4ਮੀਰਪੁਰ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਭਲਕੇ ਐਤਵਾਰ ਨੂੰ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਇਹ ਮੈਚ ਮੀਰਪੁਰ ਵਿਖੇ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਵਿਚ ਭਾਰਤੀ ਟੀਮ ਦਾ ਪਲੜਾ ਭਾਰੀ ਹੈ, ਪਰ ਫਿਰ ਵੀ ਉਹ ਮੇਜ਼ਬਾਨ ਟੀਮ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੇਗੀ।
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਸ ਟੂਰਨਾਮੈਂਟ ਵਿਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ। ਏਸ਼ੀਆ ਕੱਪ ਵਿਚ ਭਾਰਤ ਨੇ ਪਹਿਲਾਂ ਬੰਗਲਾਦੇਸ਼ ਨੂੰ ਹਰਾਇਆ, ਫਿਰ ਉਸ ਤੋਂ ਬਾਅਦ ਪਾਕਿਸਤਾਨ, ਸ੍ਰੀਲੰਕਾ ਅਤੇ ਯੂ.ਏ.ਈ ਨੂੰ ਮਾਤ ਦੇ ਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ। ਹੁਣ ਫਾਈਨਲ ਵਿਚ ਉਸ ਦਾ ਮੁਕਾਬਲਾ ਮੇਜ਼ਬਾਨ ਬੰਗਲਾਦੇਸ਼ ਨਾਲ ਹੋਣ ਜਾ ਰਿਹਾ ਹੈ। ਬੰਗਲਾਦੇਸ਼ ਨੇ ਇਸ ਟੂਰਨਾਮੈਂਟ ਵਿਚ ਕੇਵਲ ਭਾਰਤ ਕੋਲੋਂ ਹੀ ਹਾਰ ਦਾ ਮੂੰਹ ਦੇਖਿਆ ਹੈ ਤੇ ਉਸ ਨੇ ਪਾਕਿਸਤਾਨ, ਸ੍ਰੀਲੰਕਾ ਵਰਗੀਆਂ ਮਜਬੂਤ ਟੀਮਾਂ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਇਸ ਦੌਰਾਨ ਸਥਾਨਕ ਲੋਕਾਂ ਦੀ ਵੀ ਬੰਗਲਾਦੇਸ਼ੀ ਟੀਮ ਨੂੰ ਹੌਸਲਾ-ਅਫਜ਼ਾਈ ਮਿਲੇਗੀ।
ਦੂਸਰੇ ਪਾਸੇ ਇਸ ਮੈਚ ਵਿਚ ਟੀਮ ਇੰਡੀਆ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਜਿਥੇ ਵਿਰੋਧੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਉਥੇ ਯੁਵਰਾਜ ਸਿੰਘ ਵੀ ਫਾਰਮ ਵਿਚ ਵਾਪਸ ਆ ਗਏ ਹਨ। ਇਸ ਤੋਂ ਇਲਾਵਾ ਭਾਰਤੀ ਗੇਂਦਬਾਜ਼ ਵੀ ਪੂਰੀ ਲੈਅ ਵਿਚ ਹਨ।

LEAVE A REPLY