1ਚੰਡੀਗੜ੍ਹ  : ਪੰਜਾਬ ਵਿਧਾਨ ਸਭਾ ਵਿਚ ਅੱਜ ਵਿਰੋਧੀ ਧਿਰ ਕਾਂਗਰਸ ਨੇ ਸਿਫਰ ਕਾਲ ਦੌਰਾਨ ਕਈ ਅਹਿਮ ਮੁੱਦੇ ਉਠਾਏ। ਕਾਂਗਰਸ ਮੈਂਬਰ ਸੁਨੀਲ ਜਾਖਡ ਨੇ ਅਬੋਹਰ ਕਾਂਡ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਰਾਜ ਵਿਚ ਦਲਿਤਾਂ ਉਤੇ ਜ਼ੁਲਮ ਹੋ ਰਹੇ ਹਨ ਅਤੇ ਇਕ ਸ਼ਰਾਬ ਦੇ ਠੇਕੇਦਾਰ ਜੋ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਵੀ ਹੈ, ਨੂੰ ਬਚਾਉਣ ਲਈ ਪੁਲਿਸ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਸ੍ਰੀ ਜਾਖੜ ਨੇ ਕਿਸੇ ਵੀ ਮੰਤਰੀ ਦਾ ਨਾਮ ਲਏ ਬਿਨਾਂ ਦੋਸ਼ ਲਾਇਆ ਕਿ ਮੁੱਖ ਦੋਸ਼ੀ ਦਾ ਨਾਮ ਐਫ.ਆਈ.ਆਰ ਵਿਚ ਵੀ ਸ਼ਾਮਿਲ ਨਹੀਂ ਕੀਤਾ ਗਿਆ। ਚਾਲਾਨ 12 ਮਾਰਚ ਤੱਕ ਪੇਸ਼ ਕੀਤਾ ਜਾਣਾ ਹੈ, ਪਰ ਇਸ ਕੇਸ ਨੂੰ ਟਾਲ-ਮਟੋਲ ਕੀਤਾ ਜਾ ਰਿਹਾ ਹੈ, ਤਾਂ ਕਿ ਦੋਸ਼ੀ ਆਸਾਨੀ ਨਾਲ ਬਚ ਸਕਣ। ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਮੰਤਰੀ ਪੀੜਤ ਦੇ ਘਰ ਹਮਦਰਦੀ ਪ੍ਰਗਟ ਕਰਨ ਤੱਕ ਨਹੀਂ ਗਿਆ ਅਤੇ ਨਾ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਨੌਕਰੀ ਦਿੱਤੀ ਗਈ ਹੈ।
ਇਸੇ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਵਿਚ ਇਕ ਦਲਿਤ ਦੇ ਕਤਲ ਕਾਂਡ ਨੂੰ ਬੇਹੱਦ ਘਿਨਾਉਣੀ ਘਟਨਾ ਦੱਸਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਸਾਰੇ ਸੰਭਵ ਕਦਮ ਚੁੱਕੇ ਹਨ ਅਤੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਛੱਡਿਆ ਨਹੀਂ ਜਾਵੇਗਾ।
ਵਿਧਾਨ ਸਭਾ ਵਿਚ ਸਿਫਰ ਕਾਲ ਦੌਰਾਨ ਬੋਲਦਿਆਂ ਉੱਪ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਵੀ ਜ਼ਿੰਮਾ ਹੈ, ਨੇ ਸਦਨ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਫਆਈਆਰ ਦਰਜ ਕਰਨ ਤੋਂ ਬਾਅਦ ਸਪੈਸ਼ਲ ਜਾਂਚ ਟੀਮ (ਐਸਆਈਟੀ) ਦਾ ਵੀ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਬੇਰਹਿਮ ਅਤੇ ਘਿਨਾਉਣੀ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ।
ਪ੍ਰਭਾਵਿਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਇਨਸਾਫ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 24-25 ਅਣਪਛਾਤੇ ਵਿਅਕਤੀਆਂ ਦੇ ਨਾਂ ਸਾਹਮਣੇ ਆ ਰਹੇ ਸਨ ਪਰ ਪੁਲਿਸ ਨੇ ਮੁਸ਼ਤੈਦੀ ਨਾਲ ਕੰਮ ਕਰਦਿਆਂ ਸਾਰੇ 26 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲੀਖਾਂ ਪਿੱਛੇ ਡੱਕਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਸ. ਬਾਦਲ ਨੇ ਅੱਗੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਘਟਨਾ ਦੇ ਮੁੱਖ ਦੋ ਸਾਜਿਸ਼ਕਰਤਾ ਦੇ ਪੋਲੀਗ੍ਰਾਫਿਕ ਟੈਸਟ ਵੀ ਕਰਵਾਏ ਗਏ ਅਤੇ ਪੁਲਿਸ ਕਿਸੇ ਵੀ ਦੋਸ਼ੀ ਖਿਲਾਫ ਕੋਈ ਵੀ ਢਿੱਲ ਨਹੀਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨਾਲ ਕਾਨੂੰਨ ਅਨੁਸਾਰ ਨਜਿੱਠਿਆ ਜਾਵੇਗਾ।
ਇਸ ਮੁੱਦੇ ਨੂੰ ਚੁੱਕਣ ਵਾਲੇ ਕਾਂਗਰਸੀ ਵਿਧਾਇਕ ਸ੍ਰੀ ਸੁਨੀਲ ਜਾਖੜ ਦੇ ਦੋਸ਼ਾਂ ਨੂੰ ਨਕਾਰਦਿਆਂ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਕਥਿਤ ਦੋਸ਼ੀ ਸ਼ਿਵ ਲਾਲ ਡੋਡਾ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਨਹੀਂ ਰਿਹਾ ਅਤੇ ਉਸ ਨੇ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਵਿਰੁੱਧ ਚੋਣ ਲੜੀ ਸੀ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਇਸ ਮਾਮਲੇ ਦੀ ਜਿੰਨੀ ਛੇਤੀ ਹੋ ਸਕੇ ਜਾਂਚ ਕਰਕੇ ਅਦਾਲਤ ਵਿਚ ਬਿਨਾਂ ਦੇਰੀ ਚਲਾਨ ਪੇਸ਼ ਕੀਤਾ ਜਾਵੇ। ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਅਬੋਹਰ ਕਾਂਡ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ।
ਕਾਂਗਰਸੀ ਮੈਂਬਰ ਉਪ ਮੁੱਖ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਸਦਨ ਤੋਂ ਵਾਕਆਊਟ ਕਰ ਗਏ।

LEAVE A REPLY