3ਚੰਡੀਗੜ੍ਹ :  ਪਾਣੀਆਂ ਦਾ ਮਸਲਾ ਫੋਕੇ ਬਿਆਨਾਂ ਨਾਲ ਹੱਲ ਨਹੀਂ ਹੋਣਾ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਬਾਦਲ ਸਾਹਿਬ ਆਪਣੀ ਨੂੰਹ ਦਾ ਅਸਤੀਫਾ ਦਿਵਾ ਕੇ ਖੁਦ ਦਿੱਲੀ ਦੇ ਜੰਤਰ ਮੰਤਰ ‘ਤੇ ਮਰਨ ਵਰਤ ਰੱਖੋ ਮੈਂ ਵੀ ਤੁਹਾਡੇ ਨਾਲ ਬੈਠਾਂਗਾ। ਇੰਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਿਹਤ ਤੇ ਜੇਲ੍ਹਾਂ ਬਾਰੇ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੀ ਸੂਬਾਈ ਮੀਡੀਆ ਕਮੇਟੀ ਦੇ ਮੈਂਬਰ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਇੱਕ ਸਮਾਗਮ ਮੌਕੇ ਪਾਰਟੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੋਣਵੇਂ ਪੱਤਰਕਾਰਾਂ ਸਾਹਮਣੇ ਕੀਤਾ। ਉਨ੍ਹਾਂ ਸਾਂਦ ਕਰਵਾਇਆ ਕਿ ਜਿਸ ਸੰਸਦ ਨੇ ਪੰਜਾਬ ਦੇ ਹੱਕ ਲਈ ਕਾਨੂੰਨ ਪਾਸ ਕਰਨਾਂ ਉਹ ਤੁਹਾਡੀ ਹਮਾਇਤ ਤੇ ਹਿੱਸੇਦਾਰੀ ਨਾਲ ਚੱਲ ਰਹੀ ਹੈ। ਕਿਸਾਨ ਖੇਤ ਮਜਦੂਰ ਸੈੱਲ ਦੇ ਸੂਬਾਈ ਚੇਅਰਮੈਨ ਜਥੇਦਾਰ ਜ਼ੀਰਾ ਨੇ ਕਿਹਾ ਕਿ ਜਦੋਂ ਕਦੀ ਪੰਜਾਬ ਦੇ ਹਿੱਤਾਂ ਲਈ ਮੋਰਚਾ ਲੱਗਾ ਤਾਂ ਬਾਦਲ ਸਾਹਿਬ ਖੁਦ ਗ੍ਰਿਫਤਾਰ ਹੋ ਕੇ ਸਰਕਾਰੀ ਆਰਾਮਘਰਾਂ ‘ਚ ਬਹਿੰਦੇ ਰਹੇ ਜਦਕਿ ਆਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਅਤੇ ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤਰ ਬਲੀ ਦੇ ਬੱਕਰੇ ਬਣਾ ਦਿੱਤੇ ਗਏ ਪਰ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ। ਜਥੇਦਾਰ ਜ਼ੀਰਾ ਨੇ ਕਿਹਾ ਕਿ ਬਾਦਲ ਸਾਹਿਬ ਹਰ ਮਸਲੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ‘ਚ ਮਾਹਰ ਹਨ ਅਤੇ ਉਹ ਸਹਿਜਧਾਰੀ ਵੋਟਾਂ ਦੇ ਮਾਮਲੇ ਅਤੇ ਪਾਣੀਆਂ ਸਬੰਧੀ ਮੁੱਦੇ ਉਛਾਲ ਕੇ ਮੋਦੀ ਸਰਕਾਰ ਨਾਲ ਮਿਲ ਕੇ ਖੇਡ ਖੇਡ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵੀ ਜਦੋਂ ਚਿੱਟੀ ਮੱਖੀ ਅਤੇ ਫਸਲਾਂ ਦੀ ਬਰਬਾਦੀ ਦੇ ਮੁਆਵਜੇ ਦੀ ਗੱਲ ਆਈ ਸੀ ਤਾਂ ਪੰਜਾਬ ਵਾਸੀਆਂ ਨੂੰ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਉਲਝਾ ਲਿਆ ਅਤੇ ਦੋ ਨੌਜਵਾਨਾਂ ਦੀ ਸ਼ਹੀਦੀ ਅਤੇ ਦਰਜਨਾਂ ਸਿੱਖ ਸੰਗਤਾਂ ‘ਤੇ ਪੁਲਸੀਆ ਕਹਿਰ ਢਾਹਿਆ ਗਿਆ ਪਰ ਸਰਦਾਰ ਬਾਦਲ ਅਜੇ ਤੱਕ ਪਿੰਡ ਬਰਗਾੜੀ ਨਹੀਂ ਗਏ। ਜਥੇਦਾਰ ਜ਼ੀਰਾ ਨੇ ਆਖਿਆ ਕਿ ਜੇਕਰ ਮੁੱਖ ਮੰਤਰੀ ਬਾਦਲ ਪੰਜਾਬ ਦੇ ਸੱਚੇ ਹਿਤੈਸ਼ੀ ਹਨ ਤਾਂ ਉਹ ਮਰਨ ਵਰਤ ‘ਤੇ ਬੈਠਣ ਪਰ ਜੇਕਰ ਬਾਦਲ ਸਾਹਿਬ ਅਜੇਹਾ ਨਹੀਂ ਕਰਦੇ ਤਾਂ ਕੁਦਰਤੀ ਸਰੋਤਾਂ ਦੀ ਲੁੱਟ ਅਤੇ ਨਸ਼ਿਆਂ ਕਾਰਨ ਉਜੜੇ ਪੰਜਾਬ ਵਾਸੀ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ। ਇਸ ਮੌਕੇ ਜਥੇਦਾਰ ਹਰਦੀਪ ਸਿੰਘ ਮਿਸ਼ਨ ਵਸਤੀ,ਜਥੇਦਾਰ ਗੁਰਮੇਜ ਸਿੰਘ ਬਾਹਰਵਾਲੀ,ਜਥੇਦਾਰ ਗੁਰਬਚਨ ਸਿੰਘ ਵਰ੍ਹਿਆਂ,ਜਥੇਦਾਰ ਮੋਹਣ ਸਿੰਘ ਚੱਕੀਆਂ,ਅਵਤਾਰ ਸਿੰਘ ਫੇਮੀਵਾਲਾ,ਜੋਗਾ ਸਿੰਘ ਬੂਹ,ਸਰਪੰਚ ਬੋਹੜ ਸਿੰਘ ਸਦਰਵਾਲਾ,ਨੰਬਰਦਾਰ ਗੁਰਸੇਵਕ ਸਿੰਘ ਬੁਰਜ ਮੁਹੰਮਦ ਸ਼ਾਹ,ਬਲਵਿੰਦਰ ਸਿੰਘ ਵਿਜੋਕੇ,ਸਰਪੰਚ ਰਾਮ ਸਿੰਘ ਸਰਿਹਾਲੀ,ਪੀ ਏ ਰੂਬਲ,ਰਘਬੀਰ ਸਿੰਘ ਰਸੂਲਪੁਰ,ਲਵਜੀਤ ਸਿੰਘ ਬਾਹਰਵਾਲੀ,ਮਨਜੀਤ ਸਿੰਘ ਲਹਿਰਾ,ਨੰਬਰਦਾਰ ਤਰਸਮ ਘੁੱਦੂਵਾਲਾ,ਚੇਅਰਮੈਨ ਮੇਹਰ ਸਿੰਘ ਬਾਹਰਵਾਲੀ ਆਦਿ ਆਗੂ ਵੀ ਹਾਜਰ ਸਨ।

LEAVE A REPLY