3ਚੰਡੀਗੜ੍ਹ : ਭਾਰਤ ਸਰਕਾਰ, ਪੰਜਾਬ ਰਾਜ ਅਤੇ ਡਿਸਕੌਮ ਪੰਜਾਬ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਵੱਲੋਂ ਉਜਵਲ ਡਿਸਕੌਮ ਐਸ਼ਿਓਰੈਂਸ ਯੋਜਨਾ (ਯੂ.ਡੀ.ਏ.ਵਾਈ, ਉਦੈ) ਤਹਿਤ ਪਾਵਰ ਕਾਰਪੋਰੇਸ਼ਨ ਦੀ ਵਿੱਤੀ  ਵਸੂਲੀ ਅਤੇ ਕੰਮਕਾਜੀ  ਸਮਰੱਥਾ ਸਬੰਧੀ ਅੱਜ ਤਿੰਨ ਪਾਰਟੀ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਹ ਸਮਝੌਤਾ ਊਰਜਾ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਕੀਤਾ ਗਿਆ।
ਕੇਂਦਰੀ ਊਰਜਾ ਮੰਤਰਾਲੇ ਵੱਲੋਂ ਜਾਇੰਟ ਸਕੱਤਰ ਡਾ. ਏ.ਕੇ.ਵਰਮਾ ਅਤੇ ਪੰਜਾਬ ਵੱਲੋਂ ਪ੍ਰਮੁੱਖ ਸਕੱਤਰ ਊਰਜਾ ਸ੍ਰੀ ਏ. ਵੇਨੂੰ ਪ੍ਰਾਸਾਦ ਅਤੇ ਡਿਸਕੌਮ ਵੱਲੋਂ ਪੀ.ਐਸ.ਪੀ.ਐਲ ਦੇ ਚੇਅਰਮੈਨ ਅਤੇ ਐਮ.ਡੀ. ਇੰਜ. ਕੇ.ਡੀ. ਚੌਧਰੀ  ਵੱਲੋਂ ਸਮਝੌਤੇ ‘ਤੇ ਹਸਤਾਖਰ ਕੀਤੇ ਗਏ।
ਇਸ ਮੌਕੇ ਸ੍ਰੀ ਪਿਯੂਸ਼ ਗੋਇਲ ਨੇ ਕਿਹਾ ਕਿ ਊਦੈ ਯੋਜਨਾ ਤਹਿਤ ਕੇਂਦਰ ਸਰਕਾਰ ਰਾਜਾਂ ਅੰਦਰ ਊਰਜਾ ਦੇ ਮੁਡਲੇਢਾਂਚੇ ਵਿੱਚ ਵੱਡੀ ਤਬਦੀਲੀ ਲਿਆਉਣ ਅਤੇ ਤੇਜੀ ਨਾਲ ਵਿਕਾਸ ਕਰਨ ‘ਤੇ ਆਪਣਾ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਇਸ ਯੋਜਨਾ ਰਾਹੀਂ ਲਗਾਤਾਰ ਕਰਜੇ ਹੇਠ ਕੰਮ ਕਰ ਰਹੇ ਊਰਜਾ ਸੰਸਥਾਵਾਂ ਨੂੰ ਵਿੱਤੀ ਤੌਰ ‘ਤੇ ਸਥਿਰ ਹੋਣ ਤੋਂ ਇਲਾਵਾ ਕਾਰਜਕੁਸ਼ਲਤਾ ਵਧਾਉਣ ਲਈ ਸਥਾਈ ਹੱਲ ਪ੍ਰਦਾਨ ਕਰੇਗੀ ਤਾਂ ਜੋਂ ਇੰਨ੍ਹਾ ਦੇ ਵਿਕਾਸ ‘ਚ ਨਿਰੰਤਰਤਾ ਲਿਆਂਦੀ ਜਾ ਸਕੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਮਝੌਤੇ ਵਿੱਚ ਦਿੱਤੇ ਗਏ ਸਾਰੇ ਟੀਚਿਆਂ ਨੂੰ ਹਾਸਿਲ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪਹਿਲਾਂ ਤੋਂ ਹੀ ਵਾਧੂ ਬਿਜਲੀ ਉਤਪਾਦਨ ਕਰਨ ਦਾ ਟੀਚਾ ਹਾਸਿਲ ਕਰ ਚੁੱਕਾ ਹੈ ਅਤੇ ਇਸ ਸਮਝੌਤੇ ਤਹਿਤ ਸਾਲ 2015-16 ਦੌਰਾਨ ਬਕਾਇਆ ਕਰਜੇ ਦਾ 50 ਫੀਸਦੀ ਅਤੇ 2016-17 ਦੌਰਾਨ 25 ਫੀਸਦੀ ਹਿੱਸਾ ਹਿੱਸਾ ਪ੍ਰਾਪਤ ਕਰਨ ‘ਚ ਕੇਂਦਰ ਸਰਕਾਰ ਪੰਜਾਬ ਦੀ ਮਦਦ ਕਰੇਗੀ।
