2ਮੀਰਪੁਰ: ਏਸ਼ੀਆ ਕੱਪ ਟੀ-20 ਵਿਚ ਬੰਗਲਾਦੇਸ਼ ਨੇ ਬੀਤੀ ਰਾਤ ਪਾਕਿਸਤਾਨ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਇਸ ਜਿੱਤ ਨਾਲ ਨਾ ਕੇਵਲ ਬੰਗਲਾਦੇਸ਼ ਦੀ ਟੀਮ ਫਾਈਨਲ ਵਿਚ ਪਹੁੰਚ ਗਈ ਹੈ, ਬਲਕਿ ਇਸ ਟੀਮ ਦੀ ਜਮ ਕੇ ਤਾਰੀਫ ਵੀ ਹੋ ਰਹੀ ਹੈ। ਆਪਣੀ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਬੰਗਲਾਦੇਸ਼ ਵਾਸੀਆਂ ਨੇ ਬੀਤੀ ਰਾਤ ਜਮ ਕੇ ਜਸ਼ਨ ਮਨਾਏ ਅਤੇ ਆਪਣੀ ਟੀਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਜਿੱਤ ਤੋਂ ਬਾਅਦ ਬੰਗਲਾਦੇਸ਼ ਟੀਮ ਦੇ ਹੌਸਲੇ ਬੁਲੰਦੀਆਂ ‘ਤੇ ਹਨ ਅਤੇ ਹੁਣ ਉਹ ਫਾਈਨਲ ਵਿਚ ਭਾਰਤ ਨਾਲ ਟੱਕਰ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਦੂਸਰੇ ਪਾਸੇ ਪਾਕਿਸਤਾਨ ਦੀ ਟੀਮ ਹਾਰ ਨਾਲ ਏਸ਼ੀਆ ਕੱਪ ਤੋਂ ਬਾਹਰ ਹੋ ਗਈ। ਇਸ ਹਾਰ ਨਾਲ ਪਾਕਿਸਤਾਨੀ ਟੀਮ ਨੂੰ ਕ੍ਰਿਕਟ ਪ੍ਰੇਮੀਆਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਕ੍ਰਿਕਟ ਪ੍ਰੇਮੀਆਂ ਨੇ ਪਾਕਿਸਤਾਨੀ ਟੀਮ ਦਾ ਟਵਿੱਟਰ ‘ਤੇ ਕਾਫੀ ਮਜ਼ਾਕ ਵੀ ਉਡਾਇਆ। ਇਕ ਫੈਨ ਨੇ ਲਿਖਿਆ ਹੈ ਕਿ ਪਾਕਿਸਤਾਨੀ ਟੀਮ ਵਿਰਾਟ ਕੋਹਲੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਹ ਬੰਗਲਾਦੇਸ਼ ਤੋਂ ਹੀ ਹਾਰ ਕੇ ਏਸ਼ੀਆ ਕੱਪ ਤੋਂ ਬਾਹਰ ਹੋ ਗਈ। ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੇ ਇਸ ਹਾਰ ਲਈ ਸ਼ਾਹਿਦ ਅਫਰੀਦੀ ਨੂੰ ਜ਼ਿੰਮੇਵਾਰ ਠਹਿਰਾਇਆ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਬੀਤੀ ਰਾਤ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਇਸ ਮੈਚ ਵਿਚ ਪਾਕਿਸਤਾਨੀ ਟੀਮ ਨੇ ਨਾ ਕੇਵਲ ਖਰਾਬ ਬੱਲੇਬਾਜ਼ੀ ਕੀਤੀ, ਬਲਕਿ ਉਸ ਨੂੰ ਖਰਾਬ ਫੀਲਡਿੰਗ ਅਤੇ ਖਰਾਬ ਗੇਂਦਬਾਜ਼ੀ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਬੰਗਲਾਦੇਸ਼ ਤੋਂ ਮਿਲੀ ਇਹ ਹਾਰ ਪਾਕਿਸਤਾਨੀ ਟੀਮ ਨੂੰ ਕਾਫੀ ਲੰਬੇ ਸਮੇਂ ਤੱਕ ਯਾਦ ਰਹੇਗੀ।

LEAVE A REPLY