਦੀ ਹੈ, ਜਿਸ ਦੀ ਵਿਕਰੀ ਪਟਿਆਲਾ ਜ਼ਿਲ੍ਹੇ ਦੇ ਨਾਲ-ਨਾਲ ਹਰਿਆਣਾ ਸੂਬੇ ਦੇ ਪਿੰਡਾਂ ਵਿੱਚ ਵੀ ਕੀਤੀ ਜਾਂਦੀ ਹੈ।ਇਸੇ ਬਲਾਕ ਦੇ ਵਿੱਚ ਟਮਾਟਰ ਦੀ ਫਸਲ ਹੇਠ ਵੀ ਲਗਭਗ 1600 ਹੈਕਟੇਅਰ ਰਕਬਾ ਹੈ।ਇਸ ਜ਼ਿਲ੍ਹੇ ਦੇ ਨਾਭਾ ਬਲਾਕ ਵਿੱਚ ਲਗਭਗ 10,000 ਹੈਕਟੇਅਰ ਰਕਬੇ ਵਿੱਚ ਆਲੂ, ਮਿਰਚਾਂ, ਸੂਰਜਮੁਖੀ ਅਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਮਾਣਾ ਬਲਾਕ ਵਿੱਚ ਤਕਰੀਬਨ 400 ਹੈਕਟੇਅਰ ਰਕਬੇ ਵਿੱਚ ਮਟਰਾਂ ਦੀ ਖੇਤੀ ਕੀਤੀ ਜਾਂਦੀ ਹੈ।
ਬੁਲਾਰੇ ਨੇ ਦੱੱਸਿਆ ਕਿ ਪਟਿਆਲੇ ਜ਼ਿਲ੍ਹੇ ਵਿੱਚ ਫਸਲੀ ਵਿਭਿੰਨਤਾ ਬੜੀ ਸਫਲਤਾ ਪੂਰਵਕ ਅਪਣਾਈ ਜਾ ਸਕਦੀ ਹੈ, ਪਰ ਇਸ ਲਈ ਬਲਾਕਾਂ ਦੇ ਅਧਾਰ ਤੇ ਢੁੱੱਕਵੀਂਆਂ ਫਸਲਾਂ ਦੀ ਚੋਣ ਕਰਨ ਦੀ ਲੋੜ ਹੈ।ਇਸ ਦੇ ਨਾਲ-ਨਾਲ ਇਹਨਾਂ ਬਦਲਵੀਆਂ ਫਸਲਾਂ ਦੇ ਮੰਡੀਕਰਨ ਲਈ ਖੇਤੀਬਾੜੀ ਵਿਭਾਗ ਇਕ ਵਿਸ਼ੇਸ਼ ਫਸਲੀ ਵਿਭਿੰਨਤਾ ਮੁਹਿੰਮ ਅਧੀਨ ਕਿਸਾਨਾਂ ਨੂੰ ਜਾਗਰੂਕ ਕਰਕੇ ਹੋਰ ਫਾਇਦੇਮੰਦ ਅਤੇ ਯੋਗ ਫਸਲਾਂ ਦੀ ਖੇਤੀ ਲਈ ਪ੍ਰੇਰਿਤ ਕੀਤਾ ਜਾਵੇਗਾ। ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਸਾਲ 1992 ਤੋਂ ਜ਼ਿਲ੍ਹੇ ਦੀ ਕਿਸਾਨੀ ਲਈ ਕੰਮ ਕਰ ਰਿਹਾ ਹੈ। ਇਸ ਕੇਂਦਰ ਦੀ ਮੁੱਖ ਜ਼ਿੰਮੇਵਾਰੀ ਆਧੁਨਿਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਹੈ।
ਬੁਲਾਰੇ ਨੇ ਅਗੇ ਦੱੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁੱੱਖ ਕਾਰਜ ਖੇਤੀ ਤਕਨੀਕਾਂ ਦਾ ਖੇਤ ਤਜ਼ਰਬਿਆਂ ਰਾਹੀਂ ਮੁਲਾਂਕਣ ਕਰਨਾ ਅਤੇ ਉਹਨਾਂ ਵਿੱਚ ਸੁਧਾਰ ਕਰਨਾ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੇ ਹੁਨਰ ਵਿਕਾਸ ਲਈ ਖੁੰਭ ਉਤਪਾਦਨ, ਮਧੂਮੱਖੀ ਪਾਲਣ, ਡੇਅਰੀ/ ਮੁਰਗੀ ਪਾਲਣ, ਸਬਜ਼ੀਆਂ ਦੀ ਸੁਰੱਖਿਅਤ ਖੇਤੀ, ਖੇਤੀ ਜਿਣਸਾਂ ਦਾ ਪਦਾਰਥੀਕਰਣ, ਸਿਲਾਈ-ਕਢਾਈ ਅਤੇ ਰੰਗਾਈ ਆਦਿ ਵਿਸ਼ਿਆਂ ਤੇ ਕਿੱਤਾ-ਮੁਖੀ ਸਿਖਲਾਈ ਕੋਰਸ ਲਗਾਉਣਾ ਪਸਾਰ ਕਰਮਚਾਰੀਆਂ ਨੂੰ ਨਵੀਆਂ ਖੇਤੀ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਇੱਕ-ਰੋਜ਼ਾ ਸਿਖਲਾਈ ਕੈਂਪ ਲਗਾਉਣਾ ਅਤੇ ਆਧੁਨਿਕ ਪ੍ਰਦਰਸ਼ਨੀਆਂ ਦੁਆਰਾ ਕਿਸਾਨਾਂ ਨੂੰ ਸਿੱੱਖਿਅਤ ਕਰਕੇ ਜਾਗਰੂਕ ਕਰਨਾ ਹੈ।