ਸ. ਬਾਦਲ ਨੇ ਕਿਹਾ ਕਿ ਇਹ ਸਮਝੌਤਾ ਤਹਿਤ ਤਰਕਸੰਗਤ ਢੰਗ ਨਾਲ ਕੋਲ ਲਿੰਕ ਪ੍ਰਾਪਤ ਹੋਣ, ਨਾਕਾਬਲ ਪਲਾਂਟਾਂ ਦੀ ਜਗ੍ਹਾ ਕਾਬਿਲ ਪਲਾਂਟਾਂ ਅਤੇ ਖਦਾਨਾਂ ਤੋਂ ਦੂਰ ਲੱਗੇ ਪਲਾਟਾਂ ਦੀ ਜਗ੍ਹਾ ਖਦਾਨਾਂ ‘ਤੇ ਸਥਿਤ ਪਲਾਂਟਾਂ ਤੋਂ ਕੋਲਾ ਲੈਣ ਦੀ ਆਜ਼ਾਦੀ ਕਾਰਨ ਪੰਜਾਬ ਡਿਸਕੌਮ ਲਈ ਘਰੇਲੂ ਕੋਲੇ ਦੀ ਪੂਰਤੀ ਵਧੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਸਮਝੌਤੇ ਤਹਿਤ ਕੋਲੇ ਦੀ ਗ੍ਰੇਡ ਵਿੱਚ ਹੋਣ ਵਾਲੀ ਗਲਤੀ ਨੂੰ ਠੀਕ ਕਰਨ, ਕੋਲ ਇੰਡੀਆ ਨੂੰ 100 ਫੀਸਦੀ ਸਾਫ ਕੋਲਾ ਦੇਣ ਦੇ ਨਿਰਦੇਸ਼ ਦੇਣ, ਕੋਲ ਇੰਡੀਆ ਤੋਂ 100 ਫੀਸਦੀ ਚੂਰਾ ਕੋਲੇ ਦੀ ਪੂਰਤੀ, ਆਈ.ਐਸ.ਟੀ.ਐਨ ਲਾਈਨਾਂ ਨੂੰ ਤੇਜੀ ਨਾਲ ਵਿਛਾਉਣ ਤੋਂ ਇਲਾਵਾ ਸੂਬਿਆਂ ਨੂੰ ਨੋਟੀਫਾਈਡ ਦਰ ‘ਤੇ ਕੋਲ ਲਿੰਕ ਦੇਣਾ ਯਕੀਨੀ ਬਣਾਇਆ ਗਿਆ ਹੈ।
ਸ. ਬਾਦਲ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਪੀ.ਐਸ.ਪੀ.ਐਲ ਸ਼ਹਿਰੀ ਸਥਾਨਕ ਸਰਕਾਰਾਂ ਰਾਹੀਂ ਸਾਰੇ ਨਿਗਮ ਸ਼ਹਿਰਾਂ ਦੀਆਂ ਐਲ.ਈ.ਡੀ ਲਾਈਟਾਂ ਨਾਲ ਬਦਲੇਗਾ ਅਤੇ 2018-19 ਤੱਕ ਟ੍ਰਾਂਸਮਿਸ਼ਨ ਘਾਟੇ ਨੂੰ 3.8 ਫੀਸਦੀ ਤੋਂ ਘਟਾ ਕੇ 2.5 ਫੀਸਦੀ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੀ.ਐਸ.ਪੀ.ਐਲ ਹਰ ਸੰਭਵ ਕੋਸ਼ਿਸ਼ ਕਰਕੇ ਸੂਬੇ ਦੀਆਂ ਬਿਜਲੀ ਉਤਪਾਦਨ ਯੂਨਿਟਾਂ ਦੀ ਸਮਰੱਥਾ ਵਧਾਏਗਾ ਅਤੇ 2018-19 ਤੱਕ ਏ.ਟੀ ਐਂਡ ਸੀ ਘਾਟੇ ਨੂੰ 14 ਫੀਸਦੀ ਤੱਕ ਲੈ ਆਵੇਗਾ।  ਉਨ੍ਹਾਂ ਕਿਹਾ ਕਿ ਇਸ ਦੇ ਚੱਲਦਿਆਂ ਪੀ.ਐਸ.ਪੀ.ਐਲ ਨੂੰ 1600 ਕਰੋੜ ਰੁਪਏ ਦਾ ਵਾਧੂ ਲਾਭ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਇੰਨ੍ਹਾਂ ਮਾਪਦੰਡਾਂ ਕਾਰਨ ਡਿਸਕੌਮ ਨੂੰ ਲਗਭਗ 60 ਕਰੋੜ ਰੁਪਏ ਵਿਆਜ ਦੇ ਬਚਣਗੇ।
