5ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਦਿੱਲੀ ਪੰਜਾਬੀ ਅਕਾਦਮੀ ਬਾਰੇ ਅਕਾਲੀ ਦਲ ਦੇ ਨੇਤਾ ਕੋਰਾ ਝੂਠ ਬੋਲ ਰਹੇ ਹਨ।  ਸੋਮਵਾਰ ਨੂੰ ਇੱਥੇ ਜਾਰੀ ਬਿਆਨ ਵਿਚ ‘ਆਪ’ ਦੇ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਝੂਠੇ ਬਿਆਨ ਦੇਣ ਵਾਲੇ ਅਕਾਲੀ ਦਲ ਦੇ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬੀ ਅਕਾਦਮੀ ਦਿੱਲੀ ਦੇ ਬਜਟ ਨੂੰ ਲੈ ਕੇ ਅਕਾਲੀ ਸੱਚ ਨੂੰ ਝੂਠ ਵਿਚ ਤਬਦੀਲ ਨਹੀਂ ਕਰ ਸਕਦੇ।
ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਹੋਂਦ ਵਿਚ ਆਉਣ ਮਗਰੋਂ ਦਿੱਲੀ ਪੰਜਾਬੀ ਅਕਾਦਮੀ ਦੇ ਬਜਟ ਵਿਚ 3 ਕਰੋੜ ਰੁਪਏ ਦਾ ਵਾਧਾ ਹੋਇਆ ਹੈ।ਵਿੱਤੀ ਸਾਲ 2014-15 ਵਿਚ ਪੰਜਾਬੀ ਅਕਾਦਮੀ ਦਾ ਕੁਲ ਬਜਟ 17.70 ਕਰੋੜ ਰੁਪਏ ਸੀ, ਜੋ 2015-16 ਵਿਚ ਵਧਾਕੇ 20.75 ਕਰੋੜ ਕਰ ਦਿੱਤਾ ਗਿਆ।
‘ਆਪ’ ਨੇਤਾ ਨੇ ਕਿਹਾ ਕਿ ਪੰਜਾਬੀ ਅਕਾਦਮੀ ਦੇ ਬਜਟ ਵਿਚ ਹੋਏ ਵਾਧੇ ਨੂੰ ਕਟੌਤੀ ਦੱਸਕੇ ਦਿੱਲੀ ਦੇ ਅਕਾਲੀ ਨੇਤਾ ਉਸ ਤਰ੍ਹਾਂ ਹੀ ਹਾਸੋਹੀਣੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਨਸ਼ੇ ਅਤੇ ਵਿੱਤੀ ਸੰਕਟ ਵਰਗੀ ਹਕੀਕੀ ਸਮੱਸਿਆਵਾਂ ਨੂੰ ਲੁਕੋ ਕੇ ਲੋਕਾਂ ਸਾਹਵੇਂ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਨੌਂ ਸਾਲਾਂ ਵਿਚ ਪੰਜਾਬ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਈ ਕੁੱਝ ਵੀ ਨਾਂ ਕਰਨ ਵਾਲੀ ਬਾਦਲ ਸਰਕਾਰ ਹੁਣ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਤਹਿਤ ਦਿੱਲੀ ਦੇ ਉਨ੍ਹਾਂ ਅਕਾਲੀ ਨੇਤਾਵਾਂ ਨੂੰ ਪੰਜਾਬ ਲਿਆਕੇ ਝੂਠ ਬੁਲਵਾ ਰਹੀ ਹੈ, ਜਿੰਨਾਂ ਨੂੰ ਦਿੱਲੀ ਦੀ ਜਨਤਾ ਪਹਿਲਾਂ ਹੀ ਬੁਰੀ ਤਰ੍ਹਾਂ ਨਕਾਰ ਚੁੱਕੀ ਹੈ।
ਘੁੱਗੀ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਦਿਨ-ਪ੍ਰਤੀ-ਦਿਨ ਹੋ ਰਹੀ ਚੜ੍ਹਤ ਨਾਲ ਘਬਰਾ ਕੇ ਸਮੁੱਚਾ ਵਿਰੋਧੀ ਪੱਖ ਬਦਹਵਾਸੀ ਵਿਚ ਆ ਗਿਆ ਹੈ। ਅਕਾਲੀਆਂ ਦੀ ਤਰ੍ਹਾਂ ਕਾਂਗਰਸ ਵੀ ਦਿੱਲੀ ਵਿਚ ਨਕਾਰੇ ਜਾ ਚੁੱਕੇ ਨੇਤਾਵਾਂ ਨੂੰ ਪੰਜਾਬ ਵਿਚ ਲਿਆਕੇ ਅਰਵਿੰਦ ਕੇਜਰੀਵਾਲ ਸਰਕਾਰ ਖ਼ਿਲਾਫ਼ ਝੂਠਾ ਪ੍ਰਚਾਰ ਕਰਵਾ ਰਹੀ ਹੈ।
‘ਆਪ’ ਨੇਤਾ ਨੇ ਕਿਹਾ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਆਗੂ ,ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਹੁਣ ਪੰਜਾਬ ਦੀ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ, ਕਿਉਂਕਿ ‘ਝੂਠੇ’ ਸ਼ਬਦਾਂ ਨਾਲ ‘ਸੱਚ’ ਦੇ ਚਮਕਦੇ ਅਰਥਾਂ ਨੂੰ ਨਹੀਂ ਬਦਲਿਆ ਜਾ ਸਕਦਾ।

LEAVE A REPLY