ਇਸ ਕੇਂਦਰ ਦੁਆਰਾ ਕੀਤੇ ਸਰਵੇਖਣ ਦੇ ਅਧਾਰ ਤੇ ਇਹ ਦੇਖਣ ਵਿੱਚ ਆਇਆ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਖੇਤੀਬਾੜੀ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦਾ ਵੱਡੇ ਪੱਧਰ ਤੇ ਅਪਣਾਇਆ ਜਾਣਾ (85 % ਤੋਂ ਜ਼ਿਆਦਾ ਰਕਬੇ ਤੇ), ਫਸਲਾਂ ਵਿੱਚ ਸੂਖਮ ਤੱਤਾਂ ਦੀ ਘਾਟ (ਜਿਵੇਂ ਕਿ ਜ਼ਿੰਕ, ਲੋਹਾ ਅਤੇ ਮੈਂਗਨੀਜ਼ ਆਦਿ), ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ (ਜਿਸ ਕਰਕੇ ਮੌਜੂਦਾ ਐਨ: ਪੀ: ਕੇ ਅਨੁਪਾਤ 37.3: 8.7: 1 ਹੋ ਚੁੱਕਾ ਹੈ), ਲਗਾਤਾਰ ਘਟਦਾ ਜਾਂਦਾ ਪਾਣੀ ਦਾ ਪੱਧਰ (ਜਿਸ ਕਰਕੇ ਨੌਂ ਵਿੱਚੋਂ ਅੱਠ ਜ਼ੋਨਾਂ ਨੂੰ ਡਾਰਕ ਜ਼ੋਨ ਘੋਸ਼ਿਤ ਕੀਤਾ ਜਾ ਚੁਕਿਆ ਹੈ), ਮਾੜੇ ਪਾਣੀਆਂ ਅਤੇ ਮਿੱਟੀ ਵਿੱਚ ਕੱਲਰ ਦੀ ਸਮੱਸਿਆ,ਝੋਨੇ ਵਾਲੇ ਖੇਤਾਂ ਵਿੱਚ ਮਿੱਟੀ ਦੀ ਸਖਤ ਤਹਿ ਦਾ ਬਣਨਾ, ਗੈਰ-ਸਿਫਾਰਿਸ਼ੀ ਕਿਸਮਾਂ ਦੀ ਕਾਸ਼ਤ,ਗੈਰ-ਸਿਫਾਰਿਸ਼ੀ ਅਤੇ ਬੇਲੋੜੇ ਖੇਤੀ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਬੁਲਾਰੇ ਨੇ ਅੱਗੇ ਦੱੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਹਰ ਸਾਲ ਲਗਭਗ 110 ਸਿਖਲਾਈ ਕੋਰਸ ਕੇਂਦਰ ਵਿਖੇ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਂਦੇ ਹਨ, ਤਾਂ ਜ ੋਕਿ ਖੇਤੀਬਾੜੀ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਸਹਾਇਕ ਧੰਦਿਆਂ ਦੀ ਸਿਖਲਾਈ ਦਾ ਪਸਾਰ ਹੋ ਸਕੇ। ਲਗਭਗ ਦੋ ਹਜ਼ਾਰ ਤੋਂ ਵੱਧ ਕਿਸਾਨ ਵੀਰ ਅਤੇ ਬੀਬੀਆਂ ਇਹਨਾਂ ਕੋਰਸਾਂ ਦੇ ਸਿੱਧੇ ਲਾਭ-ਪਾਤਰੀ ਬਣਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਈ ਖੇਤੀ ਨੁਮਾਇਸ਼ਾਂ, ਸਿਖਲਾਈ ਕੈਂਪਾਂ, ਪਸਾਰ ਮੁਹਿੰਮਾਂ, ਕਿਸਾਨ ਮੇਲਿਆਂ, ਕਿਸਾਨ ਗੋਸ਼ਟੀਆਂ, ਰੇਡਿਓ ਤੇ ਟੈਲੀਵੀਜ਼ਨ ਪ੍ਰੋਗ੍ਰਾਮਾਂ ਅਤੇ ਖੇਤੀ ਸਾਹਿਤ ਰਾਂਹੀ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਹਨਾਂ ਉਪਰਾਲਿਆਂ ਸਦਕਾ ਹੀ ਪਟਿਆਲਾ ਜ਼ਿਲ੍ਹੇ ਦੇ ਕਈ ਕਿਸਾਨ ਅਤੇ ਕਿਸਾਨ ਬੀਬੀਆਂ ਭੋਜਨ ਪ੍ਰੌਸੈਸਿੰਗ, ਫੁੱਲਾਂ ਦੀ ਕਾਸ਼ਤ, ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ, ਮਧੂਮੱਖੀ ਪਾਲਣ, ਆਧੁਨਿਕ ਡੇਅਰੀ ਫਾਰਮਿੰਗ, ਫੁਲਕਾਰੀ ਕਢਾਈ ਅਤੇ ਖੁੰਭ ਉਤਪਾਦਨ ਵਰਗੇ ਕਿੱਤਿਆਂ ਵਿੱਚ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ਤੱਕ ਨਾਮਣਾ ਖੱਟ ਚੁੱਕੇ ਹਨ ਅਤੇ ਦੂਜੇ ਕਿਸਾਨਾਂ ਲਈ ਵੀ ਚਾਨਣ ਮੁਨਾਰਾ ਸਿੱਧ ਹੋ ਰਹੇ ਹਨ।

LEAVE A REPLY