3ਚੰਡੀਗੜ੍ਹ : ਅਬੋਹਰ ਵਿਚ ਇਕ ਦਲਿਤ ਦੇ ਕਤਲ ਕਾਂਡ ਨੂੰ ਬੇਹੱਦ ਘਿਨਾਉਣੀ ਘਟਨਾ ਦੱਸਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਸਾਰੇ ਸੰਭਵ ਕਦਮ ਚੁੱਕੇ ਹਨ ਅਤੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਛੱਡਿਆ ਨਹੀਂ ਜਾਵੇਗਾ।
ਵਿਧਾਨ ਸਭਾ ਵਿਚ ਸਿਫਰ ਕਾਲ ਦੌਰਾਨ ਬੋਲਦਿਆਂ ਉੱਪ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵੀ ਜ਼ਿੰਮਾ ਹੈ, ਨੇ ਸਦਨ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਫਆਈਆਰ ਦਰਜ ਕਰਨ ਤੋਂ ਬਾਅਦ ਸਪੈਸ਼ਲ ਜਾਂਚ ਟੀਮ (ਐਸਆਈਟੀ) ਦਾ ਵੀ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਬੇਰਹਿਮ ਅਤੇ ਘਿਨਾਉਣੀ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ।
ਪ੍ਰਭਾਵਿਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਇਨਸਾਫ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 24-25 ਅਣਪਛਾਤੇ ਵਿਅਕਤੀਆਂ ਦੇ ਨਾਂ ਸਾਹਮਣੇ ਆ ਰਹੇ ਸਨ ਪਰ ਪੁਲਿਸ ਨੇ ਮੁਸ਼ਤੈਦੀ ਨਾਲ ਕੰਮ ਕਰਦਿਆਂ ਸਾਰੇ 26 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲੀਖਾਂ ਪਿੱਛੇ ਡੱਕਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸ. ਬਾਦਲ ਨੇ ਅੱਗੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਘਟਨਾ ਦੇ ਮੁੱਖ ਦੋ ਸਾਜਿਸ਼ਕਰਤਾ ਦੇ ਪੋਲੀਗ੍ਰਾਫਿਕ ਟੈਸਟ ਵੀ ਕਰਵਾਏ ਗਏ ਅਤੇ ਪੁਲਿਸ ਕਿਸੇ ਵੀ ਦੋਸ਼ੀ ਖਿਲਾਫ ਕੋਈ ਵੀ ਢਿੱਲ ਨਹੀਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ।
ਇਸ ਮੁੱਦੇ ਨੂੰ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਸ੍ਰੀ ਸੁਨੀਲ ਜਾਖੜ ਦੇ ਦੋਸ਼ਾਂ ਨੂੰ ਨਕਾਰਦਿਆਂ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਕਥਿਤ ਦੋਸ਼ੀ ਸ਼ਿਵ ਲਾਲ ਡੋਡਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਨਹੀਂ ਰਿਹਾ ਅਤੇ ਉਸ ਨੇ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਵਿਰੁੱਧ ਚੋਣ ਲੜੀ ਸੀ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਇਸ ਮਾਮਲੇ ਦੀ ਜਿੰਨੀ ਛੇਤੀ ਹੋ ਸਕੇ ਜਾਂਚ ਕਰਕੇ ਅਦਾਲਤ ਵਿਚ ਬਿਨਾਂ ਦੇਰੀ ਚਲਾਨ ਪੇਸ਼ ਕੀਤਾ ਜਾਵੇ। ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਅਬੋਹਰ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ।

LEAVE A REPLY