ਪੀ.ਐਸ.ਪੀ.ਐਲ ਦੀ ਵਿੱਤੀ ਵਸੂਲੀ ਨੂੰ ਨਿਰੰਤਰ ਬਨਾਉਣ ਬਾਰੇ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਫੀਡਰ ਤੇ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਮੀਟਰਿੰਗ, ਖਪਤਕਾਰਾਂ ਨੂੰ ਸੂਚੀਬਧ ਕਰਕੇ, ਟ੍ਰਾਂਸਫਾਰਮਰਾਂ ਅਤੇ ਮੀਟਰਾਂ ਨੂੰ ਆਧੁਨਿਕ ਬਣਾ ਕੇ ਅਤੇ ਵੱਧ ਖਪਤ ਕਰਨ ਵਾਲੇ ਖਪਤਕਾਰਾਂ ਦੀ ਸਮਾਰਟ ਮੀਟਰਿੰਗ ਕਰਨ ਵਰਗੇ ਢੰਗ ਤਰੀਕੇ ਅਪਣਾਉਂਦਿਆਂ ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਘਾਟਿਆਂ ਨੂੰ ਘੱਟ ਕਰਨ ਦੇ ਨਾਲ-ਨਾਲ ਬਿਜਲੀ ਪੂਰਤੀ ਦੀ ਲਾਗਤ ਅਤੇ ਦਰ ਵਿਚਲੇ ਅੰਤਰ ਨੂੰ ਸਮਾਪਤ ਕਰਕੇ ਪੀ.ਐਸ.ਪੀ.ਐਲ ਦੀ ਕੰਮਕਾਜੀ ਸਮਰੱਥਾ ‘ਚ ਵਾਧਾ ਕਰੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੁਧਾਰਾਂ ਸਦਕਾ ਪੰਜਾਬ ਨੂੰ ਲਗਭਗ 1250 ਕਰੋੜ ਰੁਪਏ ਦਾ ਲਾਭ ਹੋਵੇਗਾ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਯਤਨ ਕਰਕੇ ਪੀ.ਐਸ.ਪੀ.ਐਲ ਦੀ ਕੰਮਕਾਜੀ ਸਮਰੱਥਾ ਨੂੰ ਬੇਹਤਰ ਬਣਾਉਂਦਿਆਂ ਬਿਜਲੀ ਦੀਆਂ ਕੀਮਤਾਂ ‘ਚ ਕਮੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਿੰਨ ਪਾਰਟੀ ਸਮਝੌਤੇ ਨਾਲ ਪੀ.ਐਸ. ਪੀ.ਐਲ ਨੂੰ ਭਵਿੱਖੀ ਪੂੰਜੀ ਨਿਵੇਸ਼ ਲੋੜਾਂ ਦੀ ਪੂਰਤੀ ਲਈ ਸਸਤੇ ਫੰਡ ਪ੍ਰਾਪਤ ਕਰਨ ‘ਚ ਵੀ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਉਦੈ ‘ਚ ਸ਼ਾਮਿਲ ਹੋਣ ਨਾਲ ਸੂਬੇ ਨੂੰ ਅੰਦਾਜ਼ਨ ਕੁੱਲ 5475 ਕਰੋੜ ਰੁਪਏ ਦਾ ਫਾਇਦਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ 24 ਘੰਟੇ ਨਿਰਵਿਘਨ ਬਿਜਲੀ ਮਿਲਣ ਨਾਲ ਜਿੱਥੇ ਆਰਥਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਉਥੇ ਸਨਅਤੀ ਵਿਕਾਸ ਵੀ ਉਤਸ਼ਾਹਿਤ ਹੋਵੇਗਾ ਜਿਸ ਸਦਕਾ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਰੇਗਾ।

LEAVE A REPLY