1ਚੰਡੀਗੜ੍ਹ : ਦੀਨਾਨਗਰ ਅਤੇ ਪਠਾਨਕੋਟ ਹਵਾਈ ਅੱਡੇ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੇ ਮੱਦੇਨਜ਼ਰ ਪੰਜਾਬ ਅਤੇ ਨਾਲ ਲਗਦੇ ਜੰਮੂ ਕਸ਼ਮੀਰ ਦੇ ਇਲਾਕਿਆਂ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਚੌਕਸੀ ਵਧਾਉਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਅਪੀਲ ‘ਤੇ ਕਾਰਵਾਈ ਕਰਦਿਆਂ ਭਾਰਤ ਸਰਕਾਰ ਨੇ ਖੁਦਮੁਖਤਿਆਰ ਸੰਸਥਾ ਦੇ ਰੂਪ ਵਿੱਚ ਸਾਬਕਾ ਗ੍ਰਹਿ ਸਕੱਤਰ ਸ੍ਰੀ ਮਧੂਕਰ ਗੁਪਤਾ ਦੀ ਅਗਵਾਈ ‘ਚ ਇਕ ਕਮੇਟੀ ਦਾ ਗਠਨ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਹਾਸਲ ਹੋਏ ਪੱਤਰ ਵਿੱਚ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਦੇ ਡਿਪਟੀ ਡਾ. ਅਰਵਿੰਦ ਗੁਪਤਾ ਨੇ ਸੂਬਾ ਸਰਕਾਰ ਨੂੰ ਦੱਸਿਆ ਕਿ ਐਨ.ਐਸ.ਏ. ਦੇ ਡਿਪਟੀ, ਆਈ.ਆਈ.ਟੀ. ਦਿੱਲੀ ਅਤੇ ਆਈ.ਆਈ.ਟੀ. ਦੇ ਰੁੜਕੀ ਦੇ ਡਾਇਰੈਕਟਰ, ਸਰਵੇਅਰ ਜਨਰਲ ਆਫ ਇੰਡੀਆ ਅਤੇ ਸੂਬਾ ਸਰਕਾਰ ਦਾ ਇਕ ਨੁਮਾਇੰਦਾ ਜੋ ਇੰਸਪੈਕਟਰ ਜਨਰਲ ਦੇ ਰੈਂਕ ਤੋਂ ਹੇਠਾਂ ਨਾ ਹੋਵੇ, ਇਸ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਨਾਜ਼ੁਕ ਮਸਲਿਆਂ ਦੀ ਸ਼ਨਾਖਤ ਕਰਕੇ ਢੁਕਵੇਂ ਸੁਝਾਅ ਦੇਵੇਗੀ ਤਾਂ ਕਿ ਭਵਿੱਖ ਵਿੱਚ ਅਜਿਹੇ ਹਮਲਿਆਂ ਦੇ ਵਾਪਰਨ ਦੀ ਸੰਭਾਵਨਾ ਪੈਦਾ ਨਾ ਹੋ ਸਕੇ।
ਇਹ ਕਮੇਟੀ ਭਾਰਤ-ਪਾਕਿ ਸਰਹੱਦ ਨਾਲ ਲਗਦੀ ਕੰਡਿਆਲੀ ਤਾਰ ਦੀ ਸਥਿਤੀ ਦਾ ਜਾਇਜ਼ਾ ਲਵੇਗੀ ਅਤੇ ਕਮੀਆਂ ਦੀ ਸ਼ਨਾਖਤ ਕਰਕੇ ਪੂਰਾ ਕਰਨ ਲਈ ਆਪਣੇ ਸੁਝਾਅ ਦੇਵੇਗੀ। ਇਸ ਕਮੇਟੀ ਨੂੰ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਡਾ. ਗੁਪਤਾ ਨੇ ਦੱਸਿਆ ਕਿ ਇਸ ਕਮੇਟੀ ਦਾ ਗਠਨ ਖੁਦਮੁਖਤਿਆਰ ਸੰਸਥਾ ਵਜੋਂ ਕਰਨ ਕਰਕੇ ਇਸ ਨੂੰ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਦੇ ਅਧੀਨ ਕਾਇਮ ਕਰਨ ਦਾ ਫੈਸਲਾ ਲਿਆ ਗਿਆ ਹੈ।

LEAVE A REPLY